ਕੀ ‘ਆਪ’ ਆਉਣ ਵਾਲੀਆਂ ਚੋਣਾਂ ਵਿਚ ‘ਇਕੱਲਿਆਂ’ ਚੱਲਣ ’ਤੇ ਵਿਚਾਰ ਕਰ ਰਹੀ !

Tuesday, Jul 01, 2025 - 04:59 PM (IST)

ਕੀ ‘ਆਪ’ ਆਉਣ ਵਾਲੀਆਂ ਚੋਣਾਂ ਵਿਚ ‘ਇਕੱਲਿਆਂ’ ਚੱਲਣ ’ਤੇ ਵਿਚਾਰ ਕਰ ਰਹੀ !

ਗੁਜਰਾਤ ਅਤੇ ਪੰਜਾਬ ਉਪ-ਚੋਣਾਂ ਵਿਚ ਹਾਲ ਹੀ ’ਚ ਮਿਲੀ ਜਿੱਤ ਤੋਂ ਆਮ ਆਦਮੀ ਪਾਰਟੀ ਖੁਸ਼ ਹੈ। ਰਵਾਇਤੀ ਤੌਰ ’ਤੇ ਭਾਜਪਾ ਦੇ ਦਬਦਬੇ ਵਾਲੇ ਰਾਜਾਂ ਵਿਚ ਇਹ ਜਿੱਤਾਂ ਰਾਜਨੀਤਿਕ ਚਰਚਾ ਵਿਚ ਇਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦੀਆਂ ਹਨ। ‘ਆਪ’, ਜਿਸ ਨੂੰ ਕਦੇ ਦਿੱਲੀ-ਕੇਂਦ੍ਰਿਤ ਪਾਰਟੀ ਵਜੋਂ ਦੇਖਿਆ ਜਾਂਦਾ ਸੀ ਅਤੇ ਜੋ ਸਿਰਫ਼ ਦਿੱਲੀ ਵਿਚ ਰਾਜ ਕਰਦੀ ਸੀ, ਪਿਛਲੇ ਕੁਝ ਸਾਲਾਂ ਵਿਚ ਫੈਲ ਗਈ ਹੈ ਅਤੇ ਇਕ ਰਾਸ਼ਟਰੀ ਚਰਿੱਤਰ ਪ੍ਰਾਪਤ ਕਰ ਰਹੀ ਹੈ। ਇਹ ਹੁਣ ਪੰਜਾਬ ’ਤੇ ਰਾਜ ਕਰਦੀ ਹੈ ਅਤੇ ਗੁਜਰਾਤ ਵਰਗੇ ਰਾਜਾਂ ਵਿਚ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਲੰਬੇ ਸਮੇਂ ਤੋਂ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ।

ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਵੱਖ ਹੋਣ ਦੇ ਬਾਅਦ 2012 ’ਚ ਅਰਵਿੰਦ ਕੇਜਰੀਵਾਲ ਨੇ ਭਾਰਤੀ ਰਾਜਨੀਤੀ ਨੂੰ ਬਦਲਣ ਦੇ ਲਈ ‘ਆਪ’ ਦੀ ਸਥਾਪਨਾ ਕੀਤੀ ਸੀ। ਕੇਜਰੀਵਾਲ ਪਹਿਲੀ ਵਾਰ 2014 ’ਚ ਿਦੱਲੀ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਕੁਝ ਮਹੀਨਿਆਂ ਦੇ ਲਈ ਅਹੁਦਾ ਛੱਡ ਦਿੱਤਾ। ਹਾਲਾਂਕਿ, ਕੇਜਰੀਵਾਲ 2015 ’ਚ 70 ਵਿਧਾਨ ਸਭਾ ਸੀਟਾਂ ’ਚੋਂ 67 ਸੀਟਾਂ ਜਿੱਤ ਕੇ ਸੱਤਾ ’ਚ ਵਾਪਸ ਆਏ। ਉਨ੍ਹਾਂ ਨੇ 2025 ਤੱਕ ਦਿੱਲੀ ’ਤੇ ਸ਼ਾਸਨ ਕੀਤਾ।

ਹਾਲ ਹੀ ’ਚ ਫਰਵਰੀ ’ਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾ ਜਿਨ੍ਹਾਂ ’ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਤੋਂ ਬਾਅਦ ਇਹ ਉਪ ਚੋਣ ਜਿੱਤ ਕੇਜਰੀਵਾਲ ਦੇ ਲਈ ਮਹੱਤਵਪੂਰਨ ਹੈ। ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਹਾਲ ਦੇ ਚੋਣ ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ ਕਿਹਾ, ‘‘ਲੁਧਿਆਣਾ ਪੱਛਮੀ ਅਤੇ ਵਿਸਾਵਦਰ ’ਚ ਜਿੱਤ ਦਰਸਾਉਂਦੀ ਹੈ ਕਿ ਲੋਕ ਪ੍ਰਭਾਵੀ ਸ਼ਾਸਨ ਚਾਹੁੰਦੇ ਹਨ। ਅਰਵਿੰਦ ਕੇਜਰੀਵਾਲ ਦੇ ਦ੍ਰਿਸ਼ਟੀਕੋਣ ਨੂੰ ਘਟਾ ਕੇ ਦੇਖਣਾ ਇਕ ਗਲਤੀ ਹੈ–

ਉਨ੍ਹਾਂ ਦਾ ਟੀਚਾ ਆਪਣੇ ਮਾਡਲ ਨੂੰ ਪੂਰੇ ਦੇਸ਼ ’ਚ ਲਾਗੂ ਕਰਨਾ ਹੈ। ਲੁਧਿਆਣਾ ਅਤੇ ਵਿਸਾਵਦਰ ਦੇ ਲੋਕਾਂ ਨੂੰ ਵਧਾਈ ਅਤੇ ਪੰਜਾਬ ਅਤੇ ਗੁਜਰਾਤ ਦੇ ਸਾਰੇ ਕਾਰਕੁੰਨਾਂ ਨੂੰ ਸ਼ੁੱਭਕਾਮਨਾਵਾਂ।’’

ਪੰਜਾਬ ’ਚ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ’ਤੇ ਪਾਰਟੀ ਨੇ ਜਿੱਤ ਦਰਜ ਕੀਤੀ, ਜਿੱਥੇ ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾਇਆ। ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ’ਚ ਪ੍ਰਦੇਸ਼ ਪ੍ਰਧਾਨ ਗੋਪਾਲ ਇਟਾਲੀਆ ਨੇ ਵਿਸਾਵਦਰ ’ਚ ਭਾਜਪਾ ਦੇ ਕਿਰੀਟ ਪਟੇਲ ਨੂੰ 17,554 ਵੋਟਾਂ ਨਾਲ ਹਰਾਇਆ। 2022 ਦੀਆਂ ਚੋਣਾਂ ’ਚ ਆਪ ਨੇ ਦੋਵੇਂ ਸੀਟਾਂ ਜਿੱਤੀਆਂ ਅਤੇ ਇਸ ਵਾਰ ਦੁੱਗਣੇ ਫਰਕ ਨਾਲ ਜਿੱਤ ਹਾਸਲ ਕੀਤੀ।

ਪੰਜਾਬ ਅਤੇ ਗੁਜਰਾਤ ’ਚ ‘ਜਿੱਤ ਨਾਲ ‘ਆਪ’ ਦੇ ਨਿਰਾਸ਼ ਨੇਤਾਵਾਂ, ਵਰਕਰਾਂ ਅਤੇ ਸਮਰਥਕਾਂ ’ਚ ਉਮੀਦ ਜਾਗੀ ਹੈ। ਰਾਜਨੀਤੀ ’ਚ ਹਾਰ-ਜਿੱਤ ਆਮ ਗੱਲ ਹੈ। ਮਾਅਨੇ ਇਹ ਰੱਖਦਾ ਹੈ ਕਿ ਕੋਈ ਪਾਰਟੀ ਕਿੰਨੀ ਜਲਦੀ ਉਭਰ ਪਾਉਂਦੀ ਹੈ ਅਤੇ ਆਪਣਾ ਵਜੂਦ ਬਚਾ ਪਾਉਂਦੀ ਹੈ। 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਦੀ ਦੋਹਰੀ ਜਿੱਤ ਨਾਲ ਸਾਫ ਸੰਕੇਤ ਮਿਲਦਾ ਹੈ ਕਿ ‘ਆਪ’ ਅਜੇ ਵੀ ਬਾਹਰ ਨਹੀਂ ਹੋਈ ਹੈ।

ਫਰਵਰੀ ’ਚ ਹੀ ‘ਆਪ’ ਨੂੰ ਦਿੱਲੀ ਵਿਧਾਨ ਸਭਾ ਚੋਣਾਂ ’ਚ ਝਟਕਾ ਲੱਗਾ ਸੀ, ਜਿਸ ਦੇ ਨਤੀਜੇ ਵਜੋਂ ਉਸ ਦਾ ਦਸ ਸਾਲ ਦਾ ਸ਼ਾਸਨ ਖਤਮ ਹੋ ਗਿਆ ਸੀ ਅਤੇ ਭਾਜਪਾ ਨੇ 70 ’ਚੋਂ 48 ਸੀਟਾਂ ਜਿੱਤੀਆਂ ਸਨ। ਇਨ੍ਹਾਂ ਉਪ ਚੋਣਾਂ ’ਚ ‘ਆਪ’ ਦੀ ਜਿੱਤ ਨਾਲ ਪਾਰਟੀ ਦੇ ਕਾਰਜਕਰਤਾਵਾਂ ਅਤੇ ਸਮਰਥਕਾਂ ’ਚ ਜੋਸ਼ ਭਰਨ ਦੀ ਸੰਭਾਵਨਾ ਹੈ। ਰਾਜਨੀਤਿਕ ਕਿਸਮਤ ਬਹੁਤ ਜਲਦੀ ਬਦਲ ਸਕਦੀ ਹੈ ਅਤੇ ਇਸ ਵਾਰ ਇਹ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਪੱਖ ’ਚ ਹੈ। ‘ਆਪ’ ਦੇ ਮੁਖੀ ਨੇ ਕਿਹਾ ਕਿ ਕਾਂਗਰਸ-ਭਾਜਪਾ ਦੋਵਾਂ ਦੀ ਹਾਰ ਉਨ੍ਹਾਂ ਦੇ ਲਈ ਇਕ ਵੱਡਾ ਝਟਕਾ ਸੀ। ਹਾਲ ਹੀ ’ਚ ਹੋਈਆਂ ਉਪ ਚੋਣਾਂ ’ਚ ਮਿਲੀ ਜਿੱਤ ਨੇ ਪਾਰਟੀ ਦੇ ਕਾਰਜਕਰਤਾਵਾਂ ’ਚ ਜੋਸ਼ ਭਰ ਦਿੱਤਾ ਹੈ। ਉਪ ਚੋਣਾਂ ’ਚ ਇਹ ਵਾਪਸੀ ਪਾਰਟੀ ਦੀ ਦ੍ਰਿੜ੍ਹਤਾ ਅਤੇ ਅਸਫਲਤਾਵਾਂ ਨਾਲ ਉਭਰਨ ਦੀ ਯੋਗਤਾ ਨੂੰ ਦਰਸਾਉਂਦੀ ਹੈ।

ਆਮ ਆਦਮੀ ਪਾਰਟੀ ਨੂੰ ਆਗਾਮੀ ਰਾਜ ਸਭਾ ਚੋਣਾਂ ’ਚ ਇਕ ਸੀਟ ਮਿਲਣ ਦੀ ਉਮੀਦ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ’ਚ ਪ੍ਰਵੇਸ਼ ਕਰਨਗੇ, ਜਦਕਿ ਉਨ੍ਹਾਂ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਸੀ।

ਉਪ ਚੋਣਾਂ ’ਚ ‘ਆਪ’ ਦੀ ਜਿੱਤ ਦਾ ਰਾਸ਼ਟਰੀ ਰਾਜਨੀਤੀ ’ਤੇ ਕੀ ਪ੍ਰਭਾਵ ਪਏਗਾ? ਪਾਰਟੀ ਦਾ ਇਤਿਹਾਸ ਸਫਲਤਾਵਾਂ ਅਤੇ ਅਸਫਲਤਾਵਾਂ ਦੋਵਾਂ ਨਾਲ ਭਰਿਆ ਹੋਇਆ ਹੈ। ਪਿਛਲੇ 12 ਸਾਲਾਂ ’ਚ ਇਹ ਇਕ ਰਾਸ਼ਟਰੀ ਪਾਰਟੀ ਅਤੇ ਇਕ ਰਾਜਨੀਤਿਕ ਤਾਕਤ ਦੇ ਰੂਪ ’ਚ ਉਭਰੀ ਹੈ। ਇਸ ਨੇ ਪੰਜਾਬ ਅਤੇ ਦਿੱਲੀ (ਫਰਵਰੀ ਤੱਕ) ’ਤੇ ਸ਼ਾਸਨ ਕੀਤਾ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਇੱਛਾ ਵਿਅਕਤ ਕੀਤੀ ਹੈ ਅਤੇ 2014 ’ਚ ਮੋਦੀ ਦੇ ਵਿਰੁੱਧ ਚੋਣ ਲੜੀ ਸੀ। ਕਲਿਆਣਕਾਰੀ ਨੀਤੀਆਂ ਨੂੰ ਅਪਣਾਉਣ ਅਤੇ ਮੁਫਤ ਲਾਭ ਦੇਣ ਨਾਲ ਪਾਰਟੀ ਦੇ ਵਾਧੇ ਨੂੰ ਬੜ੍ਹਾਵਾ ਮਿਲਿਆ ਹੈ। ਕੁਸ਼ਲ ਜਨਤਕ ਸੇਵਾ ਵੰਡ ਅਤੇ ਨਾਗਰਿਕਾਂ ਦੇ ਨਾਲ ਸਿੱਧੇ ਜੁੜਾਅ ’ਤੇ ਕੇਂਦਰਿਤ ‘ਆਪ’ ਦਾ ਦ੍ਰਿਸ਼ਟੀਕੋਣ ਜੀਵਨ ਦੀ ਗੁਣਵੱਤਾ ’ਚ ਤੁਰੰਤ ਸੁਧਾਰ ਨੂੰ ਪਹਿਲ ਦਿੰਦਾ ਹੈ।

ਇਸ ਨਵੇਂ ਦ੍ਰਿਸ਼ਟੀਕੋਣ ਨੇ ਪਾਰਟੀ ਨੂੰ ਭਾਰਤੀ ਰਾਜਨੀਤੀ ’ਚ ਇਕ ਅਨੋਖੀ ਪਛਾਣ ਦਿੱਤੀ ਹੈ। ‘ਆਪ’ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ 2025 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਭਾਜਪਾ ਦੇ ਹੱਥੋਂ ਹਾਰ ਗਈ। ਉਸ ਨੂੰ ਉਦੋਂ ਝਟਕਾ ਲੱਗਾ ਜਦੋਂ ਉਸ ਦੇ ਕੋਆਰਡੀਨੇਟਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ-ਨਾਲ ਉਨ੍ਹਾਂ ਦੇ ਕੁਝ ਵਿਸ਼ੇਸ਼ ਸਹਿਯੋਗੀਆਂ ਨੇ ਵੀ ਆਪਣੀਆਂ ਸੀਟਾਂ ਗੁਆ ਦਿੱਤੀਆਂ। ਇਸ ਦੌਰਾਨ, ਪਾਰਟੀ ਦੇ ਅਕਸ ’ਚ ਭਾਰੀ ਗਿਰਾਵਟ ਆਈ ਜਦੋਂ ਕੇਜਰੀਵਾਲ ਅਤੇ ਉਨ੍ਹਾਂ ਦੇ ਕੁਝ ਮੰਤਰੀਆਂ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਲਈ ਜੇਲ ਜਾਣਾ ਪਿਆ। ਉਨ੍ਹਾਂ ਨੇ ਚੋਣਾਂ ਤੱਕ ਆਪਣੀ ਸਹਿਯੋਗੀ ਆਤਿਸ਼ੀ ਨੂੰ ਸੱਤਾ ਸੌਂਪ ਦਿੱਤੀ। ਹਾਰ ਦੇ ਹੋਰ ਵੀ ਕਾਰਨ ਸਨ।

ਇਸ ’ਚ ‘ਆਪ’ ਅਤੇ ਉਸ ਦੇ ਨੇਤਾਵਾਂ ਨੂੰ ਮੱਧ ਵਰਗ ਦਾ ਮੋਹਭੰਗ ਸ਼ਾਮਲ ਹੈ। ਕਈ ਸਮਰਥਕ ਇਸ ਗੱਲ ਤੋਂ ਨਿਰਾਸ਼ ਸਨ ਕਿ ‘ਆਪ’ ਦੀਆਂ ਕਲਿਆਣਕਾਰੀ ਯੋਜਨਾਵਾਂ ਮੁੱਖ ਤੌਰ ’ਤੇ ਘੱਟ ਆਮਦਨ ਵਰਗ ਨੂੰ ਲਾਭ ਪਹੁੰਚਾਉਂਦੀਆਂ ਹਨ ਜਦਕਿ ਤਨਖਾਹ ਲੈਣ ਵਾਲੇ ਮੱਧ ਵਰਗ ਦੀ ਅਣਡਿੱਠਤਾ ਕੀਤੀ ਜਾਂਦੀ ਹੈ। ਝੁੱਗੀ-ਝੌਂਪੜੀ ’ਚ ਰਹਿਣ ਵਾਲੇ ਪ੍ਰਵਾਸੀ ਕਾਮੇ ਅਤੇ ਦਿਹਾੜੀਦਾਰ ਮਜ਼ਦੂਰ ‘ਆਪ’ ਦੇ ਵਫਾਦਾਰ ਵੋਟਰ ਆਧਾਰ ਸਬਸਿਡੀ ਅਤੇ ਨਕਦ ਟਰਾਂਸਫਰ ਪ੍ਰਾਪਤ ਕਰਦੇ ਹਨ, ਜਿਸ ਤੋਂ ਮੱਧ ਉਮਰ ਵਰਗ ਦੇ ਲੋਕ ਅਣਗੌਲਿਆ ਮਹਿਸੂਸ ਕਰਦੇ ਹਨ।

ਆਮ ਆਦਮੀ ਪਾਰਟੀ ਵਿਰੋਧੀ ਗਠਜੋੜ ‘ਇੰਡੀਆ’ ਦਾ ਹਿੱਸਾ ਹੈ ਅਤੇ 2024 ਦੀਆਂ ਚੋਣਾਂ ’ਚ ਕਾਂਗਰਸ ਦੇ ਨਾਲ ਕੰਮ ਕੀਤਾ ਹੈ। ਹਾਲਾਂਕਿ ਦੋਵਾਂ ਪਾਰਟੀਆਂ ਨੇ ਮਹਿਸੂਸ ਕੀਤਾ ਹੈ ਕਿ ਇਸ ਸਾਂਝੇਦਾਰੀ ਨਾਲ ਕਿਸੇ ਨੂੰ ਵੀ ਮਦਦ ਨਹੀਂ ਮਿਲੀ ਹੈ। ਹੁਣ ‘ਆਪ’ ਆਗਾਮੀ ਚੋਣਾਂ ’ਚ ਆਜ਼ਾਦਾਨਾ ਤੌਰ ’ਤੇ ਚੱਲਣ ’ਤੇ ਵਿਚਾਰ ਕਰ ਰਹੀ ਹੈ। ਇਹ ਫੈਸਲਾ, ਹਾਲ ਹੀ ’ਚ ਹੋਈਆਂ ਉਪ ਚੋਣਾਂ ’ਚ ਜਿੱਤ ਤੋਂ ਬਾਅਦ ‘ਆਪ’ ਦੀ ਮਜ਼ਬੂਤ ਹਾਜ਼ਰੀ ਦੇ ਨਾਲ, ਭਾਰਤੀ ਰਾਜਨੀਤੀ ’ਚ ਪਾਰਟੀ ਦੇ ਭਵਿੱਖ ਨੂੰ ਕਾਫੀ ਦਿਲਚਸਪ ਬਣਾਉਂਦਾ ਹੈ।

ਕਲਿਆਣੀ ਸ਼ੰਕਰ


author

Rakesh

Content Editor

Related News