ਮੋਦੀ ਦੁਸ਼ਮਣ-ਦੋਸਤ ਦਾ ਫਰਕ ਜਾਣਦੇ ਹਨ
Monday, Jun 30, 2025 - 03:43 PM (IST)

ਕੀ ਨਰਿੰਦਰ ਮੋਦੀ ਡੋਨਾਲਡ ਟਰੰਪ ਦੇ ਇਸ ਵਾਕ ਦਾ ਅਰਥ ਸਮਝਦੇ ਹਨ? ਟਰੰਪ ਕਹਿਣਾ ਚਾਹੁੰਦੇ ਹਨ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਮੇਰੇ ਦੋਸਤ ਹਨ ਪਰ ਮੇਰਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਟਰੰਪ ਸਾਹਿਬ ਦਾ ਪਿਆਰ ਤਾਂ ਪਾਕਿਸਤਾਨ ਨਾਲ ਹੈ। ਇਹ ਇਕ ਹੈਰਾਨੀਜਨਕ ਵਾਕ ਹੈ। ਇਸ ’ਚ ਕੂਟਨੀਤੀ ਹੈ। ਅਮਰੀਕੀ ਰਾਸ਼ਟਰਪਤੀ ਦੋਵਾਂ ਦੇਸ਼ਾਂ ’ਤੇ ਆਪਣਾ ਗਲਬਾ ਸਿੱਧ ਕਰਨਾ ਚਾਹੁੰਦੇ ਹਨ। ਉਹ ਇਸ ਇਕ ਵਾਕ ਨਾਲ ਦੋਵਾਂ ਦੇਸ਼ਾਂ ਨੂੰ ਖੁਸ਼ ਰੱਖਣਾ ਚਾਹੁੰਦੇ ਹਨ, ਇਹ ਜਾਣਦੇ ਹੋਏ ਵੀ ਕਿ ਪਾਕਿਸਤਾਨ ਜਨਮਜਾਤ ਭਾਰਤ ਦਾ ਦੁਸ਼ਮਣ ਹੈ। ਆਪਣੇ ਜਨਮ ਤੋਂ ਲੈ ਕੇ ਅੱਜ ਤੱਕ, ਪਾਕਿਸਤਾਨ ਨੇ ਭਾਰਤ ਨੂੰ ਇਕ ਦਿਨ ਵੀ ਸ਼ਾਂਤੀ ਨਾਲ ਨਹੀਂ ਰਹਿਣ ਦਿੱਤਾ।
ਜੇਕਰ ਡੋਨਾਲਡ ਟਰੰਪ ਸੱਚਮੁੱਚ ਨਰਿੰਦਰ ਮੋਦੀ ਦੇ ਦੋਸਤ ਹਨ, ਤਾਂ ਇਕ ਦੋਸਤ ਦੇ ਦੁਸ਼ਮਣ ਦੇਸ਼ ਨਾਲ ਪਿਆਰ ਦਾ ਕੀ ਅਰਥ ਹੈ? ਇਹ ਦੋਸਤੀ ਨਾਲ ਧੋਖਾ ਹੈ ਅਤੇ ਦੋਸਤੀ ਨਾਲ ਧੋਖਾ ਕਰਨਾ ਅਮਰੀਕੀ ਰਾਜਨੀਤੀ ਦਾ ਸੁਭਾਅ ਹੈ। ਦੁਨੀਆ ਅਮਰੀਕਾ ਦੀ ਨੀਤੀ ਨੂੰ ਜਾਣ ਚੁੱਕੀ ਹੈ ਕਿ ਅਮਰੀਕਾ ਕਿਸੇ ਵੀ ਦੇਸ਼ ਦਾ ਦੋਸਤ ਨਹੀਂ ਹੈ। ਅਮਰੀਕਾ ਇਕ ਵਪਾਰਕ ਦੇਸ਼ ਹੈ। ਇਸਦੇ ਸਿਰਫ ਦੋ ਵਪਾਰ ਹਨ : ਆਪਣੇ ਫੌਜੀ ਹਥਿਆਰ ਵੇਚਣਾ ਅਤੇ ਅਰਬ ਦੇਸ਼ਾਂ ਦੇ ਬੇਸ਼ੁਮਾਰ ਤੇਲ ਨੂੰ ਲੁੱਟਣਾ।
ਇਸ ਲਈ ਇਹ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਕਰਦਾ ਰਹਿੰਦਾ ਹੈ। ਇਹ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਨਾਲ ਖਿਲਵਾੜ ਕਰਦਾ ਹੈ। ਅੱਜ ਜੋ ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ਮੰਡਰਾਅ ਰਿਹਾ ਹੈ, ਉਸ ’ਚ ਅਮਰੀਕਾ ਦੀ ਕੂਟਨੀਤੀ ਕੰਮ ਕਰ ਰਹੀ ਹੈ। ਇਸਦਾ ਰਾਜਨੀਤਿਕ ਉਦੇਸ਼ ਇਕ ਦੇਸ਼ ਨੂੰ ਦੂਜੇ ਨਾਲ ਲੜਾਉਂਦੇ ਰਹਿਣਾ ਅਤੇ ਆਪਣੇ ਫੌਜੀ ਹਥਿਆਰ ਵੇਚਦੇ ਰਹਿਣਾ ਵੀ ਹੈ। ਇਹੀ ਕਾਰਨ ਹੈ ਕਿ ਅਮਰੀਕਾ ਦੀ ਆਰਥਿਕਤਾ ਦੁਨੀਆ ’ਚ ਨੰਬਰ ਇਕ ਹੈ। ਇਸ ਕੋਲ ਬਹੁਤ ਜ਼ਿਆਦਾ ਦੌਲਤ ਹੈ। ਇਸ ਦੀ ਸਮੱਸਿਆ ਇਹ ਹੈ ਕਿ ਇਸ ਦੌਲਤ ਨੂੰ ਕਿੱਥੇ ਅਤੇ ਕਿਵੇਂ ਖਰਚ ਕਰਨਾ ਹੈ? ਇਸ ਲਈ, ਇਹ ਦੁਨੀਆ ਨੂੰ ਨਚਾਉਂਦਾ ਰਹਿੰਦਾ ਹੈ। ਇਸਨੇ ਕਈ ਦੇਸ਼ਾਂ ’ਚ ਆਪਣੇ ਏਅਰਬੇਸ ਬਣਾਏ ਹਨ। ਵਿਸ਼ਵ ’ਚ ਸ਼ਾਂਤੀ ਬਣਾਈ ਰੱਖਣ ਵਾਲੇ ਸੰਗਠਨ ਸੰਯੁਕਤ ਰਾਸ਼ਟਰ ਸੰਘ ’ਚ ਅਮਰੀਕਾ ਦਾ ਦਬਦਬਾ ਹੈ।
ਅੰਤਰਰਾਸ਼ਟਰੀ ਮੁਦਰਾ ਫੰਡ ’ਚ ਅਮਰੀਕਾ ਦਾ ਸਭ ਤੋਂ ਵੱਡਾ ਹਿੱਸਾ ਹੈ। ਅੰਤਰਰਾਸ਼ਟਰੀ ਭਾਈਚਾਰੇ ’ਚ ਸਿਰਫ਼ ਅਮਰੀਕਾ ਦੀ ਹੀ ਗੱਲ ਸੁਣੀ ਜਾਂਦੀ ਹੈ। ਅਮਰੀਕਾ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਦੁਨੀਆ ਭਰ ਦੇ ਦੇਸ਼ਾਂ ’ਚ ਅਸ਼ਾਂਤੀ ਪੈਦਾ ਕਰ ਰਿਹਾ ਹੈ। ਇਸ ਦਾ ‘ਡਾਲਰ’ ਦੁਨੀਆ ਭਰ ’ਚ ਇਕ ਰਿਜ਼ਰਵ ਮੁਦਰਾ ਹੈ। ਅਮਰੀਕਾ ਇਸ ਸਮੇਂ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜੀ ਸ਼ਕਤੀ ਹੈ। ਦੁਨੀਆ ਭਰ ਵਿਚ ਇਸ ਦੀ ਥਾਣੇਦਾਰੀ ਚੱਲਦੀ ਹੈ। ਅਮਰੀਕਾ ਦੀ ਹਿੰਮਤ ਦੇਖੋ ਕਿ ਉਹ ਕੈਨੇਡਾ ਵਰਗੇ ਵੱਡੇ ਗੁਆਂਢੀ ਦੇਸ਼ ਨੂੰ ਇਸ ’ਚ ਸ਼ਾਮਲ ਹੋਣ ਲਈ ਕਹਿ ਰਿਹਾ ਹੈ।
ਅਮਰੀਕਾ ਮੋਦੀ ਦਾ ਦੋਸਤ ਕਿਵੇਂ ਹੋ ਗਿਆ? ਭਾਰਤ ਨੇ ਪਾਕਿਸਤਾਨ ਨਾਲ ਤਿੰਨ ਜੰਗਾਂ ਲੜੀਆਂ ਹਨ। ਅਮਰੀਕਾ ਨੇ ਇਨ੍ਹਾਂ ਤਿੰਨਾਂ ਜੰਗਾਂ ’ਚ ਪਾਕਿਸਤਾਨ ਦੀ ਫੌਜੀ ਮਦਦ ਕੀਤੀ। 1965 ’ਚ ਅਮਰੀਕੀ ਟੈਂਕਾਂ ਅਤੇ ਸੈਬਰ ਜੈੱਟਾਂ ਨੇ ਪਾਕਿਸਤਾਨੀ ਫੌਜ ਦੀ ਮਦਦ ਕੀਤੀ। 1971 ’ਚ, ਜਦੋਂ ਦੇਸ਼ ਦੀ ਆਇਰਨ ਲੇਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ, ਤਾਂ ਉਸ ਨੇ ‘ਬੰਗਲਾਦੇਸ਼’ ਨੂੰ ਇਕ ਨਵਾਂ ਦੇਸ਼ ਬਣਾ ਦਿੱਤਾ। ਅਮਰੀਕਾ ਉਸ ਸਮੇਂ ਪਾਕਿਸਤਾਨ ਦੀ ਪਿੱਠ ਥਪਥਪਾ ਰਿਹਾ ਸੀ। 1999 ਦੇ ਕਾਰਗਿਲ ਯੁੱਧ ’ਚ, ਅਮਰੀਕਾ ਨੇ ਪਾਕਿਸਤਾਨ ਦੇ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੀ ਮਦਦ ਕੀਤੀ। ਅੱਜ ਵੀ, ਜਦੋਂ ਈਰਾਨ-ਇਜ਼ਰਾਈਲ ਯੁੱਧ ਪੂਰੇ ਜ਼ੋਰਾਂ ’ਤੇ ਸੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨੀ ਫੌਜ ਦੇ ਫੀਲਡ ਮਾਰਸ਼ਲ ਜਨਰਲ ਮੁਨੀਰ ਲਈ ਇਕ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰ ਰਹੇ ਸਨ।
ਮੁਨੀਰ ਸਾਹਿਬ ਵ੍ਹਾਈਟ ਹਾਊਸ ’ਚ ਗੁਪਤ ਸਲਾਹ-ਮਸ਼ਵਰੇ ਕਰ ਰਹੇ ਸਨ। ਫਿਰ ਕੋਈ ਕਿਰਪਾ ਕਰਕੇ ਮੈਨੂੰ ਦੱਸੇ ਕਿ ਅਮਰੀਕਾ ਨਰਿੰਦਰ ਮੋਦੀ ਦਾ ਦੋਸਤ ਕਿਵੇਂ ਹੋ ਸਕਦਾ ਹੈ? ਕੋਈ ਮੰਦਬੁੱਧੀ ਸਿਆਸਤਦਾਨ ਵੀ ਸਮਝ ਸਕਦਾ ਹੈ ਕਿ ਇਜ਼ਰਾਈਲ ਇਕੱਲੇ 57 ਅਰਬ ਦੇਸ਼ਾਂ ਨਾਲ ਕਿਵੇਂ ਲੜ ਸਕਦਾ ਹੈ ਜਦੋਂ ਤੱਕ ਅਮਰੀਕਾ ਅਤੇ ਇਸਦੇ ਫੌਜੀ ਹਥਿਆਰ ਇਜ਼ਰਾਈਲ ਦੇ ਪਿੱਛੇ ਨਾ ਹੋਣ? ਇਜ਼ਰਾਈਲ ਦਾ ਈਰਾਨ ਵਰਗੇ ਸ਼ਕਤੀਸ਼ਾਲੀ ਦੇਸ਼ ਨਾਲ ਟਕਰਾਅ ਕੀ ਦਰਸਾਉਂਦਾ ਹੈ? ਅਮਰੀਕਾ ਖੁਦ ਈਰਾਨ ’ਤੇ ਹਮਲਾ ਕਰ ਰਿਹਾ ਸੀ। ਮੈਨੂੰ ਨਹੀਂ ਪਤਾ ਕਿ ਕਤਰ ਵਰਗੇ ਇਸਲਾਮੀ ਦੇਸ਼ ਨੇ ਅਜਿਹਾ ਕੀ ਕੀਤਾ ਕਿ ਜੰਗਬੰਦੀ ਹੋ ਗਈ, ਨਹੀਂ ਤਾਂ ਅਮਰੀਕਾ ਈਰਾਨ ਨੂੰ ਕਦੋਂ ਬਖਸ਼ਦਾ? 1991 ਤੱਕ ਸੋਵੀਅਤ ਯੂਨੀਅਨ ਅਮਰੀਕਾ ਨੂੰ ਚੁਣੌਤੀ ਦਿੰਦਾ ਰਿਹਾ, ਪਰ 1991 ’ਚ ਜਦੋਂ ਸੋਵੀਅਤ ਯੂਨੀਅਨ 17 ਟੁਕੜਿਆਂ ’ਚ ਟੁੱਟ ਗਿਆ, ਤਾਂ ਅਮਰੀਕਾ ਵਿਸ਼ਵ ਰਾਜਨੀਤੀ ’ਚ ਦਾਦਾ ਬਣ ਗਿਆ। ਅਮਰੀਕਾ ਹੋਰਨਾਂ ਦੇਸ਼ਾਂ ਨੂੰ ਆਪਣੀ ਦਾਦਾਗਿਰੀ, ਆਪਣੇ ਥਾਣੇਦਾਰ ਹੋਣ ਦਾ ਪ੍ਰਭਾਵ ਦਿਖਾਉਣ ਲੱਗਾ। ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਤੋਂ ਜਿੰਨੇ ਵੀ ਹਥਿਆਰ, ਧਮਾਕਾਖੇਜ਼ ਪਦਾਰਥ, ਆਧੁਨਿਕ ਤਕਨੀਕ ਨਾਲ ਬਣੀਆਂ ਹੋਈਆਂ ਰਾਈਫਲਾਂ ਭਾਰਤੀ ਫੌਜ ਨੇ ਫੜੀਆਂ, ਉਨ੍ਹਾਂ ’ਤੇ ‘ਮੇਡ ਇਨ ਅਮਰੀਕਾ’ ਲਿਖਿਆ ਹੋਇਆ ਸੀ। ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੋਨਾਲਡ ਟਰੰਪ ਦੇ ਦੋਸਤ ਕਿਵੇਂ ਹੋ ਸਕਦੇ ਹਨ? ‘ਬਗਲ ਮੇਂ ਛੁਰੀ ਔਰ ਮੂੰਹ ਮੇਂ ਰਾਮ-ਰਾਮ।’ ਇਹ ਕਿਸ ਤਰ੍ਹਾਂ ਦੀ ਦੋਸਤੀ ਹੈ? ਅਜਿਹੀ ਦੋਸਤੀ ਇਕ ਢੋਂਗ ਹੈ, ਇਕ ਧੋਖਾ ਹੈ, ਇਕ ਫਰੇਬ ਹੈ ਅਤੇ ਅਜਿਹੀ ਮਿੱਤਰਤਾ ਨੂੰ ਨਰਿੰਦਰ ਮੋਦੀ ਪਛਾਣਦੇ ਹਨ।
ਇਹ ਅਖੌਤੀ ਪਾਕਿਸਤਾਨੀ ਨੇਤਾ ਅਜੇ ਵੀ ਭਾਰਤ ਨਾਲ ਹਜ਼ਾਰ ਸਾਲਾਂ ਤੱਕ ਲੜਨ ’ਤੇ ਅੜੇ ਹੋਏ ਹਨ। ਪਾਕਿਸਤਾਨ ‘ਆਪ੍ਰੇਸ਼ਨ ਸਿੰਧੂਰ’ ਤੋਂ ਡਰਿਆ ਤਾਂ ਜ਼ਰੂਰ ਪਰ ਆਪਣੀ ਆਕੜ ਨਹੀਂ ਛੱਡਦਾ ਕਿਉਂਕਿ ਅਮਰੀਕਾ ਨੇ ਹਮੇਸ਼ਾ ਪਾਕਿਸਤਾਨ ਦੀ ਮਦਦ ਕੀਤੀ ਹੈ। ਅਮਰੀਕਾ ਕਿਉਂ ਚਾਹੇਗਾ ਕਿ ਕਸ਼ਮੀਰ ਮੁੱਦਾ ਹੱਲ ਹੋਵੇ, ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਹੋਵੇ? ਦੋਵੇਂ ਗਰੀਬ ਦੇਸ਼ ਹਨ ਅਤੇ ਅਮਰੀਕਾ ਦੋਵਾਂ ਦੇਸ਼ਾਂ ਨੂੰ ਦੁਸ਼ਮਣੀ ’ਚ ਰੱਖਣਾ ਚਾਹੁੰਦਾ ਹੈ। ਨਰਿੰਦਰ ਮੋਦੀ ਭਾਰਤ ਦੀਆਂ ਉਦਾਰਵਾਦੀ ਪਰੰਪਰਾਵਾਂ ਤਹਿਤ ਟਰੰਪ ਦੇ ਦੋਸਤ ਹੋ ਸਕਦੇ ਹਨ ਪਰ ਡੋਨਾਲਡ ਟਰੰਪ ਆਪਣੀ ਸੰਸਕ੍ਰਿਤੀ ਅਨੁਸਾਰ ਮੋਦੀ ਦੇ ਦੋਸਤ ਨਹੀਂ ਹੋ ਸਕਦੇ। ਅਮਰੀਕਾ ਨੂੰ ਆਪਣੀ ਦੌਲਤ ਅਤੇ ਫੌਜੀ ਸ਼ਕਤੀ ’ਤੇ ਮਾਣ ਹੈ, ਇਸ ਲਈ ਵਿਸ਼ਵ ਰਾਜਨੀਤੀ ’ਚ ਅਮਰੀਕਾ ਦਾ ਸਿੱਕਾ ਚੱਲ ਰਿਹਾ ਹੈ। ਰੂਸ, ਚੀਨ ਅਤੇ ਉੱਤਰੀ ਕੋਰੀਆ ਜ਼ਰੂਰ ਅਮਰੀਕਾ ਦੇ ਵਿਰੁੱਧ ਖੜ੍ਹੇ ਹਨ ਪਰ ਇਹ ਚਾਰੇ ਦੇਸ਼ ਅਜੇ ਤੱਕ ਆਹਮੋ-ਸਾਹਮਣੇ ਨਹੀਂ ਆਏ ਹਨ। ਮੈਂ ਜ਼ਰੂਰ ਨਰਿੰਦਰ ਮੋਦੀ ਨੂੰ ਕਹਾਂਗਾ ਕਿ ਉਹ ਡੋਨਾਲਡ ਟਰੰਪ ਦੀ ਕੂਟਨੀਤੀ ਦੇ ਬਹਿਕਾਵੇ ’ਚ ਨਾ ਆਉਣ। ਦੇਸ਼ ਪਹਿਲਾਂ ਆਉਂਦਾ ਹੈ, ਡੋਨਾਲਡ ਟਰੰਪ ਨਾਲ ਦੋਸਤੀ ਬਾਅਦ ’ਚ ਆਉਂਦੀ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੋਦੀ ਦੋਸਤ ਅਤੇ ਦੁਸ਼ਮਣ ’ਚ ਫਰਕ ਜਾਣਦੇ ਹਨ। ਉਹ ਇਕ ਤਜਰਬੇਕਾਰ ਸੰਘ ਪ੍ਰਚਾਰਕ ਹਨ।
-ਮਾਸਟਰ ਮੋਹਨ ਲਾਲ