‘ਨਹੀਂ ਰੁਕ ਰਿਹਾ-ਪ੍ਰਭਾਵਸ਼ਾਲੀ ਲੋਕਾਂ ਦਾ’ ਦਬੰਗਈ-ਸਿਲਸਿਲਾ!
Thursday, Jul 17, 2025 - 06:55 AM (IST)

ਸੱਤਾ ਅਦਾਰਿਆਂ ਨਾਲ ਜੁੜੇ ਲੋਕਾਂ ਅਤੇ ਸਿਆਸਤਦਾਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਖੁਦ ਨੂੰ ਸੱਚਾ ਜਨਸੇਵਕ ਸਿੱਧ ਕਰਦੇ ਹੋਏ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਲਝਾਉਣ ’ਚ ਮਦਦ ਕਰਨਗੇ ਪਰ ਅੱਜ ਇਹੀ ਲੋਕ ਵੱਡੀ ਪੱਧਰ ’ਤੇ ਦਬੰਗਈ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਸ ਦੀਆਂ ਪਿਛਲੇ ਲਗਭਗ 100 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 25 ਫਰਵਰੀ ਨੂੰ ‘ਬਾਂਦਾ’ (ਉੱਤਰ ਪ੍ਰਦੇਸ਼) ਦੇ ‘ਕਾਲੂਕੁਅਾਂ’ ’ਚ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ‘ਰਾਜੇਸ਼ ਗੁਪਤਾ’ ਨੇ ਇਕ ਪਾਰਕ ਦੀ ਜ਼ਮੀਨ ’ਤੇ ਕੀਤਾ ਹੋਇਅਾ ਕਬਜ਼ਾ ਛੁਡਵਾਉਣ ਅਾਈ ਪੁਲਸ ਦੀ ਮੌਜੂਦਗੀ ’ਚ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਅ ਦਿੱਤੀ।
* 18 ਮਾਰਚ ਨੂੰ ‘ਬਲੌਦਾ ਬਾਜ਼ਾਰ’ (ਛੱਤੀਸਗੜ੍ਹ) ’ਚ ਇਕ ਪ੍ਰਦਰਸ਼ਨ ਦੌਰਾਨ ਅਗਜ਼ਨੀ, ਭੰਨ-ਤੋੜ ਅਤੇ ਹਿੰਸਾ ਦੇ ਮਾਮਲੇ ’ਚ ‘ਅਾਪ’ ਨੇਤਾ ‘ਭੁਵਨੇਸ਼ਵਰ ਸਿੰਘ ਡਹਰੀਅਾ’ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਅਾ।
* 21 ਅਪ੍ਰੈਲ ਨੂੰ ‘ਇੰਦੌਰ’ (ਮੱਧ ਪ੍ਰਦੇਸ਼) ’ਚ ਬੱਚਿਅਾਂ ਦੇ ਝਗੜੇ ਨੂੰ ਲੈ ਕੇ ਨਗਰ ਨਿਗਮ ਦੇ ਵਿਰੋਧੀ ਧਿਰ ਦੇ ਨੇਤਾ ‘ਚਿੰਟੂ ਚੌਕਸੇ’ (ਕਾਂਗਰਸ) ਅਤੇ ਉਸ ਦੇ ਸਾਥੀਅਾਂ ਨੇ ਭਾਜਪਾ ਨੇਤਾ ‘ਕਪਿਲ ਪਾਠਕ’ ’ਤੇ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
* 8 ਜੂਨ ਨੂੰ ‘ਕੋਰਬਾ’ (ਛੱਤੀਸਗੜ੍ਹ) ਜ਼ਿਲੇ ਦੇ ਪਿੰਡ ‘ਕੁਦਮੁਰਾ’ ’ਚ ਨਦੀ ਤੋਂ ਰੇਤ ਲੈਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਭਾਜਪਾ ਨੇਤਾ ‘ਨਟਵਰ ਲਾਲ ਸ਼ਰਮਾ’ ਦੇ ਵਿਰੁੱਧ ਪਿੰਡ ਦੀ ਮਹਿਲਾ ਪੰਚ ‘ਗੀਤਾ ਯਾਦਵ’ ਨੂੰ ਗਾਲ੍ਹਾਂ ਕੱਢਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।
* 16 ਜੂਨ ਨੂੰ ‘ਰੋਹਤਾਸ’ (ਬਿਹਾਰ) ’ਚ ‘ਜਨ ਸੁਰਾਜ ਪਾਰਟੀ’ ਦੇ ਨੇਤਾ ‘ਕ੍ਰਿਸ਼ਣ ਮੁਰਾਰੀ ਮਿਸ਼ਰਾ’ ਸਮੇਤ 8 ਲੋਕਾਂ ਨੂੰ ਪੁਲਸ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਮਹਿਲਾ ਅਤੇ ਉਸ ਦੇ ਬੇਟਿਅਾਂ ਨਾਲ ਕੁੱਟ-ਮਾਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 27 ਜੂਨ ਨੂੰ ‘ਟੀਕਮਗੜ੍ਹ’ (ਮੱਧ ਪ੍ਰਦੇਸ਼) ਜ਼ਿਲਾ ਕਾਂਗਰਸ ਦੇ ਜਨਰਲ ਸਕੱਤਰ ‘ਲਕਸ਼ਮਣ ਰੈਕਵਾਰ’ ਨੇ ਠੇਕੇ ’ਤੇ ਲਏ ਹੋਏ ਅਾਪਣੇ ਤਲਾਅ ’ਚੋਂ ਇਕ ਵਿਅਕਤੀ ਨੂੰ ਮੱਛੀ ਫੜਦਾ ਦੇਖ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ ਅਤੇ ਗੰਦੀਅਾਂ-ਗੰਦੀਅਾਂ ਗਾਲ੍ਹਾਂ ਕੱਢੀਅਾਂ।
* 29 ਜੂਨ ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ‘ਜੁਬਲੀ ਹਿੱਲਸ’ ਪੁਲਸ ਨੇ ਇਕ ਟੀ. ਵੀ. ਚੈਨਲ ਦੇ ਦਫਤਰ ’ਤੇ ਹਮਲਾ ਅਤੇ ਭੰਨ-ਤੋੜ ਕਰਨ ਦੇ ਦੋਸ਼ ’ਚ ‘ਭਾਰਤ ਰਾਸ਼ਟਰ ਸਮਿਤੀ’ ਦੇ ਇਕ ਨੇਤਾ ‘ਜੀ. ਸ਼੍ਰੀਨਿਵਾਸ’ ਨੂੰ ਗ੍ਰਿਫਤਾਰ ਕੀਤਾ।
* 30 ਜੂਨ ਨੂੰ ‘ਭੋਜਪੁਰ’ (ਬਿਹਾਰ) ਜ਼ਿਲੇ ’ਚ ‘ਰਾਜਦ’ ਦੀ ਇਕ ਰੈਲੀ ’ਚ ਸ਼ਾਮਲ ਹੋਣ ਲਈ ਜਾਣ ਵਾਲੀਅਾਂ 150 ਤੋਂ ਵੱਧ ਗੱਡੀਅਾਂ ‘ਕੁਲਹੜੀਅਾ ਟੋਲ ਪਲਾਜ਼ਾ’ ਉੱਤੇ ਬਿਨਾਂ ਟੋਲ ਟੈਕਸ ਦਿੱਤੇ ਸਿੱਧੇ ਨਿਕਲ ਗਈਅਾਂ ਅਤੇ ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀਅਾਂ ਨੇ ਉਨ੍ਹਾਂ ਨੂੰ ਰੋਕਿਅਾ ਤਾਂ ਟੋਲ ਪਲਾਜ਼ਾ ਦੇ ਕਰਮਚਾਰੀਅਾਂ ਨਾਲ ਕੁੱਟਮਾਰ ਕੀਤੀ ਗਈ।
* 6 ਜੁਲਾਈ ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ‘ਗਦਮ ਚੰਦਰਸ਼ੇਖਰ ਰੈੱਡੀ’ ਨੂੰ ਜਿਲੇਟਿਨ ਦੀਅਾਂ ਛੜਾਂ ਅਤੇ ਹੋਰ ਧਮਾਕਾਖੇਜ਼ ਸਮੱਗਰੀ ਦੀ ਬਰਾਮਦਗੀ ਨਾਲ ਜੁੜੇ ਇਕ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ।
* 9 ਜੁਲਾਈ ਨੂੰ ਮੁੰਬਈ ’ਚ ਸ਼ਿਵਸੈਨਾ (ਸ਼ਿੰਦੇ) ਦੇ ਵਿਧਾਇਕ ‘ਸੰਜੇ ਗਾਇਕਵਾੜ’ ਨੇ ‘ਆਕਾਸ਼ਵਾਣੀ ਵਿਧਾਇਕ ਹੋਸਟਲ’ ਦੀ ਕੰਟੀਨ ’ਚ ਵੇਟਰ ਵਲੋਂ ਪਰੋਸੀ ਗਈ ਦਾਲ ਪਸੰਦ ਨਾ ਆਉਣ ਕਾਰਨ ਵੇਟਰ ’ਤੇ ਥੱਪੜਾਂ ਦੀ ਬਰਸਾਤ ਕਰ ਦਿੱਤੀ ਅਤੇ ਕਿਹਾ ਕਿ ‘‘ਮੈਂ ਸ਼ਿਵਸੈਨਾ ਦੀ ਸ਼ੈਲੀ ’ਚ ਜਵਾਬ ਦਿੱਤਾ ਹੈ ਅਤੇ ਮੈਨੂੰ ਕੋਈ ਪਛਤਾਵਾ ਨਹੀਂ ਹੈ।’’
* 11 ਜੁਲਾਈ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ’ਚ ਕਾਂਗਰਸ ਦੇ ਮਹਾਨਗਰ ਉਪ ਪ੍ਰਧਾਨ ‘ਜਲਾਲੂਦੀਨ’ ਨੂੰ ਇਕ ਮਹਿਲਾ ਨਾਲ ਜਬਰ-ਜ਼ਨਾਹ ਤੋਂ ਇਲਾਵਾ ਉਸ ਦੀ ਜਬਰੀ ਧਰਮ ਤਬਦੀਲੀ ਅਤੇ ਉਸ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ’ਚ ਜੇਲ ਭੇਜਿਆ ਗਿਆ।
* 12 ਜੁਲਾਈ ਨੂੰ ‘ਪਾਲਘਰ’ (ਮਹਾਰਾਸ਼ਟਰ) ’ਚ ‘ਸ਼ਿਵਸੈਨਾ’ (ਊਬਾਠਾ) ਦੇ ਵਰਕਰਾਂ ਨੇ ਇਕ ਆਟੋ ਚਾਲਕ ’ਤੇ ਮਰਾਠੀ ਵਿਰੋਧੀ ਟਿੱਪਣੀ ਕਰਨ ਦਾ ਦੋਸ਼ ਲਗਾ ਕੇ ਉਸ ਨੂੰ ਕੁੱਟ ਦਿੱਤਾ ਅਤੇ ਕੰਨ ਫੜਵਾਏ।
* ਅਤੇ ਹੁਣ 16 ਜੁਲਾਈ ਨੂੰ ਬੈਂਗਲੁਰੂ ’ਚ ਭਾਜਪਾ ਵਿਧਾਇਕ ‘ਬਿਰਥੀ ਬਸਵਰਾਜ’ ਦੇ ਵਿਰੁੱਧ ਇਕ ਬਦਮਾਸ਼ ਦੀ ਉਸ ਦੀ ਮਾਂ ਦੇ ਸਾਹਮਣੇ ਹੱਤਿਆ ਕਰਨ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਤਾਂ ਉਹ ਘਟਨਾਵਾਂ ਹਨ ਜੋ ਰੌਸ਼ਨੀ ’ਚ ਆਈਅਾਂ ਹਨ, ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਅਾਂ ਅਜਿਹੀਅਾਂ ਘਟਨਾਵਾਂ ਹੋਈਆਂ ਹੋਣਗੀਆਂ ਜੋ ਸਾਹਮਣੇ ਨਹੀਂ ਆਈਅਾਂ। ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਾਰੀਆਂ ਸਿਆਸੀ ਪਾਰਟੀਅ ਾਂ ’ਚ ਅਜਿਹੇ ਲੋਕ ਮੌਜੂਦ ਹਨ ਜੋ ਅਾਪਣੀ ਪੁਜ਼ੀਸ਼ਨ ਦਾ ਅਣਉਚਿਤ ਲਾਭ ਉਠਾ ਕੇ ਅਾਪਣੀਅਾਂ ਪਾਰਟੀਅਾਂ ਲਈ ਪ੍ਰੇਸ਼ਾਨੀ ਅਤੇ ਬਦਨਾਮੀ ਦਾ ਕਾਰਨ ਬਣ ਰਹੇ ਹਨ।
ਇਸ ਲਈ ਸੰਬੰਧਤ ਪਾਰਟੀਆਂ ਦੇ ਆਗੂਆਂ ਨੂੰ ਅਜਿਹੇ ਲੋਕਾਂ ਨੂੰ ਸਮਝਾਉਣ ਦੇ ਨਾਲ-ਨਾਲ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਵੀ ਕਰਨੀ ਚਾਹੀਦੀ ਹੈ ਜਾਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਪਾਰਟੀ ਦੀ ਬਦਨਾਮੀ ਨਾ ਹੋਵੇ।
–ਵਿਜੇ ਕੁਮਾਰ