ਜ਼ਿਮਨੀ ਚੋਣ ਨਤੀਜਾ : ਸਾਰੀਆਂ ਪਾਰਟੀਆਂ ਨੂੰ ਸਵੈ-ਪੜਚੋਲ ਦੀ ਲੋੜ
Sunday, Jun 29, 2025 - 04:46 PM (IST)

ਜ਼ਿਮਨੀ ਚੋਣ ਆਮ ਤੌਰ ’ਤੇ ਸੱਤਾਧਾਰੀ ਪਾਰਟੀ ਵਲੋਂ ਹੀ ਜਿੱਤੀ ਜਾਂਦੀ ਹੈ ਅਤੇ ਇਸ ਵਾਰ ਵੀ ਇਹ ਚੋਣ ਸੱਤਾਧਾਰੀ ਪਾਰਟੀ ਨੇ ਹੀ ਜਿੱਤੀ ਹੈ ਪਰ ਇਹ ਚੋਣ ਕਈ ਸਵਾਲ ਖੜ੍ਹੇ ਕਰ ਗਈ ਹੈ। ਕੀ ਪਾਰਟੀਆਂ ਨੇ ਆਪਣੇ ਅਸੂਲਾਂ ’ਤੇ ਕਾਇਮ ਰਹਿ ਕੇ ਇਹ ਚੋਣ ਲੜੀ ਹੈ ਅਤੇ ਇਸ ਤੋਂ ਵੀ ਵੱਧ ਪਾਰਟੀਆਂ ਦੀ ਲੀਡਰਸ਼ਿਪ ਅਤੇ ਵਰਕਰਾਂ ਨੇ ਪਾਰਟੀ ਪ੍ਰਤੀ ਵਫ਼ਾਦਾਰੀ ਨਾਲ ਕੰਮ ਕੀਤਾ ਹੈ ਜਾਂ ਆਪਣੀਆਂ ਦੋਸਤੀਆ, ਰੰਜਿਸ਼ਾਂ ਅਤੇ ਨਿੱਜੀ ਮੁਫਾਦਾਂ ਨੂੰ ਸਾਹਮਣੇ ਰੱਖ ਕੇ ਚੋਣ ਦੰਗਲ ਵਿਚ ਹਿੱਸਾ ਲਿਆ ਹੈ।
ਇਸ ਚੋਣ ਦੀ ਖਾਸ ਗੱਲ ਇਹ ਹੈ ਕਿ ਇਸ ਚੋਣ ਸਬੰਧੀ ਪ੍ਰਚਾਰ ਸਮੇਂ ਪਾਰਟੀਆਂ ਦੇ ਆਗੂ ਅਤੇ ਟੀ ਵੀ ਡੀਬੇਟਾਂ ਦਰਮਿਆਨ ਬੁਲਾਰੇ ਆਮ ਤੌਰ ’ਤੇ ਆਪਣੀਆਂ ਪਾਰਟੀਆਂ ਦੇ ਕੰਮ ਦੱਸਣ ਦੀ ਜਗ੍ਹਾ ਦੂਜੀਆਂ ਪਾਰਟੀਆਂ ਦੀਆਂ ਖ਼ਾਮੀਆਂ ਦੱਸਣ ਅਤੇ ਉਨ੍ਹਾਂ ਪਾਰਟੀਆਂ ਦੀ ਅੰਦਰੂਨੀ ਲੜਾਈ ਬਾਰੇ ਜ਼ਿਆਦਾ ਗੱਲਾਂ ਕਰਦੇ ਦੇਖੇ ਗਏ।
ਜੇਕਰ ਪਾਰਟੀਆਂ ਦੇ ਸਿਧਾਂਤ ਤੇ ਅੰਦਰੂਨੀ ਲੜਾਈ ਦੀ ਗੱਲ ਕਰੀਏ ਤਾਂ ਸੱਭ ਤੋਂ ਪਹਿਲਾਂ ਕਾਂਗਰਸ ਦੀ ਗੱਲ ਕਰਨੀ ਬਣਦੀ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਨਾਂ ਐਲਾਨਣ ਦੇ ਨਾਲ ਹੀ ਸਿਆਸੀ ਗਲਿਆਰਿਆਂ ’ਚ ਇਕ ਵੱਡੀ ਖੁਸਰ ਮੁਸਰ ਸ਼ੁਰੂ ਹੋ ਗਈ ਸੀ। ਬਲਕਿ ਇਹ ਚਰਚਾ ਕਾਂਗਰਸ ਦੇ ਬਣਾਏ ਗਏ ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਹੀ ਭਾਰਤ ਭੂਸ਼ਣ ਆਸ਼ੂ ਦੀ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਹੋਈ ਮੁਲਾਕਾਤ ਸਮੇਂ ਹੀ ਸ਼ੁਰੂ ਹੋ ਗਈ ਸੀ । ਸੱਭ ਤੋਂ ਵੱਧ ਚਰਚਾ ਇਸ ਗੱਲ ਦੀ ਰਹੀ ਕਿ ਭਾਰਤ ਭੂਸ਼ਣ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਰਜ਼ਾਮੰਦੀ ਦੇ ਬਗੈਰ ਹੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸ ਗੱਲ ਨੂੰ ਉਦੋਂ ਹੋਰ ਵੀ ਹਵਾ ਮਿਲ ਗਈ ਜਦੋਂ ਰਾਜਾ ਵੜਿੰਗ ਭਾਰਤ ਭੂਸ਼ਣ ਦੇ ਘਰ ਜਾਂਦੇ ਹਨ ਤਾਂ ਰਾਜਾ ਵੜਿੰਗ ਉਨ੍ਹਾਂ ਨੂੰ ਘਰ ਨਹੀਂ ਮਿਲਦੇ ਅਤੇ ਨਾ ਹੀ ਉਨ੍ਹਾਂ ਨੂੰ ਉਡੀਕ ਕਰਨ ਲਈ ਕਿਹਾ ਜਾਂਦਾ ਹੈ ਤੇ ਰਾਜਾ ਵੜਿੰਗ ਨੂੰ ਬੇਰੰਗ ਵਾਪਸ ਜਾਣਾ ਪੈਂਦਾ ਹੈ ।
ਚੋਣ ਪ੍ਰਚਾਰ ਦੌਰਾਨ ਵੀ ਕਾਂਗਰਸ ਦੋ ਖੇਮਿਆਂ ਵਿਚ ਵੰਡੀ ਨਜ਼ਰ ਆ ਰਹੀ ਸੀ । ਵੜਿੰਗ-ਬਾਜਵਾ ਜਿਹੜੇ ਪੰਜਾਬ ਕਾਂਗਰਸ ਦੇ ਦੋ ਸੱਭ ਤੋਂ ਵੱਡੇ ਆਗੂ ਹਨ ਨੂੰ ਉਮੀਦਵਾਰ ਵੱਲੋਂ ਕੋਈ ਅਹਿਮੀਅਤ ਨਹੀਂ ਦਿੱਤੀ ਗਈ ਸਗੋਂ ਉਨ੍ਹਾਂ ਤੋਂ ਹੇਠਲੇ ਪੱਧਰ ਦੇ ਆਗੂਆਂ ਨੂੰ ਚੋਣ ਪ੍ਰਚਾਰ ਵਿਚ ਮੋਹਰੀ ਰੱਖਿਆ ਗਿਆ। ਇਸ ਤੋਂ ਇਹ ਪ੍ਰਭਾਵ ਮਿਲ ਰਿਹਾ ਸੀ ਕਿ ਪੰਜਾਬ ਕਾਂਗਰਸ ਇਹ ਲੜਾਈ ਨਹੀਂ ਲੜ ਰਾਹੀਂ ਸਗੋਂ ਇਹ ਲੜਾਈ ਰਾਣਾ ਗੁਰਜੀਤ ਅਤੇ ਪ੍ਰਗਟ ਸਿੰਘ ਲੜ ਰਹੇ ਸਨ।
ਪਰ ਹੈਰਾਨੀ ਦੀ ਗੱਲ ਹੈ ਕਿ ਪਾਰਟੀ ਹਾਈਕਮਾਂਡ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ। ਭਾਵੇਂ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਲੁਧਿਆਣਾ ਪਹੁੰਚੇ ਪਰ ਉਨ੍ਹਾਂ ਵੱਲੋਂ ਵੀ ਕੋਈ ਪ੍ਰਭਾਵਸ਼ਾਲੀ ਐਕਸ਼ਨ ਨਹੀਂ ਲਿਆ ਗਿਆ। ਇਸ ਸਾਰੇ ਵਰਤਾਰੇ ਤੋਂ ਸਾਫ ਹੈ ਕਿ ਪਾਰਟੀ ਵਿਚ ਅਨੁਸ਼ਾਸਨ ਅਤੇ ਸਿਧਾਂਤਾਂ ਦੀ ਕੋਈ ਅਹਿਮੀਅਤ ਨਹੀਂ ਹੈ ਅਤੇ ਉਸ ਦਾ ਨਤੀਜਾ ਵੀ ਕਾਂਗਰਸ ਨੂੰ ਭੁਗਤਨਾ ਪਿਆ ਅਤੇ ਮੌਜੂਦਾ ਸਰਕਾਰ ਦੇ ਖਿਲਾਫ ਉੱਠ ਰਹੇ ਵਿਰੋਧ ਦਾ ਫਾਇਦਾ ਲੈਣ ’ਚ ਨਾਕਾਮ ਸਾਬਤ ਹੋਈ। ਨਤੀਜੇ ਆਉਣ ਤੋਂ ਬਾਅਦ ਕਾਂਗਰਸੀ ਲੀਡਰਾਂ ਦੀ ਫੁੱਟ ਖੁੱਲ੍ਹ ਕੇ ਸਾਹਮਣੇ ਆਈ ਤੇ ਆਸ਼ੂ, ਪਰਗਟ ਸਿੰਘ ਅਤੇ ਕੁਸ਼ਲ ਦੀਪ ਸਿੰਘ ਦੇ ਅਸਤੀਫਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦੇ ਇਕ ਧੜੇ ਨੇ ਹੀ ਕਾਂਗਰਸ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ।
ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਵੀ ਆਪਣੀ ਸਥਿਤੀ ਸੁਧਾਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ। ਹਾਲਾਂਕਿ ਇਸ ਇਲਾਕੇ ਵਿਚ ਸਿੱਖ ਵੋਟ ਦੀ ਗਿਣਤੀ ਲਗਭਗ 40 ਪ੍ਰਤੀਸ਼ਤ ਮੰਨੀ ਜਾਂਦੀ ਹੈ । ਇਸ ਹਲਕੇ ਤੋਂ ਦੋ ਵਾਰ ਅਕਾਲੀ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹਰੀਸ਼ ਰਾਏ ਟਾਂਡਾ ਜਿੱਤ ਹਾਸਲ ਕਰ ਚੁੱਕੇ ਹਨ। ਇਸ ਇਲਾਕੇ ਵਿਚ ਅਕਾਲੀ ਦਲ ਦੇ ਵੱਡੇ-ਵੱਡੇ ਲੀਡਰ ਜਿਨ੍ਹਾਂ ਵਿਚ ਦੋ ਸਾਬਕਾ ਮੰਤਰੀ , ਦੋ ਸਾਬਕਾ ਪਾਰਲੀਮਾਨੀ ਸਕੱਤਰ , ਜ਼ਿਲਾ ਪ੍ਰਧਾਨ ਤੋਂ ਇਲਾਵਾ ਦਰਜਨਾਂ ਵੱਡੇ ਆਗੂਆਂ ਦੇ ਨਿਵਾਸ ਹਨ । ਇਸ ਦੇ ਬਾਵਜੂਦ ਅਕਾਲੀ ਦਲ ਜੋ ਖੁਦ ਨੂੰ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦਾ ਹੈ, ਨੂੰ ਕੇਵਲ 9 ਪ੍ਰਤੀਸ਼ਤ ਵੋਟਾਂ ਨਾਲ ਹੀ ਸਬਰ ਕਰਨਾ ਪਿਆ । ਪਾਰਟੀ ਦੀ ਇਸ ਹਾਲਤ ਦੇ ਕਈ ਕਾਰਨ ਹਨ ਜਿਨ੍ਹਾਂ ਵਿਚ 2 ਦਸੰਬਰ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ , ਇਕ ਧੜੇ ( ਪੰਜ ਮੈਂਬਰੀ ਕਮੇਟੀ) ਦਾ ਵੱਖ ਹੋਣਾ ਅਤੇ ਇਕ ਵੱਡੇ ਅਕਾਲੀ ਲੀਡਰ ਦਾ ਪਾਰਟੀ ਪ੍ਰਤੀ ਵਫ਼ਾਦਾਰੀ ਨਾ ਕਰਨਾ ਹੈ ।
ਭਾਰਤੀ ਜਨਤਾ ਪਾਰਟੀ ਜਿਸ ਨੇ ਇਕ ਸਾਲ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਸਮੇਂ ਇਸ ਹਲਕੇ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ ਅਤੇ ਤਕਰੀਬਨ 45000 ਵੋਟ ਹਾਸਲ ਕਰਨ ਵਿਚ ਕਾਮਯਾਬ ਰਹੀ ਸੀ। ਪ੍ਰੰਤੂ ਇਸ ਵਾਰ ਭਾਜਪਾ ਨੂੰ ਤਕਰੀਬਨ 20000 ਵੋਟਾਂ ਹੀ ਪ੍ਰਾਪਤ ਹੋਈਆਂ । ਭਾਜਪਾ ਦੀ ਲੀਡਰਸ਼ਿਪ ਕੋਲ ਭਾਵੇਂ ਇਸ ਹਾਰ ਦਾ ਜਵਾਬ ਹੈ ਕਿ ਇਕ ਤਾਂ ਭਾਜਪਾ ਨੇ ਜੀਵਨ ਗੁਪਤਾ ਦੀ ਉਮੀਦਵਾਰੀ ਕੇਵਲ ਦੋ ਹਫ਼ਤੇ ਪਹਿਲਾਂ ਐਲਾਨੀ ਅਤੇ ਪੰਜਾਬ ਦੇ ਇੰਚਾਰਜ ਵਿਜੈ ਰੁਪਾਨੀ ਜਿਹੜੇ ਕਿ ਭਾਜਪਾ ਦੀ ਚੋਣ ਕਮਾਨ ਨੂੰ ਪੂਰੀ ਤਰ੍ਹਾਂ ਸੰਭਾਲ ਰਹੇ ਸਨ ਚੋਣ ਤੋਂ ਕੁਝ ਦਿਨ ਪਹਿਲਾਂ ਹਵਾਈ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ।
ਭਾਵੇਂ ਇਹ ਦੋਵੇਂ ਗੱਲਾਂ ਆਪਣੇ ਆਪ ’ਚ ਠੀਕ ਹਨ ਪਰ ਫਿਰ ਵੀ ਪਾਰਟੀ ਵੱਲੋਂ ਇਕ ਟਕਸਾਲੀ ਵਰਕਰ ਨੂੰ ਉਮੀਦਵਾਰ ਬਣਾਉਣ ਦੇ ਬਾਵਜੂਦ ਪਾਰਟੀ ਦਾ ਤੀਜੇ ਸਥਾਨ ’ਤੇ ਆਉਣਾ ਕਈ ਸਵਾਲ ਖੜ੍ਹੇ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਵਰਕਰ ਇਸ ਗੱਲੋਂ ਖੁਸ਼ ਹਨ ਕਿ ਉਹ ਆਪਣੇ ਪੁਰਾਣੇ ਭਾਈਵਾਲ ਤੋਂ ਕਾਫੀ ਅੱਗੇ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਭਾਵੇਂ 10000 ਤੋਂ ਵੱਧ ਵੋਟਾਂ ਨਾਲ ਚੋਣ ਜਿੱਤ ਗਏ ਹਨ ਪਰ ਆਮ ਆਦਮੀ ਪਾਰਟੀ ਲਈ ਵੀ ਇਹ ਕੋਈ ਜਸ਼ਨ ਮਨਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਆਪ ਪਾਰਟੀ ਨੇ ਕਿਸ ਤਰ੍ਹਾਂ ਆਮ ਉਮੀਦਵਾਰ ਦੀ ਜਗ੍ਹਾ ਇਕ ਅਰਬਪਤੀ ਰਾਜ ਸਭਾ ਮੈਂਬਰ ਨੂੰ ਉਮੀਦਵਾਰ ਬਣਾਇਆ।
ਭਾਵੇਂ ਚਾਰੇ ਮੁੱਖ ਪਾਰਟੀਆਂ ਵਿਚੋਂ ਕਿਸੇ ਇਕ ਨੇ ਹੀ ਜਿੱਤਣਾ ਸੀ ਪ੍ਰੰਤੂ ਚੋਣ ਨਤੀਜੇ ਨੇ ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ ਖੜ੍ਹੇ ਕਰ ਦਿੱਤੇ ਹਨ ਕਿ ਪਾਰਟੀਆਂ ਵਿਚ ਸਭ ਠੀਕ ਨਹੀਂ ਹੈ ਜਿਸ ਕਾਰਨ ਪਾਰਟੀਆਂ ਨੂੰ ਖੁਦ ਦੀ ਕਾਰਗੁਜ਼ਾਰੀ ’ਤੇ ਹੀ ਭਰੋਸਾ ਕਰਨਾ ਮੁਸ਼ਕਲ ਰਿਹਾ। ਇਸ ਚੋਣ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਚਾਰੇ ਹੀ ਮੁੱਖ ਪਾਰਟੀਆਂ ਨੂੰ ਡੂੰਘੀ ਸਵੈ ਪੜਚੋਲ ਦੀ ਜ਼ਰੂਰਤ ਹੈ।
–ਇਕਬਾਲ ਸਿੰਘ ਚੰਨੀ