31 ਦਸੰਬਰ ਨੂੰ ਮਾਂ ਚਿੰਤਪੁਰਨੀ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
Tuesday, Dec 16, 2025 - 11:48 AM (IST)
ਭੁੱਚੋ ਮੰਡੀ (ਨਾਗਪਾਲ) : ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਕਤੀਪੀਠ ਮਾਂ ਚਿੰਤਪੁਰਨੀ ਧਾਮ ਵਿਖੇ 31 ਦਸੰਬਰ ਨੂੰ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਭੁੱਚੋ ਮੰਡੀ ਧਰਮਸ਼ਾਲਾ 'ਚ ਕਮਰਿਆਂ ਦੀ ਬੁਕਿੰਗ 20 ਦਸੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਪਵਨ ਮਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਹਰ ਸਾਲ ਨਵੇਂ ਸਾਲ ਦੇ ਮੌਕੇ ’ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਮਾਂ ਚਿੰਤਪੁਰਨੀ ਧਾਮ ਵਿਖੇ ਮੱਥਾ ਟੇਕਣ ਲਈ ਪਹੁੰਚਦੇ ਹਨ।
ਇਸ ਕਰਕੇ 31 ਦਸੰਬਰ ਅਤੇ ਇਕ ਜਨਵਰੀ ਨੂੰ ਭਾਰੀ ਭੀੜ ਰਹਿੰਦੀ ਹੈ, ਜਿਸ ਕਰਕੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਰਹਿਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਨੂੰ ਧਿਆਨ 'ਚ ਰੱਖਦਿਆਂ ਸੰਸਥਾ ਵੱਲੋਂ ਹਰ ਸਾਲ ਪਹਿਲਾਂ ਹੀ ਰਹਿਣ ਦੀ ਵਿਵਸਥਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਧਰਮਸ਼ਾਲਾ 'ਚ ਸ਼ਰਧਾਲੂਆਂ ਲਈ ਸਾਫ਼-ਸੁਥਰੇ ਕਮਰੇ ਉਪਲੱਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ ਪੀਣ ਵਾਲਾ ਪਾਣੀ, ਬਿਜਲੀ, ਸਫ਼ਾਈ ਅਤੇ ਸੁਰੱਖਿਆ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਯਾਤਰੀ ਬੇਫਿਕਰ ਹੋ ਕੇ ਆਪਣੀ ਯਾਤਰਾ ਪੂਰੀ ਕਰ ਸਕਣ। ਕਾਰਜਕਾਰੀ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਹੇਸ਼ ਗਰਗ ਵੱਲੋਂ ਕਮਰਿਆਂ ਦੀ ਬੁਕਿੰਗ ਦੀ ਜ਼ਿੰਮੇਵਾਰੀ ਸੰਭਾਲੀ ਜਾਵੇਗੀ। ਸ਼ਰਧਾਲੂ 20 ਦਸੰਬਰ ਤੋਂ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹਨ।
