ਵਿਸ਼ਵ ਸ਼ਾਂਤੀ -ਦੂਤ ਭਾਰਤ ਨੂੰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਬਣਾਇਆ ਜਾਵੇ
Sunday, Oct 05, 2025 - 04:14 PM (IST)

‘ਸ਼ਲਾਮ, ਓਮ ਸ਼ਾਂਤੀ, ਸ਼ਾਂਤੀ ਸ਼ਾਂਤੀ ਓਮ, ਨਮੋ ਬੁੱਧਾਏ’ ਇਹ ਸੁੰਦਰ, ਸਕਾਰਾਤਮਕ ਅਤੇ ਇਤਿਹਾਸਕ ਸ਼ਬਦ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਨੇ 195 ਦੇਸ਼ਾਂ ਦੇ ਸੰਗਠਨ, ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਪਣੇ ਪਹਿਲੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ ਭਾਰਤੀ ਸੱਭਿਆਚਾਰਕ ਪਰੰਪਰਾਵਾਂ ਅਨੁਸਾਰ, ਹੱਥ ਜੋੜ ਕੇ ਨਮਸਕਾਰ ਕਰਦੇ ਹੋਏ ਕਹੇ। ਜਨਰਲ ਅਸੈਂਬਲੀ ਵਿਚ ਮੌਜੂਦ ਦੇਸ਼ਾਂ ਦੇ ਮੁਖੀ, ਵਿਦੇਸ਼ ਮੰਤਰੀ ਅਤੇ ਡੈਲੀਗੇਟ ਨਾ ਸਿਰਫ਼ ਖੁਸ਼ ਹੋ ਗਏ, ਸਗੋਂ ਪੂਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ।
ਇਹ ਇਤਿਹਾਸਕ ਸ਼ਬਦ ਸੰਯੁਕਤ ਰਾਸ਼ਟਰ ਮਹਾਸਭਾ ਦੇ ਲੰਬੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਮੁਸਲਿਮ ਦੇਸ਼ ਦੇ ਮੁਸਲਿਮ ਰਾਸ਼ਟਰਪਤੀ ਦੁਆਰਾ ਕਹੇ ਗਏ ਸਨ। ਦਰਅਸਲ, ਇਹ ਸੰਦੇਸ਼ ਭਾਰਤ ਦੇ ਪ੍ਰਾਚੀਨ, ਉਦਾਰਵਾਦੀ, ਮਾਨਵਵਾਦੀ ਅਤੇ ਸ਼ਾਨਦਾਰ ਸੱਭਿਆਚਾਰ ਦੇ ਪਵਿੱਤਰ ਗ੍ਰੰਥਾਂ ਵਿਚ ਮਿਲਦਾ ਹੈ, ਜੋ ਪੂਰੇ ਸੰਸਾਰ ਨੂੰ ਵਸੁਧੈਵ ਕੁਟੁੰਬਕਮ ਦੇ ਉੱਚੇ ਆਦਰਸ਼ ਨਾਲ ਜਾਣੂ ਕਰਵਾਉਂਦੇ ਹਨ, ਜਿਸਦਾ ਅਰਥ ਹੈ ਕਿ ਸਾਰਾ ਸੰਸਾਰ ਇਕ ਪਰਿਵਾਰ ਹੈ।
ਭਾਰਤੀ ਸੱਭਿਆਚਾਰ ਖੁਦ ਵਿਸ਼ਵ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਇਕ ਮਾਰਗਦਰਸ਼ਕ ਚਾਨਣਮੁਨਾਰਾ ਹੈ। ਇਸ ਲਈ, ਰਾਸ਼ਟਰਪਤੀ ਦੁਆਰਾ ਇਨ੍ਹਾਂ ਸ਼ਬਦਾਂ ਦੀ ਵਰਤੋਂ ਨੇ ਨਾ ਸਿਰਫ਼ ਦੁਨੀਆ ਨੂੰ ਹੈਰਾਨ ਕੀਤਾ ਸਗੋਂ ਇਸ ਨੂੰ ਇਕ ਨਵੀਂ ਵਿਸ਼ਵ ਵਿਵਸਥਾ ਲਈ ਵੀ ਜਾਗਰੂਕ ਕੀਤਾ, ਖਾਸ ਤੌਰ ’ਤੇ ਮੁਸਲਿਮ ਦੇਸ਼ਾਂ ਦੇ ਇਕ-ਪਾਸੜ ਰਵੱਈਏ ਦੇ ਵਿਰੁੱਧ, ਉਨ੍ਹਾਂ ਨੂੰ ਕੱਟੜਵਾਦ, ਨਫ਼ਰਤ, ਅੱਤਵਾਦ ਅਤੇ ਤੰਗ ਧਾਰਮਿਕ ਕੱਟੜਤਾ ਦੀ ਪੁਰਾਣੀ ਅਤੇ ਸੜੀ ਹੋਈ ਵਿਚਾਰਧਾਰਾ ਨੂੰ ਤਿਆਗਣ ਅਤੇ ਇਕ ਨਵੀਂ ਦੁਨੀਆ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਜਦੋਂ ਰਾਸ਼ਟਰਪਤੀ ਟਰੰਪ ਜਨਰਲ ਅਸੈਂਬਲੀ ਦੇ 80ਵੇਂ ਸੈਸ਼ਨ ਵਿਚ ਆਪਣਾ ਭਾਸ਼ਣ ਦੇਣ ਲਈ ਪਹੁੰਚੇ, ਤਾਂ ਉਨ੍ਹਾਂ ਦੇ ਆਪਣੇ ਦੇਸ਼ ਵਿਚ ਉਨ੍ਹਾਂ ਦੇ ਵਿਰੁੱਧ ਬਹੁਤ ਸਾਰੇ ਨਾਅਰੇ ਲੱਗੇ, ਜੋ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਲੋਕ ਉਨ੍ਹਾਂ ਦੀਆਂ ਨਵੀਆਂ ਨੀਤੀਆਂ ਨਾਲ ਸਹਿਮਤ ਨਹੀਂ ਹਨ। ਆਪਣੇ ਸੰਬੋਧਨ ਵਿਚ ਟਰੰਪ ਨੇ ਕਿਹਾ ਕਿ ਭਾਰਤ ਅਤੇ ਚੀਨ ਰੂਸ ਤੋਂ ਤੇਲ ਖਰੀਦ ਕੇ ਉਸ ਦਾ ਵਿੱਤੀ ਸਮਰਥਨ ਕਰ ਰਹੇ ਹਨ, ਜੋ ਰੂਸ ਅਤੇ ਯੂਕ੍ਰੇਨ ਵਿਚਕਾਰ ਟਕਰਾਅ ਦੇ ਅੰਤ ਵਿਚ ਦੇਰੀ ਕਰ ਰਿਹਾ ਹੈ।
ਅਮਰੀਕੀ ਪਾਬੰਦੀਆਂ ਤੋਂ ਬਾਅਦ, ਭਾਰਤ ਨੇ ਪਹਿਲਾਂ ਵੈਨੇਜ਼ੁਏਲਾ ਅਤੇ ਫਿਰ ਈਰਾਨ ਤੋਂ ਤੇਲ ਦਰਾਮਦ ਕਰਨਾ ਬੰਦ ਕਰ ਦਿੱਤਾ ਅਤੇ ਰੂਸ ਤੋਂ ਤੇਲ ਦਰਾਮਦ ਕਰਕੇ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ’ਤੇ ਅਮਰੀਕਾ ਨੇ ਭਾਰਤ ’ਤੇ 50 ਫੀਸਦੀ ਟੈਰਿਫ ਲਗਾਇਆ, ਜਦਕਿ ਅਸਲੀਅਤ ਵਿਚ, ਅਮਰੀਕਾ ਅਤੇ ਯੂਰਪੀ ਦੇਸ਼ ਵੀ ਰੂਸ ਤੋਂ ਰਸਾਇਣ, ਖਾਦ, ਗੈਸ ਅਤੇ ਹੋਰ ਚੀਜ਼ਾਂ ਖਰੀਦ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਊਰਜਾ, ਸੁਰੱਖਿਆ ਅਤੇ ਘਰੇਲੂ ਜ਼ਰੂਰਤਾਂ ਨਾਲ ਸਮਝੌਤਾ ਨਹੀਂ ਕਰੇਗਾ।
ਅਸਲੀਅਤ ਵਿਚ, ਟਰੰਪ ਨਾ ਸਿਰਫ਼ ਇਕ ਉੱਚੀ ਆਵਾਜ਼ ਵਾਲਾ ਸਿਆਸਤਦਾਨ ਹੈ, ਸਗੋਂ ਇਕ ਅਸਥਿਰ ਬੁੱਧੀ ਵਾਲਾ ਆਦਮੀ ਵੀ ਹੈ, ਕਈ ਝੂਠੇ ਦਾਅਵੇ ਕਰਦਾ ਹੈ ਅਤੇ ਅੱਵਲ ਦਰਜੇ ਦਾ ਪਲਟੀਬਾਜ਼ ਵੀ ਹੈ। ਵਿਸ਼ਵ-ਪ੍ਰਸਿੱਧ ਜੋਤਸ਼ੀ ਵੀ ਭਵਿੱਖਬਾਣੀ ਕਰਨ ਤੋਂ ਝਿਜਕਦੇ ਹਨ ਕਿ ਉਹ ਕਦੋਂ ਆਪਣਾ ਸੰਜਮ ਗੁਆ ਸਕਦਾ ਹੈ। ਦਰਅਸਲ, ਆਪਣੇ ਵਿਰੋਧੀ ਵਿਚਾਰਾਂ ਨਾਲ, ਉਸਨੇ ਨਾ ਸਿਰਫ਼ ਆਪਣੇ ਅਕਸ ਨੂੰ ਵਿਗਾੜਿਆ ਹੈ, ਸਗੋਂ ਸ਼ਕਤੀਸ਼ਾਲੀ ਸੰਯੁਕਤ ਰਾਜ ਅਮਰੀਕਾ ਦੇ ਦਬਦਬੇ ਅਤੇ ਪ੍ਰਭਾਵ ਨੂੰ ਵੀ ਘਟਾ ਦਿੱਤਾ ਹੈ।
ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਨੇ ਜਨਰਲ ਅਸੈਂਬਲੀ ’ਚ ਆਪਣੇ ਭਾਸ਼ਣ ਵਿਚ ਪੰਜਵੀਂ ਵਾਰ ਕਸ਼ਮੀਰ ਮੁੱਦਾ ਉਠਾ ਕੇ ਅਤੇ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਨੂੰ ਮੈਂਬਰਸ਼ਿਪ ਨਾ ਦੇਣ ਦੀ ਵਕਾਲਤ ਕਰ ਕੇ ਪਾਕਿਸਤਾਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਤੁਰਕੀ ਦੀ ਆਪਣੀ ਸਾਖ ਨਾ ਸਿਰਫ਼ ਦਾਗੀ ਹੈ ਸਗੋਂ ਜ਼ਿਆਦਾ ਹੀ ਦਾਗੀ ਹੈ। 1974 ਵਿਚ ਤੁਰਕੀ ਨੇ ਉੱਤਰੀ ਸਾਈਪ੍ਰਸ ’ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਅਤੇ ਆਪਣੀ ਪਕੜ ਬਣਾਈ ਰੱਖਣ ਲਈ ਉੱਥੇ 30,000 ਫੌਜਾਂ ਤਾਇਨਾਤ ਕੀਤੀਆਂ। 2014 ਵਿਚ, ਇਸਨੇ ਉੱਤਰੀ ਸੀਰੀਆ ’ਤੇ ਕਬਜ਼ਾ ਕਰ ਲਿਆ ਅਤੇ ਉੱਥੇ ਆਪਣੀਆਂ ਫੌਜਾਂ ਤਾਇਨਾਤ ਕੀਤੀਆਂ। ਤੁਰਕੀ ਨੇ ਇਰਾਕ ਵਿਚ 24 ਕਿਲੋਮੀਟਰ ਦੇ ਇਲਾਕੇ ’ਤੇ ਵੀ ਕਬਜ਼ਾ ਕੀਤਾ ਹੋਇਆ ਹੈ, ਉੱਥੇ 41 ਫੌਜੀ ਕੈਂਪ ਵੀ ਇਨ੍ਹਾਂ ਦੇ ਹਨ।
ਇਸੇ ਤਰ੍ਹਾਂ, ਇਸ ਨੇ ਲੀਬੀਆ ਵਿਚ ਆਪਣੇ ਕੁਝ ਸੈਨਿਕ ਅਤੇ ਭਾੜੇ ਦੇ ਸੈਨਿਕ ਤਾਇਨਾਤ ਕੀਤੇ ਹੋਏ ਹਨ। ਅਸਲੀਅਤ ਇਹ ਹੈ ਕਿ ਕਸ਼ਮੀਰ ਭਾਰਤ ਦੇ ਪ੍ਰਾਚੀਨ ਸੱਭਿਆਚਾਰ ਦਾ ਇਕ ਪ੍ਰਮੁੱਖ ਕੇਂਦਰ ਅਤੇ ਗਿਆਨ ਦਾ ਭੰਡਾਰ ਰਿਹਾ ਹੈ। 1948 ਤੋਂ ਪਾਕਿਸਤਾਨ ਨੇ ਗਿਲਗਿਤ, ਬਾਲਟਿਸਤਾਨ ਅਤੇ ਕਸ਼ਮੀਰ ਦੇ ਕਈ ਹੋਰ ਹਿੱਸਿਆਂ ’ਤੇ ਕਬਜ਼ਾ ਕੀਤਾ ਹੋਇਆ ਹੈ। ਤੁਰਕੀ ਭਾਰਤ ਨੂੰ ਗਿਆਨ ਦੇ ਰਿਹਾ ਹੈ, ਪਰ ਇਸ ਨੂੰ ਆਪਣੇ ਗਿਰੇਬਾਨ ’ਚ ਵੀ ਝਾਕ ਕੇ ਦੇਖਣਾ ਚਾਹੀਦਾ ਹੈ। ਇਹ ਉਹੀ ਤੁਰਕੀ ਹੈ ਜਿਸਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੂੰ ਹਥਿਆਰ, ਡਰੋਨ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਸੀ।
ਜਦੋਂ ਕਿ, ਜਦੋਂ ਕੁਝ ਸਾਲ ਪਹਿਲਾਂ ਤੁਰਕੀ ਵਿਚ ਆਏ ਵਿਨਾਸ਼ਕਾਰੀ ਭੂਚਾਲ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ, ਤਾਂ ਭਾਰਤ ਇਕਲੌਤਾ ਦੇਸ਼ ਸੀ ਜਿਸਨੇ ਪੀੜਤਾਂ ਦੀ ਸਹਾਇਤਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਦਵਾਈਆਂ, ਡਾਕਟਰ, ਸੈਨਿਕ ਅਤੇ ਭੋਜਨ ਸਪਲਾਈ ਕੀਤਾ। ਅਸਲੀਅਤ ਵਿਚ, ਤੁਰਕੀ ਦੇ ਸ਼ਾਸਕ ਨਾ ਸਿਰਫ਼ ਨਾਸ਼ੁਕਰੇ ਹਨ, ਸਗੋਂ ਅੱਤਵਾਦ ਨੂੰ ਬਰਾਮਦ ਕਰਨ ਵਾਲਿਆਂ ਦੇ ਸਮਰਥਕ ਵੀ ਹਨ।
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਪ੍ਰਧਾਨ, ਬੁਤਰਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ 80 ਸਾਲਾਂ ਤੋਂ ਹੋਂਦ ਵਿਚ ਹੈ। ਇਸ ਦੇ ਪੁਰਾਣੇ ਨਿਯਮਾਂ ਨੂੰ ਸਮੇਂ ਦੀਆਂ ਜ਼ਰੂਰਤਾਂ ਅਨੁਸਾਰ ਸੋਧਿਆ ਜਾਣਾ ਚਾਹੀਦਾ ਹੈ ਤਾਂ ਜੋ ਨਵੇਂ ਦੇਸ਼ਾਂ ਨੂੰ ਇਕ ਨਵੀਂ ਦੁਨੀਆ ਬਣਾਉਣ ਦੇ ਮੌਕੇ ਮਿਲ ਸਕਣ। ਅਸਲ ਵਿਚ, ਪ੍ਰਗਤੀਸ਼ੀਲ ਵਿਸ਼ਵ ਸ਼ਾਂਤੀ ਦੇ ਰਾਜਦੂਤ ਭਾਰਤ ਨੂੰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ 162 ਦੇਸ਼ਾਂ ਵਿਚੋਂ ਚੀਨ ਨੇ ਵੀ ਅਸਿੱਧੇ ਤੌਰ ’ਤੇ ਭਾਰਤ ਦਾ ਸਮਰਥਨ ਕੀਤਾ ਹੈ।
ਪ੍ਰੋ. ਦਰਬਾਰੀ ਲਾਲ (ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ)