ਇੱਛਾ ਮੌਤ : ਕਿਸੇ ਨੂੰ ਇਹ ਦਿਨ ਨਾ ਦੇਖਣੇ ਪੈਣ
Tuesday, Mar 17, 2026 - 05:06 PM (IST)
ਹਾਲ ਹੀ ’ਚ ਹਰੀਸ਼ ਰਾਣਾ ਨਾਂ ਦੇ 31 ਸਾਲਾ ਨੌਜਵਾਨ ਦੇ ਮਾਤਾ-ਪਿਤਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਇੱਛਾ ਮੌਤ ਦੀ ਇਜਾਜ਼ਤ ਦੇ ਦਿੱਤੀ। ਅਜਿਹਾ ਦੇਸ਼ ’ਚ ਪਹਿਲੀ ਵਾਰ ਹੋਇਆ। ਅਦਾਲਤ ਫੈਸਲਾ ਸੁਣਾਉਂਦੇ ਸਮੇਂ ਬਹੁਤ ਭਾਵੁਕ ਵੀ ਹੋ ਗਈ ਅਤੇ ਇਸ ਨੌਜਵਾਨ ਦੇ ਮਾਤਾ-ਪਿਤਾ ਨੂੰ ਸੈਲਿਊਟ ਵੀ ਕੀਤਾ। ਤੇਰਾਂ ਸਾਲਾਂ ਤੋਂ ਇਹ ਨੌਜਵਾਨ ਕੋਮਾ ’ਚ ਸੀ। ਉਸ ਦੇ ਪੂਰੇ ਸਰੀਰ ਨੂੰ ਲਕਵਾ ਵੀ ਮਾਰ ਗਿਆ ਸੀ। ਉਸ ਦੇ ਠੀਕ ਹੋਣ ਦੀ ਕੋਈ ਉਮੀਦ ਵੀ ਨਹੀਂ ਸੀ ਪਰ ਮਾਤਾ-ਪਿਤਾ ਅਤੇ ਛੋਟੇ ਭਰਾ ਨੇ ਉਸ ਦੀ ਬਹੁਤ ਸੇਵਾ ਕੀਤੀ।
ਉਨ੍ਹਾਂ ਮਾਤਾ-ਪਿਤਾ ਦੀ ਹਾਲਤ ਸੋਚ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ, ਜਿਨ੍ਹਾਂ ਨੂੰ ਆਪਣੇ ਬੇਟੇ ਦੀ ਮੌਤ ਦੀ ਇਜਾਜ਼ਤ ਅਦਾਲਤ ਤੋਂ ਲੈਣੀ ਪਈ। ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਟਾਪਰ ਸੀ। ਨਾ ਜਾਣੇ ਉਸ ਦੇ ਕਿੰਨੇ ਸੁਪਨੇ ਸਨ। ਹੋਸਟਲ ’ਚ ਚੌਥੀ ਮੰਜ਼ਿਲ ਤੋਂ ਡਿੱਗਿਆ ਤਾਂ ਫਿਰ ਕਦੇ ਉੱਠ ਨਹੀਂ ਸਕਿਆ। ਮਾਂ ਸਿਸਕਦੇ ਹੋਏ ਬੋਲੀ ਕਿ ਸਾਡੇ ਤੋਂ ਬਾਅਦ ਉਸ ਦੀ ਦੇਖਭਾਲ ਕੌਣ ਕਰਦਾ, ਇਸ ਲਈ ਅਜਿਹਾ ਫੈਸਲਾ ਲੈਣਾ ਪਿਆ।
ਅਰਸੇ ਤੋਂ ਆਪਣੇ ਇੱਥੇ ਇੱਛਾ ਮੌਤ ’ਤੇ ਬਹਿਸ ਚੱਲ ਰਹੀ ਹੈ। ਮੁੰਬਈ ਦੀ ਨਰਸ ਅਰੁਣਾ ਸ਼ਾਨਬਾਗ ਵੀ ਦਹਾਕਿਆਂ ਤੱਕ ਕੋਮਾ ’ਚ ਰਹੀ। ਉਨ੍ਹਾਂ ਲਈ ਵੀ ਇੱਛਾ ਮੌਤ ਦੀ ਮੰਗ ਅਦਾਲਤ ਤੋਂ ਕੀਤੀ ਗਈ ਸੀ ਪਰ ਇਜਾਜ਼ਤ ਨਹੀਂ ਮਿਲੀ ਸੀ। ਬਾਅਦ ’ਚ ਨਿਮੋਨੀਏ ਨਾਲ ਉਨ੍ਹਾਂ ਦੀ ਮੌਤ ਹੋ ਗਈ। ਜਿਸ ਪਰਿਵਾਰ ’ਤੇ ਅਜਿਹੀ ਆਫਤ ਟੁੱਟਦੀ ਹੈ, ਉਨ੍ਹਾਂ ਦੇ ਦੁੱਖਾਂ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਇਸੇ ਲਈ ਇਸ ਮਾਮਲੇ ’ਚ ਅਦਾਲਤ ਨੇ ਵੀ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਕਾਨੂੰਨ ਬਣਾਉਣਾ ਚਾਹੀਦਾ ਹੈ।
ਕੁਝ ਸਾਲ ਪਹਿਲਾਂ ਅੰਗਰੇਜ਼ੀ ਦੇ ਇਕ ਅਖ਼ਬਾਰ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ’ਚ ਭਰਤੀ ਅਜਿਹੇ ਮਰੀਜ਼ਾਂ ਬਾਰੇ ਇਕ ਰਿਪੋਰਟ ਛਾਪੀ ਸੀ। ਇਸ ’ਚ ਦੱਸਿਆ ਗਿਆ ਸੀ ਕਿ ਕਈ ਬ੍ਰੇਨ ਡੈੱਡ ਮਰੀਜ਼ ਉੱਥੇ ਸਾਲਾਂ ਤੋਂ ਭਰਤੀ ਹਨ। ਘਰ ਵਾਲਿਆਂ ਨੂੰ ਹਸਪਤਾਲ ਕਹਿੰਦਾ ਹੈ ਕਿ ਹੁਣ ਉਨ੍ਹਾਂ ਨੂੰ ਘਰ ਲੈ ਜਾਣ, ਜਿਸ ਨਾਲ ਕਿ ਹੋਰ ਮਰੀਜ਼ਾਂ ਨੂੰ ਉਨ੍ਹਾਂ ਦੇ ਬੈੱਡ ਮਿਲ ਸਕਣ ਪਰ ਘਰ ਵਾਲੇ ਇਸ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਘਰ ਲਿਜਾ ਕੇ ਉਹ ਮਰੀਜ਼ਾਂ ਦੀ ਚੌਵੀ ਘੰਟੇ ਦੇਖਭਾਲ ਕਿਵੇਂ ਕਰਨਗੇ। ਹਸਪਤਾਲਾਂ ਦੀ ਮਜਬੂਰੀ ਇਹ ਹੁੰਦੀ ਹੈ ਕਿ ਉਨ੍ਹਾਂ ਕੋਲ ਸੀਮਤ ਸਰੋਤ ਹੁੰਦੇ ਹਨ, ਇਕ ਬੈੱਡ ਖਾਲੀ ਹੋਵੇ ਤਾਂ ਹੋ ਸਕਦਾ ਹੈ ਕਿ ਕਈ ਮਰੀਜ਼ ਉਸ ਲਾਈਨ ’ਚ ਲੱਗੇ ਹੋਣ।
ਇੰਜ ਵੀ ਆਪਣੇ ਦੇਸ਼ ਵਿਚ ਹਸਪਤਾਲਾਂ ਦੀ ਭਾਰੀ ਕਮੀ ਹੈ। ਪ੍ਰਾਈਵੇਟ ਸੈਕਟਰ ਹਸਪਤਾਲਾਂ ’ਚ ਜਾਣ ਬਾਰੇ ਸਾਧਨਹੀਣ ਮਰੀਜ਼ ਤਾਂ ਸੋਚ ਵੀ ਨਹੀਂ ਸਕਦੇ। ਸਿੱਖਿਆ ਵਾਂਗ ਇਲਾਜ ਵੀ ਮਨੁੱਖ ਦੇ ਮੌਲਿਕ ਅਧਿਕਾਰਾਂ ’ਚ ਇਕ ਹੋਣਾ ਚਾਹੀਦਾ ਹੈ ਪਰ ਸ਼ਾਇਦ ਹੀ ਕੋਈ ਇਸ ਬਾਰੇ ਸੋਚਦਾ ਹੋਵੇ। ਇਸ ਤੋਂ ਇਲਾਵਾ ਜਿਉਂ-ਜਿਉਂ ਚਿਕਿਤਸਾ ਪ੍ਰਾਈਵੇਟ ਸੈਕਟਰ ਦੇ ਹੱਥਾਂ ’ਚ ਗਈ ਹੈ, ਇਲਾਜ ਮਹਿੰਗੇ ਤੋਂ ਮਹਿੰਗਾ ਹੁੰਦਾ ਗਿਆ ਹੈ। ਲੋਕਾਂ ਦੇ ਸਾਰੇ ਸਾਧਨ ਕਿਸੇ ਇਕ ਵਿਅਕਤੀ ਦੇ ਇਲਾਜ ’ਚ ਲੱਗ ਜਾਂਦੇ ਹਨ। ਫਿਰ ਵੀ ਬਹੁਤੀ ਵਾਰ ਮਰੀਜ਼ ਠੀਕ ਨਹੀਂ ਹੁੰਦਾ।
ਹਰੀਸ਼ ਰਾਣਾ ਦੇ ਪਰਿਵਾਰ ਨੂੰ ਵੀ ਉਸ ਦੇ ਘਰ ਰਹਿਣ ’ਤੇ ਇਲਾਜ ਲਈ ਆਪਣੀ ਤਿੰਨ ਮੰਜ਼ਿਲਾ ਜਾਇਦਾਦ ਤੱਕ ਵੇਚਣੀ ਪਈ ਸੀ। ਉਸ ਦੇ ਮਾਤਾ-ਪਿਤਾ ਨੇ ਇਹ ਵੀ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਉਨ੍ਹਾਂ ਵਰਗੇ ਅਨੇਕਾਂ ਪਰਿਵਾਰਾਂ ਨੂੰ ਰਾਹਤ ਮਿਲੇਗੀ, ਜੋ ਇਸ ਤਰ੍ਹਾਂ ਦੀ ਮੁਸੀਬਤ ’ਚੋਂ ਗੁਜ਼ਰ ਰਹੇ ਹਨ। ਉਹ ਸਾਲਾਂ ਤੋਂ ਬੇਟੇ ਨੂੰ ਇਸ ਲਾਚਾਰ ਅਵਸਥਾ ’ਚ ਦੇਖ ਰਹੇ ਹਨ ਅਤੇ ਕੁਝ ਕਰ ਵੀ ਨਹੀਂ ਸਕਦੇ।
ਪੱਛਮ ਦੇ ਕਈ ਦੇਸ਼ਾਂ ’ਚ ਇੱਛਾ ਮੌਤ ਕਾਨੂੰਨੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ ਆਸਟ੍ਰੇਲੀਆ ਦੇ ਇਕ ਸੌ ਸਾਲਾ ਵਿਗਿਆਨੀ ਇਸ ਦੇ ਲਈ ਸਵਿਟਜ਼ਰਲੈਂਡ ਗਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਨੇ ਬਹੁਤ ਜੀਅ ਲਿਆ ਹੈ, ਹੁਣ ਹੋਰ ਨਹੀਂ ਿਜਊਣਾ ਚਾਹੁੰਦਾ। ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਉਸ ਨੇ ਉੱਥੇ ਖੂਬ ਸੈਰ ਕੀਤੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਸ ਨੂੰ ਪਤਾ ਹੈ ਕਿ ਉਸ ਨਾਲ ਕੀ ਹੋਵੇਗਾ, ਉਦੋਂ ਉਸ ਨੇ ਪੂਰੀ ਪ੍ਰਕਿਰਿਆ ਬਾਰੇ ਖੁਦ ਦੱਸਿਆ ਸੀ। ਅਗਲੇ ਦਿਨ ਹਸਪਤਾਲ ’ਚ ਉਸ ਦੀ ਇੱਛਾ ਅਨੁਸਾਰ ਇੰਜੈਕਸ਼ਨ ਦੇ ਕੇ ਉਸ ਨੂੰ ਮੁਕਤੀ ਦਿੱਤੀ ਗਈ ਸੀ।
ਦਰਅਸਲ ਆਪਣੇ ਬੱਚੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਲਈ ਇਸ ਤਰ੍ਹਾਂ ਦੀ ਮੌਤ ਦੀ ਮੰਗ ਕਰਨੀ ਦਿਲ ’ਤੇ ਪੱਥਰ ਰੱਖਣ ਵਰਗਾ ਕੰਮ ਹੈ। ਇਸ ਲਈ ਬਹੁਤ ਹੌਸਲਾ ਚਾਹੀਦਾ ਹੈ ਪਰ ਜਦੋਂ ਹਾਲਾਤ ਆਪਣੇ ਹੱਥੋਂ ਨਿਕਲਣ ਲੱਗਦੇ ਹਨ, ਸਾਰੇ ਵਸੀਲੇ ਸੁੱਕ ਜਾਂਦੇ ਹਨ, ਸਰੀਰ ਦੀ ਹਿੰਮਤ ਜਵਾਬ ਦੇ ਜਾਂਦੀ ਹੈ, ਤਾਂ ਕੋਈ ਕਰੇ ਵੀ ਕੀ। ਕਿਸੇ ਗੰਭੀਰ ਬੀਮਾਰੀ ਜਾਂ ਹਾਦਸੇ ਦੇ ਕਾਰਨ ਕਿਸੇ ਨਾਲ ਅਜਿਹਾ ਹੋ ਜਾਵੇ ਕਿ ਉਸ ਦੇ ਜੀਵਨ ਦੀ ਸੰਭਾਵਨਾ ਬਿਲਕੁਲ ਨਾ ਬਚੇ, ਤਾਂ ਹੋਰ ਰਸਤਾ ਹੀ ਕੀ ਹੈ। ਆਸਟ੍ਰੇਲੀਆ ਦੇ ਵਿਗਿਆਨੀ ਨੂੰ ਤਾਂ ਅਜਿਹੀ ਕੋਈ ਸਮੱਸਿਆ ਨਹੀਂ ਸੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਜਿਊਣ ਤੋਂ ਉਨ੍ਹਾਂ ਦਾ ਮਨ ਭਰ ਗਿਆ ਹੈ।
ਇਹ ਸੋਚ ਕੇ ਵੀ ਦਿਲ ਭਰ ਆਉਂਦਾ ਹੈ ਕਿ ਜਦੋਂ ਹਸਪਤਾਲ ’ਚ ਹਰੀਸ਼ ਰਾਣਾ ਦੇ ਸਾਰੇ ਮੈਡੀਕਲ ਸਪੋਰਟ ਹਟਾਏ ਜਾਣਗੇ, ਤਾਂ ਸਾਹਮਣੇ ਖੜ੍ਹੇ ਮਾਤਾ-ਪਿਤਾ ਅਤੇ ਹੋਰ ਲੋਕਾਂ ’ਤੇ ਕੀ ਗੁਜ਼ਰੇਗੀ। ਇਹੀ ਪ੍ਰਾਰਥਨਾ ਕੀਤੀ ਜਾ ਸਕਦੀ ਹੈ ਕਿ ਅਜਿਹੇ ਮਾੜੇ ਦਿਨ ਕਿਸੇ ਹੋਰ ਨੂੰ ਨਾ ਦੇਖਣੇ ਪੈਣ। ਕਿਸੇ ਨੂੰ ਇੰਨੀ ਬਿਪਤਾ ’ਚੋਂ ਨਾ ਲੰਘਣਾ ਪਵੇ।
—ਸ਼ਮਾ ਸ਼ਰਮਾ
