ਈਰਾਨ ਨੂੰ ਮਿਲਿਆ ਨਵਾਂ ਲੀਡਰ, ਕਿੰਨੀ ਬਦਲੇਗੀ ਤਸਵੀਰ

Tuesday, Mar 10, 2026 - 04:58 PM (IST)

ਈਰਾਨ ਨੂੰ ਮਿਲਿਆ ਨਵਾਂ ਲੀਡਰ, ਕਿੰਨੀ ਬਦਲੇਗੀ ਤਸਵੀਰ

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸਾਂਝੀ ਫੌਜੀ ਮੁਹਿੰਮ ਦੇ ਤਹਿਤ ਤਹਿਰਾਨ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਮੱਧ-ਪੂਰਬ ’ਚ ਸਥਿਤੀ ਬੜੀ ਹੀ ਗੰਭੀਰ ਹੋ ਗਈ ਹੈ। ਇਸ ਫੌਜੀ ਕਾਰਵਾਈ ’ਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਦੀ ਸਿਆਸਤ ’ਚ ਇਕ ਅਜਿਹਾ ਮੋੜ ਆ ਗਿਆ ਹੈ ਜਿਸ ਨੇ ਪੂਰੀ ਦੁਨੀਆ ਦੇ ਸਾਹ ਰੋਕ ਦਿੱਤੇ ਹਨ। ਅਲੀ ਖਾਮੇਨੇਈ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੋਜਤਬਾ ਖਾਮੇਨੇਈ ਨੂੰ ਦੇਸ਼ ਦਾ ਨਵਾਂ ਸਰਵਉੱਚ ਨੇਤਾ ਐਲਾਨਿਆ ਹੈ। ਇਸ ਫੈਸਲੇ ਤੋਂ ਬਾਅਦ ਅਮਰੀਕਾ ਅਤੇ ਇਜ਼ਰਾਈਲ ਦੀ ਪ੍ਰਤੀਕਿਰਿਆ ਤੇਜ਼ ਹੋ ਗਈ ਹੈ ਅਤੇ ਮੱਧ-ਪੂਰਬ ’ਚ ਤਣਾਅ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਮੋਜਤਬਾ ਖਾਮੇਨੇਈ ਅਜਿਹੇ ਸਮੇਂ ’ਚ ਸੱਤਾ ਸੰਭਾਲ ਰਹੇ ਹਨ ਜਦੋਂ ਈਰਾਨ ਗੰਭੀਰ ਸੰਕਟ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੱਕ ਨਹੀਂ ਰੁਕਣਗੇ। ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਤਹਿਰਾਨ ਦੀ ਅਗਲੀ ਰਣਨੀਤਕ ਚਾਲ ’ਤੇ ਟਿਕੀਆਂ ਹਨ। ਹੁਣ ਮੋਜਤਬਾ ਖਾਮੇਨੇਈ ਨੂੰ ਇਹ ਤੈਅ ਕਰਨਾ ਹੈ ਕਿ ਉਹ ਖਾਮੇਨੇਈ ਦੀ ਮੌਤ ਦਾ ਬਦਲਾ ਲੈਣ ਲਈ ‘ਮਹਾਯੁੱਧ’ ਦਾ ਰਾਹ ਚੁਣਨਗੇ ਜਾਂ ਫਿਰ ਦੇਸ਼ ਨੂੰ ਤਬਾਹੀ ਤੋਂ ਬਚਾਉਣ ਲਈ ਕੂਟਨੀਤੀ ਦਾ ਸਹਾਰਾ ਲੈਣਗੇ।

ਅਯਾਤੁੱਲਾ ਅਲੀ ਖਾਮੇਨੇਈ, ਉਹ ਸ਼ਖਸੀਅਤ ਜੋ ਦਹਾਕਿਆਂ ਤੱਕ ਈਰਾਨ ਦੀ ਤਕਦੀਰ ਦਾ ਆਖਰੀ ਫੈਸਲਾ ਲੈਂਦੇ ਰਹੇ, ਹੁਣ ਇਸ ਦੁਨੀਆ ’ਚ ਨਹੀਂ ਹਨ। ਲੱਗਭਗ ਚਾਰ ਦਹਾਕੇ ਤੱਕ ਅਯਾਤੁੱਲਾ ਅਲੀ ਖਾਮੇਨੇਈ ਈਰਾਨ ਦੇ ਸਿਸਟਮ ਦਾ ਚਿਹਰਾ ਰਹੇ। ਉਨ੍ਹਾਂ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸਿਆਸਤ ’ਤੇ ਲਗਭਗ ਪੂਰਾ ਆਪਣਾ ਕੰਟਰੋਲ ਰੱਖਿਆ। ਉਨ੍ਹਾਂ ਦੀ ਮੌਜੂਦਗੀ ਹੀ ਈਰਾਨ ਦੀ ਸਿਆਸਤ ਦੀ ਦਿਸ਼ਾ ਤੈਅ ਕਰਦੀ ਸੀ। ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਅਮਰੀਕੀ-ਇਜ਼ਰਾਈਲੀ ਹਮਲੇ ’ਚ ਉਨ੍ਹਾਂ ਦੀ ਮੌਤ ਤੋਂ ਬਾਅਦ ਸੱਤਾ ਦੇ ਗਲਿਆਰਿਆਂ ’ਚ ਹਲਚਲ ਤੇਜ਼ ਹੈ। ਸਵਾਲ ਸਿਰਫ਼ ਨਵੇਂ ਚਿਹਰੇ ਦਾ ਨਹੀਂ, ਸਗੋਂ ਉਸ ਰਾਹ ਦਾ ਵੀ ਹੈ ਜਿਸ ’ਤੇ ਈਰਾਨ ਅੱਗੇ ਵਧੇਗਾ।

ਇਹ ਠੀਕ ਹੈ ਕਿ ਖਾਮੇਨੇਈ ਦੀ ਮੌਤ ਨਾਲ ਈਰਾਨ ਦੀ ਮੌਜੂਦਾ ਸਰਕਾਰ ਦਾ ਤੰਤਰ ਪੂਰੀ ਤਰ੍ਹਾਂ ਢਹਿ-ਢੇਰੀ ਤਾਂ ਨਹੀਂ ਹੋਵੇਗਾ ਪਰ ਇਹ ਫਿਰ ਕਦੇ ਪਹਿਲਾਂ ਵਰਗਾ ਵੀ ਨਹੀਂ ਹੋ ਸਕੇਗਾ। ਖਾਮੇਨੇਈ ਨੇ ਆਪਣੀ ਜ਼ਿੰਦਗੀ ’ਚ ਹਮੇਸ਼ਾ ਪੱਛਮ ਅਤੇ ਖਾਸ ਤੌਰ ’ਤੇ ਅਮਰੀਕਾ ਨੂੰ ਬੇਭਰੋਸਗੀ ਦੀ ਨਜ਼ਰ ਨਾਲ ਦੇਖਿਆ। ਇਸ ਲਈ, ਉਨ੍ਹਾਂ ਤੋਂ ਬਾਅਦ ਬਦਲਾਅ ਆਉਣਾ ਤੈਅ ਹੈ। ਇੰਨਾ ਤਾਂ ਸਾਫ਼ ਹੈ ਕਿ ਈਰਾਨ ਦੇ ਖਾੜੀ ਦੇਸ਼ਾਂ ’ਤੇ ਹਮਲਿਆਂ ਨੇ ਇਨ੍ਹਾਂ ਦੇਸ਼ਾਂ ਦੀ ਤਹਿਰਾਨ ਨਾਲ ਸਾਵਧਾਨੀਪੂਰਵਕ ਅਤੇ ਸੰਤੁਲਿਤ ਸਬੰਧ ਬਣਾਏ ਰੱਖਣ ਦੀ ਨੀਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। 

ਖਾੜੀ ਦੇਸ਼ਾਂ ਦੀ ਇਜ਼ਰਾਈਲ ਦੇ ਨਾਲ ਵਿਆਪਕ ਸੁਰੱਖਿਆ ਭਾਈਵਾਲੀ ਦੀਆਂ ਸੰਭਾਵਨਾਵਾਂ ਦੇ ਰਾਹ ਨੂੰ ਪੱਧਰਾ ਕੀਤਾ ਹੈ। ਜੇਕਰ ਈਰਾਨ ਖਾੜੀ ਦੇਸ਼ਾਂ ’ਚ ਆਪਣੇ ਹਮਲਿਆਂ ਨੂੰ ਨਹੀਂ ਰੋਕਦਾ ਤਾਂ ਬਿਨਾਂ ਸ਼ੱਕ ਬਾਕੀ ਦੇ ਖਾੜੀ ਦੇਸ਼ ਵੀ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੇ ਹਨ। ਇੰਨਾ ਹੀ ਨਹੀਂ, ਜੇਕਰ ਈਰਾਨ ਖਾੜੀ ਦੇਸ਼ਾਂ ’ਚ ਆਪਣੇ ਕੈਂਪੇਨ ਨੂੰ ਵਧਾਉਂਦਾ ਹੈ ਤਾਂ ਖਾੜੀ ਦੇਸ਼ਾਂ ਨਾਲ ਇਕ ਵਿਆਪਕ ਫੌਜੀ ਟਕਰਾਅ ਦੀ ਸਥਿਤੀ ਵੀ ਬਣ ਸਕਦੀ ਹੈ। ਇਸ ’ਚ ਸ਼ੱਕ ਨਹੀਂ ਹੈ ਕਿ ਖਾੜੀ ਦੇਸ਼ਾਂ ’ਤੇ ਈਰਾਨ ਦੇ ਹਮਲਿਆਂ ਨੇ ਤਹਿਰਾਨ ਦੇ ਪੱਛਮੀ ਏਸ਼ੀਆਈ ਖੇਤਰ ’ਚ ਕੂਟਨੀਤਕ ਰੂਪ ’ਚ ਹੋਰ ਜ਼ਿਆਦਾ ਅਲੱਗ-ਥਲੱਗ ਪੈਣ ਦੀਆਂ ਸੰਭਾਵਨਾਵਾਂ ਨੂੰ ਵਧਾ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਹਾਲਾਤ ’ਚ ਭਾਰਤ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਜ਼ਰਾਈਲ-ਈਰਾਨ ਦੇ ਵਿਚਾਲੇ ਕੂਟਨੀਤਕ ਸੰਤੁਲਨ ਬਿਠਾਉਣਾ ਹੋਵੇਗਾ। ਇਜ਼ਰਾਈਲ ਸਾਡਾ ਵੱਡਾ ਰੱਖਿਆ ਭਾਈਵਾਲ ਹੈ ਜਦਕਿ ਈਰਾਨ ਖੇਤਰੀ ਸੰਪਰਕ ਦੀ ਦ੍ਰਿਸ਼ਟੀ ਤੋਂ ਅਹਿਮ ਹੈ।

ਖਾੜੀ ਅਤੇ ਮੱਧ-ਪੂਰਬ ’ਚ ਕਰੀਬ 90 ਲੱਖ ਭਾਰਤੀ ਰਹਿੰਦੇ ਹਨ। ਉਨ੍ਹਾਂ ਦੀ ਸੁਰੱਖਿਆ ’ਤੇ ਹੁਣ ਸਿੱਧਾ ਅਸਰ ਪਵੇਗਾ। ਭਾਰਤ ਨੂੰ ਮਿਲਣ ਵਾਲੀ ਕੁੱਲ ਵਿਦੇਸ਼ੀ ਮੁਦਰਾ ਦਾ ਲੱਗਭਗ 38 ਫੀਸਦੀ ਹਿੱਸਾ ਇਸੇ ਖੇਤਰ ਤੋਂ ਆਉਂਦਾ ਹੈ। ਭਾਰਤ ਆਪਣੀ ਲੱਗਭਗ 60 ਫੀਸਦੀ ਊਰਜਾ ਜ਼ਰੂਰਤ ਇਸੇ ਖੇਤਰ ਤੋਂ ਦਰਾਮਦ ਕਰਦਾ ਹੈ। ਜੇਕਰ ਸਪਲਾਈ ਰੁਕੀ ਤਾਂ ਭਾਰਤੀ ਅਰਥਵਿਵਸਥਾ ’ਤੇ ਇਸ ਦਾ ਵੱਡਾ ਅਸਰ ਪਵੇਗਾ। ਨਾਲ ਹੀ, ਚਾਬਹਾਰ ਪੋਰਟ ਦੇ ਇਲਾਵਾ ਹੋਰਮੁਜ਼ ਸਮੁੰਦਰੀ ਮਾਰਗ ਬੰਦ ਹੋਣ ਨਾਲ ਭਾਰਤ ਦੇ ਵਪਾਰ ’ਤੇ ਬੇਹੱਦ ਮਾੜਾ ਅਸਰ ਪਵੇਗਾ। ਭਾਰਤ ਪਹਿਲਾਂ ਹੀ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਅਮਰੀਕੀ ਦਬਾਅ ’ਚ ਹੈ। ਅਜਿਹੇ ’ਚ ਇਹ ਸਥਿਤੀ ਭਾਰਤ ਲਈ ਕੂਟਨੀਤਕ ਅਤੇ ਆਰਥਿਕ ਤੌਰ ’ਤੇ ਬੇਹੱਦ ਚੁਣੌਤੀਪੂਰਨ ਹੈ। ਭਾਰਤ ਦੇ ਈਰਾਨ ਨਾਲ ਇਤਿਹਾਸਕ ਅਤੇ ਰਣਨੀਤਕ ਸਬੰਧ ਰਹੇ ਹਨ। ਹੁਣ ਨਵੀਂ ਲੀਡਰਸ਼ਿਪ ਨਾਲ ਤਾਲਮੇਲ ਬਿਠਾਉਣਾ ਵੀ ਇਕ ਵੱਡੀ ਕੂਟਨੀਤਕ ਪ੍ਰੀਖਿਆ ਹੋਵੇਗੀ।

ਕੁੱਲ ਮਿਲਾ ਕੇ ਖਾਮੇਨੇਈ ਦੀ ਮੌਤ ਸਿਰਫ ਈਰਾਨ ਦੀ ਨਹੀਂ, ਸਗੋਂ ਪੂਰੇ ਖੇਤਰ ਅਤੇ ਦੁਨੀਆ ਦੀ ਰਾਜਨੀਤੀ ਨੂੰ ਬਦਲ ਸਕਦੀ ਹੈ। ਆਉਣ ਵਾਲੇ ਦਿਨ ਨਿਰਣਾਇਕ ਸਾਬਤ ਹੋਣਗੇ। ਹੁਣ ਸਵਾਲ ਇਹ ਹੈ ਕਿ ਕੀ ਈਰਾਨ ’ਚ ਇਕ ਹੋਰ ਕ੍ਰਾਂਤੀ ਹੋਵੇਗੀ ਜਾਂ ਫਿਰ ਫੌਜ ਸੱਤਾ ਆਪਣੇ ਹੱਥ ’ਚ ਲੈ ਲਵੇਗੀ। ਕਿਉਂਕਿ ਈਰਾਨ ਦਾ ਸੁਪਰੀਮ ਲੀਡਰ ਦੇਸ਼ ਦੀ ਰਾਜਨੀਤੀ ਅਤੇ ਫੌਜ ਦੋਵਾਂ ’ਤੇ ਸਭ ਤੋਂ ਵੱਡਾ ਕੰਟਰੋਲ ਰੱਖਦਾ ਹੈ। ਇਸ ਲਈ ਇਹ ਅਹੁਦਾ ਸਿਰਫ ਧਾਰਮਿਕ ਜਾਂ ਰਾਜਨੀਤਕ ਅਗਵਾਈ ਦਾ ਨਹੀਂ ਸਗੋਂ ਪੂਰੇ ਸਿਸਟਮ ਦੀ ਦਿਸ਼ਾ ਤੈਅ ਕਰਨ ਵਾਲਾ ਅਹੁਦਾ ਹੈ। ਇਹੀ ਵਜ੍ਹਾ ਹੈ ਕਿ ਖਾਮੇਨੇਈ ਤੋਂ ਬਾਅਦ ਹੁਣ ਪੂਰੀ ਦੁਨੀਆ ਦੀ ਨਜ਼ਰ ਤਹਿਰਾਨ ’ਤੇ ਟਿਕੀ ਹੋਈ ਹੈ। ਸਵਾਲ ਸਿਰਫ਼ ਇੰਨਾ ਨਹੀਂ ਹੈ ਕਿ ਨਵਾਂ ਨੇਤਾ ਕੌਣ ਹੋਵੇਗਾ, ਸਗੋਂ ਇਹ ਵੀ ਹੈ ਕਿ ਕੀ ਈਰਾਨ ਦੀਆਂ ਨੀਤੀਆਂ ਬਦਲਣਗੀਆਂ ਜਾਂ ਫਿਰ ਉਹੀ ਪੁਰਾਣਾ ਟਕਰਾਅ ਜਾਰੀ ਰਹੇਗਾ। ਖੈਰ, ਈਰਾਨ ਦੀ ਸ਼ਾਸਨ ਵਿਵਸਥਾ ’ਚ ਕੀ ਬਦਲਾਅ ਆਵੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਖਾਮੇਨੇਈ ਦੀ ਮੌਤ ਕਈ ਦੂਜੇ ਦੇਸ਼ਾਂ ਲਈ ਪਰੇਸ਼ਾਨੀ ਦਾ ਕਾਰਨ ਜ਼ਰੂਰ ਬਣ ਸਕਦੀ ਹੈ।

-ਰਵੀ ਸ਼ੰਕਰ


author

Harpreet SIngh

Content Editor

Related News