ਭਾਰਤ ਨੂੰ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋਣਾ ਹੋਵੇਗਾ
Thursday, Dec 04, 2025 - 05:05 PM (IST)
ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ‘ਮੈਕਾਲੇ ਮਾਨਸਿਕਤਾ’ ਤੋਂ ਪੂਰੀ ਤਰ੍ਹਾਂ ਮੁਕਤ ਕਰਾਉਣ ਦਾ ਸੰਕਲਪ ਦੁਹਰਾਇਆ। ਉਨ੍ਹਾਂ ਦੇ ਅਨੁਸਾਰ ‘‘ਸਾਲ 1835 ’ਚ ਮੈਕਾਲੇ ਨਾਂ ਦੇ ਇਕ ਅੰਗਰੇਜ਼ ਨੇ ਭਾਰਤ ਨੂੰ ਆਪਣੀਆਂ ਜੜ੍ਹਾਂ ਉਖਾੜਣ ਦੇ ਬੀਜ ਬੋਏ ਸਨ। ਮੈਕਾਲੇ ਨੇ ਭਾਰਤ ’ਚ ਮਾਨਸਿਕ ਗੁਲਾਮੀ ਦੀ ਨੀਂਹ ਰੱਖੀ ਸੀ। ਦਸ ਸਾਲ ਬਾਅਦ 2035 ’ਚ ਉਸ ਘਟਨਾ ਨੂੰ 200 ਸਾਲ ਪੂਰੇ ਹੋ ਰਹੇ ਹਨ। ਅਸੀਂ 10 ਸਾਲਾਂ ਦਾ ਟੀਚਾ ਲੈ ਕੇ ਚੱਲਣਾ ਹੈ ਕਿ ਭਾਰਤ ਨੂੰ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰ ਕੇ ਰਹਾਂਗੇ।’’
ਪ੍ਰਧਾਨ ਮੰਤਰੀ ਨੇ ਇਹ ਗੱਲ ਬਿਲਕੁਲ ਢੁੱਕਵੀਂ ਥਾਂ ਅਯੁੱਧਿਆ ’ਚ ਕਹੀ। ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੇ ਨਿਰਮਾਣ ’ਚ ਸੱਤ ਦਹਾਕੇ ਦੀ ਦੇਰੀ, ਦਰਅਸਲ ਉਸੇ ਮਾਨਸਿਕ ਗੁਲਾਮੀ ਦਾ ਪ੍ਰਤੀਕ ਹੈ। ਇਹ ਮੰਦਿਰ ਆਜ਼ਾਦੀ ਦੇ ਤੁਰੰਤ ਬਾਅਦ ਬਣ ਸਕਦਾ ਸੀ ਜੋ ਭਾਰਤ ਦੇ ਆਤਮਗੌਰਵ ਅਤੇ ਪਛਾਣ ਦੀ ਮੁੜ ਸਥਾਪਨਾ ’ਚ ਇਕ ਵੱਡਾ ਕਦਮ ਹੁੰਦਾ। ਪਰ ਬਸਤੀਵਾਦੀ ਸਾਂਚੇ ’ਚ ਢਲੇ ਨੇਤਾਵਾਂ-ਬੁੱਧੀਜੀਵੀਆਂ ਨੇ ਇਸ ਨੂੰ ਹਿੰਦੂ-ਮੁਸਲਿਮ ਵਿਵਾਦ ’ਚ ਤਬਦੀਲ ਕਰ ਦਿੱਤਾ। ਇਸ ਸਬੰਧ ’ਚ ਵਿਦੇਸ਼ੀ ਮਾਨਸਪੁੱਤਰਾਂ ਨੇ ਅਜਿਹੇ ਝੂਠੇ ਨੈਰੇਟਿਵ ਘੜੇ, ਜਿਨ੍ਹਾਂ ਨਾਲ ਇਹ ਮਾਮਲਾ ਦਹਾਕਿਆਂ ਤਕ ਮੁਕੱਦਮਿਆਂ ਦੇ ਜਾਲ ’ਚ ਉਲਝਿਆ ਰਿਹਾ, ਫਿਰਕੂ ਸਦਭਾਵਨਾ ਵਿਗੜੀ, ਅਣਗਿਣਤ ਨਿਰਦੋਸ਼ਾਂ ਦੀਆਂ ਜਾਨਾਂ ਗਈਆਂ ਅਤੇ ਅਪਾਰ ਸੰਪੱਤੀ ਦਾ ਨੁਕਸਾਨ ਹੋਇਆ। ਇਸ ਵਿਸ਼ੇ ਨੂੰ ਮੈਂ ਆਪਣੀ ਕਿਤਾਬ, ‘ਟ੍ਰਿਸਟ ਵਿਦ ਅਯੁੱਧਿਆ- ਡਿਕੋਲੋਨਾਈਜ਼ੇਸ਼ਨ ਆਫ ਇੰਡੀਆ’ ਵਿਚ ਵਿਸਤਾਰ ਨਾਲ ਸਮਝਾਇਆ ਹੈ।
ਉਂਝ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਮੈਕਾਲੇ ਮਾਨਸਿਕਤਾ ਦੀ ਸਹੀ ਪਛਾਣ ਕੀਤੀ ਹੈ ਪਰ ਇਹ ਪੂਰਾ ਸੱਚ ਨਹੀਂ ਹੈ। ਭਾਰਤ ਦਾ ਪ੍ਰਭਾਵਸ਼ਾਲੀ ਰਾਜਨੀਤਿਕ, ਬੌਧਿਕ ਅਤੇ ਸਮਾਜਿਕ ਵਰਗ ਸਿਰਫ ਮੈਕਾਲੇ ਹੀ ਨਹੀਂ ਸਗੋਂ ਕਾਰਲ ਮਾਰਕਸ ਦੀ ਵਿਚਾਰਧਾਰਾ ਨਾਲ ਵੀ ਲੰਬੇ ਸਮੇਂ ਤਕ ਗ੍ਰਸਤ ਰਿਹਾ ਹੈ। ਆਜ਼ਾਦੀ ਦੇ ਬਾਅਦ ਤੋਂ ਇਹ ਵਿਚਾਰਕ ਤੰਤਰ ਕਦੇ ਨਾਲ ਮਿਲ ਕੇ, ਕਦੇ ਵੱਖ-ਵੱਖ ਆਪਣੇ ‘ਅਧੂਰੇ ਏਜੰਡੇ’ ਨੂੰ ਅੱਗੇ ਵਧਾਉਂਦਾ ਰਿਹਾ। ਦੋਵੇਂ ਕਦੇ ਮਿਲੇ ਨਹੀਂ ਪਰ ਉਹ ਭਾਰਤ ਦੀ ਸਨਾਤਨ ਸੱਭਿਅਤਾ ਨਾਲ ਬਹੁਤ ਜ਼ਿਆਦਾ ਨਫਰਤ ਕਰਦੇ ਸਨ।
ਥਾਮਸ ਬੈਬਿੰਗਟਨ ਮੈਕਾਲੇ ਪੂੰਜੀਵਾਦੀ ਅਤੇ ਸਾਮਰਾਜਵਾਦੀ ਸਨ। ਦੂਜੇ ਪਾਸੇ ਕਾਰਲ ਮਾਰਕਸ ਖੱਬੇਪੱਖੀ ਵਿਚਾਰਧਾਰਾ ਦੇ ਮੋਹਰੀ ਦੂਤ ਜੋ ਪੂੰਜੀਵਾਦ ਦੀ ਤਿੱਖੀ ਆਲੋਚਨਾ ਕਰਦੇ ਅਤੇ ਵਰਗ-ਸੰਘਰਸ਼ ਨੂੰ ਆਪਣਾ ਹਥਿਆਰ ਮੰਨਦੇ ਸਨ ਪਰ ਦੋਵਾਂ ਦਾ ਇਕ ਹੀ ਟੀਚਾ ਸੀ, ਭਾਰਤ ਦੀ ਆਤਮਾ ਨੂੰ ਇਸਲਾਮੀ ਹਮਲਾਵਰਾਂ ਵਾਂਗ ਬਲਪੂਰਵਕ ਤਲਵਾਰ ਦੀ ਬਜਾਏ ਬੌਧਿਕ ਪੱਧਰ ’ਤੇ ਕਮਜ਼ੋਰ ਕਰਨਾ। ਇਸ ਲਈ ਜਦੋਂ ਕਾਲਾਂਤਰ ’ਚ ਅੰਗਰੇਜ਼ਾਂ ਨੇ ਜਿਹਾਦੀਆਂ (ਮੁਸਲਿਮ ਲੀਗ ਸਮੇਤ) ਦੇ ਨਾਲ ਮਿਲ ਕੇ ਭਾਰਤੀ ਉਪ-ਮਹਾਦੀਪ ਦੀ ਵੰਡ ਦਾ ਰਸਤਾ ਤਿਆਰ ਕੀਤਾ, ਉਦੋਂ ਖੱਬੇਪੱਖੀਆਂ ਨੇ ਨਾ ਸਿਰਫ ਇਸਦਾ ਸਮਰਥਨ ਕੀਤਾ ਸਗੋਂ ਭਾਰਤ ਨੂੰ 15 ਤੋਂ ਵੱਧ ਹੋਰ ਟੁਕੜਿਆਂ ’ਚ ਵੰਡਣ ਦਾ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ।
ਸਾਲ 1835 ’ਚ ਮੈਕਾਲੇ ਦੀ ਸਿੱਖਿਆ-ਨੀਤੀ ਦਾ ਟੀਚਾ ਸੀ, ਅਜਿਹੇ ਹਿੰਦੂਸਤਾਨੀਆਂ ਦੀ ਜਮਾਤ ਤਿਆਰ ਕਰਨਾ ਜੋ ‘ਖੂਨ ਅਤੇ ਰੰਗ ਤੋਂ ਤਾਂ ਭਾਰਤੀ ਹੋਣ ਪਰ ਸਵਾਦ, ਸੋਚ, ਨੈਤਿਕਤਾ ਅਤੇ ਬੁੱਧੀ ਤੋਂ ਅੰਗਰੇਜ਼।’ ਇਸੇ ਨੀਤੀ ਨੇ ਹੀ ਭਾਰਤੀਆਂ ਨੂੰ ਆਪਣੀ ਮੂਲ ਸਨਾਤਨ ਸੰਸਕ੍ਰਿਤੀ ਨੂੰ ਹੀਣ-ਨਜ਼ਰੀਏ ਨਾਲ ਦੇਖਣ ਅਤੇ ਉਸ ਨਾਲ ਨਫਰਤ ਕਰਨ ਦਾ ਰਾਹ ਪੱਧਰਾ ਕੀਤਾ। ਖੁਸ਼ਹਾਲ ਭਾਰਤ ਸਾਹਿਤ-ਵਿੱਦਿਆ ਪ੍ਰੰਪਰਾ ਨਾਲ ਮੈਕਾਲੇ ਦੀ ਨਫਰਤ ਇੰਨੀ ਜ਼ਿਆਦਾ ਸੀ ਕਿ ਉਹ ਉਨ੍ਹਾਂ ਨੂੰ ‘ਇਕ ਚੰਗੀ ਯੂਰਪੀ ਲਾਇਬ੍ਰੇਰੀ ਦੀ ਛੋਟੀ ਅਲਮਾਰੀ’ ਦੇ ਬਰਾਬਰ ਵੀ ਨਹੀਂ ਮੰਨਦੇ ਸਨ।
ਬਸਤੀਵਾਦੀ ਮੈਕਾਲੇ ਦਾ ਚਿੰਤਨ ਮਜ਼੍ਹਬੀ ਵੀ ਸੀ। 12 ਅਕਤੂਬਰ 1836 ਨੂੰ ਆਪਣੇ ਪਿਤਾ ਦੇ ਨਾਂ ਲਿਖੇ ਪੱਤਰ ’ਚ ਉਸ ਨੇ ਸਾਫ ਲਿਖਿਆ, ‘‘ਜੇਕਰ ਸਾਡੀ ਸਿੱਖਿਆ ਨੀਤੀ ਸਫਲ ਰਹੀ ਤਾਂ 30 ਸਾਲਾਂ ਦੇ ਅੰਦਰ ਬੰਗਾਲ ਦੇ ਸਨਮਾਨਿਤ ਘਰਾਣਿਆਂ ’ਚ ਇਕ ਵੀ ਮੂਰਤੀਪੂਜਕ ਨਹੀਂ ਬਚੇਗਾ।’’ ਇਹ ਮਾਨਸ 1813 ਦੇ ਈਸਟ ਇੰਡੀਆ ਕੰਪਨੀ ਚਾਰਟਰ ਦੇ ਉਸੇ ਵਾਦ-ਵਿਵਾਦ ਵਾਲੀ ਵਿਵਸਥਾ ਦੇ ਅਨੁਸਾਰ ਸੀ, ਜਿਸ ’ਚ ਯੂਰਪੀ ਮਿਸ਼ਨਰੀਆਂ ਨੂੰ ਭਾਰਤ ’ਚ ਧਰਮ ਤਬਦੀਲੀ ਦੀ ਖੁੱਲ੍ਹੀ ਛੋਟ ਦੇਣ ਅਤੇ ਇਸ ’ਚ ਸਹਿਯੋਗ ਕਰਨ ਦੀ ਗੱਲ ਹੈ। ਇਸੇ ਬਸਤੀਵਾਦੀ ਪ੍ਰਯੋਗਸ਼ਾਲਾ ਤੋਂ ਅੱਗੇ ‘ਆਰੀਆ ਹਮਲਾਵਰੀ ਸਿਧਾਂਤ’, ‘ਦ੍ਰਵਿੜ ਅੰਦੋਲਨ’ ਅਤੇ ‘ਭਾਰਤ ਰਾਸ਼ਟਰ ਨਹੀਂ ਹੈ’ ਵਰਗੇ ਅਨੇਕ ਵੰਡਕਾਰੀ ਨੈਰੇਟਿਵ ਜਨਮੇ, ਜਿਨ੍ਹਾਂ ਦਾ ਅਸਰ ਆਜ਼ਾਦ ਭਾਰਤ ਦੇ ਇਕ ਵੱਡੇ ਤਬਕੇ (ਰਾਜਨੀਤਿਕ ਸਮੇਤ) ’ਤੇ ਅੱਜ ਵੀ ਹੈ।
ਬ੍ਰਿਟਿਸ਼ ਰਾਜ’ਚ ਭਾਰਤ ਦਾ ਬੌਧਿਕ-ਸੰਸਕ੍ਰਿਤਿਕ ਦਮਨ ਕਾਰਲ ਮਾਰਕਸ ਦੇ ਮਨ ਮੁਤਾਬਕ ਸੀ। 8 ਅਗਸਤ 1853 ਨੂੰ ‘ਨਿਊਯਾਰਕ ਡੇਲੀ ਟ੍ਰਿਬਿਊਨ’ ਦੇ ਇਕ ਕਾਲਮ ’ਚ ਮਾਰਕਸ ਨੇ ਲਿਖਿਆ, ‘‘ਅੰਗਰੇਜ਼ ਪਹਿਲੇ ਜੇਤੂ ਸਨ, ਜਿਨ੍ਹਾਂ ਦੀ ਸੱਭਿਅਤਾ ਸ੍ਰੇਸ਼ਠ ਸੀ ਅਤੇ ਇਸ ਲਈ ਹਿੰਦੂ ਸੱਭਿਅਤਾ ਉਨ੍ਹਾਂ ਨੂੰ ਆਪਣੇ ਅੰਦਰ ਨਾ ਸਮੇਟ ਸਕੀ। ਉਨ੍ਹਾਂ ਨੇ ਦੇਸ਼-ਸਮਾਜ ਨੂੰ ਉਜਾੜ ਕੇ, ਸਥਾਨਕ ਉਦਯੋਗ-ਧੰਦਿਆਂ ਨੂੰ ਤਬਾਹ ਕਰ ਕੇ ਅਤੇ ਮੂਲ ਸਮਾਜ ਦੇ ਅੰਦਰ ਜੋ ਕੁਝ ਵੀ ਮਹਾਨ ਅਤੇ ਉੱਨਤ ਸੀ, ਉਨ੍ਹਾਂ ਸਭ ਨੂੰ ਮਿੱਟੀ ’ਚ ਮਿਲਾ ਕੇ ਭਾਰਤੀ ਸੱਭਿਅਤਾ ਨੂੰ ਨਸ਼ਟ ਕਰ ਦਿੱਤਾ।’’
ਉਨ੍ਹਾਂ ਅਨੁਸਾਰ, ‘‘ਇੰਗਲੈਂਡ ਦਾ ਭਾਰਤ ’ਚ ਦੋਹਰਾ ਮਿਸ਼ਨ ਹੈ - ਇਕ ਵਿਨਾਸ਼ਕਾਰੀ ਅਤੇ ਦੂਸਰਾ ਮੁੜਨਿਰਮਾਣਕਾਰੀ’’ ਮਾਰਕਸ ਇਸ ਤਬਾਹੀ ਨੂੰ ਜ਼ਰੂਰੀ ‘ਇਨਕਲਾਬ’ ਦੀ ਪੌੜੀ ਮੰਨਦੇ ਸਨ ਕਿਉਂਕਿ ਸੰਸਕ੍ਰਿਤੀ ਅਤੇ ਅਰਥਵਿਵਸਥਾ ਇਕ ਦੂਜੇ ਦੇ ਪੂਰਕ ਹੁੰਦੇ ਹਨ।
ਜਿਸ ਬਸਤੀਵਾਦੀ ਮਾਰਕਸ-ਮੈਕਾਲੇ ਮਾਨਸਿਕਤਾ ਤੋਂ ਭਾਰਤ ਨੂੰ ਆਜ਼ਾਦੀ ਤੋਂ ਬਾਅਦ ਮੁਕਤ ਹੋ ਜਾਣਾ ਚਾਹੀਦਾ ਸੀ, ਉਸ ਨੂੰ 1998-2004 ਦੇ ਕਾਲ ਖੰਡ ਤੋਂ ਬਾਅਦ ਰਫਤਾਰ ਸਾਲ 2014 ਤੋਂ ਬਾਅਦ ਮਿਲੀ। ਇਸ ਸੰਦਰਭ ’ਚ ਬ੍ਰਿਟੇਨ ਦੇ ਵੱਕਾਰੀ ਅਖਬਾਰ ‘ਦਿ ਗਾਰਜੀਅਨ’ ਦਾ 18 ਮਈ 2014 ਦਾ ਸੰਪਾਦਕੀ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਉਸ ਅਨੁਸਾਰ, ‘‘ਮੋਦੀ ਦੀ ਜਿੱਤ ਉਸ ਲੰਬੇ ਦੌਰ ਦਾ ਅੰਤ ਹੈ, ਜਿਸ ’ਚ ਸੱਤਾ ਦਾ ਢਾਂਚਾ ਲੱਗਭਗ ਉਹੋ ਜਿਹਾ ਹੀ ਸੀ ਜਿਹੋ ਜਿਹਾ ਬ੍ਰਿਟੇਨ ਨੇ ਭਾਰਤ ’ਤੇ ਰਾਜ ਕਰਦੇ ਸਮੇਂ ਬਣਾਇਆ ਸੀ। ਕਾਂਗਰਸੀ ਸ਼ਾਸਨ ’ਚ ਭਾਰਤ ਕਈ ਮਾਅਨਿਆਂ ’ਚ ਬ੍ਰਿਟਿਸ਼ ਰਾਜ ਦੀ ਹੀ ਦੂਜੇ ਰੂਪ ’ਚ ਜਾਰੀ ਵਿਵਸਥਾ ਵਰਗਾ ਸੀ।’’
ਅੱਜ ਮੁੜ ਬਣਾਇਆ ਗਿਆ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਸਿਰਫ ਇਕ ਸੰਸਕ੍ਰਿਤਿਕ ਧਰੋਹਰ ਹੀ ਨਹੀਂ ਸਗੋਂ ਸਨਾਤਨ ਪੁਨਰਜਾਗਰਣ ਦਾ ਜੀਵੰਤ ਪ੍ਰਤੀਕ ਵੀ ਹੈ। 25 ਨਵੰਬਰ ਨੂੰ ਵੈਦਿਕ ਮੰਤਰਾਂ ਦਰਮਿਆਨ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ’ਚ ਸਨਾਤਨ ਝੰਡਾ ਸਥਾਪਿਤ ਕੀਤਾ ਤਾਂ ਇਹ ਭਾਰਤ ਦੀ ਸੱਭਿਅਤਾ ਦੀ ਤਰੱਕੀ ਦੇ ਸੱਦੇ ਨਾਲ ਗੁਲਾਮ ਮਾਨਸਿਕਤਾ ਦੀਆਂ ਜ਼ੰਜੀਰਾਂ ਨੂੰ ਤੋੜਣ ਦਾ ਐਲਾਨ ਵੀ ਸੀ। ਇਸ ਤੋਂ ਮਾਰਕਸ-ਮੈਕਾਲੇ ਮਾਨਸ ਪੁੱਤਰਾਂ ਦੀ ਬੌਖਲਾਹਟ ਲਾਜ਼ਮੀ ਹੈ।
-ਬਲਬੀਰ ਪੁੰਜ
