ਝੂਠ ਅਤੇ ਗਲਤ ਧਾਰਨਾ ਦਾ ਈਕੋਸਿਸਟਮ ਸਭ ਲਈ ਤਬਾਹਕੁੰਨ

Wednesday, Dec 24, 2025 - 05:05 PM (IST)

ਝੂਠ ਅਤੇ ਗਲਤ ਧਾਰਨਾ ਦਾ ਈਕੋਸਿਸਟਮ ਸਭ ਲਈ ਤਬਾਹਕੁੰਨ

ਕਈ ਵਾਰ ਸਾਡੇ ਦੇਸ਼ ’ਚ ਵਿਵਾਦ ਅਜਿਹੇ ਹੁੰਦੇ ਹਨ ਜੋ ਹੋਣੇ ਨਹੀਂ ਚਾਹੀਦੇ। ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਕਾਰਿਆਵਾਹ ਦੱਤਾਤ੍ਰੇਅ ਹੋਸਬੋਲੇ ਦਾ ਇਹ ਬਿਆਨ ਕਿ ਮੁਸਲਿਮ ਭਰਾ ਵੀ ਵਾਤਾਵਰਣ ਦੇ ਨਜ਼ਰੀਆ ਤੋਂ ਨਦੀ ਦੀ ਪੂਜਾ ਕਰਨ, ਸੂਰਜ ਨੂੰ ਨਮਸਕਾਰ ਕਰਨ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ। ਵਾਤਾਵਰਣ ਸੰਭਾਲਣ ਦੇ ਨਜ਼ਰੀਏ ਤੋਂ ਭਾਰਤੀ ਸੱਭਿਆਚਾਰ ’ਚ ਕੁਦਰਤ ਦੀ ਹਰ ਸਿਰਜਣਾ ਦੀ ਉਪਾਸਨਾ ਦੀ ਉਦਾਹਰਣ ਦੇ ਪਿੱਛੇ ਮੂਲ ਮਕਸਦ ਇਹੀ ਹੈ ਕਿ ਨਦੀ, ਧਰਤੀ, ਰੁਖ਼ ਦੀ ਅਸੀਂ ਪੂਜਾ ਕਰਦੇ ਹਾਂ, ਇਸ ਲਈ ਉਸਦੀ ਰੱਖਿਆ ਦਾ ਭਾਵ ਆਪਣੇ-ਆਪ ਪੈਦਾ ਹੁੰਦਾ ਹੈ। ਇਸ ਨੂੰ ਸੁਭਾਵਿਕ ਅਤੇ ਸਹੀ ਅਰਥਾਂ ’ਚ ਲਿਆ ਜਾਣਾ ਚਾਹੀਦਾ ਹੈ। ਹੋਸਬੋਲੇ ਨੇ ਇਹ ਵੀ ਕਿਹਾ ਕਿ ਹਿੰਦੂ ਕਰਮਕਾਂਡਾਂ ਵਾਂਗ ਮੁਸਲਮਾਨ ਵੀ ਪੂਜਾ ਕਰਨ। ਉਹ ਆਪਣੇ ਅਨੁਸਾਰ ਕਰ ਸਕਦੇ ਹਨ ਅਤੇ ਕਰਨਾ ਚਾਹੀਦਾ ਹੈ।

ਇਹ ਰਾਸ਼ਟਰੀ ਸਵੈਮਸੇਵਕ ਸੰਘ ਦਾ ਸ਼ਤਾਬਦੀ ਵਰ੍ਹਾ ਹੈ। ਸੰਘ ਸ਼ਤਾਬਦੀ ਵਰ੍ਹੇ ’ਚ ਸਿਆਸੀ ਅਤੇ ਹੋਰਨਾਂ ਰੌਲਿਆਂ ਤੋਂ ਪਰ੍ਹੇ ਸਮਾਜ ਦਰਮਿਆਨ ਜਾ ਰਿਹਾ ਹੈ। ਇਹ ਿਬੰਦੂ ਹਨ, ਕੁਟੁੰਬ ਪ੍ਰਬੋਧਨ, ਸਵਦੇਸ਼ੀ ਭਾਵਨਾ, ਵਾਤਾਵਰਣ ਸੰਭਾਲ, ਨਾਗਰਿਕ ਫਰਜ਼ ਅਤੇ ਸਮਾਜਿਕ ਸਦਭਾਵਨਾ। ਸਮਾਜਿਕ ਸਦਭਾਵਨਾ ਦੇ ਨਜ਼ਰੀਏ ਤੋਂ ਹਿੰਦੂ ਸੰਮੇਲਨ ਪੂਰੇ ਦੇਸ਼ ’ਚ 14 ਦਸੰਬਰ ਤੋਂ 11 ਜਨਵਰੀ ਤਕ ਕਰਵਾਏ ਜਾ ਰਹੇ ਹਨ। ਹੋਸਬੋਲੇ ਗੋਰਖਪੁਰ ’ਚ ਕਰਵਾਏ ਅਜਿਹੇ ਹੀ ਹਿੰਦੂ ਸੰਮੇਲਨ ’ਚ ਬੋਲ ਰਹੇ ਸਨ।

ਦਰਅਸਲ ਇਹ ਪੰਜੇ ਵਿਸ਼ੇ ਇਕ-ਦੂਜੇ ਨਾਲ ਜੁੜੇ ਹਨ। ਸਮਾਜਿਕ ਸਦਭਾਵਨਾ ਦਾ ਅਰਥ ਹੈ ਕਿ ਸਾਰੇ ਇਕ-ਦੂਜੇ ਨਾਲ ਰਲ-ਮਿਲ ਕੇ ਜਿਊਣ, ਭਾਵ ਹਿੰਦੂ ਸਮਾਜ ’ਚ ਜਾਤੀ ਵਿਤਕਰਾ ਖਤਮ ਹੋਵੇ, ਪੂਰਾ ਸਮਾਜ ਹਿੰਦੂ ਅਤੇ ਭਾਰਤੀ ਵਜੋਂ ਖੁਦ ਨੂੰ ਦੇਖੇ ਅਤੇ ਵਿਹਾਰ ਕਰੇ। ਇਸੇ ਤਰ੍ਹਾਂ ਹਿੰਦੂ ਅਤੇ ਮੁਸਲਮਾਨ ਦੇ ਦਰਮਿਆਨ ਵੀ ਆਪਸੀ ਭਰੋਸਾ ਅਤੇ ਸਹਿਕਾਰਤਾ ਦਾ ਸਬੰਧ ਬਣਿਆ ਰਹੇ।

ਇਹ ਸੱਚ ਹੈ ਕਿ ਭਾਰਤੀ ਸੱਭਿਆਚਾਰ ਨਾਲ ਪੈਦਾ ਯੋਗ ਅਤੇ ਆਯੁਰਵੇਦ ਆਦਿ ’ਚ ਵੀ ਹਿੰਦੂ, ਮੁਸਲਿਮ, ਈਸਾਈ ਕਿਸੇ ਵੀ ਧਰਮ, ਵਰਗ ਦਾ ਭੇਦ ਨਹੀਂ ਹੁੰਦਾ। ਯੋਗ, ਪ੍ਰਾਣਾਯਾਮ ਆਦਿ ਨੂੰ ਅਪਣਾ ਕੇ ਵਿਸ਼ਵ ’ਚ ਭਾਰੀ ਗਿਣਤੀ ’ਚ ਮੁਸਲਮਾਨ ਅਤੇ ਈਸਾਈ ਵੀ ਤੰਦਰੁਸਤ ਜ਼ਿੰਦਗੀ ਜੀਅ ਰਹੇ ਹਨ। ਦਰਅਸਲ ਹਿੰਦੂ ਧਰਮ ਅਜਿਹਾ ਹੈ ਜਿਸ ’ਚ ਕਿਸੇ ਕਿਸਮ ਦੇ ਵਿਤਕਰੇ ਦੀ ਗੁਜਾਇੰਸ਼ ਨਹੀਂ ਅਤੇ ਸਾਰਿਆਂ ਪ੍ਰਤੀ ਇਕੋ-ਜਿਹੇ ਭਾਵ ਨਾਲ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਕਿਸੇ ਧਰਮ ਵਿਸ਼ੇਸ਼ ਦਾ ਮਾਣ ਅਪ੍ਰਵਾਨ ਕਰਨਾ ਮੰਦਭਾਗਾ ਹੋਵੇਗਾ। ਭਾਰਤ ਦੀ ਸਮੱਸਿਆ ਹੈ ਕਿ ਇੱਥੇ ਮੁਸਲਿਮ ਭਾਈਚਾਰੇ ਦਾ ਵੱਡਾ ਤਬਕਾ ਯੋਗ ਅਤੇ ਪ੍ਰਾਣਾਯਾਮ ਨੂੰ ਵੀ ਮਜ਼੍ਹਬੀ ਦੱਸ ਕੇ ਉਸ ਵਿਰੁੱਧ ਆਚਰਣ ਕਰ ਰਿਹਾ ਹੈ। ਹੋਸਬੋਲੇ ਨੇ ਇਸੇ ਬਿੰਦੂ ਨੂੰ ਦਰਸਾਇਆ ਹੈ।

ਦੂਜੇ ਪਾਸੇ ਦੇਖੀਏ ਤਾਂ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨੇ ਖੁਦ ਜ਼ਮੀਨ ਦੇ ਕੇ ਮੰਦਰ ਬਣਵਾਏ ਅਤੇ ਰੂਸ ਵਰਗੇ ਦੇਸ਼ ’ਚ ਚਰਚ ਨੇ ਮੰਦਰ ਲਈ ਜ਼ਮੀਨ ਦਿੱਤੀ। ਕੀ ਅਜਿਹਾ ਕਰਨ ਨਾਲ ਉਹ ਆਪਣੇ ਮਜ਼੍ਹਬ ਦੇ ਵਿਰੁੱਧ ਹੋ ਗਏ। ਵਿਤਕਰਾ ਪੈਦਾ ਕਰਨ ਵਾਲਿਆਂ ਦਾ ਨਿਹਿਤ ਸਵਾਰਥ ਸੀ ਅਤੇ ਹੈ। ਭਾਵੇਂ ਉਹ ਅੰਗਰੇਜ਼ ਹੋਣ ਜਾਂ ਕੋਈ ਹੋਰ।

ਦਰਅਸਲ ਹਿੰਦੂ ਹੋਣ ਦਾ ਅਰਥ ਹਿੰਦੂ ਦੇ ਬਰਾਬਰ ਆਚਰਣ ਹੈ। ਜੇਕਰ ਅਸੀਂ ਵਿਸ਼ਵ ਗੁਰੂ ਬਣਨਾ ਹੈ ਜਾਂ ਦੁਨੀਆ ਨੂੰ ਰਸਤਾ ਦਿਖਾਉਣਾ ਹੈ ਤਾਂ ਪਹਿਲਾਂ ਸਾਨੂੰ ਠੀਕ ਹੋਣਾ ਪਵੇਗਾ, ਸਾਡਾ ਆਚਰਣ ਠੀਕ ਹੋਵੇਗਾ ਤਾਂ ਹੀ ਅਸੀਂ ਦੁਨੀਆ ਨੂੰ ਰਸਤਾ ਦਿਖਾ ਸਕਾਂਗੇ ਜਾਂ ਦੁਨੀਆ ਸਾਡੇ ਕੋਲੋਂ ਸਿੱਖ ਸਕਦੀ ਹੈ। ਇਸ ਲਈ ਸਾਡੇ ਧਰਮ ’ਚ ਜਿਸ ਨੂੰ ਪਾਪ ਕਿਹਾ ਗਿਆ ਹੈ, ਖੁਦ ਉਸ ਤੋਂ ਬਚੋ। ਤੁਸੀਂ ਸੋਚੋ, ਭਾਰਤ ’ਚ ਕਿਹੜਾ ਸੰਗਠਨ ਕਿਸ ਤਰ੍ਹਾਂ ਪੂਰੇ ਸਮਾਜ ਨੂੰ ਵਿਆਪਕ ਨਜ਼ਰੀਏ ਤੋਂ ਵਿਹਾਰ ਦਾ ਸਿਧਾਂਤ ਦੇ ਰਿਹਾ ਹੈ। ਦਿਨ-ਰਾਤ ਸੰਘ ਦੀ ਆਲੋਚਨਾ ਕਰਨ ਵਾਲੇ ਜਾਤੀ, ਮਜ਼੍ਹਬ, ਪੰਥ, ਇਲਾਕੇ, ਭਾਸ਼ਾ, ਇਸੇ ਦੇ ਆਧਾਰ ’ਤੇ ਵਿਤਕਰਾ ਪੈਦਾ ਕਰ ਕੇ ਆਪਣਾ ਉੱਲੂ ਸਿੱਧਾ ਕਰਨ ’ਚ ਲੱਗੇ ਹੋਏ ਹਨ।

ਤੁਸੀਂ ਥੋੜ੍ਹਾ ਜਿਹਾ ਨਿਰਪੱਖ ਹੋ ਕੇ ਹੋਸਬੋਲੇ ਦੇ ਨਾਲ ਸੰਘ ਦੇ ਹੋਰ ਅਧਿਕਾਰੀਆਂ ਦੇ ਬਿਆਨ ’ਤੇ ਝਾਤੀ ਮਾਰੋ, ਤਾਂ ਸਾਫ ਦਿਸੇਗਾ ਕਿ ਉਹ ਇਸ ਨਾਲੋਂ ਵੱਧ ਹਿੰਦੂਆਂ ਦੇ ਵਿਹਾਰ ’ਚ ਬਦਲਾਅ ਦੀ ਗੱਲ ਕਰਦੇ ਹਨ ਅਤੇ ਮੁਸਲਮਾਨ ਜਾਂ ਈਸਾਈ ਦੀ ਚਰਚਾ ਪ੍ਰਸੰਗ ਅਨੁਸਾਰ ਕੀਤੀ ਜਾਂਦੀ ਹੈ। ਉਦਾਹਰਣ ਲਈ ਅਸੀਂ ਦੇਖਦੇ ਹਾਂ ਕਿ ਛੋਟੇ-ਛੋਟੇ ਬੱਚੇ ਵੀ ਜਨਮ ਮਿਤੀ ’ਤੇ ਹੈਪੀ ਬਰਥਡੇਅ ਬੋਲਦੇ ਹਨ ਪਰ ਜਨਮ ਦਿਨ ਦੀ ਸ਼ੁੱਭਕਾਮਨਾ ਸ਼ਬਦ ਦੀ ਵਰਤੋਂ ਨਹੀਂ ਕਰਦੇ। ਸੰਘ ਧਿਆਨ ਦਿਵਾ ਰਿਹਾ ਹੈ ਕਿ ਸਾਡੇ ਸੱਭਿਆਚਾਰ ’ਚ ਦੀਵਾ ਬਾਲ ਕੇ ਰੌਸ਼ਨੀ ਫੈਲਾਉਣ ਦਾ ਆਚਰਣ ਹੈ। ਇਸੇ ਤੋਂ ਬੱਚੇ ਸਿੱਖ ਸਕਦੇ ਹਨ। ਅਸੀਂ ਮੋਮਬੱਤੀ ਬਾਲ ਕੇ-ਬੁਝਾ ਕੇ ਕਿਸ ਤਰ੍ਹਾਂ ਦੀ ਸਿੱਖਿਆ ਦੇ ਰਹੇ ਹਾਂ?

ਸਮੇਂ ਦੇ ਵਿਗਾੜਾਂ ਨੇ ਸਾਡੇ ਆਚਰਣ ’ਚ ਅਜਿਹਾ ਮਾੜਾ ਅਸਰ ਪਾਇਆ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਭਾਗਵਤ ਗੀਤਾ ਜਾਂ ਹਨੂੰਮਾਨ ਚਾਲੀਸਾ ਤੱਕ ਪੜ੍ਹਨ ਲਈ ਪ੍ਰੇਰਿਤ ਨਹੀਂ ਕਰਦੇ, ਜਦਕਿ ਇਹ ਕੀਤਾ ਜਾਣਾ ਚਾਹੀਦਾ ਹੈ, ਇਸੇ ’ਚ ਇਕ ਬਿੰਦੂ ਸਮਾਜਿਕ ਏਕਤਾ ਦਾ ਹੈ। ਹਿੰਦੂ ਸੰਮੇਲਨ ਹੋਵੇ ਜਾਂ ਪਰਿਵਾਰ ਪ੍ਰਬੋਧਨ ਜਾਂ ਫਿਰ ਨੌਜਵਾਨ ਸੰਮੇਲਨ, ’ਚ ਇਹ ਵਿਸ਼ਾ ਰੱਖਿਆ ਜਾ ਰਿਹਾ ਹੈ ਕਿ ਅਸੀਂ ਕੰਮ ਨੂੰ ਛੋਟਾ ਜਾਂ ਵੱਡਾ ਨਾ ਮੰਨੀਏ। ਪਿੰਡ ਦੀ ਸਫਾਈ ਕਰਨ ਵਾਲਾ ਅਛੂਤ ਨਹੀਂ ਹੈ ਸਗੋਂ ਸਮਾਜ ਦੀ ਸੇਵਾ ਕਰਨ ਵਾਲਾ ਹੈ ਅਤੇ ਸੇਵਾ ਕਰਨ ਵਾਲਾ ਕਦੇ ਅਛੂਤ ਨਹੀਂ ਹੋ ਸਕਦਾ।

ਕੁਲ ਮਿਲਾ ਕੇ ਕਹਿਣ ਦਾ ਭਾਵ ਹੈ ਕਿ ਅਜਿਹੇ ਵਿਵਾਦਾਂ ’ਚ ਖੁਦ ਸੱਚਾਈ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਹੀਂ ਤਾਂ ਬਿਆਨ ਦੇ ਵਧੇਰੇ ਅੰਸ਼ ਤੁਹਾਨੂੰ ਕਿਸੇ ਨਾ ਕਿਸੇ ਸਾਈਟ ’ਤੇ ਜਾਂ ਕਈ ਸਾਈਟਾਂ ਨੂੰ ਮਿਲਾ ਕੇ ਮਿਲ ਜਾਂਦੇ ਹਨ। ਉਨ੍ਹਾਂ ਦੇ ਆਧਾਰ ’ਤੇ ਆਪਣੀ ਸੋਚ ਵਧਾਓ ਅਤੇ ਫਿਰ ਵਿਹਾਰ ਕਰੋ। ਤੁਹਾਨੂੰ ਸਪੱਸ਼ਟ ਹੋ ਜਾਵੇਗਾ ਕਿ ਕਿਸ ਤਰ੍ਹਾਂ ਇਕ ਮਜ਼ਬੂਤ ਈਕੋਸਿਸਟਮ ਰਾਹੀਂ ਲੋਕਾਂ ਦੇ ਦਰਮਿਆਨ ਝੂਠ ਅਤੇ ਅਫਵਾਹਾਂ ਫੈਲਾਈਆਂ ਜਾਂਦੀਆਂ ਰਹੀਆਂ ਹਨ। ਇਸ ਤਰ੍ਹਾਂ ਦਾ ਵਿਹਾਰ ਕਿਸੇ ਵਿਅਕਤੀ ਜਾਂ ਸਮੂਹ ਦੇ ਸ਼ਾਇਦ ਨਿੱਜੀ ਸੌੜੇ ਸਵਾਰਥ ਦੀ ਪੂਰਤੀ ਦਾ ਕੁਝ ਪਲ ਲਈ ਕਾਰਨ ਬਣ ਸਕਦਾ ਹੈ, ਪਰ ਦੇਸ਼ ਲਈ, ਸਾਡੇ-ਤੁਹਾਡੇ ਲਈ ਇਹ ਪੂਰੀ ਤਰ੍ਹਾਂ ਤਬਾਹਕੁੰਨ ਹੈ।

ਅਵਧੇਸ਼ ਕੁਮਾਰ


author

Rakesh

Content Editor

Related News