ਸ੍ਰੀ ਆਨੰਦਪੁਰ ਸਾਹਿਬ ‘ਹੈਰੀਟੇਜ ਸਟ੍ਰੀਟ’ ਪ੍ਰੋਜੈਕਟ: SGPC ਦੇ ਇਤਰਾਜ਼ਾਂ ਮਗਰੋਂ ਖਤਮ ਹੋ ਸਕਦੈ 25 ਕਰੋੜ ਦਾ ਬਜਟ
Wednesday, Dec 24, 2025 - 07:52 PM (IST)
ਵੈੱਬ ਡੈਸਕ : ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੈਰ-ਸਪਾਟਾ ਵਿਭਾਗ ਵੱਲੋਂ ਤਜਵੀਜ਼ ਕੀਤਾ ਗਿਆ ‘ਹੈਰੀਟੇਜ ਸਟ੍ਰੀਟ’ (ਵਿਰਾਸਤੀ ਮਾਰਗ) ਪ੍ਰੋਜੈਕਟ ਇੱਕ ਵਾਰ ਫਿਰ ਰੁਕਾਵਟਾਂ ਵਿੱਚ ਘਿਰ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਜਤਾਏ ਗਏ ਨਵੇਂ ਇਤਰਾਜ਼ਾਂ ਕਾਰਨ ਪ੍ਰੋਜੈਕਟ ਦੇ ਭਵਿੱਖ ‘ਤੇ ਦੁਚਿੱਤੀ ਬਣੀ ਹੋਈ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੇ ਸਰਕਾਰ ਨੂੰ ਭੇਜੇ ਪੱਤਰ ਵਿੱਚ ਅਪੀਲ ਕੀਤੀ ਹੈ ਕਿ ਮਾਰਗ ਦਾ ਕੰਮ ਸ਼ੁਰੂ ਨਾ ਕੀਤਾ ਜਾਵੇ, ਕਿਉਂਕਿ ਇਸ ਨਾਲ ਸ਼ਰਧਾਲੂਆਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਮਾਰਗ ਦੇ ਆਰੰਭ ‘ਤੇ ਬਣਨ ਵਾਲੇ ਗੇਟ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਗੇਟ ਨਾਲ ਤਖ਼ਤ ਸਾਹਿਬ ਦੇ ਦਰਸ਼ਨਾਂ ਵਿੱਚ ਰੁਕਾਵਟ ਪੈ ਸਕਦੀ ਹੈ।
ਸੈਰ-ਸਪਾਟਾ ਵਿਭਾਗ ਦੇ ਉੱਚ ਅਧਿਕਾਰਕ ਸੂਤਰਾਂ ਮੁਤਾਬਕ, ਜੇਕਰ 31 ਦਸੰਬਰ ਤੱਕ ਕੰਮ ਸ਼ੁਰੂ ਨਾ ਹੋਇਆ, ਤਾਂ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ 25 ਕਰੋੜ ਰੁਪਏ ਦਾ ਬਜਟ ਲੈਪਸ ਹੋ ਸਕਦਾ ਹੈ। ਹਾਲ ਹੀ ਵਿੱਚ ਜਦੋਂ ਵਿਭਾਗ ਨੇ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਤਾਂ SGPC ਨਾਲ ਜੁੜੇ ਕਰਮਚਾਰੀਆਂ ਵੱਲੋਂ ਠੇਕੇਦਾਰ ਦੇ ਮਜ਼ਦੂਰਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਗਿਆ। ਸਰਕਾਰ ਇਸ ਮਾਮਲੇ ‘ਚ ਸਿੱਧੇ ਟਕਰਾਅ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਕਾਰਨ ਅਧਿਕਾਰੀ ਭੰਬਲਭੂਸੇ ਦੀ ਸਥਿਤੀ ਵਿੱਚ ਹਨ।
ਸਰਕਾਰੀ ਪੱਖ ਦਾ ਦਾਅਵਾ ਹੈ ਕਿ ‘ਹੈਰੀਟੇਜ ਸਟ੍ਰੀਟ’ ਦਾ ਨਕਸ਼ਾ ਪਹਿਲਾਂ ਹੀ SGPC ਤੋਂ ਮਨਜ਼ੂਰ ਕਰਵਾਇਆ ਜਾ ਚੁੱਕਾ ਸੀ ਅਤੇ ਮੌਜੂਦਾ ਇਤਰਾਜ਼ ਸਿਆਸੀ ਪਿਛੋਕੜ ਨਾਲ ਜੁੜੇ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਨਵੰਬਰ ਮਹੀਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ SGPC ਵੱਲੋਂ ਵੱਖ-ਵੱਖ ਸਮਾਗਮ ਕਰਵਾਏ ਜਾਣ ਕਾਰਨ ਦੋਹਾਂ ਧਿਰਾਂ ਵਿੱਚ ਤਣਾਅ ਵਧਿਆ। ਉਸ ਸਮੇਂ SGPC ਨੇ ਸਰਕਾਰ ਨੂੰ ਆਪਣੀਆਂ ਸਰਾਂਵਾਂ ਵਰਤਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਸੀ।
ਸੈਰ-ਸਪਾਟਾ ਵਿਭਾਗ ਦਾ ਮਨਸੂਬਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਜ਼ ‘ਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੀ ਇੱਕ ਸੁਚੱਜਾ ਅਤੇ ਆਕਰਸ਼ਕ ਵਿਰਾਸਤੀ ਮਾਰਗ ਤਿਆਰ ਕੀਤਾ ਜਾਵੇ। ਇਹ ਮਾਰਗ NH-503 ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸੰਗਮਰਮਰ ਨਾਲ ਬਣਾਇਆ ਜਾਣਾ ਹੈ, ਜਦਕਿ ਸੜਕ ਦੇ ਦੋਹਾਂ ਪਾਸਿਆਂ ਦੀਆਂ ਦੁਕਾਨਾਂ ਨੂੰ ਨਗਰੀ ਦੇ ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਅਨੁਸਾਰ ਇੱਕਸਾਰ ਦਿੱਖ ਦਿੱਤੀ ਜਾਣੀ ਹੈ। ਹੁਣ ਸਰਕਾਰ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਡੇਰਾ ਮੁਖੀਆਂ ਅਤੇ ਕਾਰ ਸੇਵਾ ਨਾਲ ਜੁੜੀਆਂ ਸੰਸਥਾਵਾਂ ਦਾ ਸਹਿਯੋਗ ਲੈਣ ਦੀ ਤਿਆਰੀ ਕਰ ਰਹੀ ਹੈ।
