‘ਰਿਜ਼ਰਵ ਚਰਾਂਦ ਜ਼ਮੀਨ’ ਨੂੰ ਲੈ ਕੇ ਅਸਾਮ ’ਚ ਜਾਰੀ ਹਿੰਸਾ!
Thursday, Dec 25, 2025 - 05:31 AM (IST)
ਗੁਆਂਢੀ ਬੰਗਲਾਦੇਸ਼ ’ਚ ਗੜਬੜ ਅਤੇ ਘੱਟਗਿਣਤੀਆਂ ’ਤੇ ਹਮਲਿਆਂ ਦਰਮਿਆਨ ਇਨ੍ਹੀਂ ਦਿਨੀਂ ਭਾਰਤ ਦੇ ਸਰਹੱਦੀ ਸੂਬੇ ਅਸਾਮ’ ’ਚ ਚਰਾਗਾਹ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਤਣਾਅ ਪਾਇਆ ਜਾ ਰਿਹਾ ਹੈ ਅਤੇ ਅਸ਼ਾਂਤ ਮੰਨੇ ਜਾਣ ਵਾਲੇ ‘ਪੱਛਮੀ ਕਾਰਬੀ ਆਂਗਲੋਂਗ’ ਜ਼ਿਲੇ ’ਚ ਭੜਕੀ ਹਿੰਸਾ ਹੁਣ ਲੋਕਾਂ ਦੀ ਜਾਨ ਵੀ ਲੈਣ ਲੱਗੀ ਹੈ।
ਸੂਬੇ ਦੇ 2 ਜ਼ਿਲਿਆਂ ‘ਕਾਰਬੀ ਆਂਗਲੋਂਗ’ ਅਤੇ ‘ਪੱਛਮੀ ਕਾਰਬੀ ਆਂਗਲੋਂਗ’ ਵਿਚ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਮੌਜੂਦ ਚਰਾਗਾਹ ਦੀ ਜ਼ਮੀਨ ’ਤੇ ਦੂਜੇ ਜ਼ਿਲਿਆਂ ਦੇ ਲੋਕਾਂ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਨ੍ਹਾਂ ਚਰਾਗਾਹਾਂ ਦਾ ਉਦੇਸ਼ ਇਨ੍ਹਾਂ ’ਤੇ ਨਿਰਭਰ ਭਾਈਚਾਰੇ ਦੇ ਲੋਕਾਂ ਦੇ ਪਸ਼ੂਆਂ ਲਈ ਚਾਰੇ ਦਾ ਪੱਕਾ ਸਰੋਤ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ’ਚ ਸਹਾਇਤਾ ਕਰਨਾ ਹੈ।
ਜਨਜਾਤੀ ਬਹੁ-ਗਿਣਤੀ ਪਹਾੜੀ ਜ਼ਿਲਾ ‘ਪੱਛਮੀ ਕਾਰਬੀ ਅਾਂਗਲੋਂਗ’ ‘ਕਾਰਬੀ ਅਾਂਗਲਾਂਗ ਸਵਾਯੱਤ ਪ੍ਰੀਸ਼ਦ’ (ਕੇ. ਏ. ਏ. ਸੀ.) ਦੇ ਅਧੀਨ ਹੈ। ‘ਕਾਰਬੀ ਆਦਿਵਾਸੀ ਸੰਗਠਨ’ ਲੰਬੇ ਸਮੇਂ ਤੋਂ ਇਨ੍ਹਾਂ ਜ਼ਮੀਨਾਂ ’ਤੇ ਵੱਸੇ ਦੂਜੇ ਜ਼ਿਲਿਅਾਂ ਦੇ ਲੋਕਾਂ ਨੂੰ ਬੇਦਖਲ ਕਰਨ ਦੀ ਮੰਗ ਕਰਦੇ ਆ ਰਹੇ ਹਨ ਅਤੇ 1980 ਦੇ ਦਹਾਕੇ ਤੋਂ ਇਹ ਖੇਤਰ ਹੱਤਿਆਵਾਂ, ਜਾਤੀ ਹਿੰਸਾ, ਅਗਵਾ ਅਤੇ ਜਬਰੀ ਵਸੂਲੀ ਆਦਿ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਚਰਾਗਾਹਾਂ ’ਚ ਵੱਸੇ ਬਾਹਰੀ ਲੋਕਾਂ ਦੇ ਪ੍ਰਤੀ ਗੁੱਸਾ ਇਸੇ ਪਿਛੋਕੜ ’ਚ ਉਪਜਿਆ ਹੈ।
ਅਾਸਾਮ ਦੀ ਹਿੰਸਾ ਦਾ ਮੁੱਖ ਕਾਰਨ ‘ਵਿਲੇਜ ਗ੍ਰੇਜ਼ਿੰਗ ਰਿਜ਼ਰਵ’ (ਵੀ. ਜੀ. ਅਾਰ.) ਅਤੇ ‘ਪ੍ਰੋਫੈਸ਼ਨਲ ਗ੍ਰੇਜ਼ਿੰਗ ਰਿਜ਼ਰਵ’ (ਪੀ. ਜੀ. ਅਾਰ.) ਜ਼ਮੀਨ ’ਤੇ ਦੂਜੇ ਜ਼ਿਲਿਅਾਂ ਦੇ ਲੋਕਾਂ ਦਾ ਕਬਜ਼ਾ ਹੈ। ਇਹ ਅਜਿਹੇ ਇਲਾਕੇ ਹਨ ਜੋ ਆਦਿਵਾਸੀ ਜ਼ਮੀਨ ਅਧਿਕਾਰਾਂ ਦੀ ਸੇਫਟੀ ਲਈ ਸੰਵਿਧਾਨ ਦੀ ਛੇਵੀਂ ਅਨੁਸੂਚੀ ਦੇ ਤਹਿਤ ਰੱਖੇ ਗਏ ਹਨ।
ਇਹ ਮਾਮਲਾ ਗੁਹਾਟੀ ਹਾਈ ਕੋਰਟ ’ਚ ਚਲ ਰਿਹਾ ਹੈ ਜਿਸ ਨੇ ਕਬਜ਼ੇ ਹਟਾਉਣ ਦੀ ਕਾਰਵਾਈ ’ਤੇ ਰੋਕ ਲਗਾਈ ਹੋਈ ਹੈ। ਇਸੇ ਮੰਗ ’ਤੇ ਜ਼ੋਰ ਦੇਣ ਅਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸੰਗਠਨਾਂ ਨਾਲ ਜੁੜੇ ਪ੍ਰਦਰਸ਼ਨਕਾਰੀ ਕਈ ਦਿਨਾਂ ਤੋਂ ਨਾਜਾਇਜ਼ ਤੌਰ ’ਤੇ ਕਬਜ਼ਾ ਕੀਤੇ ਹੋਏ ਲੋਕਾਂ ਨੂੰ ਬੇਦਖਲ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਸਨ।
ਉਨ੍ਹਾਂ ’ਚੋਂ 3 ਅੰਦੋਲਨਕਾਰੀਅਾਂ ਨੂੰ ਪੁਲਸ ਇਲਾਜ ਦੇ ਲਈ ਲੈ ਗਈ ਸੀ ਪਰ ਅਫਵਾਹ ਇਹ ਫੈਲ ਗਈ ਕਿ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਹੈ। ਇਹ ਸੁਣਦੇ ਹੀ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਅਤੇ ਲੋਕ ਭੰਨ-ਤੋੜ ਅਤੇ ਅੱਗਾਂ ਲਾਉਣ ’ਤੇ ਉਤਰ ਆਏ।
ਦੋਸ਼ ਹੈ ਕਿ ਪੁਲਸ ਨੇ ‘ਪੱਛਮੀ ਕਾਰਬੀ ਅਾਂਗਲੋਂਗ’ ਦੇ ‘ਖੇਰੋਨੀ’ ਇਲਾਕੇ ’ਚ ਪ੍ਰਦਰਸ਼ਨਕਾਰੀਅਾਂ ਨੂੰ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਝੜਪ ਹੋਈ। ਲੋਕਾਂ ਨੇ ਪ੍ਰਦਰਸ਼ਨ ਦੇ ਨਾਂ ’ਤੇ ਲੁੱਟ-ਖੋਹ ਅਤੇ ਅੱਗਜਨੀ ਸ਼ੁਰੂ ਕਰ ਦਿੱਤੀ ਅਤੇ ਸੁਰੱਖਿਆ ਬਲਾਂ ਦੀ ਗੋਲੀਬਾਰੀ ’ਚ 3 ਪ੍ਰਦਰਸ਼ਨਕਾਰੀ ਅਤੇ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ।
22 ਦਸੰਬਰ ਨੂੰ ਹਿੰਸਾ ਦੇ ਕਾਰਨ 2 ਲੋਕਾਂ ਦੀ ਮੌਤ ਅਤੇ 38 ਪੁਲਸ ਮੁਲਾਜ਼ਮਾਂ ਸਮੇਤ 45 ਤੋਂ ਵੱਧ ਲੋਕ ਜ਼ਖਮੀ ਹੋ ਗਏ ਅਤੇ 23 ਦਸੰਬਰ ਦੀ ਹਿੰਸਾ ’ਚ 8 ਲੋਕ ਜ਼ਖਮੀ ਹੋਏ। ਭੀੜ ’ਤੇ ਕਾਬੂ ਪਾਉਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।
ਹਮਲਾਵਰਾਂ ਨੇ ‘ਖੇਰੋਨੀ’ ਅਤੇ ਨੇੜੇ-ਤੇੜੇ ਦੇ ਇਲਾਕਿਅਾਂ ’ਚ ਘਰਾਂ ਅਤੇ ਦੁਕਾਨਾਂ ’ਚ ਭੰਨਤੋੜ ਕੀਤੀ ਅਤੇ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਇਹ ਭੀੜ ‘ਕਾਰਬੀ ਅਾਂਗਲੋਂਗ ਸਵਾਯੱਤ ਪ੍ਰੀਸ਼ਦ’ (ਕੇ. ਏ. ਏ. ਸੀ.) ਦੇ ਮੁੱਖ ਕਾਰਜਕਾਰੀ ਮੈਂਬਰ ‘ਤੁਲੀ ਰਾਮ ਰੋਂਗਹਾਂਗ’ ਦੇ ਚੋਣ ਖੇਤਰ ‘ਡੋਂਗਕਾਮੋਕਾਮ’ ਪਹੁੰਚ ਗਈ ਅਤੇ ਉਨ੍ਹਾਂ ਦੇ ਜੱਦੀ ਮਕਾਨ ਨੂੰ ਅੱਗ ਲਗਾ ਦਿੱਤੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਾਸਾਮ ਸਰਕਾਰ ਨੇ ਸੁਰੱਖਿਆ ਸਖਤ ਕਰ ਦਿੱਤੀ ਹੈ। ਇੰਟਰਨੈੱਟ ਸੇਵਾਵਾਂ ਵੀ ਅਸਥਾਈ ਤੌਰ ’ਤੇ ਬੰਦ ਕਰ ਦਿੱਤੀਅਾਂ ਹਨ ਅਤੇ ਹਿੰਸਾ ਪ੍ਰਭਾਵਿਤ ‘ਪੱਛਮੀ ਕਾਰਬੀ ਅਾਂਗਲੋਂਗ’ ਜ਼ਿਲੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫੌਜ ਤਾਇਨਾਤ ਕਰ ਦਿੱਤੀ ਗਈ ਹੈ।
ਇਸ ਸਮੇਂ ਜਦਕਿ ਗੁਆਂਢੀ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਭਾਰਤ ਦੇ ਸੰਬੰਧ ਹੁਣ ਤਕ ਦੇ ਹੇਠਲੇ ਪੱਧਰ ’ਤੇ ਪਹੁੰਚੇ ਹੋਏ ਹਨ, ਦੇਸ਼ ਦੇ ਕਿਸੇ ਵੀ ਹਿੱਸੇ ’ਚ ਇਸ ਕਿਸਮ ਦੇ ਅੰਦੋਲਨ ਦਾ ਜਾਰੀ ਰਹਿਣਾ ਚਿੰਤਾਜਨਕ ਹੈ।
ਇਸ ਕਿਸਮ ਦੇ ਘਟਨਾਚੱਕਰ ਨਾਲ ਦੇਸ਼ ਦੀ ਅੰਦਰੂਨੀ ਸੁਰੱਖਿਆ ’ਤੇ ਆਂਚ ਆਉਣ ਦਾ ਖਤਰਾ ਹੈ। ਇਸ ਲਈ ਸਰਕਾਰ ਨੂੰ ਮਜ਼ਬੂਤ ਹੱਥਾਂ ਨਾਲ ਇਸ ਅੰਦੋਲਨ ਨੂੰ ਸ਼ਾਂਤ ਕਰਨ ਦੀ ਲੋੜ ਹੈ ਤਾਂਕਿ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਹਟ ਕੇ ਪੂਰਾ ਧਿਆਨ ਦੇਸ਼ ਦੀ ਸਮੁੱਚੀ ਸੁਰੱਖਿਆ ਵੱਲ ਦੇ ਸਕੇ।
–ਵਿਜੇ ਕੁਮਾਰ
