ਮਹਾਰਾਸ਼ਟਰ ’ਚ ਹਿੰਦੀ ਵਿਰੋਧ ਦਾ ਸੱਚ
Thursday, Jul 03, 2025 - 05:21 PM (IST)

ਇਹ ਇਕ ਅਜੀਬ ਬੁਝਾਰਤ ਹੈ ਕਿ ਹਿੰਦੀ ਪੜ੍ਹਨ ਨਾਲ ਖੁਦ ਦੀ ਪਛਾਣ ਖਤਰੇ ’ਚ ਪੈ ਜਾਂਦੀ ਹੈ ਪਰ ਅੰਗਰੇਜ਼ੀ ਦਾ ਅਧਿਐਨ ਕਰਦੇ ਸਮੇਂ ਅਜਿਹੀ ਕੋਈ ਚਿੰਤਾ ਨਹੀਂ ਸਤਾਉਂਦੀ। ਮਹਾਰਾਸ਼ਟਰ ਦਾ ਹਾਲੀਆ ਘਟਨਾ ਚੱਕਰ ਇਸ ਦੀ ਇਕ ਵੰਨਗੀ ਹੈ। ਬੀਤੇ ਦਿਨੀਂ ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਬਾਅਦ ਮਹਾਰਾਸ਼ਟਰ ਸਰਕਾਰ ਨੇ ਜਮਾਤ 1 ਤੋਂ 5 ਤੱਕ ਮਰਾਠੀ ਅਤੇ ਅੰਗਰੇਜ਼ੀ ਦੇ ਨਾਲ ਹਿੰਦੀ ਨੂੰ ਤੀਜੀ ਭਾਸ਼ਾ ਦੇ ਰੂਪ ’ਚ ਜ਼ਰੂਰੀ ਤੌਰ ’ਤੇ ਪੜ੍ਹਨ ਦਾ ਹੁਕਮ ਵਾਪਸ ਲੈ ਲਿਆ।
ਵਿਰੋਧੀ ਪਾਰਟੀਆਂ ਤਿੰਨ-ਭਾਸ਼ਾਈ ਯੋਜਨਾ ’ਤੇ ਹਿੰਦੀ ਥੋਪਣ ਦੀ ਕੋਸ਼ਿਸ਼, ਮਰਾਠੀ ਪਛਾਣ ’ਤੇ ਹਮਲਾ ਅਤੇ ਮਰਾਠੀ ਭਾਸ਼ਾ ਅਤੇ ਸੱਭਿਆਚਾਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾ ਰਹੀਆਂ ਹਨ। ਇਹ ਸਥਿਤੀ ਉਦੋਂ ਹੈ ਜਦੋਂ ਮਹਾਰਾਸ਼ਟਰ ਦੇ ਸਕੂਲਾਂ ’ਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਅੰਗਰੇਜ਼ੀ ਦੀ ਪੜ੍ਹਾਈ ਲਾਜ਼ਮੀ ਹੈ। ਕੀ ਕਾਰਨ ਹੈ ਕਿ ਅੰਗਰੇਜ਼ੀ ਦੀ ਪੜ੍ਹਾਈ ਹਿੰਦੀ ਦੀ ਪੜ੍ਹਾਈ ਵਾਂਗ ਮਰਾਠੀ ਸੱਭਿਆਚਾਰ ਅਤੇ ਪਛਾਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ? ਇਸ ਦੋਹਰੇ ਮਿਆਰ ਪਿੱਛੇ ਕੀ ਕਾਰਨ ਹਨ?
ਦਰਅਸਲ, ਇਹ ਜ਼ਹਿਰੀਲੀ ਅਤੇ ਨਫ਼ਰਤ-ਪ੍ਰੇਰਿਤ ਸੋਚ ਅਸਹਿਣਸ਼ੀਲਤਾ ਅਤੇ ਬਸਤੀਵਾਦ ਦਾ ਰੂਪ ਹੈ, ਜੋ ਤਾਮਿਲਨਾਡੂ ਅਤੇ ਕਰਨਾਟਕ ਰਾਹੀਂ ਮਹਾਰਾਸ਼ਟਰ ਤੱਕ ਪਹੁੰਚ ਗਈ ਹੈ, ਜਿਸਦਾ ਇਕੋ-ਇਕ ਉਦੇਸ਼ ਭਾਰਤੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਨਾ ਹੈ। ਬਿਨਾਂ ਸ਼ੱਕ, ਮਰਾਠੀ ਹੋਰ ਰਾਸ਼ਟਰੀ ਭਾਸ਼ਾਵਾਂ (ਪ੍ਰਾਚੀਨ ਭਾਸ਼ਾਵਾਂ ਸਮੇਤ) ਜਿੰਨੀ ਹੀ ਮਜ਼ਬੂਤ ਅਤੇ ਅਮੀਰ ਹੈ। ਕੁਝ ਦੱਖਣੀ ਭਾਰਤੀ ਰਾਜਾਂ ਦੀ ਤੁਲਨਾ ’ਚ, ਜਿੱਥੇ ਵੰਡਕਾਰੀ ਬਸਤੀਵਾਦੀ ਸੋਚ ਦੇ ਕਾਰਨ ਹਿੰਦੀ ਦਾ ਵਿਰੋਧ ਕੀਤਾ ਜਾਂਦਾ ਹੈ ਉਥੇ ਮਹਾਰਾਸ਼ਟਰ ’ਚ ਇਸ ਤਰ੍ਹਾਂ ਦਾ ਕੋਈ ਇਤਿਹਾਸ ਨਹੀਂ ਹੈ। ਮਹਾਰਾਸ਼ਟਰ ਦੇ ਵਿਦਰਭ ਅਤੇ ਮਰਾਠਵਾੜਾ ਖੇਤਰਾਂ ’ਚ ਵੱਡੀ ਗਿਣਤੀ ’ਚ ਹਿੰਦੀ ਬੋਲਣ ਵਾਲੀ ਆਬਾਦੀ ਰਹਿੰਦੀ ਹੈ। ਮਹਾਰਾਸ਼ਟਰ ਦੇ ਗਠਨ ਤੋਂ ਪਹਿਲਾਂ, ਵਿਦਰਭ ਮੱਧ ਭਾਰਤ (ਹੁਣ ਮੱਧ ਪ੍ਰਦੇਸ਼ ਦਾ ਹਿੱਸਾ) ਦਾ ਹਿੱਸਾ ਸੀ, ਜਦੋਂ ਕਿ ਮਰਾਠਵਾੜਾ ਨਿਜ਼ਾਮ ਦੇ ਸ਼ਾਸਨ ਅਧੀਨ ਸੀ। ਇਸ ਲਈ ਹਿੰਦੀ ਅਜੇ ਵੀ ਇਨ੍ਹਾਂ ਖੇਤਰਾਂ ’ਚ ਵਿਸ਼ੇਸ਼ ਮਹੱਤਵ ਰੱਖਦੀ ਹੈ।
ਇਹ ਦਿਲਚਸਪ ਹੈ ਕਿ ਜੋ ਸਿਆਸੀ ਸਮੂਹ ਹਿੰਦੀ ਭਾਸ਼ਾ ਦਾ ਵਿਰੋਧ ਕਰ ਰਿਹਾ ਹੈ ਉਹ ਅਕਸਰ ਸੰਵਿਧਾਨ ਲੋਕਤੰਤਰ ਬਚਾਓ ਦਾ ਨਾਅਰਾ ਬੁਲੰਦ ਕਰਦੇ ਹੋਏ ਮੋਦੀ ਸਰਕਾਰ ਨੂੰ ਗੱਲ-ਗੱਲ ’ਤੇ ਕਟਹਿਰੇ ’ਚ ਖੜ੍ਹਾ ਕਰਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਉਸੇ ਹਿੰਦੀ ਨੂੰ ਲੈ ਕੇ ਭਾਰਤੀ ਸੰਵਿਧਾਨ ’ਚ ਕੀ ਵਿਵਸਥਾ ਹੈ। ਸੰਵਿਧਾਨ ਦੀ ਧਾਰਾ 343-351 ਦੇ ਵਿਚਾਲੇ ਹਿੰਦੀ ਦੇ ਪ੍ਰਚਾਰ ਪ੍ਰਸਾਰ ਅਤੇ ਵਿਕਾਸ ’ਤੇ ਬਲ ਦਿੱਤਾ ਗਿਆ ਹੈ। ਹਿੰਦੀ ਨੂੰ ਦੇਸ਼ ਦੀ ਰਾਜ ਭਾਸ਼ਾ ਦਾ ਦਰਜਾ ਸੰਵਿਧਾਨ ਦੀ ਧਾਰਾ 343(1) ’ਚ ਦਿੱਤਾ ਗਿਆ ਹੈ ਜਿਸ ਦੇ ਅਨੁਸਾਰ ਸੰਘ ਦੀ ਰਾਜ ਭਾਸ਼ਾ ਹਿੰਦੀ ਅਤੇ ਲਿਪੀ ਦੇਵਨਾਗਰੀ ਹੋਵੇਗੀ। ਸੋਚੋ ਸੰਵਿਧਾਨ ਦੀਆਂ ਕਾਪੀਆਂ ਲਹਿਰਾਉਣ ਵਾਲੇ ਵੀ ਸੰਵਿਧਾਨਕ ਮਾਨਤਾ ਪ੍ਰਾਪਤ ਹਿੰਦੀ ਦਾ ਵਿਰੋਧ ਕਰ ਰਹੇ ਹਨ। ਇਹ ਰੋਚਕ ਸਥਿਤੀ ਉਦੋਂ ਹੈ ਜਦਕਿ ਮਰਾਠੀ ਭਾਸ਼ਾ ਦੀ ਲਿਪੀ ਵੀ ਦੇਵਨਾਗਰੀ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਜਿਸ ਹਿੰਦੀ ਸਿਨੇਮਾ ਨੇ ਦਹਾਕਿਆਂ ਤੱਕ ਹਿੰਦੀ ਨੂੰ ਵਿਸ਼ਵ ਪੱਧਰੀ ਪਛਾਣ ਦਿਵਾਈ, ਜਿਸ ਨੇ ਹਿੰਦੀ ਨੂੰ ਭਾਰਤ ਅਤੇ ਦੁਨੀਆ ਵਿਚਾਲੇ ਇਕ ਸੰਪਰਕ ਭਾਸ਼ਾ ਦੇ ਰੂਪ ’ਚ ਸਥਾਪਿਤ ਕਰਨ ’ਚ ਅਹਿਮ ਭੂਮਿਕਾ ਨਿਭਾਈ। ਉਸ ਦਾ ਗੜ੍ਹ ਕੋਈ ਹੋਰ ਨਹੀਂ ਸਗੋਂ ਮਹਾਰਾਸ਼ਟਰ ਦੀ ਮਾਇਆ ਨਗਰੀ ਮੁੰਬਈ ਹੈ। ਉਹੀ ਮੁੰਬਈ ਜੋ ਇਕ ਮਰਾਠੀ ਭਾਸ਼ੀ ਰਾਜ ਦੀ ਮੰਗ ਦੇ ਤਹਿਤ 1955 ’ਚ ਸ਼ੁਰੂ ਹੋਏ ਸੰਯੁਕਤ ਮਹਾਰਾਸ਼ਟਰ ਅੰਦੋਲਨ ਦਾ ਕੇਂਦਰ ਬਿੰਦੂ ਸੀ। ਲੰਬੇ ਸੰਘਰਸ਼ ਅਤੇ ਬਲਿਦਾਨ ਤੋਂ ਬਾਅਦ 1 ਮਈ 1960 ਨੂੰ ਮੁੰਬਈ ਦੀ ਰਾਜਧਾਨੀ ਬਣਾ ਕੇ ਮਹਾਰਾਸ਼ਟਰ ਰਾਜ ਦਾ ਗਠਨ ਹੋਇਆ।
ਧੁੰਡੀਰਾਜ ਗੋਵਿੰਦ ਫਾਲਕੇ (1870–1944), ਜੋ ਕਿ ਦਾਦਾ ਸਾਹਿਬ ਫਾਲਕੇ ਦੇ ਨਾਮ ਨਾਲ ਮਸ਼ਹੂਰ ਹਨ, ਨੂੰ ਭਾਰਤੀ ਫਿਲਮ ਉਦਯੋਗ ਦੇ ‘‘ਪਿਤਾਮਾ’’ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਭਾਰਤੀ ਸਿਨੇਮਾ ਦੇ ਕਲਾਕਾਰਾਂ ਲਈ ਸਭ ਤੋਂ ਵੱਕਾਰੀ ਸਨਮਾਨ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨ੍ਹਾਂ ਦਾ ਜਨਮ ਇਕ ਮਰਾਠੀ ਬੋਲਣ ਵਾਲੇ ਚਿਤਪਾਵਨ ਬ੍ਰਾਹਮਣ ਪਰਿਵਾਰ ’ਚ ਹੋਇਆ ਸੀ। ਦਹਾਕਿਆਂ ਤੋਂ, ਮੁੰਬਈ ਹਿੰਦੀ ਫਿਲਮਾਂ ਦਾ ਗੜ੍ਹ ਰਿਹਾ ਹੈ, ਜਿਸਨੇ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕੀਤੇ ਹਨ। ਭਾਵੇਂ ਪੰਜਾਬ (ਅਣਵੰਡਿਆ ਪੰਜਾਬ ਸਮੇਤ) ’ਚ ਜਨਮੇ ਧਰਮਿੰਦਰ, ਰਾਜੇਸ਼ ਖੰਨਾ, ਰਾਜੇਂਦਰ ਕੁਮਾਰ, ਸੁਨੀਲ ਦੱਤ, ਦੇਵ ਆਨੰਦ, ਸੰਨੀ ਦਿਓਲ, ਅਮਰੀਸ਼ ਪੁਰੀ, ਅਕਸ਼ੈ ਕੁਮਾਰ, ਜੂਹੀ ਚਾਵਲਾ ਵਰਗੇ ਅਦਾਕਾਰ ਅਤੇ ਅਭਿਨੇਤਰੀਆਂ ਹੋਣ ਜਾਂ ਪੇਸ਼ਾਵਰ ਦੇ ਵਿਨੋਦ ਖੰਨਾ, ਦਿਲੀਪ ਕੁਮਾਰ ਆਦਿ ਜਾਂ ਉੱਤਰ ਪ੍ਰਦੇਸ਼ ਤੋਂ ਅਮਿਤਾਭ ਬੱਚਨ, ਨਸੀਰੂਦੀਨ ਸ਼ਾਹ ਅਤੇ ਪ੍ਰਿਯੰਕਾ ਚੋਪੜਾ ਜਾਂ ਦੱਖਣ ਤੋਂ ਰੇਖਾ, ਹੇਮਾ ਮਾਲਿਨੀ, ਕਮਲ ਹਾਸਨ, ਸੁਨੀਲ ਸ਼ੈੱਟੀ ਆਦਿ ਅਤੇ ਪੂਰਬ ਤੋਂ ਡੈਨੀ ਡੇਂਜੋਂਗਪਾ, ਇਨ੍ਹਾਂ ਸਾਰਿਆਂ ਨੇ ਹਿੰਦੀ ਫਿਲਮਾਂ ਰਾਹੀਂ ਮਹਾਰਾਸ਼ਟਰ ਅਤੇ ਪੂਰੀ ਦੁਨੀਆ ’ਚ ਸਤਿਕਾਰ ਅਤੇ ਸਨਮਾਨ ਪ੍ਰਾਪਤ ਕੀਤਾ ਹੈ। ਕੀ ਇਨ੍ਹਾਂ ਸਾਰਿਆਂ ਨੇ ਮਰਾਠੀ ਭਾਸ਼ਾ, ਇਸ ਦੀ ਸੰਸਕ੍ਰਿਤੀ ਅਤੇ ਪਛਾਣ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ?
ਉਹ ਰਾਜਨੀਤਿਕ ਸਮੂਹ (ਠਾਕਰੇ ਭਰਾਵਾਂ ਸਮੇਤ) ਜੋ ਮਹਾਰਾਸ਼ਟਰ ’ਚ ਸੁਨਹਿਰੀ ਮੌਕੇ ਦੀ ਭਾਲ ’ਚ ਸਨ ਅਤੇ ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ’ਚ ਅਚਾਨਕ ਹਾਰ ਦਾ ਸਾਹਮਣਾ ਕਰਨਾ ਪਿਆ, ਹਿੰਦੀ ’ਤੇ ਆਪਣੀ ਵੰਡਪਾਊ ਰਾਜਨੀਤੀ ਰਾਹੀਂ ਆਪਣਾ ਗੁਆਚਿਆ ਸਮਰਥਨ ਆਧਾਰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਸਪੱਸ਼ਟ ਹੈ ਕਿ ਉਹ ਮਰਾਠੀ ਭਾਸ਼ਾ ਨਾਲੋਂ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਬਾਰੇ ਵਧੇਰੇ ਚਿੰਤਤ ਹਨ। ਸਾਨੂੰ ਸਾਰਿਆਂ ਨੂੰ ਆਪਣੀ ਜ਼ਮੀਰ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਮਰਾਠਾ ਸਾਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਸਮੇਤ ਬਹੁਤ ਸਾਰੇ ਬਹਾਦਰ ਮਰਾਠਿਆਂ ਦੀ ਕੁਰਬਾਨੀ, ਤਿਆਗ ਅਤੇ ਬਹਾਦਰੀ ਸਿਰਫ ਮਹਾਰਾਸ਼ਟਰ ਜਾਂ ਮਰਾਠੀ ਪਛਾਣ ਲਈ ਸੀ ਜਾਂ ‘ਹਿੰਦਵੀ ਸਵਰਾਜ’ ਲਈ?
ਮਹਾਨ ਸਮਾਜ ਸੁਧਾਰਕਾਂ ਅਤੇ ਆਜ਼ਾਦੀ ਘੁਲਾਟੀਆਂ ’ਚੋਂ ਇਕ ਵੀਰ ਸਾਵਰਕਰ, ਜਿਨ੍ਹਾਂ ਨੂੰ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਲਈ ਦੋ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ’ਚ ਉਨ੍ਹਾਂ ਨੂੰ ਅੰਡੇਮਾਨ ਅਤੇ ਨਿਕੋਬਾਰ ਦੀ ਕਾਲਾਪਾਣੀ ਜੇਲ ’ਚ ਅਣਮਨੁੱਖੀ ਤਸੀਹੇ ਝੱਲਣੇ ਪਏ ਸਨ, ਕੀ ਉਨ੍ਹਾਂ ਦੀ ਤਪੱਸਿਆ ਸਿਰਫ਼ ਉਸ ਸਮੇਂ ਦੇ ਬੰਬਈ ਸੂਬੇ ਲਈ ਸੀ ਜਾਂ ਪੂਰੇ ਭਾਰਤ ਨੂੰ ਬ੍ਰਿਟਿਸ਼ ਗੁਲਾਮੀ ਤੋਂ ਮੁਕਤ ਕਰਵਾਉਣ ਲਈ?
ਰਾਸ਼ਟਰਵਾਦੀ, ਅਧਿਆਪਕ, ਸਮਾਜ ਸੁਧਾਰਕ, ਵਕੀਲ ਅਤੇ ਪ੍ਰਮੁੱਖ ਆਜ਼ਾਦੀ ਘੁਲਾਟੀਏ ਲੋਕਮਾਨਿਆ ਬਾਲ ਗੰਗਾਧਰ ਤਿਲਕ ਨੇ ਜਨਤਕ ਗਣੇਸ਼ ਉਤਸਵ ਨੂੰ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਜਨਤਕ ਜਾਗ੍ਰਿਤੀ ਅਤੇ ਰਾਸ਼ਟਰ ਨਿਰਮਾਣ ਲਈ ਇਕ ਸ਼ਕਤੀਸ਼ਾਲੀ ਪਲੇਟਫਾਰਮ ਬਣਾਇਆ, ਜੋ ਕਿ ਜਾਤ, ਭਾਸ਼ਾਈ ਅਤੇ ਸੂਬਾਈ ਤੰਗੀ ਤੋਂ ਮੁਕਤ ਸੀ। ਉਨ੍ਹਾਂ ਦਾ ਯਤਨ ਪੂਰੇ ਭਾਰਤ ’ਚ ਜਨਤਕ ਜਾਗਰੂਕਤਾ ਫੈਲਾਉਣਾ ਸੀ। ਇਸ ਕਾਰਨ ਕਰ ਕੇ ਤਿਲਕ ਨੇ ਹਿੰਦੀ ਦੀ ਏਕਤਾ ਦੀ ਸ਼ਕਤੀ ਨੂੰ ਪਛਾਣਿਆ ਅਤੇ ਇਸਨੂੰ ਰਾਸ਼ਟਰੀ ਭਾਸ਼ਾ ਵਜੋਂ ਅਪਣਾਉਣ ਦਾ ਸੱਦਾ ਵੀ ਦਿੱਤਾ।
ਭਾਰਤ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦੇ ਮਾਮਲੇ ’ਚ ਬਹੁਤ ਅਮੀਰ ਹੈ। ਭਾਵੇਂ ਇਹ ਦੱਖਣ ’ਚ ਤਾਮਿਲ, ਮਲਿਆਲਮ, ਕੰਨੜ, ਤੇਲਗੂ ਹੋਵੇ ਜਾਂ ਉੱਤਰ ’ਚ ਕਸ਼ਮੀਰੀ, ਪੰਜਾਬੀ, ਮਾਰਵਾੜੀ, ਕੁਮਾਓਨੀ, ਗੜ੍ਹਵਾਲੀ ਹੋਵੇ ਜਾਂ ਪੂਰਬ ’ਚ ਬੰਗਾਲੀ, ਉੜੀਆ, ਅਸਾਮੀ, ਮੈਥਾਲੀ, ਭੋਜਪੁਰੀ, ਮੇਤੇਈ ਅਤੇ ਪੱਛਮ ’ਚ ਗੁਜਰਾਤੀ, ਮਰਾਠੀ ਅਤੇ ਕੋਂਕਣੀ ਆਦਿ, ਇਹ ਸਾਰੇ ਵਿਸ਼ਾਲ ਗਿਆਨ ਅਤੇ ਸਾਹਿਤ ਨਾਲ ਭਰਪੂਰ ਹਨ। ਕੰਧਾਰ ਤੋਂ ਕੰਨਿਆਕੁਮਾਰੀ ਅਤੇ ਕੱਛ ਤੋਂ ਕਾਮਰੂਪ ਤੱਕ, ਹਿੰਦੀ ਜ਼ਿਆਦਾਤਰ ਥਾਵਾਂ ’ਤੇ ਕਿਸੇ ਨਾ ਕਿਸੇ ਰੂਪ ’ਚ ਮੌਜੂਦ ਹੈ ਅਤੇ ਇਕ ਜੋੜਨ ਵਾਲੀ ਭਾਸ਼ਾ ਵਜੋਂ ਕੰਮ ਕਰਦੀ ਹੈ। ਇਸ ਦਾ ਵੱਡਾ ਸਿਹਰਾ ਹਿੰਦੀ ਫਿਲਮਾਂ ਨੂੰ ਜਾਂਦਾ ਹੈ, ਜਿਸਦਾ ਕੇਂਦਰ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਹੈ। ਹਿੰਦੀ ਸਮੇਤ ਸਾਰੀਆਂ ਭਾਸ਼ਾਵਾਂ ਸਮਾਜ ਨੂੰ ਜੋੜਦੀਆਂ ਹਨ ਪਰ ਕੁਝ ਸੁਆਰਥੀ, ਤੰਗ ਸੋਚ ਵਾਲੇ ਅਤੇ ਬਸਤੀਵਾਦੀ ਸੋਚ ਵਾਲੇ ਸਿਆਸਤਦਾਨ ਸਮਾਜ ਨੂੰ ਵੰਡਣ ਅਤੇ ਨਫਰਤ ਫੈਲਾਉਣ ਲਈ ਭਾਸ਼ਾ ਦੀ ਵਰਤੋਂ ਕਰਦੇ ਹਨ।
-ਬਲਬੀਰ ਪੁੰਜ