ਭਾਰਤ ਦੀਆਂ ਸਭ ਭਾਸ਼ਾਵਾਂ ਰਾਸ਼ਟਰ ਭਾਸ਼ਾਵਾਂ ਹਨ, ਸਭ ਦਾ ਬਰਾਬਰ ਸਤਿਕਾਰ ਹੋਵੇ
Monday, Jul 07, 2025 - 05:00 PM (IST)

ਮਲਾ ਹੀ ਭਾਸ਼ਾ ਯੇਤ ਨਾਹੀ। ਭਾਸ਼ਾ ਗੱਲਬਾਤ ਲਈ ਹੁੰਦੀ ਹੈ, ਝਗੜੇ ਅਤੇ ਦੰਗੇ ਕਰਨ ਲਈ ਨਹੀਂ। ਝਗੜੇ, ਹਿੰਸਾ ਲਈ ਲੱਠਬਾਜ਼ੀ, ਗੋਲੀਬਾਰੀ ਹੁੰਦੀ ਹੈ। ਗਲੇ ਲਾ ਲਓ ਤਾਂ ਬਿਨਾਂ ਭਾਸ਼ਾ ਦੇ ਹੀ ਗੱਲਬਾਤ ਹੋ ਜਾਂਦੀ ਹੈ।
ਰਾਸ਼ਟਰ ’ਚ ਮਹਾਰਾਸ਼ਟਰ ਦਾ ਹੋਣਾ ਮਾਣ ਅਤੇ ਸ਼ਾਨ ਵਾਲੀ ਗੱਲ ਹੈ। ਮਹਾਰਾਸ਼ਟਰ ਦੀ ਹੋਂਦ ਸੱਭਿਅਤਾ ਦੀ ਸੰਸਕ੍ਰਿਤੀ ਹੈ। ਇਸ ਨੂੰ ਮਾੜੇ ਪੱਧਰ ’ਤੇ ਨਾ ਿਲਆਉਣ ਲਈ ਅਸੀਂ ਚੌਕਸ ਰਹੀਏ, ਇਸ ਦੀ ਸੱਭਿਅਤਾ, ਸੰਸਕ੍ਰਿਤੀ ਪੂਰੀ ਦੁਨੀਆ ’ਚ ਜਗਮਗਾਉਂਦੀ ਰਹੇਗੀ। ਮਰਾਠੀ, ਗੁਜਰਾਤੀ, ਹਿੰਦੀ, ਅੰਗਰੇਜ਼ੀ ਦੀਆਂ ਇੱਥੇ ਸਭ ਨਦੀਆਂ ਇਕ ਹੀ ਮਹਾਸਾਗਰ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਇੱਥੇ ਸੌੜਾਪਨ ਨਹੀਂ, ਉਦਾਰਤਾ ਹੀ ਵਗਦੀ ਰਹਿੰਦੀ ਹੈ। ਸੱਭਿਅਤਾ, ਸੰਸਕ੍ਰਿਤੀ ਦੀ ਸ਼ਮ੍ਹਾ ਥੰਮ੍ਹ ਬਣਦੀ ਹੈ। ਇਹ ਕਹਿਣਾ ਹੈ ਕਿ ਸਵਾਮੀ ਚੇਤਨਿਆ ਕੀਰਤੀ ਦਾ।
ਇਸ ਸੰਬੰਧੀ ਓਸ਼ੋ ਕੀ ਕਹਿੰਦੇ ਹਨ : ਇਕ ਮਿੱਤਰ ਨੇ ਪੁੱਛਿਆ ਹੈ ਕਿ ਭਾਰਤ ’ਚ ਕੋਈ ਰਾਸ਼ਟਰ ਭਾਸ਼ਾ ਹੋਣੀ ਚਾਹੀਦੀ ਹੈ। ਜੇ ਹੋਵੇ ਤਾਂ ਕਿਹੜੀ?
ਰਾਸ਼ਟਰ ਭਾਸ਼ਾ ਦਾ ਸਵਾਲ ਹੀ ਭਾਰਤ ’ਚ ਬੁਨਿਆਦੀ ਪੱਖੋਂ ਗਲਤ ਹੈ। ਭਾਰਤ ’ਚ ਇੰਨੀਆਂ ਭਾਸ਼ਾਵਾਂ ਹਨ ਕਿ ਰਾਸ਼ਟਰ ਭਾਸ਼ਾ ਸਿਰਫ ਲੱਦੀ ਜਾ ਸਕਦੀ ਹੈ ਅਤੇ ਜਿਨ੍ਹਾਂ ਭਾਸ਼ਾਵਾਂ ’ਤੇ ਇਹ ਲੱਦੀ ਜਾਵੇਗੀ, ਉਨ੍ਹਾਂ ਨਾਲ ਬੇਇਨਸਾਫੀ ਹੋਵੇਗੀ। ਭਾਰਤ ’ਚ ਰਾਸ਼ਟਰ ਭਾਸ਼ਾ ਦੀ ਕੋਈ ਵੀ ਲੋੜ ਨਹੀਂ ਹੈ। ਇੱਥੇ ਬਹੁਤ ਸਾਰੀਆਂ ਰਾਸ਼ਟਰ ਭਾਸ਼ਾਵਾਂ ਹੀ ਹੋਣਗੀਆਂ ਅਤੇ ਅੱਜ ਕੋਈ ਮੁਸ਼ਕਲ ਵੀ ਨਹੀਂ ਹੈ ਕਿ ਰਾਸ਼ਟਰ ਭਾਸ਼ਾ ਜ਼ਰੂਰੀ ਹੋਵੇ।
ਰੂਸ ਬਿਨਾਂ ਰਾਸ਼ਟਰ ਭਾਸ਼ਾ ਤੋਂ ਕੰਮ ਚਲਾਉਂਦਾ ਹੈ ਅਤੇ ਅਸੀਂ ਕਿਉਂ ਨਹੀਂ ਚਲਾ ਸਕਦੇ। ਅੱਜ ਤਾਂ ਯਾਂਤ੍ਰਿਕ ਵਿਵਸਥਾ ਹੋ ਸਕਦੀ ਹੈ ਸੰਸਦ ’ਚ, ਬਹੁਤ ਥੋੜ੍ਹੇ ਖਰਚ ਨਾਲ, ਜਿਸ ਰਾਹੀਂ ਇਕ ਭਾਸ਼ਾ ਸਭ ਭਾਸ਼ਾਵਾਂ ’ਚ ਅਨੁਵਾਦਿਤ ਹੋ ਜਾਵੇ।
ਪਰ ਰਾਸ਼ਟਰ ਭਾਸ਼ਾ ਦਾ ਮੋਹ ਬਹੁਤ ਮਹਿੰਗਾ ਪੈ ਰਿਹਾ ਹੈ। ਭਾਰਤ ਦੀ ਹਰ ਭਾਸ਼ਾ ਰਾਸ਼ਟਰ ਭਾਸ਼ਾ ਹੋਣ ’ਚ ਸਮਰੱਥ ਹੈ। ਇਸ ਲਈ ਕੋਈ ਵੀ ਭਾਸ਼ਾ ਆਪਣਾ ਅਧਿਕਾਰ ਛੱਡਣ ਲਈ ਰਾਜ਼ੀ ਨਹੀਂ ਹੋਵੇਗੀ, ਹੋਣੀ ਵੀ ਨਹੀਂ ਚਾਹੀਦੀ ਪਰ ਜੇ ਅਸੀਂ ਧੱਕੇ ਨਾਲ ਕਿਸੇ ਭਾਸ਼ਾ ਨੂੰ ਰਾਸ਼ਟਰ ਭਾਸ਼ਾ ਬਣਾ ਕੇ ਥੋਪਣ ਦੀ ਕੋਸ਼ਿਸ਼ ਕਰਾਂਗੇ ਤਾਂ ਦੇਸ਼ ਟੋਟੇ-ਟੋਟੇ ਹੋ ਜਾਵੇਗਾ। ਅੱਜ ਦੇਸ਼ ਅੰਦਰ ਵੰਡ ਦਾ ਜੋ ਬੁਨਿਆਦੀ ਕਾਰਨ ਹੈ ਉਸ ’ਚ ਭਾਸ਼ਾ ਇਕ ਹੈ। ਰਾਸ਼ਟਰ ਭਾਸ਼ਾ ਬਣਾਉਣ ਦਾ ਵਿਚਾਰ ਹੀ ਰਾਸ਼ਟਰ ਨੂੰ ਟੋਟੇ-ਟੋਟੇ ਕਰਨ ਦਾ ਕਾਰਨ ਬਣੇਗਾ। ਜੇ ਰਾਸ਼ਟਰ ਨੂੰ ਬਚਾਉਣਾ ਹੈ ਤਾਂ ਰਾਸ਼ਟਰ ਭਾਸ਼ਾ ਤੋਂ ਬਚਣਾ ਹੋਵੇਗਾ। ਜੇ ਰਾਸ਼ਟਰ ਨੂੰ ਮਿਟਾਉਣਾ ਹੈ ਤਾਂ ਰਾਸ਼ਟਰ ਭਾਸ਼ਾ ਦੀ ਗੱਲ ਅੱਗੋਂ ਵੀ ਜਾਰੀ ਰੱਖੀ ਜਾ ਸਕਦੀ ਹੈ।
ਮੇਰੀ ਨਜ਼ਰ ’ਚ ਭਾਰਤ ’ਚ ਜਿੰਨੀਆਂ ਵੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਉਹ ਸਭ ਰਾਸ਼ਟਰ ਭਾਸ਼ਾਵਾਂ ਹਨ। ਉਨ੍ਹਾਂ ਨੂੰ ਬਰਾਬਰ ਦਾ ਸਤਿਕਾਰ ਮਿਲਣਾ ਚਾਹੀਦਾ ਹੈ। ਕਿਸੇ ਇਕ ਭਾਸ਼ਾ ਦਾ ਸਾਮਰਾਜ ਦੂਜੀਆਂ ਭਾਸ਼ਾਵਾਂ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਭਾਸ਼ਾ ਭਾਵੇਂ ਹਿੰਦੀ ਹੋਵੇ ਜਾਂ ਕੋਈ ਹੋਰ।
ਕੋਈ ਕਾਰਨ ਨਹੀਂ ਕਿ ਤਾਮਿਲ, ਤੇਲਗੂ ਜਾਂ ਗੁਜਰਾਤੀ ਨੂੰ ਹਿੰਦੀ ਭਾਸ਼ਾ ਦਬਾਏ। ਹਿੰਦੀ ਨੂੰ ਇਹ ਹੰਕਾਰ ਗਾਂਧੀ ਜੀ ਦੇ ਗਏ ਕਿ ਉਹ ਰਾਸ਼ਟਰ ਭਾਸ਼ਾ ਹੈ, ਤਾਂ ਹਿੰਦੀ ਸੂਬੇ ਉਸ ਹੰਕਾਰ ਤੋਂ ਪ੍ਰੇਸ਼ਾਨ ਹਨ ਅਤੇ ਉਹ ਆਪਣੀ ਭਾਸ਼ਾ ਨੂੰ ਪੂਰੇ ਦੇਸ਼ ’ਤੇ ਠੋਸਣ ਦੀ ਕੋਸ਼ਿਸ਼ ਕਰ ਰਹੇ ਹਨ। ਹਿੰਦੀ ਦਾ ਸਾਮਰਾਜ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਕਿਸੇ ਭਾਸ਼ਾ ਦਾ ਵੀ ਨਹੀਂ ਕੀਤਾ ਜਾ ਸਕਦਾ ਹੈ।
ਸਿਰਫ ਸੰਸਦ ’ਚ ਹੀ ਸਾਨੂੰ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਸਾਰੀਆਂ ਭਾਸ਼ਾਵਾਂ ਦਾ ਅਨੁਵਾਦ ਹੋ ਸਕੇ। ਉਂਝ ਵੀ ਸੰਸਦ ਤਾਂ ਕੋਈ ਅਜਿਹਾ ਕੰਮ ਕਰਦੀ ਨਹੀਂ ਕਿ ਕੋਈ ਰੁਕਾਵਟ ਪੈਦਾ ਹੋ ਜਾਵੇ। ਸਾਲਾਂ ਤੱਕ ਇਕ-ਇਕ ਗੱਲ ’ਤੇ ਚਰਚਾ ਚੱਲਦੀ ਹੈ। ਕੁਝ ਹੋਰ ਸਮਾਂ ਚੱਲ ਜਾਵੇਗੀ ਤਾਂ ਕੋਈ ਫਰਕ ਨਹੀਂ ਪਵੇਗਾ। ਸੰਸਦ ਕੁਝ ਕਰਦੀ ਹੋਵੇ ਤਾਂ ਵੀ ਵਿਚਾਰ ਹੁੰਦਾ ਹੈ ਕਿ ਕਿਤੇ ਕੰਮ ’ਚ ਰੁਕਾਵਟ ਨਾ ਪੈ ਜਾਵੇ। ਕੰਮ ’ਚ ਰੁਕਾਵਟ ਪੈਣ ਵਾਲੀ ਨਹੀਂ ਲੱਗਦੀ।
ਮੇਰੀ ਸੋਚ ਇਹ ਵੀ ਹੈ ਕਿ ਜੇ ਅਸੀਂ ਰਾਸ਼ਟਰ ਭਾਸ਼ਾ ਨੂੰ ਥੋਪਣ ਦਾ ਉਪਾਅ ਨਾ ਕਰੀਏ ਤਾਂ ਸ਼ਾਇਦ 20-25 ਸਾਲਾਂ ’ਚ ਕੋਈ ਇਕ ਭਾਸ਼ਾ ਵਿਕਸਿਤ ਹੋਵੇਗੀ ਅਤੇ ਹੌਲੀ-ਹੌਲੀ ਰਾਸ਼ਟਰ ਨੂੰ ਘੇਰ ਲਵੇਗੀ। ਉਹ ਭਾਸ਼ਾ ਹਿੰਦੀ ਨਹੀਂ ਹੋਵੇਗੀ, ਉਹ ਭਾਸ਼ਾ ਹਿੰਦੋਸਤਾਨੀ ਹੋਵੇਗੀ। ਉਸ ’ਚ ਤਾਮਿਲ ਦੇ ਸ਼ਬਦ ਵੀ ਹੋਣਗੇ, ਤੇਲਗੂ ਦੇ ਵੀ, ਅੰਗਰੇਜ਼ੀ ਦੇ ਵੀ, ਗੁਜਰਾਤੀ ਦੇ ਵੀ ਅਤੇ ਮਰਾਠੀ ਦੇ ਵੀ। ਉਹ ਇਕ ਮਿਲੀ-ਜੁਲੀ ਨਵੀਂ ਭਾਸ਼ਾ ਹੋਵੇਗੀ ਜੋ ਹੌਲੀ-ਹੌਲੀ ਭਾਰਤ ਦੇ ਜੀਵਨ ’ਚ ਵਿਕਸਿਤ ਹੋ ਜਾਵੇਗੀ ਪਰ ਜੇ ਕੋਈ ਸ਼ੁੱਧਤਾ ਵਾਦੀ ਚਾਹੁੰਦਾ ਹੋਵੇ ਕਿ ਸ਼ੁੱਧ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣਾ ਹੈ ਤਾਂ ਇਹ ਪਾਗਲਪਨ ਵਾਲੀ ਗੱਲ ਹੋਵੇਗੀ। ਇਸ ਰਾਹੀਂ ਕਿਸੇ ਦਾ ਕੋਈ ਹਿੱਤ ਨਹੀਂ ਹੋ ਸਕਦਾ। ਇਹ ਤਾਂ ਸੀ ਓਸ਼ੋ ਦੀ ਸੋਚ।
ਮਹਾਰਾਸ਼ਟਰ ਇਕ ਅਜਿਹਾ ਸੂਬਾ ਹੈ ਜੋ ਆਪਣੀ ਸੰਸਕ੍ਰਿਤੀ, ਖੁਸ਼ਹਾਲੀ, ਮਰਾਠੀ ਭਾਸ਼ਾ ਲਈ ਜਾਣਿਆ ਜਾਂਦਾ ਹੈ। ਅੱਜ ਭਾਸ਼ਾ ਦੇ ਵਿਵਾਦ ਕਾਰਨ ਉਹ ਚਰਚਾ ’ਚ ਹੈ। ਮਰਾਠੀ ਜੋ ਇਸ ਸੂਬੇ ਦੀ ਆਤਮਾ ਹੈ, ਨਾ ਸਿਰਫ ਇਕ ਭਾਸ਼ਾ ਹੈ ਸਗੋਂ ਮਹਾਰਾਸ਼ਟਰ ਦੀ ਪਛਾਣ, ਇਤਿਹਾਸ ਅਤੇ ਮਾਣ ਦੀ ਪ੍ਰਤੀਕ ਵੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਮਰਾਠੀ ਭਾਸ਼ਾ ਦੀ ਵਰਤੋਂ ਅਤੇ ਸਤਿਕਾਰ ਨੂੰ ਲੈ ਕੇ ਕਈ ਵਿਵਾਦ ਸਾਹਮਣੇ ਆਏ ਹਨ, ਜੋ ਸਮਾਜਿਕ ਅਤੇ ਸਿਆਸੀ ਪੱਧਰ ’ਤੇ ਤਣਾਅ ਦਾ ਕਾਰਨ ਬਣ ਰਹੇ ਹਨ।
ਮਹਾਰਾਸ਼ਟਰ ’ਚ ਮਰਾਠੀ ਨੂੰ ਪਹਿਲ ਦੇਣ ਦੀ ਮੰਗ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਵਿਸ਼ੇਸ਼ ਤੌਰ ’ਤੇ ਮੁੰਬਈ ਵਰਗੇ ਮਹਾਨਗਰਾਂ ’ਚ ਜਿੱਥੇ ਵੰਨ-ਸੁਵੰਨਤਾ ਆਪਣੇ ਸਿਖਰ ’ਤੇ ਹੈ। ਮਰਾਠੀ ਭਾਸ਼ਾ ਨੂੰ ਕਈ ਵਾਰ ਬੇਧਿਆਨ ਹੋਇਆ ਮਹਿਸੂਸ ਕੀਤਾ ਜਾਂਦਾ ਹੈ। ਗੈਰ-ਮਰਾਠੀ ਭਾਸ਼ਾਈ ਭਾਈਚਾਰਿਆਂ ਦੀ ਮੌਜੂਦਗੀ ਅਤੇ ਸੰਸਾਰੀਕਰਨ ਦੇ ਪ੍ਰਭਾਵ ਨੇ ਮਰਾਠੀ ਦੀ ਵਰਤੋਂ ਨੂੰ ਕੁਝ ਹੱਦ ਤੱਕ ਸੀਮਤ ਕੀਤਾ ਹੈ। ਇਹ ਸਥਿਤੀ ਸਥਾਨਕ ਲੋਕਾਂ ’ਚ ਅਸੰਤੋਸ਼ ਨੂੰ ਜਨਮ ਦਿੰਦੀ ਹੈ ਜੋ ਆਪਣੀ ਭਾਸ਼ਾ ਅਤੇ ਸੰਸਕ੍ਰਿਤੀ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ।
ਭਾਸ਼ਾ ਸਿਰਫ ਗੱਲਬਾਤ ਦਾ ਮਾਧਿਅਮ ਨਹੀਂ ਹੈ, ਸਗੋਂ ਸੱਭਿਆਚਾਰਕ, ਸਾਹਿਤ ਅਤੇ ਰਵਾਇਤਾਂ ਦੀ ਵਾਹਕ ਵੀ ਹੈ। ਮਰਾਠੀ ਸਾਹਿਤ ਜਿਸ ’ਚ ਸੰਤ ਗਿਆਨੇਸ਼ਵਰ ਤੋਂ ਲੈ ਕੇ ਆਧੁਨਿਕ ਲੇਖਕਾਂ ਤੱਕ ਦਾ ਯੋਗਦਾਨ ਸ਼ਾਮਲ ਹੈ, ਜੋ ਕੌਮਾਂਤਰੀ ਪੱਧਰ ’ਤੇ ਆਪਣੀ ਡੂੰਘਾਈ ਲਈ ਜਾਣਿਆ ਜਾਂਦਾ ਹੈ। ਫਿਰ ਵੀ ਸਰਕਾਰੀ ਦਫਤਰਾਂ, ਵਿੱਦਿਅਕ ਅਦਾਰਿਆਂ ਅਤੇ ਜਨਤਕ ਥਾਵਾਂ ’ਤੇ ਮਰਾਠੀ ਦੀ ਵਰਤੋਂ ’ਚ ਕਮੀ ਵੇਖੀ ਜਾ ਰਹੀ ਹੈ। ਇਹ ਸਥਿਤੀ ਮਰਾਠੀ ਭਾਸ਼ਾਈ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ।
ਸੂਬਾ ਸਰਕਾਰ ਨੇ ਮਰਾਠੀ ਨੂੰ ਜ਼ਰੂਰੀ ਕਰਨ ਲਈ ਕੁਝ ਕਦਮ ਚੁੱਕੇ ਹਨ ਜਿਵੇਂ ਸਕੂਲਾਂ ’ਚ ਮਰਾਠੀ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ ਪਰ ਇਨ੍ਹਾਂ ਯਤਨਾਂ ਨੂੰ ਹੋਰ ਅਸਰਦਾਰ ਬਣਾਉਣ ਦੀ ਲੋੜ ਹੈ। ਨਾਲ ਹੀ ਮਰਾਠੀ ਪ੍ਰਤੀ ਸਤਿਕਾਰ ਨੂੰ ਵਧਾਉਣ ਲਈ ਸਮਾਜਿਕ ਜਾਗਰੂਕਤਾ ਵੀ ਜ਼ਰੂਰੀ ਹੈ। ਗੈਰ-ਮਰਾਠੀ ਭਾਸ਼ਾਈ ਲੋਕਾਂ ਨੂੰ ਵੀ ਮਰਾਠੀ ਸਿੱਖਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਸਮਾਜਿਕ ਏਕਤਾ ਮਜ਼ਬੂਤ ਹੋਵੇ।
ਮਰਾਠੀ ਭਾਸ਼ਾ ਜਾਂ ਦੇਸ਼ ਨੂੰ ਹੋਰ ਭਾਸ਼ਾਵਾਂ ਦੀ ਸਰਪ੍ਰਸਤੀ ਦੇਣੀ ਸਿਰਫ ਇਕ ਸੂਬੇ ਦੀ ਜ਼ਿੰਮੇਵਾਰੀ ਨਹੀਂ ਸਗੋਂ ਇਹ ਸਾਡੀ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ। ਵਿਵਾਦਾਂ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਸਹਿਯੋਗ ਜ਼ਰੂਰੀ ਹੈ। ਮਰਾਠੀ ਅਤੇ ਹੋਰ ਭਾਸ਼ਾਵਾਂ ਨੂੰ ਉਨ੍ਹਾਂ ਦੀ ਢੁੱਕਵੀਂ ਥਾਂ ਦਿਵਾਉਣ ਲਈ ਸਾਨੂੰ ਇਕਮੁੱਠ ਹੋ ਕੇ ਯਤਨ ਕਰਨੇ ਹੋਣਗੇ ਤਾਂ ਜੋ ਸਭ ਭਾਸ਼ਾਵਾਂ ਆਪਣੀ ਸ਼ਾਨ ਨਾਲ ਵਧਦੀਆਂ-ਫੁੱਲਦੀਆਂ ਰਹਿਣ।
ਵਿਨੀਤ ਨਾਰਾਇਣ