ਮਜੀਠੀਆ ਦੀ ਗ੍ਰਿਫਤਾਰੀ ਕੀ ਸਿਆਸੀ ਮੰਤਵਾਂ ਲਈ ਸਿਆਸੀ ਪੱਖੋਂ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਹੈ?
Wednesday, Jul 02, 2025 - 09:19 PM (IST)

ਕਥਿਤ ਮਨੀ ਲਾਂਡਰਿੰਗ ਮਾਮਲੇ ’ਚ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਸਾਡੇ ਲੋਕਰਾਜ ਦੀਆਂ ਕਾਨੂੰਨੀ, ਸਿਆਸੀ ਅਤੇ ਲੋਕਰਾਜੀ ਪ੍ਰਕਿਰਿਆਵਾਂ ਨਾਲ ਸਬੰਧਤ ਕਈ ਸਵਾਲ ਉਠਾਉਂਦੀ ਹੈ। ਮਜੀਠੀਆ ਵਿਰੁੱਧ ਕਥਿਤ ਤੌਰ ’ਤੇ ਡਰੱਗਜ਼ ਨਾਲ ਉਨ੍ਹਾਂ ਦੀ ਸ਼ਮੂਲੀਅਤ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਸਿਆਸਤ ਦੇ ਕੇਂਦਰ ’ਚ ਰਿਹਾ ਹੈ।
ਉਨ੍ਹਾਂ ਨੂੰ ਜੇਲ ’ਚ ਰੱਖਿਆ ਗਿਆ, ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਅਤੇ ਹੁਣ ਤੱਕ ਉਨ੍ਹਾਂ ’ਤੇ ਕੋਈ ਦੋਸ਼ ਸਾਬਿਤ ਨਹੀਂ ਹੋਇਆ। ਵੱਖ-ਵੱਖ ਸਰਕਾਰਾਂ ਨੇ ਡਰੱਗਜ਼ ਵਿਰੁੱਧ ਲੜਾਈ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕੀਤੀ ਹੈ ਜੋ ਯਕੀਨੀ ਪੱਖੋਂ ਕਿਸੇ ਵੀ ਸਮਝੌਤੇ ਦੀ ਗੱਲ ਨਹੀਂ ਕਰਦੀ।
ਪਰ ਡਰੱਗਜ਼ ਅਤੇ ਡਰੱਗ ਮਨੀ ਵਿਰੁੱਧ ਲੜਾਈ ਪੁਲਸ ਦੀਆਂ ਸ਼ਕਤੀਆਂ ਦੀ ਦਮਨਕਾਰੀ ਵਰਤੋਂ ਰਾਹੀਂ ਨਹੀਂ ਸਗੋਂ ਕਾਨੂੰਨੀ ਪ੍ਰਕਿਰਿਆ, ਮੁਲਜ਼ਮ ਦੇ ਹੱਕ ’ਚ ਨਿਰਦੋਸ਼ ਹੋਣ ਦੇ ਅਨੁਮਾਨ ਦੇ ਮੌਲਿਕ ਅਧਿਕਾਰ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੇ ਸਤਿਕਾਰ ਨਾਲ ਲੜੀ ਜਾਣੀ ਚਾਹੀਦੀ ਹੈ। ਜਿੱਥੋਂ ਤੱਕ ਸਵੇਰੇ-ਸਵੇਰੇ ਛਾਪੇਮਾਰੀ ਅਤੇ ਮਜੀਠੀਆ ਦੀ ਗ੍ਰਿਫਤਾਰੀ ਦੇ ਤਰੀਕੇ ’ਤੇ ਸਵਾਲ ਹੈ ਤਾਂ ਅਜਿਹਾ ਨਹੀਂ ਲੱਗਦਾ।
ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਹ ਕਾਨੂੰਨੀ ਇਸਤਗਾਸਾ ਦਾ ਮਾਮਲਾ ਨਹੀਂ ਸਗੋਂ ਸਿਆਸੀ ਮੰਤਵਾਂ ਲਈ ਸਿਆਸੀ ਪੱਖੋਂ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਹੈ। ਮਜੀਠੀਆ ਦੀ ਗ੍ਰਿਫਤਾਰੀ ਸੁਪਰੀਮ ਕੋਰਟ ਵਲੋਂ ਕਈ ਮਾਮਲਿਆਂ ’ਚ ਨਿਰਧਾਰਤ ਕਾਨੂੰਨ ਵਿਰੁੱਧ ਹੈ ਭਾਵ ਮਨੁੱਖੀ ਆਜ਼ਾਦੀ ਨੂੰ ਸਿਰਫ ਅਸਾਧਾਰਨ ਮਾਮਲਿਆਂ ’ਚ ਹੀ ਸੀਮਤ ਕੀਤਾ ਜਾ ਸਕਦਾ ਹੈ ਅਤੇ ਅਪਰਾਧਿਕ ਮਾਮਲਿਆਂ ਦੀ ਜਾਂਚ ਲਈ ਮੁਲਜ਼ਮ ਦੀ ਗ੍ਰਿਫਤਾਰੀ ਦੀ ਲੋੜ ਨਹੀਂ ਹੈ। ਮਜੀਠੀਆ ਦੇ ਮਾਮਲੇ ’ਚ ਇਸ ਸਬੰਧੀ ਕੁਝ ਨਹੀਂ ਕਿਹਾ ਗਿਆ ਕਿ ਜਾਂਚ ਦੇ ਮੁੱਢਲੇ ਪੜਾਅ ’ਚ ਹੀ ਸਵੇਰ ਦੇ ਸਮੇਂ ਉਨ੍ਹਾਂ ਦੀ ਗ੍ਰਿਫਤਾਰੀ ਕਿਉਂ ਜ਼ਰੂਰੀ ਸੀ। ਇਹ ਸਿਧਾਂਤ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਨੂੰ ਢੁੱਕਵਾਂ ਨਹੀਂ ਠਹਿਰਾਉਂਦਾ।
ਮਜੀਠੀਆ ਇਕ ਵੱਕਾਰੀ ਸਿਆਸੀ ਨੇਤਾ ਹਨ ਅਤੇ ਉਨ੍ਹਾਂ ਦੇ ਭੱਜਣ ਦਾ ਖਤਰਾ ਨਹੀਂ ਹੈ। ਉਹ ਪੁਲਸ ਕੋਲ ਪਹਿਲਾਂ ਤੋਂ ਹੀ ਮੌਜੂਦ ਰਿਕਾਰਡ ਨਾਲ ਛੇੜਛਾੜ ਨਹੀਂ ਕਰ ਸਕਦੇ। ਸੂਬੇ ’ਚ ਸੱਤਾਧਾਰੀ ਪਾਰਟੀ ਜਿਸ ਦੇ ਨੇਤਾ ਭਾਜਪਾ ਵਲੋਂ ਆਪਣੀ ਕੇਂਦਰੀ ਲੀਡਰਸ਼ਿਪ ਵਿਰੁੱਧ ਸਿਆਸੀ ਬਦਲੇ ਦੀ ਸੰਭਾਵਨਾ ਦਾ ਦੋਸ਼ ਲਾਉਂਦੇ ਹਨ, ਨੂੰ ਇਹ ਜਾਣਨਾ ਚਾਹੀਦਾ ਹੈ ਕਿ ਉਨ੍ਹਾਂ ਕੋਲੋਂ ਕਾਨੂੰਨ ਨੂੰ ਨਿਰਪੱਖ ਢੰਗ ਨਾਲ ਲਾਗੂ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਤਾਂ ਜੋ ਇਨਸਾਫ ਨਾ ਸਿਰਫ ਹੋਵੇ ਸਗੋਂ ਹੁੰਦਾ ਹੋਇਆ ਨਜ਼ਰ ਵੀ ਆਵੇ।
ਮਜੀਠੀਆ ਦੀ ਗ੍ਰਿਫਤਾਰੀ ਆਜ਼ਾਦੀ, ਵੱਕਾਰ ਅਤੇ ਸ਼ਾਨ ਦੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਕੋਈ ਵੀ ਵਿਅਕਤੀ ਕਾਨੂੰਨ ਤੋਂ ਉਪਰ ਨਹੀਂ ਹੈ। ਇਹ ਗੱਲ ਯਾਦ ਰੱਖਣੀ ਅਹਿਮ ਹੈ ਕਿ ਸਿਆਸੀ ਆਗੂਆਂ ਦੇ ਵੱਕਾਰ ਨੂੰ ਬਿਨਾਂ ਉਨ੍ਹਾਂ ਦੇ ਅਪਰਾਧ ਨੂੰ ਸਾਬਿਤ ਕੀਤੇ ਧੁੰਦਲਾ ਕਰਨਾ ਸਿਆਸੀ ਵਰਗ ਦੀ ਭਰੋਸੇਯੋਗਤਾ ਨੂੰ ਖਤਮ ਕਰਦਾ ਹੈ ਅਤੇ ਇਸ ਤਰ੍ਹਾਂ ਲੋਕਰਾਜੀ ਸਿਆਸਤ ਦੀ ਇਮਾਰਤ ਨੂੰ ਕਮਜ਼ੋਰ ਬਣਾਉਂਦਾ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਮਜੀਠੀਆ ਅਤੇ ਪੰਜਾਬ ਦੇ ਲੋਕਾਂ ਨੂੰ ਇਕ ਆਜ਼ਾਦੀ ਪੱਖੀ ਸੰਵਿਧਾਨ ਦੇ ਮੂਲ ਸਿਧਾਂਤਾਂ ਮੁਤਾਬਕ ਨਿਆਂ ਦੀ ਉਮੀਦ ਕਰਨ ਦਾ ਅਧਿਕਾਰ ਹੈ।
ਅਸ਼ਵਨੀ ਕੁਮਾਰ (ਸਾਬਕਾ ਕਾਨੂੰਨ ਅਤੇ ਨਿਆਂ ਮੰਤਰੀ)