ਵਿਸ਼ਵ ਨੂੰ ਨਵਾਂ ਆਕਾਰ ਦੇਣ ਵਾਲੇ ਭੂ-ਸਿਆਸੀ ਰੁਝਾਨਾਂ ਨਾਲ ਨਜਿੱਠਣਾ ਹੋਵੇਗਾ

Wednesday, Mar 26, 2025 - 05:40 PM (IST)

ਵਿਸ਼ਵ ਨੂੰ ਨਵਾਂ ਆਕਾਰ ਦੇਣ ਵਾਲੇ ਭੂ-ਸਿਆਸੀ ਰੁਝਾਨਾਂ ਨਾਲ ਨਜਿੱਠਣਾ ਹੋਵੇਗਾ

ਟਰੰਪ ਪ੍ਰਸ਼ਾਸਨ ਆਪਣੇ ਦੂਸਰੇ ਕਾਰਜਕਾਲ ਵਿਚ ਟੈਰਿਫ ਅਤੇ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ’ ਦੀਆਂ ਨੀਤੀਆਂ ’ਤੇ ਦੁੱਗਣਾ ਜ਼ੋਰ ਦੇ ਰਿਹਾ ਹੈ। ਟਰੰਪ ਪ੍ਰਸ਼ਾਸਨ ਅਤੀਤ ਦੇ ਗੱਠਜੋੜਾਂ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਅਤੇ ਮੁੜ ਲਿਖਣ ਦਾ ਕੰਮ ਵੀ ਕਰ ਰਿਹਾ ਹੈ ਜਿਸ ਦੀ ਗੂੰਜ ਯੂਰਪ ਅਤੇ ਏਸ਼ੀਆ ਵਿਚ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਮਹਿਸੂਸ ਕੀਤੀ ਜਾ ਰਹੀ ਹੈ। ਇਨ੍ਹਾਂ ਕਦਮਾਂ ਦਾ ਉਦੇਸ਼ ਵਪਾਰ ਸੰਤੁਲਨ ਵਿਚ ਸੁਧਾਰ ਅਤੇ ਜਨਤਕ ਖਰਚ ਨੂੰ ਘਟਾਉਣ ਕਰ ਕੇ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਹੈ। ਇਹ ਕਦਮ ਆਲਮੀ ਭੂ-ਰਾਜਨੀਤਿਕ ਵਿਵਸਥਾ ਵਿਚ ਇਕ ਜ਼ੀਰੋ ਪੈਦਾ ਕਰ ਰਹੇ ਹਨ। ਇਹ ਜ਼ੀਰੋ ਲੰਬੇ ਸਮੇਂ ਤੱਕ ਨਹੀਂ ਰਹੇਗੀ-ਇਸ ਨੂੰ ਮੁਕਾਬਲਾਤਮਕ ਤਾਕਤਾਂ ਦੁਆਰਾ ਭਰਿਆ ਜਾਵੇਗਾ। ਅਮਰੀਕਾ ਸਭ ਤੋਂ ਸ਼ਕਤੀਸ਼ਾਲੀ ਬਣਿਆ ਹੋਇਆ ਹੈ ਅਤੇ ਅਸੀਂ ਇਕ ਵਾਰ ਫਿਰ ਇਕ ਬਹੁ-ਧਰੁਵੀ ਦੁਨੀਆ ਦਾ ਉਦੈ ਦੇਖ ਰਹੇ ਹਾਂ। ਖੰਡਿਤ ਵਿਸ਼ਵੀਕਰਨ, ਤਕਨੀਕੀ ਸਰਵਉੱਚਤਾ ਲਈ ਸੰਘਰਸ਼, ਊਰਜਾ ਦੀ ਭੂ-ਰਾਜਨੀਤੀ ਅਤੇ ਢਹਿ-ਢੇਰੀ ਹੋ ਰਹੀ ਗਲੋਬਲ ਗਵਰਨੈਂਸ ਵਿਸ਼ਵ ਨੂੰ ਮੁੜ ਆਕਾਰ ਦੇਣ ਵਾਲੇ ਪ੍ਰਮੁੱਖ ਭੂ-ਰਾਜਨੀਤਿਕ ਰੁਝਾਨ ਹਨ, ਜਿਨ੍ਹਾਂ ਨਾਲ ਭਾਰਤ ਨੂੰ ਨਜਿੱਠਣਾ ਪਵੇਗਾ।

ਵਿਸ਼ਵੀਕਰਨ ਦਾ ਬਟਵਾਰਾ : ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੇ ਯੁੱਗ ਵਿਚ ਅਸੀਂ ਜੋ ਵਿਸ਼ਵੀਕਰਨ ਦੇਖਿਆ ਸੀ, ਉਹ ਖਤਮ ਹੋਣ ਵਾਲਾ ਹੈ। ਵਿਸ਼ਵ ਵਿੱਤੀ ਸੰਕਟ ਦੇ ਬਾਅਦ ਤੋਂ, ਅਸੀਂ ਵਿਸ਼ਵੀਕਰਨ ਦੇ ਟੁਕੜੇ ਹੁੰਦੇ ਦੇਖੇ ਹਨ। ਵਪਾਰ ਯੁੱਧਾਂ ਨੇ ਇਸ ਵੰਡ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਕੋਵਿਡ-19 ਮਹਾਮਾਰੀ ਨੇ ਗਲੋਬਲ ਸਪਲਾਈ ਚੇਨਸ ਵਿਚ ਭਾਰੀ ਵਿਘਨ ਪੈਦਾ ਕੀਤਾ ਅਤੇ ਇਸ ਦੇ ਸਿੱਟੇ ਵਜੋਂ ਦੇਸ਼ਾਂ ਅਤੇ ਕਾਰੋਬਾਰਾਂ ਨੂੰ ਅਲਟਰਨੇਟਿਵ ਸਪਲਾਈ ਚੇਨਸ ਬਣਾਉਣ ਲਈ ਪ੍ਰੇਰਿਤ ਕੀਤਾ। ਟਰੰਪ ਪ੍ਰਸ਼ਾਸਨ ਵੱਲੋਂ ਮੁੜ ਤੋਂ ਟੈਰਿਫ ਲਗਾਉਣ ਦੇ ਨਾਲ, ਵਪਾਰ ਯੁੱਧਾਂ ਦਾ ਦੂਸਰਾ ਯੁੱਗ ਸਾਡੇ ਸਾਹਮਣੇ ਹੈ।

ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਦੇ ਅਸਥਿਰ ਹੋਣ ਦੇ ਨਾਲ, ਦੇਸ਼ ਦੁਵੱਲੇ ਜਾਂ ਬਹੁਪੱਖੀ ਵਪਾਰ ਸਮਝੌਤਿਆਂ ਵੱਲ ਤੇਜ਼ੀ ਨਾਲ ਵਧ ਰਹੇ ਹਨ। ਅਸੀਂ ਸਹੀ ਨੀਤੀਆਂ, ਰਣਨੀਤਿਕ ਦੁਵੱਲੇ ਵਪਾਰ ਸੌਦਿਆਂ ਅਤੇ ਕਾਰੋਬਾਰ ਕਰਨ ਵਿਚ ਆਸਾਨੀ ’ਤੇ ਧਿਆਨ ਕੇਂਦ੍ਰਿਤ ਕਰ ਕੇ ਮੈਨੂਫੈਕਚਰਿੰਗ ਦੇ ਖੇਤਰ ਵਿਚ ਨਿਵੇਸ਼ ਆਕਰਸ਼ਿਤ ਕਰ ਸਕਦੇ ਹਾਂ।

ਟੈਕਨਾਲੋਜੀ : ਵਿਸ਼ਵ ਸ਼ਕਤੀ ਲਈ ਯੁੱਧ ਦਾ ਮੈਦਾਨ : ਪਹਿਲੀ ਉਦਯੋਗਿਕ ਕ੍ਰਾਂਤੀ ਤੋਂ ਲੈ ਕੇ ਚੌਥੀ ਤੱਕ ਵਿਸ਼ਵ ਸ਼ਕਤੀ ਗਤੀਸ਼ੀਲਤਾ ਨੂੰ ਆਕਾਰ ਦੇਣ ਵਿਚ ਟੈਕਨਾਲੋਜੀ ਮੁੱਖ ਪ੍ਰੇਰਕ ਸ਼ਕਤੀ ਰਹੀ ਹੈ। ਅੱਜ ਦੇ ਯੁੱਗ ਵਿਚ ਸੈਮੀਕੰਡਕਟਰ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਉੱਭਰ ਰਹੀਆਂ ਟੈਕਨਾਲੋਜੀਆਂ ਮੁੱਖ ਪ੍ਰੇਰਕ ਸ਼ਕਤੀਆਂ ਹਨ। ਰਾਸ਼ਟਰ ਤਕਨੀਕੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ਚਿੱਪ ਨਿਰਮਾਣ ਵਿਚ ਅਰਬਾਂ ਡਾਲਰ ਲਾ ਰਹੇ ਹਨ। ਏ. ਆਈ. ਵਿਚ ਦੇਸ਼ਾਂ ਅਤੇ ਕੰਪਨੀਆਂ ਵੱਲੋਂ ਸਮਾਨ ਤੌਰ ’ਤੇ ਵੱਡੇ ਪੈਮਾਨੇ ’ਤੇ ਨਿਵੇਸ਼ ਹੋ ਰਿਹਾ ਹੈ। ਇਸ ਦੇ ਨਾਲ ਹੀ, ਸਾਈਬਰ ਯੁੱਧ ਅਤੇ ਏ. ਆਈ. ਦੁਆਰਾ ਪੈਦਾ ਹੋਣ ਵਾਲੇ ਜੋਖਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਈਬਰਯੁੱਧ ਪੂਰੇ ਊਰਜਾ ਗਰਿੱਡਾਂ ਨੂੰ ਵਿਗਾੜ ਸਕਦਾ ਹੈ ਜਾਂ ਭੁਗਤਾਨ ਅਤੇ ਬੈਂਕਿੰਗ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਏ. ਆਈ. ਦੁਆਰਾ ਸੰਚਾਲਿਤ ਗਲਤ ਜਾਣਕਾਰੀ ਚੋਣਾਂ ਵਿਚ ਵਿਘਨ ਪਾ ਸਕਦੀ ਹੈ ਅਤੇ ਸਮਾਜਿਕ ਵਿਤਕਰੇ ਪੈਦਾ ਕਰ ਸਕਦੀ ਹੈ। ਭਾਰਤੀ ਮਾਡਲ, ਜਿਸ ਵਿਚ ਟੈਕਨਾਲੋਜੀ ਦੀ ਵਰਤੋਂ ਬਟਵਾਰੇ ਨੂੰ ਵਧਾਉਣ ਦੀ ਬਜਾਏ ਉਸ ਪਾੜੇ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ, ਦੁਨੀਆ ਲਈ ਇਕ ਮਾਡਲ ਹੋ ਸਕਦਾ ਹੈ।

ਊਰਜਾ ਪਰਿਵਰਤਨ : ਸਵੱਛ ਊਰਜਾ ਵੱਲ ਬਦਲਾਅ ਸ਼ਕਤੀ ਗਤੀਸ਼ੀਲਤਾ ਨੂੰ ਮੁੜ ਤੋਂ ਪਰਿਭਾਸ਼ਿਤ ਕਰ ਰਹੀ ਹੈ। ਮਹੱਤਵਪੂਰਨ ਖਣਿਜਾਂ (ਲਿਥੀਅਮ, ਕੋਬਾਲਟ, ਦੁਰਲੱਭ ਧਰਤੀ ਦੇ ਤੱਤਾਂ) ਨਾਲ ਭਰਪੂਰ ਜਾਂ ਇਨ੍ਹਾਂ ਮਹੱਤਵਪੂਰਨ ਖਣਿਜਾਂ ਦੀ ਪ੍ਰੋਸੈਸਿੰਗ ਨੂੰ ਕੰਟਰੋਲ ਕਰਨ ਵਾਲੇ ਦੇਸ਼ ਵਧੇਰੇ ਪ੍ਰਭਾਵਸ਼ਾਲੀ ਬਣ ਰਹੇ ਹਨ।

ਵਿਕਸਿਤ ਦੇਸ਼ ਪਹਿਲਾਂ ਹੀ ਗਲੋਬਲ ਕਾਰਬਨ ਬਜਟ ਦਾ 80 ਫੀਸਦੀ ਹਿੱਸਾ ਖਰਚ ਕਰ ਚੁੱਕੇ ਹਨ ਅਤੇ ਜੀ-7 ਦੇਸ਼ਾਂ ਤੋਂ ਕੋਲੇ ਦਾ ਪੜਾਅਵਾਰ ਬਾਹਰ ਨਿਕਲਣਾ ਹੁਣ 2030 ਦੀ ਬਜਾਏ 2035 ਤੱਕ ਹੋਵੇਗਾ। ਇਸ ਤੋਂ ਇਲਾਵਾ, ਵਿਕਸਿਤ ਰਾਸ਼ਟਰ ਵਿਕਾਸਸ਼ੀਲ ਦੇਸ਼ਾਂ ਨੂੰ ਜਲਵਾਯੂ ਵਿੱਤ ਅਤੇ ਟੈਕਨਾਲੋਜੀ ਪ੍ਰਦਾਨ ਕਰਨ ਦੀ ਆਪਣੀ ਜ਼ਿੰਮੇਵਾਰੀ ਵਿਚ ਅਸਫਲ ਹੋ ਰਹੇ ਹਨ। ਇਸ ਨਾਲ ਵਿਕਾਸਸ਼ੀਲ ਦੇਸ਼ਾਂ ਲਈ ਆਪਣੀਆਂ ਵਿਕਾਸ ਇੱਛਾਵਾਂ ਨੂੰ ਪੂਰਾ ਕਰਨ ਲਈ ਬਹੁਤ ਘੱਟ ਥਾਂ ਬਚਦੀ ਹੈ।

ਸਵੱਛ ਊਰਜਾ ਵੱਲ ਸਾਡੀ ਦੌੜ ਲਈ ਆਲਮੀ ਗੱਠਜੋੜਾਂ ਦੇ ਨਵੇਂ ਰੂਪਾਂ ਦੀ ਜ਼ਰੂਰਤ ਹੈ। ਦੇਸ਼ਾਂ ਨੂੰ ਅਗਲੀ ਪੀੜ੍ਹੀ ਦੇ ਸੋਲਰ ਪੈਨਲ, ਇਲੈਕਟ੍ਰੋਲਾਈਜ਼ਰ ਅਤੇ ਬਦਲਵੀਆਂ ਸੈੱਲ ਕੈਮਿਸਟਰੀ (ਏ. ਸੀ. ਸੀ.) ਬੈਟਰੀਆਂ ਵਰਗੀਆਂ ਟੈਕਨਾਲੋਜੀਆਂ ’ਤੇ ਸਹਿਯੋਗ ਕਰਨਾ ਚਾਹੀਦਾ ਹੈ। ਭਾਰਤ ਨੂੰ ਫੈਸਲਾਕੁੰਨ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ, ਗ੍ਰੀਨ ਹਾਈਡ੍ਰੋਜਨ, ਸੋਲਰ ਪਾਵਰ ਅਤੇ ਇਲੈਕਟ੍ਰਿਕ ਮੋਬਿਲਿਟੀ ਵਿਚ ਆਪਣੇ ਘਰੇਲੂ ਈਕੋ-ਸਿਸਟਮ ਦਾ ਨਿਰਮਾਣ ਜਾਰੀ ਰੱਖਣਾ ਚਾਹੀਦਾ ਹੈ। ਸਾਨੂੰ ਪ੍ਰੋਸੈਸਿੰਗ ਅਤੇ ਰਿਫਾਈਨਿੰਗ ਲਈ ਸਮਰੱਥਾਵਾਂ ਵਿਕਾਸ ਕਰਦੇ ਹੋਏ ਮਹੱਤਵਪੂਰਨ ਖਣਿਜਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਵਪਾਰਕ ਸਾਂਝੇਦਾਰੀ ਨੂੰ ਵੀ ਸੁਰੱਖਿਅਤ ਕਰਨਾ ਚਾਹੀਦਾ ਹੈ।

ਵਧ ਰਹੇ ਆਲਮੀ ਸੰਘਰਸ਼ ਦਰਮਿਆਨ ਢਹਿ-ਢੇਰੀ ਹੋ ਰਿਹਾ ਵਿਸ਼ਵ ਸ਼ਾਸਨ : ਸੰਯੁਕਤ ਰਾਸ਼ਟਰ ਆਪਣੀ ਸਾਰਥਕਤਾ ਨੂੰ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਗਲੋਬਲ ਸਾਊਥ, ਆਪਣੀ ਪ੍ਰਤੀਨਿਧਤਾ ਅਤੇ ਆਪਣੀਆਂ ਤਰਜੀਹਾਂ ਦੋਵਾਂ ਦੇ ਮਾਮਲੇ ਵਿਚ ਹਾਸ਼ੀਏ ’ਤੇ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅਜੇ ਵੀ ਰੁਕਾਵਟ ਬਣੀ ਹੋਈ ਹੈ, ਵਿਸ਼ਵ ਵਪਾਰ ਸੰਗਠਨ ਕੋਲ ਵਿਵਾਦ ਨਿਪਟਾਰਾ ਵਿਧੀ ਦੀ ਘਾਟ ਹੈ ਅਤੇ ਕੌਪ 29 ਬਹੁਤ ਜ਼ਰੂਰੀ ਜਲਵਾਯੂ ਫੰਡਿੰਗ ਪ੍ਰਦਾਨ ਕਰਨ ਵਿਚ ਅਸਫਲ ਰਿਹਾ ਹੈ। ਯੂਕ੍ਰੇਨ ਤੋਂ ਲੈ ਕੇ ਗਾਜ਼ਾ ਅਤੇ ਸੁਡਾਨ ਤੱਕ, ਦੁਨੀਆ ਭਰ ਵਿਚ ਸੰਘਰਸ਼ ਵਧ ਰਹੇ ਹਨ। ਇਹ ਪਲ ਭਾਰਤ ਲਈ ਇਕ ਬਦਲਵੇਂ ਵਿਸ਼ਵ ਆਰਥਿਕ ਮਾਡਲ ਨੂੰ ਆਕਾਰ ਦੇਣ ਅਤੇ ਇਕ ਵਧੇਰੇ ਸਮਾਵੇਸ਼ੀ ਅੰਤਰਰਾਸ਼ਟਰੀ ਪ੍ਰਣਾਲੀ ਦੀ ਵਕਾਲਤ ਕਰਨ ਦਾ ਇਕ ਮੌਕਾ ਹੈ।

ਭਾਰਤ ਉੱਭਰ ਰਿਹਾ ਹੈ ਅਤੇ ਆਲਮੀ ਮੰਚ ’ਤੇ ਇਕ ਵਿਵਹਾਰਕ ਨੇਤਾ ਵਜੋਂ ਆਪਣੀ ਸਥਿਤੀ ਬਣਾ ਰਿਹਾ ਹੈ। ਅਸੀਂ ਗਲੋਬਲ ਸਾਊਥ ਲਈ ਮਹੱਤਵਪੂਰਨ ਮੁੱਦਿਆਂ ਨੂੰ ਸਾਹਮਣੇ ਲਿਆ ਰਹੇ ਹਾਂ ਜਦਕਿ ਆਲਮੀ ਸੰਘਰਸ਼ ’ਤੇ ਇਕ ਸਮਝੌਤਾਵਾਦੀ ਰੁਖ਼ ਅਪਣਾ ਰਹੇ ਹਾਂ। ਭਾਰਤ ਦਾ ਕੂਟਨੀਤੀ ਸੰਤੁਲਨ ਇਸ ਯੁੱਗ ਦੀ ਇਕ ਪਰਿਭਾਸ਼ਿਤ ਵਿਸ਼ੇਸ਼ਤਾ ਬਣ ਰਿਹਾ ਹੈ। (ਲੇਖਕ ਭਾਰਤ ਦੇ ਜੀ-20 ਸ਼ੇਰਪਾ ਅਤੇ ਨੀਤੀ ਆਯੋਗ ਦੇ ਸਾਬਕਾ ਸੀ. ਈ. ਓ. ਹਨ।) - ਅਮਿਤਾਭ ਕਾਂਤ


author

Rakesh

Content Editor

Related News