ਦੂਜੀ ਔਰਤ ਦੇ ਚੱਕਰ ’ਚ ਕਿਉਂ ਫਸਦੇ ਹਨ ਵੱਡੇ ਲੋਕ
Tuesday, Oct 08, 2024 - 05:58 PM (IST)
ਦੂਜੀ ਔਰਤ ਰੱਖਣ ਦਾ ਰਿਵਾਜ ਵਧ ਰਿਹਾ ਹੈ। ਇਹ ਇਕ ਸਮਾਜਿਕ ਚਿੰਤਾ ਵੀ ਹੈ। ਪੰਜਾਬੀ ’ਚ ਇਕ ਬਹੁਤ ਪ੍ਰਸਿੱਧ ਕਹਾਵਤ ਹੈ, ਹਲਵਾ ਸੂਜੀ ਦਾ, ਚਸਕਾ ਦੂਜੀ ਦਾ ਭਾਵ ਦੂਜੀ ਔਰਤ ਦਾ।
ਇਹ ਗੱਲ ਆਮ ਲੋਕਾਂ ਦੇ ਨਾਲ-ਨਾਲ ਸਾਡੇ ਦੇਸ਼ ਦੇਸ਼ ਉੱਚੇ ਮੁਕਾਮ ’ਤੇ ਪਹੁੰਚਣ ਵਾਲੇ ਬਹੁਤ ਲੋਕਾਂ ’ਚ ਦੇਖਣ ’ਚ ਆਈ ਹੈ। ਇਨ੍ਹਾਂ ਵੱਡੇ ਰਸੂਕ ਵਾਲੇ ਲੋਕਾਂ ’ਚ ਪੈਸੇ ਵਾਲੇ, ਫਿਲਮੀ ਸਿਤਾਰੇ, ਸਿਆਸਤਦਾਨ ਆਦਿ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਅਜਿਹੇ ਲੋਕ ਜ਼ਿੰਦਗੀ ’ਚ ਦੂਜੀ ਔਰਤ ਨੂੰ ਆਪਣੇ ਲਈ ਪ੍ਰੇਰਣਾ ਦਾ ਸੋਮਾ ਅਤੇ ਸਫਲਤਾ ਵਜੋਂ ਸਲਾਹੁੰਦੇ ਹਨ।
ਬਾਲੀਵੁੱਡ ਦੇ ਅਦਾਕਾਰ ਤਾਂ ਅਕਸਰ ਆਪਣੇ ਇਕ ਤੋਂ ਵੱਧ ਲਵ-ਅਫੇਅਰ ਅਤੇ ਵਿਆਹਾਂ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ ਪਰ ਗੱਲ ਜੇ ਦੇਸ਼ ਦੇ ਸਿਆਸਤਦਾਨਾਂ ਦੀ ਕਰੀਏ ਤਾਂ ਇੱਥੇ ਵੀ ਕੁਝ ਅਜਿਹੇ ਨੇਤਾ ਹਨ ਜਿਨ੍ਹਾਂ ਪਹਿਲੇ ਵਿਆਹ ਤੋਂ ਬਾਅਦ ਵੀ ਐਕਸਟ੍ਰਾ -ਮੈਰੀਟਲ ਅਫੇਅਰ ਰੱਖੇ ਅਤੇ ਪਹਿਲੀ ਪਤਨੀ ਦੇ ਹੁੰਦਿਆਂ ਵੀ ਦੂਜਾ ਵਿਆਹ ਕੀਤਾ।
ਇਨ੍ਹਾਂ ਆਗੂਆਂ ’ਚੋਂ ਕਿਸੇ ਨੇ ਦੋ ਤਾਂ ਕਿਸੇ ਨੇ ਤਿੰਨ ਵਿਆਹ ਤਕ ਕੀਤੇ ਹਨ। ਇਨ੍ਹਾਂ ’ਚੋਂ ਅਜਿਹੇ ਨੇਤਾ ਵੀ ਹਨ ਜੋ ਤਿੰਨ ਵਿਆਹ ਕਰਨ ਤੋਂ ਬਾਅਦ ਵੀ ਸਿੰਗਲ ਹਨ। ਇਹ ਕਿੰਨੀ ਵੱਡੀ ਉਲਟ-ਪੁਲਟ ਗੱਲ ਹੈ।
ਮਨੋਵਿਗਿਆਨੀ ਮੰਨਦੇ ਹਨ ਕਿ ਆਪਣੀ ਪਤਨੀ ਨਾਲੋਂ ਵੱਧ ਦੂਜੀ ਔਰਤ ਦੇ ਗੁਣ ਚੰਗੇ ਲੱਗਦੇ ਹਨ ਪਰ ਕਦੇ ਕਿਸੇ ਨੇ ਸੋਚਿਆ ਹੈ ਕਿ ਅਜਿਹਾ ਕਦੋਂ ਅਤੇ ਕਿਉਂ ਹੁੰਦਾ ਹੈ? ਇਸ ਗੱਲ ’ਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਵਿਆਹੇ ਮਰਦ ਚੁੱਪਚਾਪ ਕਿਸੇ ਹੋਰ ਨੂੰ ਦਿਲ ਦੇ ਦਿੰਦੇ ਹਨ।
ਇਕ ਖੋਜ ਦੱਸਦੀ ਹੈ ਕਿ ਜਦੋਂ ਲੋਕ ਵਿਆਹੁਤਾ ਰਿਸ਼ਤੇ ’ਚ ਸਮਰਪਿਤ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਨਜ਼ਰਾਂ ਪਹਿਲਾਂ ਦੇ ਮੁਕਾਬਲੇ ਇੱਧਰ-ਉੱਧਰ ਵੱਧ ਭਟਕਦੀਆਂ ਹਨ।
ਅਜਿਹਾ ਇਸ ਲਈ ਕਿਉਂਕਿ ਉਹ ਇਸ ਦੌਰਾਨ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਹਨ। ਇਹੀ ਕਾਰਨ ਹੈ ਕਿ ਵਧੇਰੇ ਮਰਦ ਦੂਜੀਆਂ ਔਰਤਾਂ ਦੀ ਸ਼ਲਾਘਾ ਕਰਦੇ ਨਜ਼ਰ ਆਉਂਦੇ ਹਨ।
ਇਸ ’ਚ ਕੁਝ ਗਲਤ ਵੀ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਜੇ ਵਿਆਹ ਪਿੱਛੋਂ ਮਰਦ ਇਸ ਗੱਲ ਲਈ ਪਾਬੰਦ ਹੋ ਜਾਣ ਕਿ ਉਹ ਆਪਣੀ ਪਤਨੀ ਤੋਂ ਇਲਾਵਾ ਨਾ ਕਿਸੇ ਹੋਰ ਨੂੰ ਵੇਖਣਗੇ ਅਤੇ ਨਾ ਹੀ ਗੱਲ ਕਰਨਗੇ ਤਾਂ ਕੀ ਇਹ ਰਵੱਈਆ ਠੀਕ ਹੈ?
ਵੱਡੇ ਲੋਕ ਵੀ ਮਰਦ ਹੁੰਦੇ ਹਨ ਅਤੇ ਜਦੋਂ ਮਰਦ ਆਪਣੇ ਵਿਆਹੁਤਾ ਜੀਵਨ ਤੋਂ ਅਸੰਤੁਸ਼ਟ ਹੁੰਦਾ ਹੈ ਤਾਂ ਇਮੋਸ਼ਨਲ ਸਪੋਰਟ ਲਈ ਉਸ ਦੀਆਂ ਅੱਖਾਂ ਇੱਧਰ-ਉੱਧਰ ਭਟਕਣ ਲਗਦੀਆਂ ਹਨ। ਇਹ ਆਮ ਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਪਤੀ-ਪਤਨੀ ਦਰਮਿਆਨ ਸੰਚਾਰ ਅਤੇ ਸਮਝ ਦੀ ਕਮੀ ਹੁੰਦੀ ਹੈ।
ਇਸ ਦੌਰਾਨ ਇਹ ਅਸੰਤੋਸ਼ ਉਸ ਹੱਦ ਤਕ ਵਧ ਜਾਂਦਾ ਹੈ ਜਦੋਂ ਇਨਸਾਨ ਆਪਣੀ ਪਤਨੀ ਨੂੰ ਧੋਖਾ ਦੇਣ ’ਚ ਵੀ ਕੋਈ ਬੁਰਾਈ ਨਹੀਂ ਸਮਝਦਾ । ਇਹ ਸਮਾਜਿਕ ਪੱਖੋਂ ਠੀਕ ਨਹੀਂ ਹੈ ਪਰ ਇਹ ਅੱਜ ਵੀ ਕੌੜੀ ਸੱਚਾਈ ਹੈ।
ਇਸ ਦੇ ਕਈ ਕਾਰਨ ਹਨ। ਅੱਜ ਵੀ ਕਈ ਥਾਵਾਂ ’ਤੇ ਘਰ ਵਾਲਿਆਂ ਅਤੇ ਸਮਾਜ ਕਾਰਨ ਕੁਝ ਲੋਕਾਂ ਦਾ ਵਿਆਹ ਬਹੁਤ ਛੋਟੀ ਉਮਰ ’ਚ ਹੋ ਜਾਂਦਾ ਹੈ। ਅਜਿਹੇ ਲੋਕ ਜਦੋਂ ਹੌਲੀ-ਹੌਲੀ ਜ਼ਿੰਦਗੀ ’ਚ ਅੱਗੇ ਵਧਦੇ ਹਨ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਆਪਣੀ ਜ਼ਿੰਦਗੀ ’ਚ ਬਹੁਤ ਗੁਆ ਲਿਆ ਹੈ।
ਇਹੀ ਇਕ ਕਾਰਨ ਵੀ ਹੈ ਕਿ ਅਜਿਹੇ ਲੋਕ ਅਕਸਰ ਦੂਜੀਆਂ ਔਰਤਾਂ ਵੱਲ ਜਲਦੀ ਹੀ ਖਿੱਚੇ ਜਾਂਦੇ ਹਨ। ਉਲਟ ਸੈਕਸ ਪ੍ਰਤੀ ਖਿੱਚ ਕਿਸਪੇਪਟਿਨ ਨਾਮੀ ਹਾਰਮੋਨਜ਼ ਕਾਰਨ ਹੁੰਦੀ ਹੈ ਜੋ ਇਨਸਾਨ ਦੇ ਦਿਮਾਗ ’ਚ ਪਾਈ ਜਾਂਦੀ ਹੈ। ਇਸ ਹਾਰਮੋਨਜ਼ ਕਾਰਨ ਹੀ ਔਰਤਾਂ ਅਤੇ ਮਰਦ ਇਕ-ਦੂਜੇ ਪ੍ਰਤੀ ਖਿੱਚੇ ਜਾਂਦੇ ਹਨ ਅਤੇ ਉਨ੍ਹਾਂ ਅੰਦਰ ਸੈਕਸ ਦੀ ਇੱਛਾ ਪੈਦਾ ਹੁੰਦੀ ਹੈ।
ਇਕ ਖੋਜ ਤੋਂ ਵੀ ਇਹ ਪਤਾ ਲੱਗਾ ਹੈ। ਇਸ ਕਾਰਨ ਕੁਝ ਵਿਆਹੀਆਂ ਔਰਤਾਂ ਵੀ ਦੂਜੇ ਮਰਦਾਂ ਪ੍ਰਤੀ ਖਿੱਚੀਆਂ ਜਾਂਦੀਆਂ ਹਨ, ਠੀਕ ਉਸੇ ਤਰ੍ਹਾਂ ਜਿਵੇਂ ਮਰਦ ਖਿੱਚੇ ਜਾਂਦੇ ਹਨ। ਇਸ ਤਰ੍ਹਾਂ ਦੀ ਖਿੱਚ ਸਰੀਰਕ ਹੁੰਦੀ ਹੈ ਜੋ ਕੰਟਰੋਲ ਤੋਂ ਬਾਹਰ ਹੁੰਦੀ ਹੈ। ਇਹ ਜ਼ਿੰਦਗੀ ’ਚ ਕਿਸੇ ਦੂਜੇ ਦੀ ਆਮਦ ਲਈ ਜ਼ਿੰਮੇਵਾਰ ਹੁੰਦੀ ਹੈ। ਇਸ ਸਿੰਡਰੋਮ ’ਚ ਮਰਦ ਵਧੇਰੇ ਪੀੜਤ ਪਾਏ ਜਾਂਦੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵੱਡੇ ਲੋਕ ਇਸ ਸਿੰਡਰੋ ਦਾ ਅਪਵਾਦ ਨਹੀਂ ਹੋ ਸਕਦੇ।
ਕਿਸੇ ਨੇ ਬਿਲਕੁਲ ਠੀਕ ਕਿਹਾ ਹੈ ਕਿ ਰਿਸ਼ਤਿਆਂ ਨੂੰ ਸਹੀ ਢੰਗ ਨਾਲ ਨਿਭਾਉਣ ਲਈ ਫਿਜ਼ੀਕਲ ਇੰਟੀਮੇਸੀ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਪਾਰਟਨਰ ਤੁਹਾਡੇ ਨਾਲ ਸੈਕਸੁਅਲੀ ਕੁਨੈਕਟਿਡ ਫੀਲ ਨਹੀਂ ਕਰਦਾ ਤਾਂ ਉਸ ਦੌਰਾਨ ਵੀ ਉਹ ਦੂਜੀਆਂ ਔਰਤਾਂ ਪ੍ਰਤੀ ਖਿੱਚਿਆ ਜਾਂਦਾ ਹੈ। ਰਸੂਖ ਵਾਲੇ ਲੋਕਾਂ ਦੇ ਜੀਵਨ ’ਚ ਅਜਿਹਾ ਅਕਸਰ ਦੇਖਿਆ ਜਾਂਦਾ ਹੈ।
ਦੂਜੀ ਔਰਤ ਦੇ ਮੋਹ ਦਾ ਕਾਰਨ ਇਕ ਹੋਰ ਵੀ ਲੱਗਦਾ ਹੈ। ਇਸ ਗੱਲ ’ਚ ਦੋ ਰਾਵਾਂ ਨਹੀਂ ਹਨ ਕਿ ਮਾਂ ਬਣਨ ਪਿੱਛੋਂ ਇਕ ਔਰਤ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਉਸ ਦਾ ਜੀਵਨ ਨਾ ਸਿਰਫ ਆਪਣੇ ਬੱਚਿਆਂ ਦੇ ਆਲੇ-ਦੁਆਲੇ ਘੁੰਮਣ ਲੱਗਦਾ ਹੈ ਸਗੋਂ ਉਸ ਦੀਆਂ ਪਹਿਲਕਦਮੀਆਂ ਵੀ ਬਦਲ ਜਾਂਦੀਆਂ ਹਨ। ਅਜਿਹੀ ਹਾਲਤ ’ਚ ਪਤੀ ਨਾਲੋਂ ਮੋਹ ਭੰਗ ਹੋ ਜਾਂਦਾ ਹੈ ਅਤੇ ਉਸ ਦਾ ਮਨ ਇੱਧਰ-ਉੱਧਰ ਡੋਲਣ ਲੱਗਦਾ ਹੈ।
ਬਾਲੀਵੁੱਡ ਦੀ ਇਕ ਪ੍ਰਸਿੱਧ ਅਭਿਨੇਤਰੀ ਨੇ ਇਕ ਵਾਰ ਕਿਹਾ ਸੀ ਕਿ ਲੋਕ ਕਹਿੰਦੇ ਹਨ ਕਿ ਪਤਨੀ ਦਾ ਦਰਜਾ ਇਕ ਪਾਏਦਾਨ ਉੱਪਰ ਹੁੰਦਾ ਹੈ ਕਿਉਂਕਿ ਉਸ ਕੋਲ ਪਤੀ ਹੁੰਦਾ ਹੈ ਪਰ ਮੈਂ ਕਹਿੰਦੀ ਹਾਂ ਕਿ , ‘ਦੂਜੀ ਔਰਤ 10 ਪਾਏਦਾਨ ਉੱਪਰ ਹੁੰਦੀ ਹੈ ਕਿਉਂਕਿ ਪਤਨੀ ਹੁੰਦੇ ਹੋਏ ਵੀ ਉਸ ਦਾ ਪਤੀ ਆਪਣੀ ਜ਼ਿੰਦਗੀ ’ਚ ਦੂਜੀ ਔਰਤ ਦੀ ਇੱਛਾ ਰੱਖਦਾ ਹੈ।
ਜ਼ਿੰਦਗੀ ਦੀ ਕੌੜੀ ਸੱਚਾਈ ਜਿਊਣ ਵਾਲੀ ਇਸ ਅਭਿਨੇਤਰੀ ਦੀ ਗੱਲ ਕਿੰਨੀ ਠੀਕ ਹੈ, ਕੀ ਇਸ ਦਾ ਜਵਾਬ ਆਮ ਆਦਮੀ ਦੇ ਨਾਲ-ਨਾਲ ਵੱਡੇ ਲੋਕਾਂ ਲਈ ਲੱਭਣਾ ਸੰਭਵ ਹੋਵੇਗਾ?
ਡਾ. ਵਰਿੰਦਰ ਭਾਟੀਆ