ਭਾਰਤ ਤੋਂ ਨਿਰਯਾਤ ਕੀਤੇ ਜਾਣ ਵਾਲੇ ਖੰਘ ਦੇ ਸੀਰਪ ਦੀ ਕੀਤੀ ਜਾਵੇਗੀ ਜਾਂਚ!
Wednesday, May 17, 2023 - 12:54 PM (IST)

ਨਵੀਂ ਦਿੱਲੀ - ਭਾਰਤ ਤੋਂ ਨਿਰਯਾਤ ਕੀਤੇ ਜਾਣ ਵਾਲੇ ਖੰਘ ਦੇ ਸੀਰਪ ਨੂੰ ਲੈ ਕੇ ਸਰਕਾਰ ਸੁਚੇਤ ਹੁੰਦੀ ਵਿਖਾਈ ਦੇ ਰਹੀ ਹੈ। ਖੰਘ ਦੇ ਸੀਰਪ ਵਿੱਚ ਮਿਲਾਵਟ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਰਕਾਰ ਬਰਾਮਦ ਤੋਂ ਪਹਿਲਾਂ ਖੰਘ ਦੇ ਸਿਰਪ ਦੀ ਜਾਂਚ ਕਰਨ ਦੀ ਵਿਵਸਥਾ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਨਿਰਯਾਤ ਕਰਨ ਤੋਂ ਪਹਿਲਾਂ ਖੰਘ ਦੇ ਸੀਰਪ ਦੀ ਜਾਂਚ ਕਰ ਲਈ ਜਾਵੇ ਤਾਂਕਿ ਨਿਰਯਾਤ ਹੋਣ ਤੋਂ ਬਾਅਦ ਇਸ ਦੀ ਕੋਈ ਸ਼ਿਕਾਇਤ ਨਾ ਆ ਸਕੇ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਔਸ਼ਧੀ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਅਜਿਹਾ ਕਰਨ ਦਾ ਪ੍ਰਸਤਾਵ ਭੇਜਿਆ ਹੈ। ਸੂਤਰਾਂ ਅਨੁਸਾਰ ਦਵਾਈਆਂ ਦੀ ਜਾਂਚ ਕਰਨ ਦੇ ਸਬੰਧ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਦੱਸ ਦੇਈਏ ਕਿ CDSCO ਦੇ ਅਧੀਨ 5 ਕੇਂਦਰੀ ਔਸ਼ਧੀ ਟੈਸਟਿੰਗ ਲੈਬਾਰਟਰੀਆਂ ਕਸੌਲੀ, ਕੋਲਕਾਤਾ, ਹੈਦਰਾਬਾਦ, ਚੇਨਈ ਅਤੇ ਮੁੰਬਈ ਵਿਖੇ ਮੌਜੂਦ ਹਨ। ਇਸ ਤੋਂ ਇਲਾਵਾ ਗੁਹਾਟੀ ਅਤੇ ਚੰਡੀਗੜ੍ਹ ਵਿਖੇ ਵੀ ਦੋ ਖੇਤਰੀ ਔਸ਼ਧੀ ਟੈਸਟਿੰਗ ਲੈਬਾਰਟਰੀਆਂ ਹਨ। ਇਸ ਤੋਂ ਇਲਾਵਾ ਇੰਡੀਆ ਇੰਡੀਅਨ ਫਾਰਮਾਕੋਪੀਆ ਕਮਿਸ਼ਨ ਲੈਬਾਰਟਰੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ NABL ਨਾਲ ਸਬੰਧਿਤ ਪ੍ਰਯੋਗਸ਼ਾਲਾਵਾਂ ਦੀਆਂ ਰਿਪੋਰਟਾਂ ਨੂੰ ਵੀ ਨਿਰਮਾਤਾਵਾਂ ਅਤੇ ਨਿਰਯਾਤਕਾਂ ਦੁਆਰਾ ਵਿਸ਼ਲੇਸ਼ਣ ਦਾ ਪ੍ਰਮਾਣ ਪੱਤਰ (ਸੀਓਏ) ਮੰਨਿਆ ਜਾ ਸਕਦਾ ਹੈ। ਜਨਵਰੀ 2022 ਤੱਕ ਦੇ ਅੰਕੜਿਆਂ ਅਨੁਸਾਰ NABL ਮਾਨਤਾ ਪ੍ਰਾਪਤ 2,300 ਤੋਂ ਵਧੇਰੇ ਮੈਡੀਕਲ ਟੈਸਟਿੰਗ ਲੈਬ ਭਾਰਤ ਵਿੱਚ ਸਥਿਤ ਹਨ।