ਹੜਤਾਲ ਖਤਮ ਪਰ ਸਬਜ਼ੀਆਂ ਦੇ ਮੁੱਲ 'ਚ ਕਮੀ ਨਹੀਂ!
Sunday, Jul 29, 2018 - 01:06 PM (IST)

ਨਵੀਂ ਦਿੱਲੀ - ਟਰਾਂਸਪੋਰਟਰਾਂ ਦੀ ਹੜਤਾਲ ਭਾਵੇਂ ਖਤਮ ਹੋ ਗਈ ਹੈ ਪਰ ਇਸ ਦਾ ਅਸਰ ਸਬਜ਼ੀ ਮੰਡੀਆਂ 'ਤੇ ਸਾਫ਼ ਦਿਸ ਰਿਹਾ ਹੈ। ਦਿੱਲੀ ਦੀਆਂ ਸਥਾਨਕ ਮੰਡੀਆਂ 'ਚ ਥੋਕ ਰੇਟ ਨਾਲੋਂ ਕਈ ਗੁਣਾ ਵੱਧ ਕੀਮਤਾਂ 'ਚ ਸਬਜ਼ੀਆਂ ਵਿਕ ਰਹੀਆਂ ਹਨ। ਟਰਾਂਸਪੋਰਟਰਾਂ ਦੀ ਹੜਤਾਲ ਤੋਂ ਬਾਅਦ ਹੀ ਸਥਾਨਕ ਮੰਡੀਆਂ 'ਚ ਫਲ-ਸਬਜ਼ੀਆਂ ਦੇ ਮੁੱਲ ਆਸਮਾਨ ਛੂਹ ਰਹੇ ਹਨ।
ਪ੍ਰਚੂਨ ਸਬਜ਼ੀ ਵਿਕਰੇਤਾ ਹੜਤਾਲ ਦਾ ਹਵਾਲਾ ਦਿੰਦਿਆਂ ਜ਼ਿਆਦਾ ਲਾਭ ਕਮਾਉਣ ਲਈ ਜਾਣਬੁੱਝ ਕੇ ਕੀਮਤ ਵਧਾ ਕੇ ਸਬਜ਼ੀਆਂ ਵੇਚ ਰਹੇ ਹਨ, ਜਦੋਂ ਕਿ ਸਥਾਨਕ ਮੰਡੀਆਂ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ 20 ਤੋਂ 30 ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਆਮ ਲੋਕ ਇਸ ਵਾਧੇ ਤੋਂ ਖਾਸੇ ਪ੍ਰੇਸ਼ਾਨ ਹਨ।
ਆਜ਼ਾਦਪੁਰ ਮੰਡੀ ਏ. ਪੀ. ਐੱਮ. ਸੀ. ਅਧਿਕਾਰੀਆਂ ਦੀ ਮੰਨੀਏ ਤਾਂ ਹੜਤਾਲ ਦਾ ਮੰਡੀਆਂ 'ਤੇ ਕੋਈ ਖਾਸ ਅਸਰ ਨਹੀਂ ਪਿਆ । ਮੀਂਹ ਅਤੇ ਹੜਤਾਲ ਕਾਰਨ ਕੁਝ ਸਬਜ਼ੀਆਂ ਦੀ ਆਮਦ 'ਚ ਮਾਮੂਲੀ ਕਮੀ ਆਉਣ ਦੀ ਵਜ੍ਹਾ ਨਾਲ ਕੀਮਤਾਂ 'ਚ ਪ੍ਰਤੀ ਕਿਲੋ 2 ਤੋਂ 3 ਰੁਪਏ ਦਾ ਹੀ ਵਾਧਾ ਹੋਇਆ ਹੈ, ਜਦੋਂ ਕਿ ਸਥਾਨਕ ਮੰਡੀਆਂ 'ਚ ਇਹ ਵਾਧਾ 20 ਤੋਂ 30 ਰੁਪਏ ਤੱਕ ਹੋ ਗਿਆ ਹੈ।
ਸਬਜ਼ੀਆਂ ਦੀਆਂ ਕੀਮਤਾਂ ਨੂੰ ਕਰਨਾ ਚਾਹੀਦੈ ਨਿਰਧਾਰਤ
ਆਮ ਲੋਕਾਂ ਦੀ ਮੰਨੀਏ ਤਾਂ ਸਥਾਨਕ ਸਬਜ਼ੀ ਵਿਕਰੇਤਾਵਾਂ ਵੱਲੋਂ ਮਨਮਰਜ਼ੀ ਦੇ ਰੇਟ ਵਸੂਲਣ ਨਾਲ ਰਸੋਈ ਦਾ ਬਜਟ ਵਿਗੜ ਗਿਆ ਹੈ। ਹੜਤਾਲ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਸਬਜ਼ੀ ਵਿਕਰੇਤਾਵਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਜਿਸ ਤਰ੍ਹਾਂ ਥੋਕ ਸਬਜ਼ੀ ਮੰਡੀਆਂ 'ਚ ਰੋਜ਼ਾਨਾ ਸਬਜ਼ੀਆਂ ਦੇ ਭਾਅ ਨੂੰ ਨਿਰਧਾਰਤ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਸਥਾਨਕ ਬਾਜ਼ਾਰਾਂ 'ਚ ਵੀ ਸਬਜ਼ੀਆਂ ਦੀਆਂ ਕੀਮਤਾਂ ਨੂੰ ਨਿਰਧਾਰਤ ਕਰਨਾ ਚਾਹੀਦਾ ਹੈ।
ਪ੍ਰਚੂਨ ਸਬਜ਼ੀ ਵਿਕਰੇਤਾਵਾਂ ਨੇ ਦੱਸੀਆਂ ਮਜਬੂਰੀਆਂ
ਆਜ਼ਾਦਪੁਰ ਮੰਡੀ ਵੈਜੀਟੇਬਲ ਟਰੇਡਰਸ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜਤਾਲ ਦਾ ਮੰਡੀਆਂ 'ਤੇ ਮਾਮੂਲੀ ਅਸਰ ਹੈ, ਜਿਸ ਨਾਲ ਸਬਜ਼ੀਆਂ ਦੀਆਂ ਕੀਮਤਾਂ 'ਚ ਕੋਈ ਖਾਸ ਵਾਧਾ ਹੋਇਆ। ਹਰੀਆਂ ਸਬਜ਼ੀਆਂ ਸਸਤੀਆਂ ਹਨ। ਪ੍ਰਚੂਨ ਸਬਜ਼ੀ ਵਿਕਰੇਤਾਵਾਂ ਦੀਆਂ ਕਈ ਮਜਬੂਰੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਹ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਵੇਚਣ 'ਤੇ ਮਜਬੂਰ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਸਬਜ਼ੀ 'ਤੇ ਪ੍ਰਤੀ ਕਿਲੋ ਦੇ ਹਿਸਾਬ ਨਾਲ 25 ਤੋਂ 35 ਰੁਪਏ ਦਾ ਲਾਭ ਕਮਾਇਆ ਜਾਵੇ।