‘ਅੱਤਵਾਦੀਆਂ ’ਤੇ ਨਜ਼ਰ ਰੱਖਣ ਲਈ’ ਜੰਮੂ ਦੇ ਪਿੰਡ ਵਾਸੀਆਂ ਨੂੰ ਹਥਿਆਰ ਟ੍ਰੇਨਿੰਗ!
Saturday, Dec 27, 2025 - 05:58 AM (IST)
ਜੰਮੂ-ਕਸ਼ਮੀਰ ’ਚ ਜਾਰੀ ਅੱਤਵਾਦ ਨਾਲ ਨਜਿੱਠਣ ’ਚ ਗ੍ਰਾਮ ਸੁਰੱਖਿਆ ਸਮਿਤੀਆਂ (ਵੀ. ਡੀ. ਸੀ.) ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅੱਤਵਾਦ ਗ੍ਰਸਤ ‘ਰਾਜੌਰੀ’ ਅਤੇ ‘ਪੁੰਛ’ ਜ਼ਿਲਿਆਂ ’ਚ ਇਹ ਕਮੇਟੀਆਂ (ਵੀ. ਡੀ. ਸੀ.) ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ ਦੇ ਚੁੱਕੀਆਂ ਹਨ ਅਤੇ ਇਨ੍ਹਾਂ ’ਚ ਮਰਦਾਂ ਦੇ ਨਾਲ-ਨਾਲ ਮਹਿਲਾ ਵੀ. ਡੀ. ਸੀ. ਵੀ ਸ਼ਾਮਲ ਹਨ। ‘ਰਾਮਬਨ’, ‘ਡੋਡਾ’ ਅਤੇ ‘ਕਿਸ਼ਤਵਾੜ’ ਜ਼ਿਲਿਆਂ ’ਚ ਵੀ ਅੱਤਵਾਦ ਦੇ ਵਿਰੁੱਧ ਸੰਘਰਸ਼ ’ਚ ਇਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ।
‘ਵੀ. ਡੀ. ਸੀ.’ ਦੇ 4 ਤੋਂ 6 ਮੈਂਬਰਾਂ ਵਾਲੇ ਛੋਟੇ-ਛੋਟੇ ਸਮੂਹਾਂ ਨੇ ਆਪਣੇ-ਆਪਣੇ ਪਿੰਡਾਂ ਅਤੇ ਪਹਾੜੀ ਖੇਤਰਾਂ ’ਚ ਅੱਤਵਾਦੀਆਂ ਨੂੰ ਉਲਟੇ ਪੈਰ ਪਰਤਣ ਲਈ ਮਜਬੂਰ ਕੀਤਾ ਹੈ। ਇਨ੍ਹਾਂ ਨੇ ਸਰਹੱਦੀ ਇਲਾਕਿਆਂ ’ਚ ਵੀ ਘੁਸਪੈਠੀਆਂ ਨੂੰ ਲੱਭਣ ’ਚ ਸੁਰੱਖਿਆ ਬਲਾਂ ਦੀ ਮਦਦ ਕੀਤੀ ਹੈ।
ਜੰਮੂ ਖੇਤਰ ’ਚ ਅੱਤਵਾਦੀਆਂ ਦੇ ਨਜ਼ਰ ਆਉਣ ’ਚ ਵਾਧੇ ਦੇ ਮੱਦੇਨਜ਼ਰ ਹੁਣ ਫੌਜ, ਬੀ. ਐੱਸ. ਐੱਫ. ਅਤੇ ਜੰਮੂ-ਕਸ਼ਮੀਰ ਪੁਲਸ ਨੇ ਕਠੂਆ, ਜੰਮੂ ਅਤੇ ਸਾਂਬਾ ਦੇ ਸਰਹੱਦੀ ਖੇਤਰਾਂ ਅਤੇ ਊਧਮਪੁਰ, ਰਿਆਸੀ, ਡੋਡਾ, ਕਿਸ਼ਤਵਾੜ, ਰਾਜੌਰੀ ਅਤੇ ਪੁੰਛ ਦੇ ਪਹਾੜੀ ਇਲਾਕਿਆਂ ’ਚ ਗ੍ਰਾਮੀਣ ਸੁਰੱਖਿਆ ਗਾਰਡਾਂ (ਵੀ. ਡੀ. ਸੀ.) ਨੂੰ ਵੱਖ-ਵੱਖ ਹਥਿਆਰਾਂ ਦੀ ਵਰਤੋਂ ਦੀ ਟ੍ਰੇਨਿੰਗ ਦੇਣਾ ਤੇਜ਼ ਕਰ ਦਿੱਤਾ ਹੈ।
ਇਸੇ ਸਿਲਸਿਲੇ ’ਚ ਲੋਕਾਂ ’ਚ ਆਤਮਵਿਸ਼ਵਾਸ ਵਧਾਉਣ ਲਈ ‘ਗ੍ਰਾਮ ਸੁਰੱਖਿਆ ਸਮਿਤੀਆਂ’ (ਵੀ. ਡੀ. ਸੀ.) ਨੂੰ ‘ਸੈਮੀ ਆਟੋਮੈਟਿਕ’ ਹਥਿਆਰ ਦਿੱਤੇ ਗਏ ਹਨ ਅਤੇ ਫੌਜ ਨੇ 25 ਦਸੰਬਰ, 2025 ਨੂੰ ‘ਜੰਮੂ’ ਦੇ ‘ਪੁਰਮੰਡਲ’ ਇਲਾਕੇ ’ਚ ਪਿੰਡ ਵਾਸੀਆਂ ਨੂੰ ਹਥਿਆਰਾਂ ਦੀ ਵਰਤੋਂ ਅਤੇ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਾਉਣ ਲਈ ਟ੍ਰੇਨਿੰਗ ਕੈਂਪਾਂ ਦਾ ਆਯੋਜਨ ਵੀ ਕੀਤਾ।
ਅੱਤਵਾਦੀਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਗ੍ਰਾਮੀਣ ਸੁਰੱਖਿਆ ਸਮਿਤੀਆਂ ਦੇ ਮੈਂਬਰਾਂ ਨੂੰ ਟ੍ਰੇਨਿੰਗ ਦੇਣਾ ਸਹੀ ਕਦਮ ਹੈ, ਜਿਸ ਨੂੰ ਹੋਰ ਤੇਜ਼ ਕਰਨ ਦੀ ਤੁਰੰਤ ਲੋੜ ਹੈ।
–ਵਿਜੇ ਕੁਮਾਰ
