ਰਾਕ ਗਾਰਡਨ 'ਚ ਮਿਲੇਗੀ FREE ENTRY, ਸੈਲਾਨੀਆਂ ਨੂੰ ਨਹੀਂ ਦੇਣਾ ਪਵੇਗਾ ਕੋਈ ਪੈਸਾ
Monday, Dec 15, 2025 - 11:29 AM (IST)
ਚੰਡੀਗੜ੍ਹ (ਸ਼ੀਨਾ) : ਰਾਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕਚੰਦ ਦਾ 101ਵਾਂ ਜਨਮਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਰਾਕ ਗਾਰਡਨ ’ਚ ਸੈਲਾਨੀਆਂ ਲਈ ਮੁਫ਼ਤ ਐਂਟਰੀ ਹੋਵੇਗੀ। ਦਿਨ ਦੇ ਪ੍ਰੋਗਰਾਮ ’ਚ ਸਭ ਤੋਂ ਪਹਿਲਾ ਸਵੇਰੇ 11 ਵਜੇ ਪਦਮਸ਼੍ਰੀ ਨੇਕਚੰਦ ਸੈਣੀ ਨੂੰ ਜਨਮ ਦਿਨ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਯਾਦ ਕੀਤਾ ਜਾਵੇਗਾ। ਇਸ ਤੋਂ ਬਾਅਦ ਸੈਲਾਨੀਆਂ ਦੇ ਮਨੋਰੰਜਨ ਲਈ ਹੋਰ ਪ੍ਰੋਗਰਾਮ ਸ਼ੁਰੂ ਹੋਣਗੇ। ਸ਼ਾਮ 4 ਵਜੇ ਪੰਜਾਬੀ ਗਾਇਕ ਫ਼ਿਰੋਜ਼ ਖਾਨ ਗੀਤਾਂ ਨਾਲ ਪੇਸ਼ਕਾਰੀ ਦੇਣਗੇ।
ਸਭ ਤੋਂ ਕੀਮਤੀ ਵਿਰਾਸਤ, ਰਾਕ ਗਾਰਡਨ ਪਿੱਛੇ ਨੇਕਚੰਦ ਦਾ ਘਰ, ਸੈਲਾਨੀ ਅਣਜਾਣ
ਰਾਕ ਗਾਰਡਨ ਸਿਰਫ਼ ਕਲਾ ਕ੍ਰਿਤੀਆਂ, ਬੁੱਤਾਂ ਅਤੇ ਗੁੱਡਿਆਂ-ਪਟੋਲੇ ਲਈ ਹੀ ਪ੍ਰਸਿੱਧ ਨਹੀਂ, ਸਗੋਂ ਇਹ ਥਾਂ ਉਸ ਮਹਾਨ ਕਲਾਕਾਰ ਨੇਕਚੰਦ ਸੈਣੀ ਦੀ ਸੋਚ, ਸਾਦਗੀ ਤੇ ਜੀਵਨ-ਦਰਸ਼ਨ ਦੀ ਗਵਾਹ ਵੀ ਹੈ। ਰਾਕ ਗਾਰਡਨ ’ਚ ਬਣੇ ਬੁੱਤ, ਕਲਾ ਕ੍ਰਿਤੀਆਂ ਤੇ ਉਨ੍ਹਾਂ ਦੇ ਦਫ਼ਤਰ ’ਚ ਰੱਖੀਆਂ ਵਰਤੋਂ ਵਾਲੀਆਂ ਚੀਜ਼ਾਂ ਤਾਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ ਪਰ ਇਨ੍ਹਾਂ ਸਭ ਤੋਂ ਵੱਧ ਕੀਮਤੀ ਵਿਰਾਸਤ ਉਹ ਘਰ ਹੈ, ਜੋ ਨੇਕਚੰਦ ਨੇ ਆਪਣੇ ਹੱਥਾਂ ਨਾਲ ਰਾਕ ਗਾਰਡਨ ਦੇ ਬਿਲਕੁਲ ਪਿੱਛੇ ਬਣਵਾਇਆ ਸੀ। ਹੈਰਾਨੀਜਨਕ ਹੈ ਕਿ ਅੱਜ ਵੀ ਬਹੁਤ ਸਾਰੇ ਸੈਲਾਨੀ ਇਸ ਤੋਂ ਅਣਜਾਣ ਹਨ ਕਿ ਨੇਕਚੰਦ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ’ਚ ਉੱਥੇ ਹੀ ਰਹਿੰਦੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪਾਵਰਕਾਮ ਲਈ ਪਿਆ ਨਵਾਂ ਪੰਗਾ, ਖ਼ਪਤਕਾਰ ਵੀ...
ਨੇਕਚੰਦ ਦਾ ਦਫ਼ਤਰ : ਯਾਦਾਂ ਨਾਲ ਭਰਿਆ ਇਕ ਕਮਰਾ
ਰਾਕ ਗਾਰਡਨ ਵਿਖੇ ਨੇਕਚੰਦ ਦੇ ਦਫ਼ਤਰ ’ਚ ਅੱਜ ਵੀ ਉਨ੍ਹਾਂ ਵੱਲੋਂ ਇਸਤੇਮਾਲ ਪੁਰਾਣੀ ਅਲਮਾਰੀ, ਬਕਸੇ, ਟੀ. ਵੀ., ਪੱਖੇ, ਫੋਟੋਆਂ, ਸਾਈਕਲ, ਏ. ਸੀ., ਕੁਰਸੀ-ਮੇਜ਼ ਤੇ ਹੱਥ ਨਾਲ ਬਣਾਏ ਗੁੱਡੇ-ਪਟੋਲੇ ਸੰਭਾਲ ਕੇ ਰੱਖੇ ਹੋਏ ਹਨ। ਇੱਥੇ ਨੇਕਚੰਦ ਦੇ ਪੁਤਲੇ ਨੂੰ ਉਨ੍ਹਾਂ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਨਾਲ ਰੱਖਿਆ ਗਿਆ ਹੈ, ਜੋ ਸੈਲਾਨੀਆਂ ਨੂੰ ਉਸ ਮਹਾਨ ਕਲਾਕਾਰ ਦੇ ਬਿਲਕੁਲ ਨੇੜੇ ਲਿਆਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚੜ੍ਹਦੀ ਸਵੇਰ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਸੜਕ 'ਤੇ ਹੀ ਪੈ ਗਈਆਂ ਚੀਕਾਂ
1982 ਤੋਂ ਗਵਾਹ ਹੈ ਧਰਮਾ
ਰਾਕ ਗਾਰਡਨ ’ਚ 1982 ਤੋਂ ਕੰਮ ਕਰ ਰਹੇ ਧਰਮਾ ਨੇ ਘਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨੇਕਚੰਦ ਨਾਲ ਲੰਬੇ ਸਮੇਂ ਤੱਕ ਕੰਮ ਕਰਦੇ ਰਹੇ ਤੇ ਰੋਜ਼ਾਨਾ ਭੱਤੇ ’ਤੇ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਨੇਕਚੰਦ ਨੇ ਇਹ ਘਰ ਬੜੀ ਰੀਝ ਤੇ ਸੋਚ ਨਾਲ ਬਣਵਾਇਆ ਸੀ। ਧਰਮਾ ਮੁਤਾਬਕ 2015 ’ਚ ਮੌਤ ਤੋਂ ਪਹਿਲਾਂ ਨੇਕਚੰਦ ਆਪਣੀ ਪਤਨੀ ਨਾਲ ਇਸ ਘਰ ’ਚ ਰਹਿੰਦੇ ਸਨ। ਇਹ ਘਰ ਉਨ੍ਹਾਂ ਲਈ ਸਿਰਫ਼ ਰਹਿਣ ਦੀ ਥਾਂ ਨਹੀਂ ਸੀ, ਸਗੋਂ ਇਕ ਐਸੀ ਜਗ੍ਹਾ ਸੀ, ਜਿੱਥੇ ਉਹ ਆਪਣੀ ਕਲਾ ਤੇ ਸਾਦਗੀ ਨਾਲ ਜਿਊਂਦੇ ਰਹੇ।
ਇਸੇ ਘਰ ’ਚ ਵਿਦੇਸ਼ ਤੋਂ ਆਏ ਆਰਕੀਟੈਕਟ ਤੇ ਮਹਿਮਾਨ ਵੀ ਠਹਿਰੇ
ਨੇਕਚੰਦ ਸੈਣੀ ਦੇ ਪੁੱਤਰ ਅਨੁਜ ਸੈਣੀ ਨੇ ਦੱਸਿਆ ਕਿ ਇਹ ਘਰ 2000 ਤੋਂ ਪਹਿਲਾਂ ਬਣਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਊ ਜੀ ਨੇ ਇਸ ਘਰ ਲਈ ਬਹੁਤ ਸੋਚਿਆ ਸੀ ਤੇ ਇੱਥੇ 2013 ਤੋਂ ਰਹਿਣਾ ਸ਼ੁਰੂ ਕੀਤਾ। ਉਨ੍ਹਾਂ ਦੀ ਮੌਤ ਤੋਂ ਪਹਿਲਾਂ ਉਹ ਤਿੰਨ ਸਾਲ ਇਸੇ ਘਰ ’ਚ ਰਹੇ। ਘਰ ਦੀ ਬਣਤਰ ਬਿਲਕੁਲ ਸਾਦੀ ਹੈ, ਇਸ ’ਚ ਕੋਈ ਮੰਜ਼ਲ ਨਹੀਂ, ਸਗੋਂ ਦੋ ਵੱਡੇ ਕਮਰੇ ਤੇ ਇਕ ਵੱਡਾ ਹਾਲ ਹੈ। ਸੈਣੀ ਨੇ ਦੱਸਿਆ ਕਿ 2013 ਤੋਂ ਪਹਿਲਾਂ ਵਿਦੇਸ਼ਾਂ ਤੋਂ ਆਉਣ ਵਾਲੇ ਨੇਕਚੰਦ ਫਾਊਂਡੇਸ਼ਨ ਦੇ ਆਰਕੀਟੈਕਟ ਤੇ ਮਹਿਮਾਨਾਂ ਨੂੰ ਵੀ ਇੱਥੇ ਠਹਿਰਾਇਆ ਜਾਂਦਾ ਸੀ। ਨੇਕਚੰਦ ਦੇ ਜਨਮਦਿਨ ’ਤੇ ਹੋਣ ਵਾਲੇ ਸਮਾਗਮਾਂ ਦੌਰਾਨ (2015 ਤੋਂ ਬਾਅਦ) ਉਹ ਬਾਜ਼ੀਗਰ ਅਤੇ ਕਲਾਕਾਰ, ਜੋ ਦੂਰ ਨਹੀਂ ਜਾ ਸਕਦੇ, ਉਨ੍ਹਾਂ ਨੂੰ ਵੀ ਇਸ ਘਰ ਵਿੱਚ ਠਹਿਰਾਇਆ ਜਾਂਦਾ ਹੈ।
ਭਾਵਨਾਵਾਂ ਨਾਲ ਜੁੜਿਆ ਘਰ
ਅਨੁਜ ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਸ ਘਰ ’ਚ ਆ ਕੇ ਸਕੂਨ ਮਿਲਦਾ ਹੈ। ਪਿਤਾ ਨੇਕਚੰਦ ਸੈਣੀ ਦੀ ਹਰ ਯਾਦ, ਹਰ ਵਰਤੋਂ ਵਾਲੀ ਚੀਜ਼ ਅੱਜ ਵੀ ਇਸ ਘਰ ’ਚ ਸੰਭਾਲ ਕੇ ਰੱਖੀ ਗਈ ਹੈ, ਜੋ ਇਸ ਥਾਂ ਨੂੰ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਜੀਉਂਦੀ ਵਿਰਾਸਤ ਬਣਾਉਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
