ਨੌਜਵਾਨ ਦੇ ਕਤਲ ਮਾਮਲੇ ’ਚ 7 ਮੁਲਜ਼ਮ ਬਰੀ, ਨਹੀਂ ਹੋਏ ਦੋਸ਼ ਸਾਬਤ
Tuesday, Dec 23, 2025 - 01:52 PM (IST)
ਮੋਹਾਲੀ (ਜੱਸੀ) : ਨਵਾਂਗਰਾਓਂ ’ਚ ਹੋਏ ਝਗੜੇ ਦੌਰਾਨ ਜ਼ਖ਼ਮੀ ਹੋਏ ਅਮਿਤ ਨਾਂ ਦੇ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਥਾਣਾ ਨਵਾਂਗਰਾਓਂ ਦੀ ਪੁਲਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਕਈ ਜਣਿਆਂ ਨੂੰ ਨਾਮਜ਼ਦ ਕਰਨ ਦੇ ਮਾਮਲੇ ’ਚ ਪੁਲਸ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ’ਚ ਇਹ ਸਾਬਤ ਕਰਨ ’ਚ ਨਾਕਾਮ ਰਹੀ ਕਿ ਉਕਤ ਨਾਮਜ਼ਦ ਕੀਤੇ ਮੁਲਜ਼ਮਾਂ ਮਹਾਦੇਵ, ਸਹਿਦੇਵ, ਨਵਨੀਤ ਉਰਫ ਨੀਤੂ, ਬਿਥਨ ਦੇਵੀ, ਕਮਲਰਾਜ ਉਰਫ ਛੋਟੂ, ਮੰਜੂ ਅਤੇ ਸੁਧਾ ਦੀ ਅਮਿਤ ਨਾਂ ਦੇ ਨੌਜਵਾਨ ਦੇ ਕਤਲ ’ਚ ਕੋਈ ਭੂਮਿਕਾ ਹੈ।
ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣੇ ਹੁਕਮਾਂ ’ਚ ਕਿਹਾ ਕਿ ਰਿਕਾਰਡ ’ਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਕਤ ਨਾਮਜ਼ਦ ਮੁਲਜ਼ਮ ਇਸ ਅਪਰਾਧ ਦੇ ਦੋਸ਼ੀ ਹਨ ਕਿਉਂਕਿ ਜਾਂਚ ਏਜੰਸੀ ਰਿਕਾਰਡ ’ਤੇ ਪੂਰੇ ਸਬੂਤ ਪੇਸ਼ ਹੀ ਨਹੀਂ ਕਰ ਸਕੀ, ਜੋ ਮੁਲਜ਼ਮਾਂ ਦੇ ਦੋਸ਼ ਨੂੰ ਸਾਬਤ ਕਰਨ ਲਈ ਲੋੜੀਂਦੇ ਹਨ। ਇਸ ਲਈ ਸ਼ੱਕ ਦੇ ਆਧਾਰ ’ਤੇ ਉਕਤ ਸੱਤਾਂ ਮੁਲਜ਼ਮਾਂ ’ਤੇ ਲਗਾਏ ਗਏ ਦੋਸ਼ਾਂ ਤੋਂ ਉਨ੍ਹਾਂ ਨੂੰ ਬਰੀ ਕੀਤਾ ਜਾਂਦਾ ਹੈ। ਇਸ ਮਾਮਲੇ ’ਚ 16 ਜੂਨ 2023 ਨੂੰ ਸ਼ਿਕਾਇਤਕਰਤਾ ਰਿਤੂ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਸੀ ਕਿ ਉਹ ਜਨਤਾ ਕਾਲੋਨੀ ਨਵਾਂਗਰਾਓਂ ਦੀ ਰਹਿਣ ਵਾਲੀ ਹੈ ਅਤੇ ਯੈੱਸ ਬੈਂਕ ਸੈਕਟਰ-17 ’ਚ ਕੰਮ ਕਰਦੀ ਹੈ।
15 ਜੂਨ ਨੂੰ ਰਾਤ ਸਮੇਂ ਉਸ ਦੀ ਮਾਂ ਬਬੀਤਾ ਅਤੇ ਉਸ ਦੇ ਮਾਮਾ ਸਤੀਸ਼ ਕੁਮਾਰ ਸੰਗਰੂਰ ਤੋਂ ਉਨ੍ਹਾਂ ਨੂੰ ਮਿਲਣ ਆਏ। ਉਹ ਘਰ ਦੀ ਛੱਤ ’ਤੇ ਬੈਠੇ ਸਨ। ਇਸ ਦੌਰਾਨ ਸਹਿਦੇਵ, ਮਹਾਦੇਵ ਅਤੇ ਮੋਨੂੰ ਦੇ ਪੁੱਤਰ ਰਾਮ ਸੰਜੀਵਨ ਨੇ ਉਸ ਦੇ ਘਰ ਦਾ ਦਰਵਾਜ਼ਾ ਖੜ੍ਹਕਾਇਆ ਅਤੇ ਉਸ ਦੇ ਪਰਿਵਾਰ ਨੂੰ ਹੇਠਾਂ ਆਉਣ ਲਈ ਕਿਹਾ, ਕਿਉਂਕਿ ਉਹ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਸਨ। ਉਹ ਪਹਿਲਾਂ ਹੇਠਾਂ ਆਈ ਤੇ ਦਰਵਾਜ਼ਾ ਖੋਲ੍ਹਿਆ ਤਾਂ ਉਕਤ ਲੋਕਾਂ ਨੇ ਉਸ ਨੂੰ ਫੜ੍ਹ ਲਿਆ। ਉਸ ਨੇ ਰੌਲਾ ਪਾਇਆ ਤਾਂ ਉਸ ਦੀ ਮਾਂ ਤੇ ਮਾਮਾ ਹੇਠਾਂ ਆ ਗਏ। ਇਸ ਤੋਂ ਬਾਅਦ ਉਕਤ ਸਾਰੇ ਜਣੇ ਉਨ੍ਹਾਂ ਦੀ ਵੀ ਕੁੱਟਮਾਰ ਕਰਨ ਲੱਗ ਪਏ। ਇਸ ਹਮਲੇ ’ਚ ਉਸ ਦਾ ਭਤੀਜਾ ਅਮਿਤ ਤੇ ਭਾਬੀ ਸ਼ਾਲੂ ਵੀ ਜ਼ਖ਼ਮੀ ਹੋ ਗਏ ਸਨ। 17 ਜੂਨ 2023 ਨੂੰ ਸੱਟਾਂ ਕਾਰਨ ਅਮਿਤ ਨੂੰ ਪੀ. ਜੀ. ਆਈ. ਚੰਡੀਗੜ੍ਹ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਉਕਤ 7 ਮੁਲਜ਼ਮਾਂ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਪੇਸ਼ ਕੀਤੀ ਸੀ।
