ਜੀਵਨ ਦਾਨ ਵਾਂਗ ਮੌਤ ਦਾਨ ਸੰਭਵ ਹੈ!

Saturday, Mar 14, 2026 - 03:48 PM (IST)

ਜੀਵਨ ਦਾਨ ਵਾਂਗ ਮੌਤ ਦਾਨ ਸੰਭਵ ਹੈ!

ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਨਾਲ ਇਕ ਪੁਰਾਣੀ ਬਹਿਸ ਫਿਰ ਸ਼ੁਰੂ ਹੋ ਗਈ ਹੈ। ਇਸ ਮਾਮਲੇ ’ਚ ਪਿਛਲੇ 13 ਸਾਲਾਂ ਤੋਂ ਇਕ ਨੌਜਵਾਨ ਮਰਨ ਕਿਨਾਰੇ ਪਿਆ ਸੀ ਅਤੇ ਠੀਕ ਹੋਣ ਦੀ ਉਮੀਦ ਨਹੀਂ ਸੀ। ਮਾਪਿਆਂ ਵੱਲੋਂ ਉਸ ਲਈ ਮੌਤ ਮੰਗੀ ਗਈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਸਵਾਲ ਇਹ ਹੈ ਕਿ ਕੀ ਸਾਰੇ ਬਦਲ, ਜਿਵੇਂ ਆਯੁਰਵੇਦ ਅਤੇ ਯੂਨਾਨੀ, ਹੋਮਿਓਪੈਥੀ ਅਤੇ ਕੁਦਰਤੀ ਜਾਂ ਕਿਸੇ ਵੀ ਹੋਰ ਇਲਾਜ ਨਾਲ ਰੋਗ ਮੁਕਤ ਨਹੀਂ ਹੋ ਸਕਦਾ ਸੀ? ਇਸ ਦਾ ਉੱਤਰ ਡਾਕਟਰ ਜਾਂ ਮੌਤ ਦਾਨ ਪ੍ਰਾਪਤ ਵਿਅਕਤੀ ਦੇ ਪਰਿਵਾਰਕ ਮੈਂਬਰ ਹੀ ਦੇ ਸਕਦੇ ਹਨ। ਇਸ ਵਿਸ਼ੇ ’ਤੇ ਚਰਚਾ ਹੋਣੀ ਚਾਹੀਦੀ ਹੈ।

ਮੌਤ ਅਤੇ ਪੁਨਰ ਜਨਮ : ਭਾਰਤ ’ਚ ਸਰਕਾਰੀ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ’ਚ ਔਸਤ ਉਮਰ 65 ਤੋਂ 75 ਸਾਲ ਤੱਕ ਦੀ ਆਂਕੀ ਗਈ ਹੈ। ਆਜ਼ਾਦੀ ਵੇਲੇ ਇਹ 31-32 ਸਾਲ ਅਤੇ 50 ਸਾਲ ਪਹਿਲਾਂ ਜਾਂ 1975 ’ਚ 50 ਸਾਲ ਸੀ। 80 ਤੱਕ ਪਹੁੰਚ ਗਏ ਤਾਂ ਜਸ਼ਨ, 90 ਦੇ ਹੋ ਗਏ ਤਾਂ ਈਸ਼ਵਰ ਦੀ ਵਿਸ਼ੇਸ਼ ਕਿਰਪਾ ਅਤੇ ਇਸ ਤੋਂ ਵੱਧ ਉਮਰ ਵਾਲੇ ਕਦੇ ਵੀ ਅੰਤਿਮ ਯਾਤਰਾ ਲਈ ਤਿਆਰ ਅਤੇ 100 ਪੂਰੇ ਕਰ ਲਏ ਤਾਂ ਵਿਰਲੇ ਹੋ ਗਏ। ਹਰ ਕੋਈ ਇੰਨੀ ਲੰਬੀ ਉਮਰ ਦਾ ਰਾਜ਼ ਜਾਣਨ ਲਈ ਉਤਸੁਕ ਹੈ ਅਤੇ ਜੇਕਰ ਕੋਈ ਗੰਭੀਰ ਬਿਮਾਰੀ ਨਾ ਹੋਈ ਤਾਂ ਦੁਨੀਆ ’ਚ ਨਿਰਾਲੇ ਵਿਅਕਤੀ ਹਨ। ਹਰ ਕੋਈ ਮਿਲ ਕੇ ਉਨ੍ਹਾਂ ਤੋਂ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਨਾ ਚਾਹੁੰਦਾ ਹੈ।

ਅੱਸੀ ਪਾਰ ਕਰ ਲੈਣ ਦਾ ਤਜਰਬਾ ਮੈਨੂੰ ਹੈ। ਮੇਰੀ ਉਮਰ ਦੇ ਸੰਗੀ-ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਜਾਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਮੌਤ ਭਾਵ ਹੁਣ ਕੋਈ ਧਨ ਨਾਲ ਨਹੀਂ, ਮਹਿਲ-ਮੁਨਾਰੇ, ਜ਼ਮੀਨ-ਜਾਇਦਾਦ ਜਾਂ ਦੌਲਤ ਜਮ੍ਹਾ ਕੀਤੀ ਹੋਵੇ, ਆਪਣੀ ਨਹੀਂ ਰਹੀ। ਖਾਲੀ ਹੱਥ ਆਏ ਤਾਂ ਇੰਝ ਹੀ ਜਾਣਾ ਹੈ। ਇਸ ਨੂੰ ਦਿਹਾਂਤ ਵੀ ਕਹਿੰਦੇ ਹਨ, ਮਤਲਬ ਹੱਡ-ਮਾਸ ਦੇ ਇਸ ਸਰੀਰ ਜਾਂ ਦੇਹ ਦਾ ਅੰਤ ਹੋ ਗਿਆ। ਇਸੇ ਤਰ੍ਹਾਂ ਮੌਤ ਲਈ ਕਈ ਸ਼ਾਲੀਨ ਸ਼ਬਦਾਂ ਦੀ ਵਰਤੋਂ ਹੁੰਦੀ ਹੈ, ਜਿਵੇਂ ਸਵਰਗਵਾਸ, ਪਰਲੋਕ ਗਮਨ ਜਾਂ ਮਹਾਪ੍ਰਯਾਣ। ਲੋਕ ਕਹਿੰਦੇ ਹਨ ਕਿ ਸਵਰਗ-ਨਰਕ ਤਾਂ ਇੱਥੇ ਰਹਿ ਕੇ ਹੀ ਭੋਗਣੇ ਹੁੰਦੇ ਹਨ, ਭਾਵ ਚੰਗੇ ਕਰਮ ਕੀਤੇ ਤਾਂ ਉਨ੍ਹਾਂ ਦਾ ਫਲ ਆਪਣੀਆਂ ਇੱਛਤ ਵਸਤੂਆਂ ਪ੍ਰਾਪਤ ਕਰਨ ਤੋਂ ਹੈ ਅਤੇ ਬੁਰੇ ਕੀਤੇ, ਉਦੋਂ ਤਾਂ ਕਲਪਨਾ ਦੇ ਨਰਕ ਵਰਗਾ ਜੀਵਨ ਜਿਊਣਾ ਹੁੰਦਾ ਹੈ। ਸੁਕਰਮ ਜਾਂ ਦੁਸ਼ਕਰਮ ਦਾ ਹਿਸਾਬ ਕਰਨਾ ਆਪਣੇ ਹੱਥ ’ਚ ਨਹੀਂ, ਇਸ ਲਈ ਉੱਪਰ ਵਾਲੇ ’ਤੇ ਛੱਡ ਦਿੰਦੇ ਹਨ, ਜਿਸ ਨੂੰ ਕਿਸੇ ਨੇ ਦੇਖਿਆ ਨਹੀਂ, ਇਕ ਅਣਪਛਾਤੀ ਸ਼ਕਤੀ ਦਾ ਨਿਆਂ ਮੰਨ ਲੈਣ ’ਚ ਕੋਈ ਹਰਜ਼ ਮਹਿਸੂਸ ਨਹੀਂ ਹੁੰਦਾ ਪਰ ਇਕ ਵਿਅਕਤੀ, ਜਿਸ ਨੇ ਹੁਣ ਤੱਕ ਕੋਈ ਕਰਮ ਨਹੀਂ ਕੀਤਾ, ਉਹ ਮੌਤ ਤੋਂ ਬਾਅਦ ਕਿੱਥੇ ਜਾਂਦਾ ਹੋਵੇਗਾ?

ਹੁਣ ਇੱਥੇ ਸਮੱਸਿਆ ਇਹ ਖੜ੍ਹੀ ਹੁੰਦੀ ਹੈ ਕਿ ਸ਼੍ਰੀਮਦ ਭਗਵਦ ਗੀਤਾ ’ਚ ਪ੍ਰਭੂ ਸ਼੍ਰੀ ਕ੍ਰਿਸ਼ਨ ਕਹਿ ਗਏ ਕਿ ਜਿਸ ਦਾ ਜਨਮ ਹੋਇਆ ਹੈ ਉਸ ਦੀ ਮੌਤ ਨਿਸ਼ਚਿਤ ਹੈ ਅਤੇ ਮੌਤ ਤੋਂ ਬਾਅਦ ਜਨਮ ਵੀ ਜ਼ਰੂਰ ਹੋਵੇਗਾ। ਹਿੰਦੂ ਧਰਮ ਅਤੇ ਫਲਸਫੇ ’ਚ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਹਨ ਜਿਵੇਂ ਸਰੀਰ ਨਾਸ਼ਵਾਨ, ਆਤਮਾ ਅਮਰ ਅਤੇ ਜੋ ਨਹੀਂ ਰਹਿੰਦਾ ਉਹ ਸਰੀਰ ਹੈ, ਆਤਮਾ ਨੇ ਤਾਂ ਪੁਰਾਣੇ ਵਸਤਰਾਂ ਨੂੰ ਤਿਆਗਣ ਵਾਂਗ ਕਿਤੇ ਨਵੀਂ ਦੇਹ ’ਚ ਪ੍ਰਵੇਸ਼ ਕਰਨਾ ਹੈ। 80-90 ਪਾਰ ਵਾਲੇ ਇਸ ਆਧਾਰ ’ਤੇ ਸੋਚਣ ਲੱਗਦੇ ਹਨ ਕਿ ਨਾ ਜਾਣੇ ਕਿੰਨਾ ਸਮਾਂ ਹੋਰ ਹੈ, ਕਾਫੀ ਜੀ ਲਿਆ, ਪਰਿਵਾਰ ਨੂੰ ਆਪਣੇ ਸਾਹਮਣੇ ਫਲਦਾ-ਫੁੱਲਦਾ ਜਾਂ ਡਿੱਗਦਾ-ਉੱਠਦਾ ਦੇਖ ਲਿਆ। ਸਾਰੀ ਤਰ੍ਹਾਂ ਦੀ ਮੋਹ ਮਾਇਆ ਤੋਂ ਦੂਰ ਰਹਿਣ ਦੀ ਗੱਲ ਮਨ ’ਚ ਆਉਣ ਲੱਗਦੀ ਹੈ। ਕਾਹਦੇ ਲਈ ਕਿਸੇ ਝੰਜਟ ’ਚ ਪੈਣਾ, ਜਿੰਨੀ ਬਚੀ ਹੈ, ਮਸਤੀ ਨਾਲ ਜੀਓ।

ਇਹ ਗੱਲ ਹਿੰਦੂ, ਜੈਨ, ਬੁੱਧ ਅਤੇ ਸਿੱਖ ਫਲਸਫੇ ’ਚ ਸਿਧਾਂਤਕ ਤੌਰ ’ਤੇ ਹੈ ਕਿ ਕਿਤੇ ਨਾ ਕਿਤੇ ਜਨਮ ਤਾਂ ਹੋਣਾ ਤੈਅ ਹੈ। ਗੱਲ ਇੱਥੇ ਹੀ ਖਤਮ ਹੋ ਜਾਂਦੀ ਤਾਂ ਵੀ ਠੀਕ ਸੀ ਕਿਉਂਕਿ ਸਭ ਇਹ ਸੋਚਦੇ ਹਨ ਕਿ ਦੁਬਾਰਾ ਕਿਤੇ ਕਿਸੇ ਦੀ ਕੁੱਖੋਂ ਪੈਦਾ ਹੋ ਜਾਣਗੇ ਪਰ ਮੁਸੀਬਤ ਇਹ ਹੈ ਕਿ ਆਤਮਾ ਕਰਮਾਂ ਅਨੁਸਾਰ 84 ਲੱਖ ਜੂਨਾਂ ’ਚ ਭਟਕਦੀ ਕਹੀ ਗਈ ਹੈ। ਹੁਣ ਇਹ ਸੋਚ ਕੇ ਤਾਂ ਕੰਬਣੀ ਛਿੜਦੀ ਹੈ ਕਿ ਇਨ੍ਹਾਂ ’ਚੋਂ ਕਿਸ ਦੇ ਘਰ ਭਾਵ ਪਸ਼ੂ-ਪੰਛੀ, ਕੀੜੇ-ਮਕੌੜੇ ਜਾਂ ਕਿਸ ਜੂਨ ਨੂੰ ਪ੍ਰਾਪਤ ਹੋਵਾਂਗੇ।

ਜੋ ਕਹਿੰਦੇ ਹਨ ਕਿ ਜੈਸਾ ਕਰੋਗੇ ਵੈਸਾ ਭਰੋਗੇ ਤਾਂ ਇੱਥੇ ਸਵਾਲ ਇਹ ਉੱਠਦਾ ਹੈ ਅਤੇ ਜਿਸ ਨੂੰ ਇਕ ਉਦਾਹਰਣ ਵਜੋਂ ਵੀ ਰੱਖਿਆ ਜਾ ਸਕਦਾ ਹੈ ਕਿ ਅੱਜ ਅਮਰੀਕਾ-ਇਜ਼ਰਾਈਲ ਅਤੇ ਈਰਾਨ ਨੇ ਆਪਣੀ ਆਪਸੀ ਦੁਸ਼ਮਣੀ ਕੱਢਣ ਲਈ ਪੂਰੀ ਦੁਨੀਆ ’ਚ ਹਾਹਾਕਾਰ ਮਚਾ ਦਿੱਤੀ ਹੈ, ਲੱਖਾਂ-ਕਰੋੜਾਂ ਲੋਕਾਂ ਦਾ ਜੀਵਨ ਸੰਕਟ ’ਚ ਪਾ ਦਿੱਤਾ ਹੈ ਤਾਂ ਇਨ੍ਹਾਂ ਦੇ ਕਰਤਾਵਾਂ-ਧਰਤਾਵਾਂ ਦੀ ਮੌਤ ਕਿਵੇਂ ਹੋਵੇਗੀ ਅਤੇ ਕਿਹੜੀ ਜੂਨ ਮਿਲੇਗੀ? ਵੈਸੇ ਟਰੰਪ ਵੀ 80 ਦੇ ਲਪੇਟੇ ’ਚ ਹਨ ਅਤੇ ਦੂਜੇ ਪਾਸੇ ਵੀ ਮਾਮਲਾ ਇਸੇ ਦੇ ਆਸ-ਪਾਸ ਹੈ। ਇਹ ਤੈਅ ਹੈ ਕਿ ਉਨ੍ਹਾਂ ਦੀ ਮੌਤ ਹੋਵੇਗੀ ਪਰ ਕਿਵੇਂ... ਕੁਝ ਨਹੀਂ ਕਹਿ ਸਕਦੇ।

ਇੱਛਾ ਮੌਤ ਜੀਵਨ ਦਾ ਅੰਤਿਮ ਸਵਾਲ : ਸਾਡੇ ਧਰਮਾਂ ’ਚ ਮੋਕਸ਼ ਦੀ ਵਿਵਸਥਾ ਹੈ, ਮਤਲਬ ਕਿ ਜਨਮ-ਮੌਤ ਦੇ ਚੱਕਰ ਤੋਂ ਮੁਕਤੀ ਮਿਲ ਸਕਦੀ ਹੈ। ਇਸ ਲਈ ਇਹੀ ਜਨਮ ਹੈ ਤਾਂ ਜੋ ਚਾਹੇ ਕਰ ਲਓ। ਇਸ ਤੋਂ ਬਾਅਦ ‘ਮੈਂ ਬ੍ਰਹਮ ਹਾਂ’ ਦੀ ਗੱਲ ਵੀ ਕਹੀ ਗਈ ਹੈ। ਈਸਾਈ, ਯਹੂਦੀ, ਇਸਲਾਮ ’ਚ ਮੋਕਸ਼ ਦੀ ਗੱਲ ਦੂਜੇ ਢੰਗ ਨਾਲ ਕਹੀ ਗਈ ਹੈ ਅਤੇ ਜਨਮ ਅਤੇ ਮੌਤ ਦੇ ਚੱਕਰ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਪਾਪ ਤੋਂ ਮੁਕਤੀ ਅਤੇ ਈਸ਼ਵਰ ਦੇ ਸਦੀਵੀ ਰੂਪ ਦੀ ਮਾਨਤਾ ਹੈ।

ਸਾਡੇ ਇੱਥੇ ਮੋਕਸ਼ ਹੈ ਤਾਂ ਉਨ੍ਹਾਂ ਦੇ ਇੱਥੇ ਮੁਕਤੀ ਜਾਂ ਉੱਦਾਰ ਹੈ। ਅਸਲੀ ਮੁੱਦਾ ਇਹ ਹੈ ਕਿ ਜਦੋਂ ਅਸੀਂ ਉਸ ਉਮਰ ਦੇ ਦੌਰ ’ਚ ਹਾਂ, ਜਦੋਂ ਕਦੇ ਵੀ ਅੱਖ ਬੰਦ ਹੋ ਸਕਦੀ ਹੈ, ਤਾਂ ਆਪਣੀ ਵਸੀਅਤ ਜ਼ਰੂਰ ਬਣਾ ਲਈਏ ਅਤੇ ਜਦੋਂ ਇਹ ਤੈਅ ਹੈ ਕਿ ਨਾ-ਮਾਲੂਮ ਕਦੋਂ ਤੱਕ ਜੀਵਾਂਗੇ, ਉਦੋਂ ਤੱਕ ਲਈ ਆਪਣੇ ਲਈ ਲੋੜੀਂਦੀਆਂ ਚੀਜ਼ਾਂ, ਜਿਵੇਂ ਰਹਿਣ ਨੂੰ ਆਪਣਾ ਘਰ ਅਤੇ ਰੋਜ਼ਾਨਾ ਦੇ ਖਰਚੇ ਲਈ ਜੇਬ ਜਾਂ ਬੈਂਕ ’ਚ ਲੋੜੀਂਦੇ ਪੈਸੇ ਰੱਖੀਏ, ਤਾਂ ਜੋ ਕਿਸੇ ਤੋਂ ਕੁਝ ਮੰਗਣ ਦੀ ਨੌਬਤ ਨਾ ਆਵੇ, ਭਾਵੇਂ ਇਸ ਲਈ ਆਪਣਿਆਂ ਤੋਂ ਬਹਿਸ ਜਾਂ ਮਨ-ਮੁਟਾਅ ਵੀ ਝੱਲਣਾ ਪਵੇ। ਆਪਣੀ ਆਜ਼ਾਦੀ ਬਣਾਈ ਰੱਖੀਏ, ਇੰਨਾ ਹੀ ਕਾਫੀ ਹੈ।

ਸਾਡੇ ਧਾਰਮਿਕ ਗ੍ਰੰਥਾਂ, ਕਹਾਣੀਆਂ ਅਤੇ ਪੌਰਾਣਿਕ ਕਥਾਵਾਂ ’ਚ ਇੱਛਾ ਮੌਤ ਦਾ ਵਰਦਾਨ ਪ੍ਰਾਪਤ ਹੋਣ ਦੀ ਗੱਲ ਕਹੀ ਗਈ ਹੈ। ਅਨੇਕਾਂ ਪਵਿੱਤਰ ਆਤਮਾਵਾਂ ਨੂੰ ਆਪਣੀ ਇੱਛਾ ਅਨੁਸਾਰ ਮੌਤ ਦੀ ਚੋਣ ਕਰਨ ਦੀ ਸ਼ਕਤੀ ਪ੍ਰਾਪਤ ਸੀ। ਅੱਜ ਇਸ ਦੀ ਇਜਾਜ਼ਤ ਮਾਣਯੋਗ ਸੁਪਰੀਮ ਕੋਰਟ ਨੇ ਆਪਣੇ ਫੈਸਲਿਆਂ ’ਚ ਦਿੱਤੀ ਹੈ। ਇਸ ਅਨੁਸਾਰ ਅਸਾਧ ਰੋਗਾਂ ਤੋਂ ਪੀੜਤ ਅਤੇ ਜੀਵਨ ਦੀ ਕੋਈ ਵੀ ਉਮੀਦ ਗੁਆ ਚੁੱਕੇ ਵਿਅਕਤੀਆਂ ਨੂੰ ਉਨ੍ਹਾਂ ਦਾ ਲਾਈਫ ਸਪੋਰਟ ਸਿਸਟਮ ਹਟਾਉਣ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ ਗਈ ਹੈ। ਇਸ ਦੀਆਂ ਵੀ ਦੋ ਕਿਸਮਾਂ ਹਨ, ਇਕ ਤਾਂ ਰੋਗੀ ਨੂੰ ਦਵਾਈ ਦੇ ਰੂਪ ’ਚ ਜ਼ਹਿਰ ਵਰਗਾ ਕੁਝ ਦੇ ਦਿੱਤਾ ਜਾਵੇ ਜਾਂ ਫਿਰ ਜੀਵਨਦਾਇਨੀ ਮਸ਼ੀਨਾਂ ਦਾ ਪਲੱਗ ਕੱਢ ਕੇ ਆਫ ਕਰ ਦਿੱਤਾ ਜਾਵੇ। ਸਵਾਲ ਹੈ ਕਿ ਕਿਸੇ ਪਰਿਵਾਰਕ ਜਾਂ ਰਾਜਨੀਤਿਕ ਝਗੜੇ ’ਚ ਕੋਈ ਅਜਿਹਾ ਵਿਅਕਤੀ, ਜਿਸ ਦੇ ਨਾ ਰਹਿਣ ’ਤੇ ਨਿੱਜੀ ਲਾਭ ਹੋਵੇ ਤਾਂ ਜੇਕਰ ਇਲਾਜ ਦੇ ਨਾਲ ਮਿਲੀਭੁਗਤ ਕਰ ਕੇ ਮੌਤ ਦਾਨ ਦੇ ਦਿੱਤਾ ਜਾਂਦਾ ਹੈ ਤਾਂ ਉਸ ਦੇ ਲਈ ਕਾਨੂੰਨ ’ਚ ਕੀ ਵਿਵਸਥਾ ਹੈ?

ਪੂਰਨ ਚੰਦ ਸਰੀਨ


author

Rakesh

Content Editor

Related News