ਟਰੰਪ ਈਰਾਨ ’ਚ ਵੈਨੇਜ਼ੁਏਲਾ ਵਰਗੀ ਸਥਿਤੀ ਚਾਹੁੰਦੇ ਹਨ ਪਰ ਇਹ ਇੰਨਾ ਆਸਾਨ ਨਹੀਂ
Monday, Mar 09, 2026 - 05:35 AM (IST)
19 ਅਗਸਤ, 1953 ਨੂੰ ਈਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਘ, ਜੋ ਇਕ ਲੋਕਤੰਤਰੀ ਸਰਕਾਰ ਦੇ ਮੁਖੀ ਸਨ, ਨੂੰ ਤਖ਼ਤਾਪਲਟ ਰਾਹੀਂ ਸੱਤਾ ਤੋਂ ਹਟਾ ਦਿੱਤਾ ਗਿਆ, ਜਿਸ ਨਾਲ ਈਰਾਨ ਨੂੰ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦੇ ਸ਼ਾਸਨ ’ਚ ਲਿਆਂਦਾ ਗਿਆ। ਇਸ ਤਖ਼ਤਾਪਲਟ ਨੂੰ ਯੂਨਾਈਟਿਡ ਕਿੰਗਡਮ (ਐੱਮ. ਆਈ. 6) ਅਤੇ ਅਮਰੀਕਾ (ਸੀ. ਆਈ. ਏ.) ਨੇ ਅੰਜਾਮ ਦਿੱਤਾ ਸੀ। ਇਸ ਦਾ ਇਕ ਪ੍ਰਮੁੱਖ ਮਕਸਦ ਮੋਸਾਦੇਘ ਵੱਲੋਂ ਦੇਸ਼ ਦੇ ਤੇਲ ਉਦਯੋਗ ਦੇ ਰਾਸ਼ਟਰੀਕਰਨ ਤੋਂ ਬਾਅਦ ਈਰਾਨ ’ਚ ਬ੍ਰਿਟਿਸ਼ ਤੇਲ ਹਿੱਤਾਂ ਦੀ ਰੱਖਿਆ ਕਰਨਾ ਸੀ।
ਯਾਦ ਰਹੇ ਉਸ ਸਮੇਂ ਡਵਾਈਟ ਡੀ. ਆਈਜ਼ਨਹਾਵਰ ਅਮਰੀਕਾ ਦੇ ਰਾਸ਼ਟਰਪਤੀ ਅਤੇ ਵਿੰਸਟਨ ਚਰਚਿਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਨ। ਦੋਵਾਂ ਨੂੰ ਲੋਕਤੰਤਰੀ ਅਧਿਕਾਰਾਂ ਲਈ ਲੜਨ ਵਾਲੇ ਯੋਧਿਆਂ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਜਦੋਂ ਉਹ ਆਪਣੇ ਆਰਥਿਕ ਹਿੱਤਾਂ ਲਈ ਕਿਸੇ ਦੇਸ਼ ਦੀ ਆਜ਼ਾਦੀ ਨੂੰ ਨਸ਼ਟ ਅਤੇ ਤੇਲ ਭੰਡਾਰ ’ਤੇ ਕਬਜ਼ਾ ਕਰ ਸਕਦੇ ਸਨ, ਤਾਂ ਟਰੰਪ ਅਤੇ ਨੇਤਨਯਾਹੂ ਵੱਲੋਂ ਈਰਾਨ ’ਤੇ ਕੀਤੇ ਗਏ ਹਮਲੇ ਅਤੇ ਚੱਲ ਰਹੇ ਯੁੱਧ ਦੇ ਪਿੱਛੇ ਕਿਸੇ ਨੂੰ ਵੀ ਤਰਕਸੰਗਤ ਕਾਰਨ ਲੱਭਣ ਦੀ ਕੀ ਲੋੜ ਹੈ?
ਟਰੰਪ ਈਰਾਨ ’ਚ ਵੈਨੇਜ਼ੁਏਲਾ ਵਰਗੀ ਸਥਿਤੀ ਚਾਹੁੰਦੇ ਹਨ, ਜਲਦੀ ਜਿੱਤ ਹਾਸਲ ਕਰਕੇ ਉੱਥੇ ਅਜਿਹੀ ਸਰਕਾਰ ਬਣਾਉਣ ਜਿਸ ਨੂੰ ਉਹ ਕੰਟਰੋਲ ਕਰ ਸਕਣ ਅਤੇ ਉੱਥੋਂ ਦੇ ਤੇਲ ਸਾਧਨਾਂ ਤੱਕ ਪਹੁੰਚ ਪ੍ਰਾਪਤ ਕਰ ਸਕਣ। ਹਾਲਾਂਕਿ ਪਿਛਲੇ 7 ਦਿਨਾਂ ਤੋਂ ਇਜ਼ਰਾਈਲ ਅਤੇ ਟਰੰਪ ਈਰਾਨ ’ਤੇ ਬੰਬਾਰੀ ਕਰ ਰਹੇ ਹਨ, ਕਦੇ ਜਹਾਜ਼ਾਂ ’ਤੇ ਤਾਂ ਕਦੇ ਜਲ ਸੋਧ ਸਪਲਾਈ ’ਤੇ, ਪਰ ਕਦੇ-ਕਦੇ ਗੱਲ ਉਹ ਸਮਝੌਤੇ ਦੀ ਕਰਦੇ ਹਨ।
ਤਾਂ ਸਵਾਲ ਇਹ ਹੈ ਕਿ ਉਨ੍ਹਾਂ ਨੇ ਕਿਸੇ ਸਮਝੌਤੇ ਲਈ ਗੱਲਬਾਤ ਕਰਨੀ ਹੋਵੇ ਤਾਂ ਉਹ ਕਿਸ ਨਾਲ ਕਰਨਗੇ? ਸੰਭਵ ਤੌਰ ’ਤੇ ਉਸ ਪ੍ਰੈਜ਼ੀਡੈਂਸ਼ੀਅਲ ਕੌਂਸਲ ਨਾਲ, ਜਿਸ ਨੇ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਅੰਤਰਿਮ ਤੌਰ ’ਤੇ ਅਹੁਦਾ ਸੰਭਾਲਿਆ ਹੈ, ਜਿਸ ’ਚ ਰਾਸ਼ਟਰਪਤੀ ਪੇਜ਼ੇਸ਼ਕੀਅਨ ਅਤੇ ਨਿਆਂਪਾਲਿਕਾ ਦੇ ਮੁਖੀ ਸ਼ਾਮਲ ਹਨ ਪਰ ਉਹ ਅਜਿਹਾ ਨਹੀਂ ਕਰ ਸਕਦੇ, ਕਿਉਂਕਿ ਅਸਲ ਸ਼ਕਤੀ 2 ਲੋਕਾਂ ਦੇ ਹੱਥ ’ਚ ਹੈ—ਰਾਸ਼ਟਰੀ ਸੁਰੱਖਿਆ ਸਲਾਹਕਾਰ ਅਲੀ ਲਾਰੀਜਾਨੀ ਅਤੇ ਮੌਜੂਦਾ ਸੰਸਦ ਸਪੀਕਰ ਮੁਹੰਮਦ-ਬਾਘੇਰ ਗਾਲੀਬਾਫ। ਦੋਵੇਂ ਹੀ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਰਹਿ ਚੁੱਕੇ ਹਨ ਅਤੇ ਸ਼ਾਸਨ ਚਲਾਉਣ ਦਾ ਚੰਗਾ ਤਜਰਬਾ ਰੱਖਦੇ ਹਨ।
ਪਰ ਖ਼ਾਮੇਨੇਈ ਦੇ ਨਾਲ ਹੀ ਲਗਭਗ 10 ਚੋਟੀ ਦੇ ਨੇਤਾ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਜੇਕਰ ਇਹ ਦੋਵੇਂ ਇਜ਼ਰਾਈਲੀ ਹਮਲਿਆਂ ਤੋਂ ਬਚ ਜਾਂਦੇ ਹਨ, ਜੋ ਉਨ੍ਹਾਂ ਸਾਰਿਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ ਜੋ ਲੀਡਰਸ਼ਿਪ ਦੇ ਰੂਪ ’ਚ ਅੱਗੇ ਆਉਂਦੇ ਹਨ, ਉਦੋਂ ਵੀ ਉਹ ਵੈਨੇਜ਼ੁਏਲਾ ਦੀ ਉਪ-ਰਾਸ਼ਟਰਪਤੀ ਦੀ ਤਰ੍ਹਾਂ ਕੋਈ ਸਮਝੌਤਾ ਨਹੀਂ ਕਰਨਗੇ। ਵੈਨੇਜ਼ੁਏਲਾ ’ਚ ਡੇਲਸੀ ਰੌਡਰਿਗਜ਼ ਨੇ ਰਾਸ਼ਟਰਪਤੀ ਨੂੰ ਹਟਾਉਣ ਦੀ ਕਾਰਵਾਈ ਤੋਂ ਪਹਿਲਾਂ ਹੀ ਟਰੰਪ ਨਾਲ ਇਕ ਸਮਝੌਤਾ ਕਰ ਲਿਆ ਸੀ ਪਰ ਈਰਾਨੀ ਟਰੰਪ ’ਤੇ ਭਰੋਸਾ ਨਹੀਂ ਕਰਦੇ, ਕਿਉਂਕਿ ਪਿਛਲੇ ਸਾਲ ਵੀ ਅਤੇ ਹੁਣ 10 ਦਿਨ ਪਹਿਲਾਂ ਵੀ, ਗੱਲਬਾਤ ਦੌਰਾਨ ਟਰੰਪ ਨੇ ਉਨ੍ਹਾਂ ’ਤੇ ਬੰਬਾਰੀ ਕੀਤੀ ਸੀ।
ਜੇਕਰ ਕੱਲ ਨੂੰ ਪੂਰੀ ਲੀਡਰਸ਼ਿਪ ਵੀ ਖਤਮ ਹੋ ਜਾਂਦੀ ਹੈ, ਤਾਂ ਵੀ ਸਥਿਤੀ ਵੈਨੇਜ਼ੁਏਲਾ ਵਰਗੀ ਨਹੀਂ ਹੋ ਸਕਦੀ। ਅਜਿਹੀ ਸਥਿਤੀ ’ਚ ਟਰੰਪ ਵੈਨੇਜ਼ੁਏਲਾ ਦੀ ਤਰ੍ਹਾਂ ਈਰਾਨ ’ਚ ਆਪਣੀ ਪਸੰਦ ਦੇ ਨੇਤਾ ਨੂੰ ਥੋਪ ਸਕਦੇ ਹਨ, ਪਰ ਸਵਾਲ ਇਹ ਉੱਠਦਾ ਹੈ ਕਿ ਕੀ ਲੋਕ ਉਸ ਨੂੰ ਸਵੀਕਾਰ ਕਰਨਗੇ, ਜੋ ਇਕ ਦਮਨਕਾਰੀ ਤਾਨਾਸ਼ਾਹੀ ਨੂੰ ਖ਼ਤਮ ਕਰਨ ਲਈ ਕਦੋਂ ਤੋਂ ਉਡੀਕ ਕਰ ਰਹੇ ਸਨ। ਨਾਲ ਹੀ ਇਹ ਵੀ ਸਵਾਲ ਹੈ ਕਿ 47 ਸਾਲ ਤੋਂ ਅਮਰੀਕਾ ਨਾਲ ਟਕਰਾਅ ਤੋਂ ਬਾਅਦ ਕਿਹੜਾ ਈਰਾਨੀ ਆਪਣੇ ਦੇਸ਼ ਦਾ ਤੇਲ ਅਮਰੀਕਾ ਨਾਲ ਵੰਡਣਾ ਚਾਹੇਗਾ।
ਕੁਝ ਦਾ ਇਹ ਵੀ ਮੰਨਣਾ ਹੈ ਕਿ ਇਕ ਹੋਰ ਬਦਲ ਅਮਰੀਕਾ ਕੋਲ ਇਹ ਹੋ ਸਕਦਾ ਹੈ ਕਿ ਈਰਾਨ ਦੇ ਸ਼ਾਹੀ ਪਰਿਵਾਰ ਦੀ ਸੱਤਾ ’ਚ ਵਾਪਸੀ ਹੋਵੇ, ਭਾਵ ਸਵਰਗੀ ਸ਼ਾਹ ਦੇ ਬੇਟੇ ਰਜ਼ਾ ਪਹਿਲਵੀ ਨੂੰ ਸੱਤਾ ’ਚ ਲਿਆਂਦਾ ਜਾਵੇ, ਜੋ ਅਮਰੀਕਾ ’ਚ ਰਹਿੰਦੇ ਹਨ ਪਰ ਈਰਾਨ ’ਚ ਬਹੁਤ ਘੱਟ ਲੋਕ ਸ਼ਾਹ ਦੇ ਦਮਨਕਾਰੀ ਸ਼ਾਸਨ ਨੂੰ ਭੁੱਲ ਸਕੇ ਹਨ। ਇਸ ਲਈ ਉਹ ਅਤੀਤ ਦੀ ਇਕ ਖ਼ਰਾਬ ਯਾਦ ਦੇ ਰੂਪ ’ਚ ਦੇਖਿਆ ਜਾਂਦਾ ਹੈ, ਜੋ ਈਰਾਨ ਦੇ ਸਭ ਤੋਂ ਵੱਡੇ ਦੁਸ਼ਮਣਾਂ ਅਮਰੀਕਾ ਅਤੇ ਇਜ਼ਰਾਈਲ ਦੀ ਮਦਦ ਨਾਲ ਸੱਤਾ ’ਚ ਆਵੇਗਾ। 8 ਜਨਵਰੀ ਨੂੰ ਜੋ ਲੋਕ ਵਿਰੋਧ ਪ੍ਰਦਰਸ਼ਨ ਲਈ ਸੜਕਾਂ ’ਤੇ ਉਤਰੇ ਸਨ, ਉਨ੍ਹਾਂ ਨੂੰ ਉਮੀਦ ਸੀ ਕਿ ਟਰੰਪ ਉਨ੍ਹਾਂ ਦੀ ਮਦਦ ਕਰਨਗੇ ਪਰ ਹੁਣ ਉਨ੍ਹਾਂ ਨੂੰ ਅਮਰੀਕਾ ’ਤੇ ਕੋਈ ਭਰੋਸਾ ਨਹੀਂ ਰਿਹਾ।
ਦੂਜੀ ਵਿਸ਼ਵ ਜੰਗ ਤੋਂ ਬਾਅਦ 1945 ’ਚ ਜਾਪਾਨ ਨੇ ਅਮਰੀਕੀ ਸਰਕਾਰ ਨੂੰ ਜਿਸ ਤਰ੍ਹਾਂ ਇਕ ਹਾਰੇ ਹੋਏ ਦੇਸ਼ ਵਜੋਂ ਸਵੀਕਾਰ ਕਰ ਲਿਆ ਸੀ, ਉਹੋ ਜਿਹਾ ਈਰਾਨ ’ਚ ਹੋਣ ਦੀ ਸੰਭਾਵਨਾ ਨਹੀਂ ਹੈ। ਈਰਾਨ ਦੀ ਸਥਿਤੀ ਅਫ਼ਗਾਨਿਸਤਾਨ ਜਾਂ ਇਰਾਕ ਦੀ ਤਰ੍ਹਾਂ ਵੀ ਨਹੀਂ ਹੋ ਸਕਦੀ। ਜਿੱਥੋਂ ਤੱਕ ਈਰਾਨ ਦੇ ਪੂਰਨ ਆਤਮਸਮਰਪਣ ਦਾ ਸਵਾਲ ਹੈ, ਉਹ ਅਜੇ ਕੁਝ ਦੂਰ ਦੀ ਗੱਲ ਹੈ। ਅਜੇ ਤਾਂ ਈਰਾਨ ਕੋਲ ਮੱਧ-ਪੂਰਬ ’ਚ ਸਭ ਤੋਂ ਵੱਡਾ ਅਤੇ ਵੱਖ-ਵੱਖ ਮਿਜ਼ਾਈਲ ਤੇ ਡਰੋਨ ਭੰਡਾਰ ਹੈ, ਜੋ ਮੁੱਖ ਤੌਰ ’ਤੇ 2,000 ਕਿਲੋਮੀਟਰ ਦੂਰ ਤੱਕ ਦੀ ਰੇਂਜ ਵਾਲੀਆਂ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ’ਤੇ ਕੇਂਦਰਿਤ ਹੈ। ਸੇਜਿਲ, ਇਮਾਦ, ਸ਼ਾਹਾਬ-3 ਅਤੇ ਖੋਰੱਮਸ਼ਹਿਰ-4 (ਖੈਬਰ)। ਈਰਾਨ ਦੀਆਂ ਸਾਰੀਆਂ ਪ੍ਰਮੁੱਖ ਮਿਜ਼ਾਈਲਾਂ ਜ਼ਮੀਨ ਹੇਠ ਸਹੂਲਤਾਂ ’ਚ ਹਨ, ਈਰਾਨ ਨੇ 1985 ’ਚ ਇਨ੍ਹਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਸੀ।
ਤਾਂ ਹੁਣ ਅੱਗੇ ਕੀ ਹੋਵੇਗਾ? ਕੀ ਟਰੰਪ ਕੋਲ ਇਸ ਖੇਤਰ ’ਚ ਬਿਨਾਂ ਦਮਨ ਦੇ ਸ਼ਾਂਤੀ ਸਥਾਪਤ ਕਰਨ ਲਈ ਕੋਈ ਪਲਾਨ ਹੈ?
