ਪੁਰਾਣੀ ਕਾਰ ਖਰੀਦਣ ਵਾਲੇ ਹੋ ਜਾਣ ਸਾਵਧਾਨ, ਕਿਤੇ ਹੋ ਨਾ ਜਾਇਓ ਅਜਿਹੀ ਠੱਗੀ ਦਾ ਸ਼ਿਕਾਰ
Friday, Dec 19, 2025 - 01:56 AM (IST)
ਲੁਧਿਆਣਾ (ਤਰੁਣ) - ਮਹਾਨਗਰ ’ਚ ਪੁਰਾਣੀ ਕਾਰ ਖਰੀਦਣ ਵਾਲੇ ਹੋ ਜਾਣ ਸਾਵਧਾਨ। ਕਿਤੇ ਤੁਸੀਂ ਵੀ ਅਜਿਹੇ ਕਿਸੇ ਨੌਸਰਬਾਜ਼ ਮੁਲਜ਼ਮ ਦੀ ਠੱਗੀ ਦਾ ਸ਼ਿਕਾਰ ਨਾ ਹੋ ਜਾਵੋ, ਜੋ ਕਿ ਕਾਰ ’ਤੇ ਬੈਂਕ ਲੋਨ ਹੋਣ ਦੇ ਬਾਵਜੂਦ ਤੁਹਾਨੂੰ ਕਾਰ ਵੇਚ ਦੇਵੇ। ਅਜਿਹਾ ਹੀ ਇਕ ਮਾਮਲਾ ਫਿਰੋਜ਼ ਗਾਂਧੀ ਮਾਰਕੀਟ ਸਥਿਤ ਇਕ ਫਾਈਨਾਂਸ ਕੰਪਨੀ ਦਾ ਹੈ।
ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਸ਼੍ਰੀ ਰਾਮ ਫਾਈਨਾਂਸ ਲਿਮ. ਦੇ ਅਸਿਸਟੈਂਟ ਮੈਨੇਜਰ ਸਾਜਨ ਗਰੋਵਰ ਦੀ ਸ਼ਿਕਾਇਤ ’ਤੇ ਐਕਸ਼ਨ ਲੈਂਦੇ ਹੋਏ ਮੁਲਜ਼ਮ ਨੌਸਰਬਾਜ਼ ਹਰਨੇਕ ਸਿੰਘ ਪਿੰਡ ਰਣੀਆਂ, ਡੇਹਲੋਂ ਖਿਲਾਫ ਧੋਖਾਦੇਹੀ ਸਮੇਤ ਹੋਰਨਾਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਿਸÇ ਵਚ ਮੁਲਜ਼ਮ ਨੇ ਬੈਂਕ ਦਾ ਲੋਨ ਅਦਾ ਕੀਤੇ ਬਿਨਾਂ ਕਾਰ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀ। ਮੁਲਜ਼ਮ ਪੇਸ਼ਾਵਰ ਨੌਸਰਬਾਜ਼ ਹੈ, ਜਿਸ ’ਤੇ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ ਹੈ।
ਸ਼ਿਕਾਇਤਕਰਤਾ ਸਾਜਨ ਗਰੋਵਰ ਨੇ ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਹੈ ਕਿ ਸ਼੍ਰੀ ਰਾਮ ਫਾਈਨਾਂਸ ਲਿਮ. ਵਿਚ ਉਹ ਅਸਿਸਟੈਂਟ ਮੈਨੇਜਰ ਹੈ। ਮੁਲਜ਼ਮ ਹਰਨੇਕ ਸਿੰਘ ਨੇ 2017 ਵਿਚ ਕਾਰ ਦੇ ਬਦਲੇ 6.10 ਲੱਖ ਰੁਪਏ ਦਾ ਲੋਨ ਲਿਆ। ਮੁਲਜ਼ਮ ਨੇ ਲੋਨ ਐਗਰੀਮੈਂਟ ਸਾਈਨ ਕੀਤਾ, ਜਿਸ ਦੇ ਮੁਤਾਬਕ ਮੁਲਜ਼ਮ ਨੂੰ ਹਰ ਮਹੀਨੇ ਲੋਨ ਦੀ ਕਿਸ਼ਤ ਅਦਾ ਕਰੇਗਾ ਪਰ ਮੁਲਜ਼ਮ ਨੈ ਲੋਨ ਅਦਾ ਨਹੀਂ ਕੀਤਾ। ਲੋਨ ਅਦਾ ਨਾ ਕਰਨ ਦੀ ਸੂਰਤ ਵਿਚ ਸ਼੍ਰੀ ਰਾਮ ਫਾਈਨਾਂਸ ਕੰਪਨੀ ਲਿਮ. ਵਲੋਂ ਕਾਰ ਨੂੰ ਰਿਕਵਰੀ ਦੇ ਆਰਡਰ ਜਾਰੀ ਕੀਤੇ।
ਇਸ ਸਬੰਧੀ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਨੇਕ ਸਿੰਘ ਨੇ ਕਾਰ ਦੀ ਜਾਅਲੀ ਐੱਨ. ਓ. ਸੀ. ਬਣਵਾ ਕੇ ਕਾਰ ਨੂੰ ਜਗਰਾਓਂ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਨੂੰ ਵੇਚ ਦਿੱਤੀ, ਜਿਸ ਤੋਂ ਬਾਅਦ ਇੰਦਰਜੀਤ ਨੇ ਹੋਰ ਕਿਸੇ ਫਾਈਨਾਂਸ ਕੰਪਨੀ ਤੋਂ ਉਕਤ ਕਾਰ ’ਤੇ ਲੋਨ ਲਿਆ ਹੈ। ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੇਸ਼ਾਵਰ ਠੱਗ ਹੈ, ਜਿਸ ’ਤੇ ਧੋਖਾਦੇਹੀ ਦੇ ਹੋਰ ਕੇਸ ਦਰਜ ਹਨ।
ਇਸ ਤੋਂ ਇਲਾਵਾ ਮੁਲਜ਼ਮ ’ਤੇ ਡਰਾਉਣ ਧਮਕਾਉਣ ਦੇ ਦੋਸ਼ ਵਿਚ ਵੀ ਹੋਰ ਥਾਣੇ ਵਿਚ ਸ਼ਿਕਾਇਤ ਦਰਜ ਹੈ। ਪੁਲਸ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।
ਗੁਲਾਟੀ ਪਰਿਵਾਰ ਨੂੰ ਧੋਖੇ ਨਾਲ ਵੇਚੀ ਕਾਰ
ਮਾਡਲ ਟਾਊਨ ਨਿਵਾਸੀ ਰਾਜੀਵ ਗੁਲਾਟੀ ਨੇ ਦੱਸਿਆ ਕਿ 2018 ਵਿਚ ਮੁਲਜ਼ਮ ਹਰਨੇਕ ਸਿੰਘ ਨੇ ਉਸ ਨੂੰ ਧੋਖੇ ਨਾਲ ਇਨੋਵਾ ਕਾਰ ਵੇਚ ਦਿੱਤੀ ਸੀ। ਮੁਲਜ਼ਮ ਹਰਨੇਕ ਸਿੰਘ ਨੇ ਬੈਂਕ ਦਾ ਲੋਨ ਅਦਾ ਕੀਤੇ ਬਿਨਾਂ ਹੀ ਡੁਪਲੀਕੇਟ ਐੱਨ. ਓ. ਸੀ. ਅਤੇ ਆਰ. ਸੀ. ਦੇ ਆਧਾਰ ’ਤੇ 14.50 ਲੱਖ ਰੁਪਏ ਵਿਚ ਇਨੋਵਾ ਕਾਰ ਦਾ ਸੌਦਾ ਕੀਤਾ। 2020 ਵਿਚ ਉਸ ਨੂੰ ਥਾਣਾ ਡਵੀਜ਼ਨ ਨੰ. 5 ਤੋਂ ਕਾਲ ਆਈ ਕਿ ਲੋਨ ਅਦਾ ਨਾ ਕੀਤੇ ਜਾਣ ’ਤੇ ਕਾਰ ਨੂੰ ਰਿਕਵਰ ਕਰਨ ਦੇ ਹੁਕਮ ਜਾਰੀ ਹੋਏ ਹਨ, ਜਿਸ ਤੋਂ ਬਾਅਦ ਉਹ ਤੁਰੰਤ ਥਾਣੇ ਪੁੱਜਾ ਅਤੇ ਉਸ ਨੂੰ ਪਤਾ ਲੱਗਾ ਕਿ ਹਰਨੇਕ ਸਿੰਘ ਨੇ ਧੋਖੇ ਨਾਲ ਉਸ ਨੂੰ ਕਾਰ ਵੇਚੀ ਹੈ। ਪੀੜਤ ਮੁਤਾਬਕ ਮੁਲਜ਼ਮ ਧੋਖਾਦੇਹੀ ਦੀਆਂ ਕਈ ਵਾਰਦਾਤਾਂ ਕਰ ਚੁੱਕਾ ਹੈ।
