ਜਲੰਧਰ ''ਚ ED ਨੇ ਦਵਾਈ ਵਪਾਰੀ ਕੀਤਾ ਗ੍ਰਿਫ਼ਤਾਰ, ਜਾਂਚ ''ਚ ਹੈਰਾਨ ਕਰਨ ਵਾਲੇ ਹੋਏ ਖੁਲਾਸੇ

Thursday, Dec 11, 2025 - 08:17 PM (IST)

ਜਲੰਧਰ ''ਚ ED ਨੇ ਦਵਾਈ ਵਪਾਰੀ ਕੀਤਾ ਗ੍ਰਿਫ਼ਤਾਰ, ਜਾਂਚ ''ਚ ਹੈਰਾਨ ਕਰਨ ਵਾਲੇ ਹੋਏ ਖੁਲਾਸੇ

ਜਲੰਧਰ (ਵੈੱਬ ਡੈਸਕ) : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਜਲੰਧਰ ਜ਼ੋਨ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਮੈਡੀਕਲ ਵਪਾਰੀ ਨੂੰ ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ 'ਤੇ ਦੋਸ਼ ਹੈ ਕਿ ਉਸ ਨੇ ਵੱਡੇ ਪੱਧਰ 'ਤੇ ਟਰਾਮਾਡੋਲ ਅਤੇ ਐਲਪ੍ਰਾਜ਼ੋਲਮ ਵਰਗੀਆਂ ਸਾਈਕੋਟ੍ਰੋਪਿਕ ਗੋਲੀਆਂ ਗੈਰ-ਕਾਨੂੰਨੀ ਢੰਗ ਨਾਲ ਵੇਚੀਆਂ।
ਈ.ਡੀ. ਨੇ ਮੈਡੀਕਲ ਵਪਾਰੀ ਅਭਿਸ਼ੇਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਉਸ ਨੂੰ ਮੋਹਾਲੀ ਸਥਿਤ ਸਪੈਸ਼ਲ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 6 ਦਿਨਾਂ ਦੀ ਈ.ਡੀ. ਕਸਟਡੀ ਵਿੱਚ ਭੇਜ ਦਿੱਤਾ। ਈ.ਡੀ. ਹੁਣ ਤੱਕ ਇਸ ਮਾਮਲੇ ਵਿੱਚ 3.75 ਕਰੋੜ ਰੁਪਏ ਦੀ ਵਿੱਤੀ ਗੜਬੜੀ ਸਾਹਮਣੇ ਆਉਣ ਦਾ ਦਾਅਵਾ ਕਰ ਰਹੀ ਹੈ। ਈ.ਡੀ. ਨੇ ਇਹ ਜਾਂਚ ਪੰਜਾਬ ਪੁਲਸ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਇੱਕ ਕੇਸ ਦੇ ਆਧਾਰ 'ਤੇ ਸ਼ੁਰੂ ਕੀਤੀ ਸੀ, ਜਿਸ ਵਿੱਚ ਅੰਤਰ-ਰਾਜੀ ਪੱਧਰ 'ਤੇ ਟਰਾਮਾਡੋਲ ਅਤੇ ਐਲਪ੍ਰਾਜ਼ੋਲਮ ਵਰਗੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ ਸਨ।
ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਦਵਾਈਆਂ, ਜੋ ਨਸ਼ੇ ਦੇ ਤੌਰ 'ਤੇ ਵੀ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਅਭਿਸ਼ੇਕ ਕੁਮਾਰ ਫਾਰਮਾ ਕੰਪਨੀਆਂ ਤੋਂ ਮੰਗਵਾਉਂਦਾ ਸੀ ਅਤੇ ਫਿਰ ਬਲੈਕ ਮਾਰਕੀਟ ਵਿੱਚ ਵੇਚਦਾ ਸੀ। ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਕਈ ਹੋਲਸੇਲਰ ਅਤੇ ਰਿਟੇਲਰ (ਜਿਵੇਂ ਬਾਇਓਜੈਨੇਟਿਕ ਡਰੱਗਜ਼, ਸੀਬੀ ਹੈਲਥ ਕੇਅਰ, ਸਮਾਈਲੇਕਲ ਫਾਰਮਾਚੇਮ ਆਦਿ) ਵੱਡੀ ਮਾਤਰਾ ਵਿੱਚ ਇਹ ਸਾਈਕੋਟ੍ਰੋਪਿਕ ਟੈਬਲੇਟ ਖਰੀਦਦੇ ਸਨ। ਇਸ ਤੋਂ ਬਾਅਦ ਇਨ੍ਹਾਂ ਨੂੰ ਡਰੱਗ ਪੈਡਲਰਾਂ ਰਾਹੀਂ ਪ੍ਰਚੂਨ ਕੀਮਤ ਤੋਂ ਕਈ ਗੁਣਾ ਜ਼ਿਆਦਾ ਕੀਮਤ 'ਤੇ ਬਲੈਕ ਮਾਰਕੀਟ ਵਿੱਚ ਵੇਚਿਆ ਜਾਂਦਾ ਸੀ।

75% ਸਟਾਕ ਦਾ ਕੋਈ ਹਿਸਾਬ ਨਹੀਂ
ਈ.ਡੀ. ਅਨੁਸਾਰ ਅਭਿਸ਼ੇਕ ਕੁਮਾਰ ਨੇ ਆਪਣੀ ਫਰਮ 'ਸ਼੍ਰੀ ਸ਼ਿਆਮ ਮੈਡੀਕਲ ਏਜੰਸੀ' ਦੇ ਨਾਮ 'ਤੇ ਵੱਡੀ ਮਾਤਰਾ ਵਿੱਚ ਦਵਾਈਆਂ ਖਰੀਦੀਆਂ। ਇਸ ਪੂਰੇ ਸਟਾਕ ਵਿੱਚੋਂ ਲਗਭਗ 75% ਮਾਲ ਕਾਗਜ਼ਾਂ ਤੋਂ ਬਾਹਰ, ਯਾਨੀ ਕਿ ਪੂਰੀ ਤਰ੍ਹਾਂ ਅਵੈਧ ਤਰੀਕੇ ਨਾਲ ਵੇਚਿਆ ਗਿਆ। ਇਸ ਗੈਰ-ਕਾਨੂੰਨੀ ਵਿਕਰੀ ਨੂੰ ਛੁਪਾਉਣ ਲਈ ਬਿੱਲਾਂ ਵਿੱਚ ਬਕਸਿਆਂ ਦੀ ਗਿਣਤੀ ਵਧਾ ਕੇ ਦਰਜ ਕੀਤੀ ਜਾਂਦੀ ਸੀ, ਤਾਂ ਜੋ ਬਲੈਕ ਵਿੱਚ ਵੇਚੇ ਗਏ ਬਕਸੇ ਵੀ ਕਾਗਜ਼ਾਂ 'ਤੇ ਕਾਨੂੰਨੀ ਵਿਕਰੀ ਵਾਂਗ ਦਿਖਾਈ ਦੇਣ। ਇਨ੍ਹਾਂ ਗੈਰ-ਕਾਨੂੰਨੀ ਲੈਣ-ਦੇਣ ਦੀ ਕੁੱਲ ਨਕਦ ਕੀਮਤ ਲਗਭਗ 3.75 ਕਰੋੜ ਰੁਪਏ ਦੱਸੀ ਜਾ ਰਹੀ ਹੈ।


author

Shubam Kumar

Content Editor

Related News