ਅਮਰੀਕਾ ਦੀਆਂ ਚੋਣਾਂ ਵਿਚ ਹਿੰਸਾ ਨੇਤਾਵਾਂ ਦੀ ਉਕਸਾਹਟ ਦਾ ਨਤੀਜਾ
Monday, Nov 04, 2024 - 02:53 AM (IST)
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ 5 ਨਵੰਬਰ ਨੂੰ ਪੈਣ ਜਾ ਰਹੀਆਂ ਹਨ ਜਿਸ ਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਡੋਨਾਲਡ ਟਰੰਪ ਨੇ ਜਿੱਥੇ ਇਨ੍ਹਾਂ ਚੋਣਾਂ ਵਿਚ ਇਕ ਵਾਰ ਫਿਰ ਆਪਣਾ ਪੁਰਾਣਾ ਨਾਅਰਾ ‘ਮੇਕ ਅਮਰੀਕਾ ਗ੍ਰੇਟ ਅਗੇਨ’ ਦੁਹਰਾਇਆ ਹੈ ਤਾਂ ਕਮਲਾ ਹੈਰਿਸ ਨੇ ਨਾਅਰਾ ‘ਨਿਊ ਵੇਅ ਫਾਰਵਰਡ’ ਦਿੱਤਾ ਹੈ।
ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆਉਂਦੇ ਗਏ, ਦੋਵਾਂ ਉਮੀਦਵਾਰਾਂ ਦੇ ਦਰਮਿਆਨ ਜ਼ੁਬਾਨੀ ਜੰਗ ਵੀ ਤੇਜ਼ ਹੁੰਦੀ ਚਲੀ ਗਈ ਹੈ। ਜੋਅ ਬਾਈਡੇਨ ਨੇ ਟਰੰਪ ਦੇ ਸਮਰਥਕਾਂ ਦੀ ਤੁਲਨਾ ‘ਕਚਰੇ’ ਨਾਲ ਕੀਤੀ ਹੈ, ਉਥੇ ਹੀ ਟਰੰਪ ਨੇ ਕਮਲਾ ਹੈਰਿਸ ਨੂੰ ਮੂਰਖ, ਅਸਮਰੱਥ, ਸਲੋਅ ਅਤੇ ਬੇਹੱਦ ਘੱਟ ਆਈ. ਕਿਊ. ਵਾਲੀ ਦੱਸਿਆ ਹੈ। ਕਮਲਾ ਹੈਰਿਸ ਨੇ ਵੀ ਟਰੰਪ ਨੂੰ ਤੁੱਛ ਤਾਨਾਸ਼ਾਹ, ਅਸਥਿਰ ਅਤੇ ਬਦਲਾ ਲੈਣ ਲਈ ਜਨੂੰਨੀ ਦੱਸਿਆ ਹੈ।
ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ’ਚ ਕਦੇ ਕਮਲਾ ਹੈਰਿਸ ਨੂੰ ਤਾਂ ਕਦੇ ਡੋਨਾਲਡ ਟਰੰਪ ਨੂੰ ਅੱਗੇ ਦੱਸਿਆ ਜਾ ਰਿਹਾ ਹੈ, ਲਿਹਾਜ਼ਾ ਇਹ ਕਹਿਣਾ ਬੜਾ ਮੁਸ਼ਕਲ ਹੈ ਕਿ ਜਿੱਤ ਕਿਸ ਦੀ ਹੋਵੇਗੀ।
ਇਸ ਦਰਮਿਆਨ ਅੱਜ ਵਿਸ਼ਵ ਵਿਚ ਕੁਝ ਅਜਿਹਾ ਮਾਹੌਲ ਬਣ ਗਿਆ ਹੈ ਕਿ ਭਾਵੇਂ ਉਹ ਬ੍ਰਾਜ਼ੀਲ, ਸ਼੍ਰੀਲੰਕਾ, ਇਥੋਪੀਆ, ਉੱਤਰੀ ਆਇਰਲੈਂਡ ਜਾਂ ਅਮਰੀਕਾ ਹੋਵੇ, ਚੋਣਾਂ ਹਿੰਸਕ ਹੁੰਦੀਆਂ ਜਾ ਰਹੀਆਂ ਹਨ। ਜਿੱਥੋਂ ਤੱਕ ਅਮਰੀਕਾ ਦਾ ਸਬੰਧ ਹੈ, ਸ਼ਿਕਾਗੋ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਰਾਬਰਟ ਪੈਪ ਦਾ ਕਹਿਣਾ ਹੈ ਕਿ ‘‘ਅਸਲ ’ਚ ਅਮਰੀਕਾ ਇਸ ਸਮੇਂ ਸਿਆਸੀ ਹਿੰਸਾ ਦੇ ਇਕ ਅਸਾਧਾਰਨ ਦੌਰ ’ਚੋਂ ਲੰਘ ਰਿਹਾ ਹੈ।’’
ਇਸ ਦੇ ਕਾਰਨਾਂ ’ਚੋਂ ਇਕ ਤਾਂ ਹੈ ਬਹੁਗਿਣਤੀਆਂ ਅਤੇ ਘੱਟਗਿਣਤੀਆਂ ਦੇ ਦਰਮਿਆਨ ਵੰਡ। ਇਸ ਲਈ ਜਦੋਂ ਵੀ ਕੋਈ ਡੋਨਾਲਡ ਟਰੰਪ ਦੇ ਸਮਰਥਕਾਂ ਕੋਲੋਂ ਪੁੱਛਦਾ ਹੈ ਕਿ ਉਨ੍ਹਾਂ ਨੂੰ ਉਹ ਕਿਹੜੇ ਕਾਰਨਾਂ ਕਰ ਕੇ ਵੋਟਾਂ ਪਾਉਣਗੇ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਟਰੰਪ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਆਉਣ ਤੋਂ ਰੋਕ ਕੇ ਗੋਰਿਆਂ ਦਾ ਗਲਬਾ ਕਾਇਮ ਕਰਨਗੇ।
ਇਸ ਤਰ੍ਹਾਂ ਇਕ ਤਾਂ ਇਹ ਘੱਟਗਿਣਤੀਆਂ ਅਤੇ ਬਹੁਗਿਣਤੀਆਂ ਦੇ ਦਰਮਿਆਨ ਵੰਡ ਦਾ ਮਾਮਲਾ ਹੈ ਅਤੇ ਦੂਜਾ ਹਰ ਸਿਆਸੀ ਪਾਰਟੀ ਖੇਤਰ ਵਿਸ਼ੇਸ਼ ਵਿਚ ਘੱਟਗਿਣਤੀ ਅਤੇ ਬਹੁਗਿਣਤੀ ਵੋਟਰਾਂ ਦੇ ਦਰਮਿਆਨ ਆਪਣੇ ਸਮਰਥਕਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਦੇ ਦਰਮਿਆਨ ਪੈਠ ਬਣਾਉਣਾ ਚਾਹੁੰਦੀ ਹੈ।
ਇਸ ਦੇ ਬਾਅਦ ਤੀਜੇ ਅਤੇ ਚੌਥੇ ਸਥਾਨ ’ਤੇ ਆਉਂਦਾ ਹੈ ਬੇਰੋਜ਼ਗਾਰੀ ਅਤੇ ਦੇਸ਼ ਦੀ ਸੁਰੱਖਿਆ ਦਾ ਮਾਮਲਾ। ਲੋਕਾਂ ਦਾ ਕਹਿਣਾ ਹੈ ਕਿ ਜੋਅ ਬਾਈਡੇਨ ਯੁੱਗ ’ਚ ਜੰਗ ਦੀ ਸਥਿਤੀ ਪੈਦਾ ਹੋਈ ਅਤੇ ਹੋ ਸਕਦਾ ਹੈ ਕਿ ਟਰੰਪ ਜੰਗ ਨੂੰ ਰੋਕਣ ਵਿਚ ਸਫਲ ਹੋ ਜਾਣ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਠੀਕ ਹੋਵੇਗੀ, ਦੇਸ਼ ਦੀ ਸਿਹਤ ਪ੍ਰਣਾਲੀ ’ਚ ਸੁਧਾਰ ਹੋਵੇਗਾ।
ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਜਦੋਂ ਧਰਮ ਅਤੇ ਘੱਟਗਿਣਤੀ ਜਾਂ ਬਹੁਗਿਣਤੀ ਦੇ ਆਧਾਰ ’ਤੇ ਵੋਟਰਾਂ ਦੀ ਵੰਡ ਕੀਤੀ ਜਾਂਦੀ ਹੈ ਤਾਂ ਲੋਕਾਂ ’ਚ ਇਕ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਇਹ ਸਾਰੀਆਂ ਚੀਜ਼ਾਂ ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਮੁੱਖ ਭੂਮਿਕਾ ਨਿਭਾਅ ਰਹੀਆਂ ਹਨ।
ਇਹ ਵੀ ਕਿ ਇਕ ਵਿਕਸਤ ਦੇਸ਼ ਹੋਣ ਦੇ ਬਾਵਜੂਦ 1776 ਵਿਚ ਆਜ਼ਾਦੀ ਮਿਲਣ ਤੋਂ ਲੈ ਕੇ ਅਜੇ ਤੱਕ ਕੋਈ ਔਰਤ ਅਮਰੀਕਾ ਦੀ ਰਾਸ਼ਟਰਪਤੀ ਨਹੀਂ ਬਣ ਸਕੀ ਹੈ।
ਲੋਕਾਂ ਦੇ ਇਕ ਵਰਗ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਦਾ ਰਾਸ਼ਟਰਪਤੀ ਗੋਰਿਆਂ ਦੀ ਸਰਬਉੱਚਤਾ ਨੂੰ ਕਾਇਮ ਰੱਖਣ ਵਾਲਾ ਹੋਣਾ ਚਾਹੀਦਾ ਹੈ, ਕਾਲਾ ਨਹੀਂ ਪਰ ਇਸ ਨਾਲ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ ਕਿ ਦੇਸ਼ ਵਿਚ ਚੋਣਾਂ ਦੀ ਹਿੰਸਾ ਕਿਉਂ ਹੋ ਰਹੀ ਹੈ?
ਮੁੱਖ ਤੌਰ ’ਤੇ ਇਹ ਪਾਰਟੀਆਂ ਵੱਲੋਂ ਆਪਣੇ-ਆਪਣੇ ਸਮਰਥਕਾਂ ਨੂੰ ਦਿੱਤੀ ਜਾਣ ਵਾਲੀ ਉਕਸਾਹਟ ਦਾ ਹੀ ਨਤੀਜਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਨੇਤਾ ਦੇ ਇਹ ਕੱਟੜ ਸਮਰਥਕ ਹੀ ਚੋਣਾਂ ’ਚ ਸ਼ਰਾਰਤ ਕਰਦੇ ਹਨ ਅਤੇ ਹਿੰਸਾ ਲਈ ਪ੍ਰੇਰਿਤ ਹੁੰਦੇ ਹਨ।
ਜਿਵੇਂ ਕਿ ਰਾਸ਼ਟਰਪਤੀ ਦੀਆਂ ਪਿਛਲੀਆਂ ਚੋਣਾਂ ਵਿਚ 6 ਜਨਵਰੀ, 2021 ਨੂੰ ਡੋਨਾਲਡ ਟਰੰਪ ਦੀ ਉਕਸਾਹਟ ’ਤੇ ਉਨ੍ਹਾਂ ਦੇ ਲੱਗਭਗ 2000 ਸਮਰਥਕਾਂ ਨੇ ਬੈਰੀਕੇਡ ਤੋੜ ਦਿੱਤੇ। ਕੈਪੀਟੋਲ (ਸੰਸਦ) ਅਤੇ ਵਾਸ਼ਿੰਗਟਨ ਡੀ. ਸੀ. ਦੀ ਪੁਲਸ ਨਾਲ ਜੰਗ ਕੀਤੀ ਅਤੇ ਅਖੀਰ ਇਮਾਰਤ ਦੇ ਅੰਦਰ ਦਾਖਲ ਹੋ ਕੇ ਅਮਰੀਕੀ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਥੇ ਭੰਨ-ਤੋੜ ਕਰ ਦਿੱਤੀ ਸੀ।
ਅਸਲ ’ਚ ਸਿਆਸੀ ਹਿੰਸਾ ਦਾ ਸਮਰਥਨ ਹੁਣ ਆਮ ਗੱਲ ਹੋ ਗਈ ਹੈ। ਇਸ ਦਾ ਸਮਰਥਨ ਹੁਣ ਅਮਰੀਕੀਆਂ ਦੀ ਸੋਚ ਦੀ ਮੁੱਖ ਧਾਰਾ ਦਾ ਹਿੱਸਾ ਬਣ ਗਿਆ ਹੈ ਅਤੇ ਸ਼ਾਂਤੀਪੂਰਨ ਸਾਧਨਾਂ ਦੇ ਅਸਫਲ ਹੋਣ ’ਤੇ ਸਿਆਸੀ ਟੀਚਿਆਂ ਨੂੰ ਹਾਸਲ ਕਰਨ ਲਈ ਇਕ ਆਮ ਯੰਤਰ ਬਣ ਗਿਆ ਹੈ।
ਇਸੇ ਦਾ ਨਤੀਜਾ ਹੈ ਕਿ ਜੁਲਾਈ ਵਿਚ ਇਕ ਬੰਦੂਕਧਾਰੀ ਨੇ ਇਕ ਚੋਣ ਪ੍ਰਚਾਰ ਰੈਲੀ ਵਿਚ ਡੋਨਾਲਡ ਟਰੰਪ ’ਤੇ ਗੋਲੀ ਚਲਾ ਦਿੱਤੀ, ਜਿਸ ਵਿਚ ਇਕ ਨਾਗਰਿਕ ਮਾਰਿਆ ਗਿਆ ਜਦ ਕਿ ਟਰੰਪ ਅਤੇ 3 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ ਸੀ। ਇਸੇ ਤਰ੍ਹਾਂ ਸਤੰਬਰ ’ਚ ਫਲੋਰੀਡਾ ਦੇ ‘ਵੈਸਟ ਪਾਮ ਬੀਚ’ ’ਚ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਲਈ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਕੁੱਲ ਮਿਲਾ ਕੇ ਇਹ ਕਹਿਣਾ ਔਖਾ ਹੈ ਕਿ ਅਮਰੀਕਾ ਅਤੇ ਵਿਸ਼ਵ ਦੇ ਕਈ ਦੇਸ਼ਾਂ ਵਿਚ ਚੋਣਾਂ ਦੇ ਦੌਰਾਨ ਸ਼ੁਰੂ ਹੋਇਆ ਹਿੰਸਾ ਦਾ ਰੁਝਾਨ ਸਿਆਸਤ ਨੂੰ ਕਿੱਥੇ ਲੈ ਕੇ ਜਾਵੇਗਾ।
-ਵਿਜੇ ਕੁਮਾਰ