‘ਮਹਿਲਾਵਾਂ ’ਚ ਵਧ ਰਿਹਾ’ ਨਸ਼ਾਖੋਰੀ ਦਾ ਰੁਝਾਨ!

Sunday, Jun 29, 2025 - 07:23 AM (IST)

‘ਮਹਿਲਾਵਾਂ ’ਚ ਵਧ ਰਿਹਾ’ ਨਸ਼ਾਖੋਰੀ ਦਾ ਰੁਝਾਨ!

ਦੇਸ਼ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ’ਚ ਅੱਜ ਨਸ਼ਾਖੋਰੀ ਇਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਕੋਈ ਸ਼ਰਾਬ ਦਾ ਨਸ਼ਾ ਕਰਦਾ ਹੈ ਤਾਂ ਕੋਈ ਤੰਬਾਕੂ, ਚਰਸ, ਗਾਂਜਾ, ਅਫੀਮ, ਹੈਰੋਇਨ ਆਦਿ ਦਾ ਨਸ਼ਾ ਕਰ ਕੇ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਨਸ਼ੇ ਦੀ ਆਦਤ ਨਾਲ ਮਰਦਾਂ ਅਤੇ ਮਹਿਲਾਵਾਂ ’ਚ ਮਾਨਸਿਕ ਅਤੇ ਸਰੀਰਕ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਨਸ਼ੇ ਦੇ ਕਾਰਨ ਮਹਿਲਾਵਾਂ ਨੂੰ ਲੀਵਰ ਖਰਾਬ ਹੋਣਾ, ਭੁੱਲਣ ਦੀ ਬੀਮਾਰੀ, ਮਾਨਸਿਕ ਸਮੱਸਿਆਵਾਂ, ਗਰਭਪਾਤ, ਗਲੇ, ਮੂੰਹ, ‘ਵਾਇਸ ਬਾਕਸ’, ਛਾਤੀ ਦੇ ਕੈਂਸਰ ਆਦਿ ਖਤਰਾ ਹੁੰਦਾ ਹੈ।

ਮਾਹਿਰਾਂ ਅਨੁਸਾਰ ਸ਼ਰਾਬ ਦੇ ਸੇਵਨ ਨਾਲ ਮਹਿਲਾਵਾਂ ਦੀ ਛਾਤੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਦਾ ਹੈ। ਰੋਜ਼ਾਨਾ ਸ਼ਰਾਬ ਦੇ 1 ਜਾਂ 2 ਪੈੱਗ ਪੀਣ ਨਾਲ ਮਹਿਲਾਵਾਂ ’ਚ ਛਾਤੀ ਦੇ ਕੈਂਸਰ ਦੇ ਜੋਖਮ ’ਚ 41 ਫੀਸਦੀ ਦਾ ਵਾਧਾ ਹੋ ਜਾਂਦਾ ਹੈ। ਨਸ਼ਿਆਂ ਦਾ ਸੇਵਨ ਨਸਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸਰੀਰ ’ਚ ਖੂਨ ਦੀ ਕਮੀ ਵੀ ਪੈਦਾ ਕਰਦਾ ਹੈ। ਮਰਦਾਂ ਦੀ ਤੁਲਨਾ ’ਚ ਮਹਿਲਾਵਾਂ ਇਨ੍ਹਾਂ ਰੋਗਾਂ ਦੀਆਂ ਜਲਦੀ ਸ਼ਿਕਾਰ ਹੁੰਦੀਆਂ ਹਨ।

ਮਹਿਲਾਵਾਂ ਵਲੋਂ ਨਸ਼ੇ ਦੇ ਸੇਵਨ ਸੰਬੰਧੀ ਹਾਲ ’ਚ ਕੀਤੇ ਗਏ ਇਕ ਸਰਵੇਖਣ ’ਚ ਦੱਸਿਆ ਗਿਆ ਹੈ ਕਿ ਪਿਛਲੇ 8-10 ਸਾਲਾਂ ਦੌਰਾਨ ਮਹਿਲਾਵਾਂ ਵਲੋਂ ਨਸ਼ੇ ਦੇ ਸੇਵਨ ਦੇ ਰੁਝਾਨ ’ਚ ਵਾਧਾ ਹੋਇਆ ਹੈ।

ਲਖਨਊ ਸਥਿਤ ‘ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ’ (ਕੇ. ਜੀ. ਐੱਮ. ਯੂ.) ਦੇ ਮਨੋਵਿਗਿਆਨ ਵਿਭਾਗ ਦੇ ‘ਪ੍ਰੋਫੈਸਰ ਆਦਰਸ਼ ਤ੍ਰਿਪਾਠੀ’ ਅਨੁਸਾਰ ਕੇਂਦਰੀ ਸਮਾਜ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਅਤੇ ‘ਏਮਜ਼’ ਨਵੀਂ ਦਿੱਲੀ ਵਲੋਂ 2019 ’ਚ ਕੀਤੇ ਗਏ ਇਕ ਸਰਵੇਖਣ ’ਚ ਦੱਸਿਆ ਗਿਆ ਸੀ ਕਿ 1.6 ਫੀਸਦੀ ਮਹਿਲਾਵਾਂ ਸ਼ਰਾਬ, 0.34 ਫੀਸਦੀ ਚਰਸ, 8.9 ਫੀਸਦੀ ਤੰਬਾਕੂ ਅਤੇ 0.26 ਫੀਸਦੀ ਮਹਿਲਾਵਾਂ ਸਿੰਥੈਟਿਕ ਨਸ਼ਿਆਂ ਦੀ ਵਰਤੋਂ ਕਰਦੀਆਂ ਸਨ। (ਹੁਣ ਤਾਂ ਇਹ ਗਿਣਤੀ ਹੋਰ ਵੀ ਵਧ ਚੁੱਕੀ ਹੋਵੇਗੀ)।

‘ਪ੍ਰੋਫੈਸਰ ਆਦਰਸ਼ ਤ੍ਰਿਪਾਠੀ’ ਦਾ ਕਹਿਣਾ ਹੈ ਕਿ ਸਾਲ 2000 ’ਚ ਭਾਰਤ ’ਚ 2-3 ਫੀਸਦੀ ਤੋਂ ਵੀ ਘੱਟ ਮਹਿਲਾਵਾਂ ਨਸ਼ਿਆਂ ਦਾ ਸੇਵਨ ਕਰਦੀਆਂ ਸਨ, ਜਦਕਿ 2015 ’ਚ ਕਰਵਾਏ ਗਏ ਇਕ ਸਰਵੇ ਅਨੁਸਾਰ ਇਨ੍ਹਾਂ ਦੀ ਗਿਣਤੀ 7 ਫੀਸਦੀ ਹੋ ਗਈ ਹੈ।

ਉੱਤਰ ਪ੍ਰਦੇਸ਼ ’ਚ ਇਕ ਹੋਰ ਸਰਵੇ ’ਚ ਦੱਸਿਆ ਗਿਆ ਹੈ ਕਿ ਉਥੇ 16.6 ਫੀਸਦੀ ਮਹਿਲਾਵਾਂ ਤੰਬਾਕੂ ਦਾ ਸੇਵਨ ਕਰਦੀਆਂ ਹਨ ਜੋ ਰਾਸ਼ਟਰੀ ਔਸਤ ਨਾਲੋਂ ਕਿਤੇ ਵੱਧ ਹੈ ਜਦਕਿ 0.4 ਫੀਸਦੀ ਮਹਿਲਾਵਾਂ ਉੱਥੇ ਸ਼ਰਾਬ ਦਾ ਸੇਵਨ ਵੀ ਕਰਦੀਆਂ ਹਨ।

‘ਪ੍ਰੋ. ਆਦਰਸ਼ ਤ੍ਰਿਪਾਠੀ’ ਅਨੁਸਾਰ ਦੇਖਣ ’ਚ ਇਹ ਗਿਣਤੀ ਘੱਟ ਪ੍ਰਤੀਤ ਹੁੰਦੀ ਹੈ ਪਰ ਰਾਜ ਦੀ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਤੋਂ ਸਪੱਸ਼ਟ ਹੈ ਕਿ ਵੱਡੀ ਗਿਣਤੀ ’ਚ ਮਹਿਲਾਵਾਂ ਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਹੈ।

ਮਹਿਲਾਵਾਂ ਵਲੋਂ ਕੀਤੇ ਜਾਣ ਵਾਲੇ ਨਸ਼ਿਆਂ ’ਚ ਸ਼ਰਾਬ, ਤੰਬਾਕੂ, ਨੀਂਦ ਦੀਆਂ ਗੋਲੀਆਂ ਦਾ ਸੇਵਨ ਅਤੇ ਚਰਸ ਪ੍ਰਮੁੱਖ ਹਨ। ਮਹਿਲਾਵਾਂ ਦੇ ਮਾਮਲੇ ’ਚ ਚਿੰਤਾਜਨਕ ਗੱਲ ਇਹ ਵੀ ਹੈ ਕਿ ਨਸ਼ੇ ਦਾ ਸੇਵਨ ਕਰਨਾ ਸ਼ੁਰੂ ਕਰਨ ਤੋਂ ਬਾਅਦ ਉਹ ਮਰਦਾਂ ਦੀ ਤੁਲਨਾ ’ਚ ਜਲਦੀ ਹੀ ਇਸ ਦੀਆਂ ਆਦੀ ਹੋ ਜਾਂਦੀਆਂ ਹਨ। ਇਕ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਮਹਿਲਾਵਾਂ 20 ਤੋਂ 30 ਸਾਲ ਦੀ ਉਮਰ ਵਿਚਾਲੇ ਇਕ ਤੋਂ ਵੱਧ ਕਿਸਮ ਦੇ ਨਸ਼ਿਆਂ ਦਾ ਸੇਵਨ ਕਰਨ ਲੱਗਦੀਆਂ ਹਨ।

ਮਹਿਲਾਵਾਂ ਵਲੋਂ ਨਸ਼ਿਆਂ ਦੀਆਂ ਸ਼ਿਕਾਰ ਹੋਣ ਦੇ ਕਾਰਨਾਂ ’ਚ ਸਰੀਰਕ ਅਤੇ ਮਾਨਸਿਕ ਤਸੀਹੇ, ਪਰਿਵਾਰਕ ਮੈਂਬਰਾਂ ਵਲੋਂ ਅਣਗਹਿਲੀ, ਵਿੱਤੀ ਸਮੱਸਿਆਵਾਂ ਅਤੇ ਵਿਆਹੁਤਾ ਜੀਵਨ ਜਾਂ ਉਨ੍ਹਾਂ ’ਤੇ ਕੀਤੀ ਜਾਣ ਵਾਲੀ ਹਿੰਸਾ ਤੋਂ ਪੈਦਾ ਹੋਣ ਵਾਲਾ ਤਣਾਅ ਪ੍ਰਮੁੱਖ ਹਨ।

‘ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ’ (ਕੇ. ਜੀ. ਐੱਮ. ਯੂ.) ’ਚ ਮਨੋਵਿਗਿਆਨ ਦੇ ਇਕ ਹੋਰ ‘ਪ੍ਰੋ. ਪਵਨ ਕੁਮਾਰ’ ਦਾ ਕਹਿਣਾ ਹੈ ਕਿ ਡਾਕਟਰਾਂ ਵਲੋਂ ਲਿਖੀਆਂ ਗਈਆਂ ਦਵਾਈਆਂ ਦੀ ਵਰਤੋਂ ਕਰਨ ਵਾਲੀਆਂ ਅਨੇਕ ਮਹਿਲਾਵਾਂ ਬਾਅਦ ’ਚ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਨ ਲੱਗਦੀਆਂ ਹਨ। ਅਨੇਕ ਮਹਿਲਾਵਾਂ ਨੂੰ ਉਨ੍ਹਾਂ ਦੇ ਮਰਦ ਸਾਥੀ ਵੀ ਨਸ਼ਾ ਕਰਨ ਲਈ ਉਕਸਾਅ ਕੇ ਇਸ ਦਲਦਲ ’ਚ ਉਨ੍ਹਾਂ ਨੂੰ ਧੱਕ ਦਿੰਦੇ ਹਨ।

ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੀਵਨਸ਼ੈਲੀ ’ਚ ਬਦਲਾਅ, ਸ਼ਹਿਰੀ ਜੀਵਨ ਅਤੇ ਵਧਦੀ ਆਬਾਦੀ ਦੇ ਕਾਰਨ ਵੀ ਮਹਿਲਾਵਾਂ ’ਚ ਨਸ਼ਿਆਂ ਦਾ ਸੇਵਨ ਵਧਣ ਦਾ ਖਦਸ਼ਾ ਹੈ। ਇਸ ਸਮੇਂ ਜ਼ਿਆਦਾਤਰ ਨਸ਼ਾ ਮੁਕਤੀ ਕੇਂਦਰ ਮਰਦਾਂ ਦੇ ਹਿਸਾਬ ਨਾਲ ਬਣਾਏ ਗਏ ਹਨ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਫਿਲਮਾਂ ਅਤੇ ਸੋਸ਼ਲ ਮੀਡੀਆ ’ਤੇ ਅਕਸਰ ਨਸ਼ਿਆਂ ਦੇ ਸੇਵਨ ਨੰੂ ਇਕ ਆਮ ਗੱਲ ਵਾਂਗ ਜਾਂ ਗਲੈਮਰਸ ਕਰ ਕੇ ਦਿਖਾਇਆ ਜਾਂਦਾ ਹੈ, ਜਿਸ ਨਾਲ ਨੌਜਵਾਨ ਦਿਮਾਗ ਪ੍ਰਭਾਵਿਤ ਹੋ ਸਕਦਾ ਹੈ।

ਮਹਿਲਾਵਾਂ ’ਚ ਨਸ਼ੇ ਦੀ ਆਦਤ ’ਚ ਵਾਧੇ ਨਾਲ ਸੰਬੰਧਤ ਉਕਤ ਰਿਪੋਰਟਾਂ ਅੱਖਾਂ ਖੋਲ੍ਹਣ ਵਾਲੀਆਂ ਹਨ ਅਤੇ ਇਸ ਦੇ ਲਈ ਮਹਿਲਾਵਾਂ ਨੂੰ ਇਸ ਦਲਦਲ ’ਚ ਧੱਕਣ ਵਾਲੇ ਕਾਰਨਾਂ ਨੂੰ ਖਤਮ ਕਰਨ ਦੀ ਤੁਰੰਤ ਲੋੜ ਹੈ। ਮਹਿਲਾਵਾਂ ਦੇ ਦਮ ’ਤੇ ਹੀ ਘਰ ਚੱਲਦੇ ਹਨ ਅਤੇ ਉਹੀ ਪਰਿਵਾਰ ਨੂੰ ਸਹੀ ਦਿਸ਼ਾ ਦਿੰਦੀਆਂ ਹਨ। ਜੇਕਰ ਉਹੀ ਨਸ਼ਿਆਂ ’ਚ ਡੁੱਬਣ ਲੱਗਣਗੀਆਂ ਤਾਂ ਫਿਰ ਪਰਿਵਾਰਾਂ ਨੂੰ ਕੌਣ ਸੰਭਾਲੇਗਾ।

–ਵਿਜੇ ਕੁਮਾਰ


author

Sandeep Kumar

Content Editor

Related News