ਕੰਮ ਦਾ ਸਮਾਂ ਵਧਾਉਣਾ ਨਹੀਂ, ਕਾਮਿਆਂ ਦੀ ਹੁਨਰਮੰਦੀ ਹੈ ਸਫਲਤਾ ਦਾ ਰਾਜ਼

Wednesday, Jan 29, 2025 - 05:55 PM (IST)

ਕੰਮ ਦਾ ਸਮਾਂ ਵਧਾਉਣਾ ਨਹੀਂ, ਕਾਮਿਆਂ ਦੀ ਹੁਨਰਮੰਦੀ ਹੈ ਸਫਲਤਾ ਦਾ ਰਾਜ਼

ਹਾਲ ਹੀ ਵਿਚ, ਦੇਸ਼ ਦੇ ਕੁਝ ਪ੍ਰਮੁੱਖ ਉਦਯੋਗਪਤੀਆਂ ਵੱਲੋਂ ਕੰਮ ਦੇ ਘੰਟੇ ਵਧਾਉਣ ਦੀ ਵਕਾਲਤ ਨੇ ਦੇਸ਼ ਅਤੇ ਦੁਨੀਆ ਭਰ ਵਿਚ ਇਕ ਬਹਿਸ ਛੇੜ ਦਿੱਤੀ ਹੈ। ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਨੇ ਕਰਮਚਾਰੀਆਂ ਨੂੰ ਹਫ਼ਤੇ ਵਿਚ 70 ਘੰਟੇ ਕੰਮ ਕਰਨ ਦੀ ਸਲਾਹ ਦਿੱਤੀ, ਜਦੋਂ ਕਿ ਐੱਲ. ਐਂਡ ਟੀ. ਦੇ ਚੇਅਰਮੈਨ ਐੱਸ. ਐੱਨ. ਸੁਬਰਾਮਨੀਅਮ ਨੇ ਹਫ਼ਤੇ ਵਿਚ 90 ਘੰਟੇ ਕੰਮ ਕਰਨ ਦਾ ਸੁਝਾਅ ਦਿੱਤਾ, ਜਿਸ ਵਿਚ ਐਤਵਾਰ ਦੀ ਛੁੱਟੀ ਵੀ ਸ਼ਾਮਲ ਹੈ। ਭਾਵੇਂ ਇਨ੍ਹਾਂ ਸੱਜਣਾਂ ਦੇ ਇਰਾਦੇ ਸਕਾਰਾਤਮਕ ਹੋ ਸਕਦੇ ਹਨ, ਪਰ ਇਹ ਸਮਝਣਾ ਮਹੱਤਵਪੂਰਨ ਹੈ ਕਿ ਸਫਲਤਾ ਦਾ ਰਾਜ਼ ਸਿਰਫ਼ ਕੰਮ ਦੇ ਘੰਟੇ ਵਧਾਉਣ ਵਿਚ ਨਹੀਂ ਹੈ, ਸਗੋਂ ਕਾਮਿਆਂ ਦੀ ਹੁਨਰਮੰਦੀ, ਜ਼ਿੰਮੇਵਾਰੀ, ਵਿਸ਼ਵਾਸ ਅਤੇ ਮਾਲਕੀ ਦੀ ਭਾਵਨਾ ਨਾਲ ਕੰਮ ਕਰਨ ਵਿਚ ਹੈ।

ਜ਼ਿਆਦਾ ਘੰਟੇ ਅਤੇ ਜ਼ਿਆਦਾ ਕੰਮ ਦਾ ਭਰਮ : ਦੁਨੀਆ ਭਰ ਦੇ ਅੰਕੜੇ ਅਤੇ ਖੋਜ ਦਰਸਾਉਂਦੇ ਹਨ ਕਿ ਜ਼ਿਆਦਾ ਘੰਟੇ ਕੰਮ ਕਰਨ ਦਾ ਮਤਲਬ ਜ਼ਰੂਰੀ ਨਹੀਂ ਕਿ ਜ਼ਿਆਦਾ ਉਤਪਾਦਕਤਾ ਹੋਵੇ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਸੀ. ਈ. ਡੀ.) ਦੇ ਇਕ ਖੋਜ ਅਧਿਐਨ ਵਿਚ ਕਿਹਾ ਗਿਆ ਹੈ ਕਿ ਘੱਟ ਕੰਮ ਕਰਨ ਵਾਲੇ ਦੇਸ਼ਾਂ ਦੀ ਉਤਪਾਦਕਤਾ ਵਧੇਰੇ ਹੁੰਦੀ ਹੈ। ਮਿਸਾਲ ਵਜੋਂ, ਜਰਮਨੀ ਦੇ ਲੋਕ ਹਫ਼ਤੇ ਵਿਚ ਲਗਭਗ 34.6 ਘੰਟੇ ਕੰਮ ਕਰਦੇ ਹਨ, ਪਰ ਉਨ੍ਹਾਂ ਦੀ ਉਤਪਾਦਕਤਾ ਦੁਨੀਆ ਵਿਚ ਸਭ ਤੋਂ ਅੱਵਲ (ਨੰਬਰ 1) ਹੈ। ਦੂਜੇ ਪਾਸੇ, ਮੈਕਸੀਕੋ ਵਰਗੇ ਦੇਸ਼ ਵਿਚ, 42 ਘੰਟੇ ਤੋਂ ਵੱਧ ਕੰਮ ਕਰਨ ਦੇ ਬਾਵਜੂਦ ਉਤਪਾਦਕਤਾ ਘੱਟ ਹੈ।

ਇਹ ਤੱਥ ਇਹ ਵੀ ਸਪੱਸ਼ਟ ਕਰਦਾ ਹੈ ਕਿ ਮਨੁੱਖੀ ਮਨ ਅਤੇ ਸਰੀਰ ਦੀ ਕਾਰਜ ਸਮਰੱਥਾ ਸੀਮਤ ਹੈ। ਲੰਬੇ ਸਮੇਂ ਤੱਕ ਲਗਾਤਾਰ ਕੰਮ ਕਰਨ ਨਾਲ ਥਕਾਵਟ, ਗਲਤੀਆਂ ਅਤੇ ਤਣਾਅ ਵਧਦਾ ਹੈ। ਡਬਲਿਊ. ਐੱਚ. ਓ. (ਵਰਲਡ ਹੈਲਥ ਆਰਗੇਨਾਈਜ਼ੇਸ਼ਨ) ਜਾਂ ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਦੇ ਅਨੁਸਾਰ, ‘‘ਲੰਬੇ ਸਮੇਂ ਤੱਕ ਕੰਮ ਕਰਨ ਨਾਲ ਦਿਲ ਦੀਆਂ ਬੀਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।’’ ਇਸ ਤੋਂ ਇਲਾਵਾ, ਪ੍ਰੈਜ਼ੈਂਟਿਜ਼ਮ, ਭਾਵ ਕੰਮ ’ਤੇ ਮੌਜੂਦ ਹੋਣਾ ਪਰ ਮਨ ਤੋਂ ਕੰਮ ਨਾ ਕਰਨਾ ਵੀ ਇਕ ਵੱਖਰੀ ਤਰ੍ਹਾਂ ਦੀ ਵੱਡੀ ਸਮੱਸਿਆ ਹੈ। ਜਦੋਂ ਲੋਕ ਥੱਕੇ ਹੁੰਦੇ ਹਨ, ਤਾਂ ਉਹ ਜ਼ਿਆਦਾ ਘੰਟੇ ਕੰਮ ਤਾਂ ਕਰਦੇ ਹਨ ਪਰ ਉਨ੍ਹਾਂ ਦੇ ਕੰਮ ਦੀ ਗੁਣਵੱਤਾ ਅਤੇ ਕੰਮ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ।

‘ਉਤਪਾਦਕਤਾ’ ਕਿਵੇਂ ਵਧਾਈਏ : ਕੰਮ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ, ਸਗੋਂ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਉਸ ਸਮੇਂ ਦੌਰਾਨ ਕੀ ਪ੍ਰਾਪਤ ਕਰਦੇ ਹੋ। ਇਸ ਦਿਸ਼ਾ ਵਿਚ ਇਹ 3 ਗੱਲਾਂ ਮਹੱਤਵਪੂਰਨ ਹਨ। ਪਹਿਲੀ-ਹੁਨਰਮੰਦੀ, ਭਾਵ ਕੰਮ ਨੂੰ ਸਹੀ ਢੰਗ ਨਾਲ ਕਰਨਾ, ਨਾ ਕਿ ਸਿਰਫ਼ ਕੰਮ ਦੇ ਘੰਟੇ ਵਧਾਉਣਾ। ਇਸ ਲਈ, ਤਕਨਾਲੋਜੀ ਦੀ ਸਹੀ ਵਰਤੋਂ ਕਰ ਕੇ ਕੰਮ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਬਿਹਤਰ ਬਣਾਇਆ ਜਾ ਸਕਦਾ ਹੈ। ਮਿਸਾਲ ਵਜੋਂ, ਟੋਇਟਾ ਮੋਟਰਜ਼ ਕੰਪਨੀ ਨੇ ‘ਲੀਅਨ’ ਅਤੇ ‘ਕਾਈਜ਼ੇਨ’ ਵਰਗੀਆਂ ਤਕਨਾਲੋਜੀਆਂ ਰਾਹੀਂ ਆਪਣੇ ਕਾਰਜਾਂ ਨੂੰ ਕੁਸ਼ਲ ਅਤੇ ਲਾਭਦਾਇਕ ਬਣਾਇਆ ਹੈ। ਜੇਕਰ ਕੰਮ ਨੂੰ ਕੁਸ਼ਲ ਪ੍ਰਬੰਧਨ ਨਾਲ ਸਹੀ ਢੰਗ ਨਾਲ ਯੋਜਨਾਬੱਧ ਕੀਤਾ ਜਾਵੇ ਤਾਂ ਉਹੀ ਟੀਮ ਘੱਟ ਸਮੇਂ ਵਿਚ ਵਧੇਰੇ ‘ਉਤਪਾਦਕਤਾ’ ਪ੍ਰਾਪਤ ਕਰ ਸਕਦੀ ਹੈ।

ਦੂਜਾ, ਜ਼ਿੰਮੇਵਾਰੀ, ਜਦੋਂ ਕਰਮਚਾਰੀ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਕੰਮ ਦੇ ਮਾਲਕ ਹਨ, ਤਾਂ ਉਹ ਬਿਹਤਰ ਨਤੀਜੇ ਪੈਦਾ ਕਰਦੇ ਹਨ। ਗੂਗਲ ਦਾ ਓ. ਕੇ. ਆਰ. (ਆਬਜੈਕਟਿਜ਼ਮ ਐਂਡ ਕੀ ਰਿਜ਼ਲਟ) ਭਾਵ ਉਦੇਸ਼ ਅਤੇ ਮੁੱਖ ਨਤੀਜੇ ਮਾਡਲ ਇਕ ਵਧੀਆ ਮਿਸਾਲ ਹੈ। ਇਸ ਵਿਚ, ਕਰਮਚਾਰੀ ਆਪਣੇ ਟੀਚਿਆਂ ਨੂੰ ਸਪੱਸ਼ਟ ਤੌਰ ’ਤੇ ਸਮਝਦੇ ਹਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਜਦੋਂ ਕਰਮਚਾਰੀ ਸਮਝਦੇ ਹਨ ਕਿ ਉਨ੍ਹਾਂ ਦੇ ਕੰਮ ਦਾ ਕੰਪਨੀ ਅਤੇ ਉਨ੍ਹਾਂ ਦੇ ਵਿਕਾਸ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ, ਤਾਂ ਉਹ ਆਪਣੇ ਕੰਮ ਨੂੰ ਵਧੇਰੇ ਗੰਭੀਰਤਾ ਨਾਲ ਕਰਦੇ ਹਨ।

ਤੀਜਾ , ਮਾਲਕਾਨਾ ਸੋਚ, ਜਦੋਂ ਕਰਮਚਾਰੀ ਕੰਮ ਨੂੰ ਸਿਰਫ਼ ਨੌਕਰੀ ਨਹੀਂ ਸਗੋਂ ਆਪਣਾ ਸਮਝਦੇ ਹਨ, ਤਾਂ ਉਹ ਬਿਹਤਰ ਪ੍ਰਦਰਸ਼ਨ ਕਰਦੇ ਹਨ। ਸਟਾਰਟਅੱਪ ਕੰਪਨੀਆਂ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜ਼ਿਆਦਾ ਘੰਟੇ ਕੰਮ ਕਰਦੇ ਹਨ ਕਿਉਂਕਿ ਉਹ ਕੰਪਨੀ ਨੂੰ ਇਕ ਯੂਨੀਕੋਰਨ ਬਣਾਉਣ ਦੇ ਟੀਚੇ ਵਿਚ ਵਿਸ਼ਵਾਸ ਰੱਖਦੇ ਹਨ। ਕਰਮਚਾਰੀਆਂ ਵਿਚ ਮਾਲਕੀ ਦੀ ਸੋਚ ਵਿਕਸਤ ਕਰਨ ਲਈ, ਉਨ੍ਹਾਂ ਨੂੰ ਕੰਮ ਵਿਚ ਆਜ਼ਾਦੀ ਦੇ ਨਾਲ-ਨਾਲ ਉਨ੍ਹਾਂ ਦੇ ਕੰਮ ’ਤੇ ਭਰੋਸਾ ਕਰਨ ਦੀ ਲੋੜ ਹੈ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਵਿਚਾਰਾਂ ਅਤੇ ਕੰਮ ਦੀ ਕਦਰ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਦਾ ਉਤਸ਼ਾਹ ਸੱਤਵੇਂ ਆਸਮਾਨ ’ਤੇ ਪਹੁੰਚ ਜਾਂਦਾ ਹੈ।

ਕੰਮ ਅਤੇ ਨਿੱਜੀ ਜ਼ਿੰਦਗੀ ਦਾ ਸੰਤੁਲਨ : ਕੰਮ ਅਤੇ ਨਿੱਜੀ ਜ਼ਿੰਦਗੀ ਦਾ ਸੰਤੁਲਨ ਬਣਾਉਣਾ ਕੋਈ ਐਸ਼ੋ-ਆਰਾਮ ਨਹੀਂ ਹੈ ਪਰ ਬਿਹਤਰ ਪ੍ਰਦਰਸ਼ਨ ਲਈ ਕਰਮਚਾਰੀਆਂ ਦੀਆਂ ਨਿੱਜੀ ਜ਼ਰੂਰਤਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਹਾਰਵਰਡ ਬਿਜ਼ਨੈੱਸ ਰੀਵਿਊ ਦੇ ਅਨੁਸਾਰ, ‘‘ਜਿਨ੍ਹਾਂ ਲੋਕਾਂ ਦਾ ਜੀਵਨ ਸੰਤੁਲਿਤ ਹੁੰਦਾ ਹੈ, ਉਹ 21 ਫੀਸਦੀ ਜ਼ਿਆਦਾ ਉਤਪਾਦਕ ਹੁੰਦੇ ਹਨ ਅਤੇ ਤਣਾਅ ਦਾ ਅਨੁਭਵ ਕਰਨ ਦੀ ਸੰਭਾਵਨਾ 57 ਫੀਸਦੀ ਘੱਟ ਹੁੰਦੀ ਹੈ।’’ ਮਾਈਕ੍ਰੋਸਾਫਟ ਨੇ ਜਾਪਾਨ ਵਿਚ ਚਾਰ ਦਿਨਾਂ ਦੇ ਕੰਮ ਵਾਲੇ ਹਫ਼ਤੇ ਦੇ ਪ੍ਰਯੋਗ ਵਿਚ ਇਹ ਪਾਇਆ ਕਿ ਉਸ ਦੇ ਕਰਮਚਾਰੀਆਂ ਦੀ ਉਤਪਾਦਕਤਾ 40 ਫੀਸਦੀ ਤੱਕ ਵਧ ਗਈ। ਇਸੇ ਤਰ੍ਹਾਂ, ਨਾਰਵੇ, ਸਵੀਡਨ ਅਤੇ ਡੈਨਮਾਰਕ ਵਰਗੇ ‘ਸਕੈਂਡੇਨੇਵੀਅਨ’ ਦੇਸ਼, ਜੋ ‘ਵਰਕ-ਲਾਈਫ ਬੈਲੇਂਸ’ (ਕੰਮ-ਜੀਵਨ ਸੰਤੁਲਨ) ’ਤੇ ਜ਼ੋਰ ਦਿੰਦੇ ਹਨ, ਹਰ ਸਾਲ ‘ਇਨੋਵੇਸ਼ਨ ਐਂਡ ਕੰਪੀਟੀਟਿਵਨੈੱਸ ਇੰਡੈਕਸ’ (ਨਵੀਨਤਾ ਅਤੇ ਮੁਕਾਬਲੇਬਾਜ਼ੀ ਸੂਚਕ ਅੰਕ) ਵਿਚ ਸਿਖਰ ’ਤੇ ਰਹਿੰਦੇ ਹਨ।

ਇਤਿਹਾਸ ਤੋਂ ਸਿੱਖਣਾ : ਇਤਿਹਾਸ ਸਾਨੂੰ ਦੱਸਦਾ ਹੈ ਕਿ ਜ਼ਿਆਦਾ ਕੰਮ ਕਰਨ ਦੇ ਘੰਟੇ ਹਮੇਸ਼ਾ ਲਾਭਦਾਇਕ ਨਹੀਂ ਹੁੰਦੇ। ਦੁਨੀਆ ਵਿਚ ਉਦਯੋਗਿਕ ਕ੍ਰਾਂਤੀ ਦੌਰਾਨ, ਮਜ਼ਦੂਰਾਂ ਨੇ 8 ਘੰਟੇ ਕੰਮ ਲਈ ਲੜਾਈ ਲੜੀ। 1920 ਵਿਚ, ਫੋਰਡ ਮੋਟਰ ਕੰਪਨੀ ਦੇ ਮਾਲਕ ਹੈਨਰੀ ਫੋਰਡ ਨੇ 5 ਦਿਨਾਂ ਲਈ 40 ਘੰਟਿਆਂ ਦਾ ਕੰਮ ਦਾ ਹਫ਼ਤਾ ਲਾਗੂ ਕੀਤਾ, ਜੋ ਨਾ ਸਿਰਫ਼ ਉਨ੍ਹਾਂ ਦੇ ਕਰਮਚਾਰੀਆਂ ਲਈ ਚੰਗਾ ਸੀ ਬਲਕਿ ਉਨ੍ਹਾਂ ਦੀ ਕੰਪਨੀ ਦੀ ਉਤਪਾਦਕਤਾ ਵਿਚ ਵੀ ਵਾਧਾ ਹੋਇਆ। ਸਿਹਤ ਅਤੇ ਨਿਰਮਾਣ ਖੇਤਰਾਂ ਵਿਚ ਕੰਮ ਦੇ ਘੰਟੇ ਘੱਟ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ, ਪਰ ਬਿਹਤਰ ਕਾਰਜਬਲ ਪ੍ਰਬੰਧਨ ਅਤੇ ਆਟੋਮੇਸ਼ਨ ਅਜਿਹੇ ਮਾਮਲਿਆਂ ਵਿਚ ਵੀ ਮਦਦ ਕਰ ਸਕਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਨੇ ਕੰਮ ਨੂੰ ਹੋਰ ਸੌਖਾ ਬਣਾ ਦਿੱਤਾ ਹੈ।

ਭਾਰਤ ਦੀ ਤਾਕਤ : 58 ਫੀਸਦੀ ਨੌਜਵਾਨ ਕਾਮਿਆਂ ਦੀ ਤਾਕਤ ਨੇ ‘ਕੰਮ ਦੇ ਭਵਿੱਖ’ ਸ਼੍ਰੇਣੀ ਵਿਚ ਭਾਰਤ ਨੂੰ ਦੁਨੀਆ ਵਿਚ ਦੂਜੇ ਸਥਾਨ ’ਤੇ ਰੱਖਿਆ ਹੈ। ਕੰਮ ਦੇ ਘੰਟੇ ਵਧਾਉਣ ਦੀ ਬਜਾਏ, ਸਾਨੂੰ ਉਨ੍ਹਾਂ ਦੇ ਹੁਨਰਾਂ ਨੂੰ ਸੁਧਾਰਨ, ਰਚਨਾਤਮਕਤਾ ਵਧਾਉਣ ਅਤੇ ਨਵੀਂ ਸੋਚ ਵਿਕਸਤ ਕਰਨ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਜੇਕਰ ਅਸੀਂ ਕਰਮਚਾਰੀਆਂ ਨੂੰ ਸਿਖਲਾਈ, ਤਕਨਾਲੋਜੀ ਅਤੇ ਸਹੀ ਸਰੋਤ ਪ੍ਰਦਾਨ ਕਰਦੇ ਹਾਂ ਤਾਂ ਉਹ ਘੱਟ ਸਮੇਂ ਵਿਚ ਬਿਹਤਰ ਨਤੀਜੇ ਦੇ ਸਕਣਗੇ।

ਪਤੇ ਦੀ ਗੱਲ : ਸਾਨੂੰ ਕਰਮਚਾਰੀਆਂ ਦੇ ਕੰਮ ਪ੍ਰਤੀ ਭਰੋਸਾ, ਹੁਨਰ ਅਤੇ ਉਨ੍ਹਾਂ ’ਚ ਮਾਲਕੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਨਾਲ ਨਾ ਸਿਰਫ਼ ਉਤਪਾਦਕਤਾ ਵਧੇਗੀ ਸਗੋਂ ਸਾਡੇ ਕਰਮਚਾਰੀਆਂ ਦੀ ਸਿਹਤ ਅਤੇ ਸੰਤੁਸ਼ਟੀ ਵਿਚ ਵੀ ਸੁਧਾਰ ਹੋਵੇਗਾ। ਮਾਅਨੇ ਇਹ ਨਹੀਂ ਰੱਖਦਾ ਕਿ ਤੁਸੀਂ ਕਿੰਨੇ ਘੰਟੇ ਕੰਮ ਕੀਤਾ, ਸਗੋਂ ਇਹ ਹੈ ਕਿ ਤੁਸੀਂ ਉਨ੍ਹਾਂ ਘੰਟਿਆਂ ਵਿਚ ਕੀ ਪ੍ਰਾਪਤ ਕੀਤਾ। ਸਹੀ ਅਰਥਾਂ ਵਿਚ, ਇਹ ਮੁਕਾਬਲੇਬਾਜ਼ੀ ਅਤੇ ਉਤਪਾਦਕਤਾ ਵਧਾਉਣ ਦੀ ਕੁੰਜੀ ਹੈ।

(ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵੀ ਹਨ) ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)


author

Rakesh

Content Editor

Related News