‘ਵਿਦੇਸ਼ਾਂ ’ਚ ਆਪਣੀਆਂ ਕਰਤੂਤਾਂ ਨਾਲ’ ਭਾਰਤ ਦਾ ਅਕਸ ਵਿਗਾੜ ਰਹੇ ਹਨ ਕੁਝ ਭਾਰਤੀ!
Thursday, Jul 03, 2025 - 07:11 AM (IST)

ਇਕ ਪਾਸੇ ਵਿਦੇਸ਼ਾਂ ’ਚ ਵੱਸੇ ਭਾਰਤੀ ਮੂਲ ਦੇ ਲੋਕ ਉਥੇ ਪ੍ਰਧਾਨ ਮੰਤਰੀ, ਮੰਤਰੀ, ਸੰਸਦ ਮੈਂਬਰ ਅਤੇ ਹੋਰ ਉੱਚ ਅਹੁਦਿਆਂ ’ਤੇ ਪਹੁੰਚ ਰਹੇ ਹਨ ਤਾਂ ਦੂਜੇ ਪਾਸੇ ਕੁਝ ਭਾਰਤੀ ਵਿਦੇਸ਼ਾਂ ’ਚ ਆਪਣੀਆਂ ਇਤਰਾਜ਼ਯੋਗ ਸਰਗਰਮੀਆਂ ਨਾਲ ਭਾਰਤ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੇ ਹਨ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 5 ਸਤੰਬਰ, 2024 ਨੂੰ ਥਾਈਲੈਂਡ ਦੇ ‘ਪਤਾਯਾ’ ਵਿਚ ਸੈਰ-ਸਪਾਟੇ ਲਈ ਪਹੁੰਚਣ ਦੇ ਪਹਿਲੇ ਹੀ ਦਿਨ 2 ਨੌਜਵਾਨਾਂ ਨੂੰ ਇਕ ਹੋਰ ਭਾਰਤੀ ਦੇ ਕੈਮਰੇ ਦੀ ਬੈਟਰੀ ਚੋਰੀ ਕਰਨ ਅਤੇ ਬੇ-ਮਤਲਬ ਅਾਵਾਰਾਗਰਦੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 28 ਨਵੰਬਰ, 2024 ਨੂੰ ਕੈਨੇਡਾ ਦੇ ‘ਬ੍ਰੈਂਪਟਨ’ ਵਿਚ ਵਿਦਿਆਰਥੀ ਵੀਜ਼ਾ ’ਤੇ ਆਏ 22 ਸਾਲਾ ਭਾਰਤੀ ਨੌਜਵਾਨ ਨੂੰ ਗ੍ਰੇਟਰ ਟੋਰਾਂਟੋ ਏਰੀਆ ਦੀ ਪੁਲਸ ਨੇ ਗ੍ਰਿਫਤਾਰ ਕੀਤਾ। ਦੋਸ਼ੀ ਨੌਜਵਾਨ ਔਰਤਾਂ ਨੂੰ ਫੁਸਲਾ ਕੇ ਅਾਪਣੀ ਕਾਰ ’ਚ ਬਿਠਾ ਕੇ ਲੈ ਜਾਂਦਾ ਅਤੇ ਉਨ੍ਹਾਂ ਨੂੰ ਅਾਪਣੀ ਵਾਸਨਾ ਦਾ ਸ਼ਿਕਾਰ ਬਣਾ ਲੈਂਦਾ ਸੀ।
* 29 ਜਨਵਰੀ, 2025 ਨੂੰ ਇਕ ਭਾਰਤੀ ਨਾਗਰਿਕ ਨੂੰ ‘ਸਿਆਟਲ’ ਸਥਿਤ ‘ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀਅਾਂ’ ਨੇ ਮਹਿਲਾਵਾਂ ਦੇ ਯੌਨ ਸ਼ੋਸ਼ਨ, ਅਗਵਾ, ਡਕੈਤੀ ਅਤੇ ਧਮਕੀਅਾਂ ਦੇਣ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤਾ।
* 8 ਮਾਰਚ, 2025 ਨੂੰ ਅਾਸਟ੍ਰੇਲੀਅਾ ’ਚ ‘ਸਿਡਨੀ’ ਦੀ ਇਕ ਅਦਾਲਤ ਨੇ 5 ਦੱਖਣੀ ਕੋਰੀਆਈ ਮਹਿਲਾਵਾਂ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ੀ ਪਾਏ ਗਏ ਬਾਲੇਸ਼ ਧਨਖੜ ਨਾਂ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ 40 ਸਾਲ ਕੈਦ ਦੀ ਸਜ਼ਾ ਸੁਣਾਈ। ‘ਬਾਲੇਸ਼ ਧਨਖੜ’ ਉੱਤੇ ਨੌਕਰੀ ਦੇ ਝੂਠੇ ਇਸ਼ਤਿਹਾਰ ਦੇ ਕੇ ‘ਦੱਖਣੀ ਕੋਰੀਆਈ’ ਮਹਿਲਾਵਾਂ ਨੂੰ ਫਸਾਉਣ ਅਤੇ ਉਨ੍ਹਾਂ ਨੂੰ ਸਿਡਨੀ ਸਥਿਤ ਅਾਪਣੇ ਮਕਾਨ ’ਚ ਲਿਜਾ ਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਹੈ।
* 5 ਮਈ, 2025 ਨੂੰ ਪੜ੍ਹਨ ਲਈ ਅਮਰੀਕਾ ਆਏ ਇਕ ਨੌਜਵਾਨ ਨੂੰ ‘ਨਾਰਥ ਕੈਰੋਲੀਨਾ’ ਦੀ ਪੁਲਸ ਨੇ ਗ੍ਰਿਫਤਾਰ ਕੀਤਾ। ਉਸ ’ਤੇ ਖੁਦ ਨੂੰ ਇਕ ਫੈਡਰਲ ਏਜੰਟ ਦੱਸ ਕੇ 78 ਸਾਲਾ ਬਜ਼ੁਰਗ ਮਹਿਲਾ ਨੂੰ ਠੱਗਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਦੋਸ਼ੀ ਨੌਜਵਾਨ 2024 ਤੋਂ ‘ਓਹਾਓ’ ਦੇ ‘ਸਿਨਸਿਨਾਟੀ’ ਵਿਚ ਰਹਿ ਰਿਹਾ ਸੀ।
* 17 ਮਈ, 2025 ਨੂੰ ‘ਸਿੰਗਾਪੁਰ’ ਦੀ ਪੁਲਸ ਨੇ ਇਕ ਭਾਰਤੀ ਸੈਲਾਨੀ ਨੂੰ ਇਕ 12 ਸਾਲਾ ਲੜਕੀ ਨਾਲ ਛੇੜਛਾੜ ਕਰਨ, ਟਾਇਲਟ ਤਕ ਉਸ ਦਾ ਪਿੱਛਾ ਕਰਨ ਅਤੇ 15 ਗਲਤ ਟੈਕਸਟ ਮੈਸੇਜ ਭੇਜਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
ਵਰਣਨਯੋਗ ਹੈ ਕਿ ਸਿੰਗਾਪੁਰ ’ਚ ਮਹਿਲਾਵਾਂ ਵਿਰੁੱਧ ਅਪਰਾਧਾਂ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਪੀੜਤਾ ਦੀ ਉਮਰ 14 ਸਾਲ ਤੋਂ ਘੱਟ ਹੋਣ ’ਤੇ ਦੋਸ਼ੀ ਨੂੰ 5 ਸਾਲ ਤਕ ਜੇਲ, ਜੁਰਮਾਨਾ ਜਾਂ ਬੈਂਤ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਹੈ।
* 16 ਜੂਨ, 2025 ਨੂੰ ਸਿੰਗਾਪੁਰ ਦੇ ‘ਚਾਂਗੀ’ ਹਵਾਈ ਅੱਡੇ ’ਤੇ ਦੁਕਾਨਾਂ ਤੋਂ ਸਾਮਾਨ ਚੋਰੀ ਕਰਦੀਅਾਂ ਫੜੀਅਾਂ ਗਈਅਾਂ 2 ਭਾਰਤੀ ਮਹਿਲਾਵਾਂ ’ਚੋਂ ਇਕ ਮਹਿਲਾ ਨੂੰ ਟਰਮੀਨਲ 3 ’ਚ ਇਕ ਸਟੋਰ ਤੋਂ ਪਰਸ ਚੋਰੀ ਕਰਨ ਦੇ ਦੋਸ਼ ’ਚ 8 ਦਿਨਾਂ ਦੇ ਲਈ ਜੇਲ ਅਤੇ ਦੂਸਰੀ ਮਹਿਲਾ ਨੂੰ ਟਰਮੀਨਲ 2 ’ਤੇ ਇਕ ਕਾਸਮੈਟਿਕਸ ਸਟੋਰ ਤੋਂ ਪਰਫਿਊਮ ਦੀ ਸ਼ੀਸ਼ੀ ਚੋਰੀ ਕਰਨ ਦੇ ਦੋਸ਼ ’ਚ 700 ਸਿੰਗਾਪੁਰ ਡਾਲਰ ਦਾ ਜੁਰਮਾਨਾ ਕੀਤਾ ਗਿਆ।
* 17 ਜੂਨ, 2025 ਨੂੰ ਕੈਨੇਡਾ ਪੁਲਸ ਨੇ ‘ਬ੍ਰੈਂਪਟਨ’ ਇਲਾਕੇ ’ਚ ਲੰਬੇ ਸਮੇਂ ਤੋਂ ਗੱਡੀਆਂ ਚੋਰੀ ਕਰਨ, ਫਰਜ਼ੀ ਬੀਮਾ ਕਲੇਮ ਹੜੱਪਣ, ਕਾਰੋਬਾਰੀਅਾਂ ਤੋਂ ਫਿਰੌਤੀ ਮੰਗਣ, ਲੁੱਟ-ਖੋਹ, ਜਬਰੀ ਵਸੂਲੀ, ਚੋਰੀ ਅਤੇ ਧੋਖਾਦੇਹੀ ਦੇ ਦੋਸ਼ ’ਚ ਇਕ ਮਹਿਲਾ ਸਮੇਤ 16 ਭਾਰਤੀ ਮੂਲ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ।
ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 27 ਕਰੋੜ ਰੁਪਏ (42 ਲੱਖ ਡਾਲਰ) ਦਾ ਸਾਮਾਨ ਜਿਸ ’ਚ 4 ਮਹਿੰਗੀਆਂ ਗੱਡੀਆਂ, 18 ਟੋਅ ਟਰੱਕ, 5 ਹੋਰ ਵਾਹਨ, 6 ਨਾਜਾਇਜ਼ ਬੰਦੂਕਾਂ ਅਤੇ ਬੁਲੇਟ ਪਰੂਫ ਜੈਕੇਟਾਂ ਸ਼ਾਮਲ ਹਨ, ਬਰਾਮਦ ਕੀਤਾ। ਇਸ ਗਿਰੋਹ ਦੇ ਨਿਸ਼ਾਨੇ ’ਤੇ ਅਮੀਰ ਕਾਰੋਬਾਰੀ ਵੀ ਰਹਿੰਦੇ ਸਨ, ਜਿਨ੍ਹਾਂ ਨੂੰ ਧਮਕਾ ਕੇ ਉਹ ਲੱਖਾਂ ਡਾਲਰ ਫਿਰੌਤੀ ਦੀ ਮੰਗ ਕਰਦੇ ਅਤੇ ਰਕਮ ਨਾ ਚੁਕਾਉਣ ਵਾਲਿਆਂ ਨੂੰ ਡਰਾਉਣ ਲਈ ਇਸ ਗਿਰੋਹ ਦੇ ਮੈਂਬਰ ਉਨ੍ਹਾਂ ਦੇ ਘਰਾਂ ਜਾਂ ਦਫਤਰਾਂ ’ਤੇ ਫਾਇਰਿੰਗ ਵੀ ਕਰਵਾਉਂਦੇ ਸਨ।
*... ਅਤੇ ਹੁਣ 1 ਜੁਲਾਈ ਨੂੰ ਸਿੰਗਾਪੁਰ ਦੀ ਇਕ ਅਦਾਲਤ ਨੇ ਉਥੋਂ ਦੇ ਇਕ ਨਾਈਟ ਕਲੱਬ ’ਚ ਖਰੂਦ ਕਰਨ ਅਤੇ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ ’ਚ ਇਕ ਨੌਜਵਾਨ ਨੂੰ 2 ਸਾਲ 3 ਮਹੀਨਿਆਂ ਦੀ ਜੇਲ ਅਤੇ 3 ਬੈਂਤ ਮਾਰਨ ਦੀ ਸਜ਼ਾ ਸੁਣਾਈ।
ਵਿਦੇਸ਼ਾਂ ’ਚ ਰਹਿ ਕੇ ਉਥੋਂ ਦੇ ਕਾਨੂੰਨਾਂ ਦੀ ਪਾਲਣਾ ਕਰ ਕੇ ਖੁਦ ਨੂੰ ਇਕ ਚੰਗਾ ਭਾਰਤੀ ਸਿੱਧ ਕਰਨ ਦੀ ਬਜਾਏ ਇਸ ਕਿਸਮ ਦੀਆਂ ਕਰਤੂਤਾਂ ’ਚ ਸ਼ਾਮਲ ਹੋਣ ਨੂੰ ਬਿਲਕੁਲ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਲਈ ਅਜਿਹੇ ਲੋਕਾਂ ਨੂੰ ਉਥੋਂ ਦੇ ਕਾਨੂੰਨ ਦੁਆਰਾ ਜਿੰਨੀ ਵੀ ਸਖਤ ਸਜ਼ਾ ਦਿੱਤੀ ਜਾਵੇ ਘੱਟ ਹੀ ਹੋਵੇਗੀ।
–ਵਿਜੇ ਕੁਮਾਰ