ਉੱਤਰ-ਪੂਰਬ ਦੇ ਲੋਕਾਂ ਨੂੰ ਨਸਲੀ ਪੱਖਪਾਤ ਅਤੇ ਹਿੰਸਾ ਦਾ ਡੰਗ ਸਹਿਣਾ ਪੈ ਰਿਹਾ ਹੈ

Friday, Jun 20, 2025 - 03:27 PM (IST)

ਉੱਤਰ-ਪੂਰਬ ਦੇ ਲੋਕਾਂ ਨੂੰ ਨਸਲੀ ਪੱਖਪਾਤ ਅਤੇ ਹਿੰਸਾ ਦਾ ਡੰਗ ਸਹਿਣਾ ਪੈ ਰਿਹਾ ਹੈ

‘ਇਥੋਂ ਤਕ ਕਿ ਭਗਵਾਨ ਗਣੇਸ਼ ਦੀਆਂ ਮੂਰਤੀਆਂ ਵੀ ਵਿਦੇਸ਼ ਤੋਂ ਆਉਂਦੀਆਂ ਹਨ, ਛੋਟੀਆਂ ਅੱਖਾਂ ਵਾਲੀਆਂ ਗਣੇਸ਼ ਦੀਆਂ ਮੂਰਤੀਆਂ ਜਿਨ੍ਹਾਂ ਦੀਆਂ ਅੱਖਾਂ ਠੀਕ ਤਰ੍ਹਾਂ ਖੁੱਲ੍ਹਦੀਆਂ ਵੀ ਨਹੀਂ ਹਨ’- ਪ੍ਰਧਾਨ ਮੰਤਰੀ ਨਰਿੰਦਰ ਮੋਦੀ, 27 ਮਈ 2025 ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਪੂਰਬ-ਉੱਤਰ ਭਾਰਤ ’ਚ ਰਹਿਣ ਵਾਲੇ 4.5 ਕਰੋੜ ਲੋਕਾਂ ਦੇ ਵਿਰੁੱਧ ਇਕ ਆਹਤ ਕਰਨ ਵਾਲੀ ਰੂੜੀਵਾਦਿਤਾ ਦਾ ਪ੍ਰਚਾਰ ਕਰ ਸਕਦੇ ਹਨ ਤਾਂ ਕੀ ਤੁਹਾਨੂੰ ਹੈਰਾਨੀ ਹੈ ਕਿ ਪੂਰਬ-ਉੱਤਰ ’ਚ ਰਹਿਣ ਵਾਲੇ ਸਾਥੀ ਭਾਰਤੀ ਨਾਗਰਿਕਾਂ ’ਤੇ ਅਜਿਹਾ ਹੀ ਲੇਬਲ ਲਗਾਇਆ ਜਾਂਦਾ ਹੈ। ਕਈ ਲੋਕਾਂ ਨੂੰ ਦਹਾਕਿਆਂ ਤੋਂ ਨਸਲੀ ਪੱਖਪਾਤ ਅਤੇ ਹਿੰਸਾ ਦਾ ਡੰਗ ਸਹਿਣਾ ਪੈ ਰਿਹਾ ਹੈ।

2014 ’ਚ ਅਰੁਣਾਚਲ ਪ੍ਰਦੇਸ਼ ਦੇ ਇਕ ਨੌਜਵਾਨ ਵਿਦਿਆਰਥੀ ’ਤੇ ਦਿੱਲੀ ’ਚ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੇ ਜਾਣ ਤੋਂ ਬਾਅਦ ਬੇਜਬਰੂਆ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਨੇ ਇਕ ਸੋਧ ਰਿਪੋਰਟ ਦਾ ਹਵਾਲਾ ਦਿੱਤਾ ਜਿਸ ’ਚ ਪਾਇਆ ਗਿਆ ਕਿ ਪੂਰਬ-ਉੱਤਰ ਦੇ 10 ’ਚੋਂ 9 ਲੋਕਾਂ ਨੂੰ ਭਾਰਤੀ ਮਹਾਨਗਰਾਂ ’ਚ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਕ ਹੋਰ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਉੱਤਰ-ਪੂਰਬ ’ਚ ਤਿੰਨ ’ਚੋਂ ਦੋ ਔਰਤਾਂ ਨੂੰ ਅਕਸਰ ਕਈ ਤਰ੍ਹਾਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਦੀ ਸਭ ਤੋਂ ਤਾਜ਼ਾ ਮਿਸਾਲ ਮੇਘਾਲਿਆ ਹਨੀਮੂਨ ਦੀ ਤ੍ਰਾਸਦੀ ਸੀ ਜੋ ਅਹਿਮਦਾਬਾਦ ’ਚ ਹੋਏ ਦਿਲ ਨੂੰ ਵਲੂੰਧਰਣ ਵਾਲੇ ਹਾਦਸੇ ਤੱਕ ਖਬਰਾਂ ’ਚ ਛਾਈ ਰਹੀ। ਸੋਸ਼ਲ ਮੀਡੀਆ ’ਤੇ ਗੈਰ-ਪ੍ਰਮਾਣਿਤ ਤੱਥ ਅਤੇ ਮਨਘੜਤ ਰਿਪੋਰਟਾਂ ਘੁੰਮਣ ਲੱਗੀਆਂ, ਜਿਸ ਨਾਲ ਰਾਜ ਨੂੰ ਬਦਨਾਮ ਕੀਤਾ ਗਿਆ, ਜੋ ਕਿ ਐਲੀਫੈਂਟ ਫਾਲਸ, ਉਮੀਅਮ ਝੀਲ, ਡਬਲ ਡੈਕਰ ਲਿਵਿੰਗ ਰੂਟ ਬ੍ਰਿਜ, ਮਾਵਸਮਈ ਗੁਫਾ ਅਤੇ ਹੋਰ ਬਹੁਤ ਸਾਰੇ ਕੁਦਰਤੀ ਹੀਰਿਆਂ ਦਾ ਘਰ ਹੈ। ਨਾ ਸਿਰਫ਼ ਮੇਘਾਲਿਆ ਸਗੋਂ ਪੂਰੇ ਉੱਤਰ-ਪੂਰਬੀ ਭਾਰਤ ਨੂੰ ਬਦਨਾਮ ਕਰਨ ਲਈ ਇਕ ਸੰਗਠਿਤ ਮੁਹਿੰਮ ਚਲਾਈ ਗਈ ਸੀ। ਖਾਣ-ਪੀਣ ਦੀਆਂ ਆਦਤਾਂ ਤੋਂ ਲੈ ਕੇ ਸਮਾਜਿਕ ਰੀਤੀ-ਰਿਵਾਜਾਂ, ਸਰੀਰਕ ਦਿੱਖ ਤੋਂ ਲੈ ਕੇ ਭਾਸ਼ਾ ਤੱਕ, ਹਰ ਚੀਜ਼ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤ ਭਰੇ ਸੰਦੇਸ਼, ਕੁਝ ਵੀ ਸਜ਼ਾ ਤੋਂ ਬਿਨਾਂ ਨਹੀਂ ਛੱਡਿਆ ਗਿਆ।

ਪੂਰਬ-ਉੱਤਰ ਭਾਰਤ ਦੇ ਲੋਕਾਂ ਵਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਦਰਸਾਉਣ ਲਈ ਜਨਤਕ ਡੋਮੇਨ ’ਚ ਬਹੁਤ ਘੱਟ ਅਧਿਕਾਰਕ ਅੰਕੜੇ ਉਪਲਬੱਧ ਹਨ, ਖਾਸ ਕਰਕੇ ਪ੍ਰਾਹੁਣਚਾਰੀ, ਹਵਾਬਾਜ਼ੀ ਅਤੇ ਸਿਹਤ ਖੇਤਰਾਂ ’ਚ। 2020 ਲਈ ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (ਐੱਨ. ਐੱਸ. ਐੱਸ. ਓ.) ਦੇ ਅੰਕੜੇ ਦਰਸਾਉਂਦੇ ਹਨ ਕਿ ਉੱਤਰ-ਪੂਰਬੀ ਭਾਰਤ ਤੋਂ ਆਉਣ ਵਾਲੀ ਚਾਰ ’ਚੋਂ ਇਕ ਔਰਤ ਪ੍ਰਵਾਸੀ ਪ੍ਰਾਹੁਣਚਾਰੀ ਖੇਤਰ ’ਚ ਕੰਮ ਕਰਦੀ ਹੈ।

5 ਸਾਲ ਬਾਅਦ ਇਹ ਅੰਕੜਾ ਹੋਰ ਵੀ ਵੱਧ ਹੋ ਸਕਦਾ ਹੈ। ਇਸ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ’ਚੋਂ ਵਧੇਰੇ ਲੋਕ ਘੱਟ ਤਨਖਾਹ ਵਾਲੇ ਗੈਰ-ਰਸਮੀ ਕੰਮਾਂ ’ਚ ਲੱਗੇ ਹੋਏ ਹਨ ਅਤੇ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਲਾਭ ਨਹੀਂ ਮਿਲਦੇ।

ਪੂਰਬ-ਉੱਤਰ ਨਾਲ ਮੇਰਾ ਪੁਰਾਣਾ ਨਾਤਾ ਅਤੇ ਵਿਸ਼ੇਸ਼ ਲਗਾਅ ਹੈ। 1991 ’ਚ ਮੈਂ ਵਿਗਿਆਪਨ ਦੀ ਨੌਕਰੀ ਛੱਡ ਦਿੱਤੀ ਅਤੇ ਕੁਇਜ਼ ਸ਼ੋਅ ਦੀ ਮੇਜ਼ਬਾਨੀ ਸ਼ੁਰੂ ਕਰ ਦਿੱਤੀ। ਪਹਿਲਾਂ ਕੁਝ ਸਾਲਾਂ ਦੌਰਾਨ, ਇਹ ਕੁਇਜ਼ ਪੂਰਬ-ਉੱਤਰ ਦੇ ਸ਼ਹਿਰਾਂ ’ਚ ਆਯੋਜਿਤ ਕੀਤੀ ਗਈ। ਗੋਹਾਟੀ, ਸ਼ਿਲਾਂਗ, ਕੋਹਿਮਾ, ਇੰਫਾਲ, ਦੀਮਾਪੁਰ ਅਤੇ ਕਈ ਹੋਰ।

ਇਹ ਪ੍ਰੋਗਰਾਮ ਇੰਸਟੈਂਟ ਨੂਡਲਸ ਦੇ ਇਕ ਬ੍ਰਾਂਡ ਨੂੰ ਬੜ੍ਹਾਵਾ ਦੇਣ ਲਈ ਆਯੋਜਿਤ ਕੀਤੇ ਗਏ ਸਨ, ਜਿਸ ਦੀ ਉਨ੍ਹਾਂ ਇਲਾਕਿਆਂ ’ਚ ਵੱਡੀ ਬਾਜ਼ਾਰ ਹਿੱਸੇਦਾਰੀ ਸੀ। ਹਰੇਕ ਸ਼ੋਅ ਲਈ ਮੇਰੀ ਪ੍ਰੋਫੈਸ਼ਨਲ ਫੀਸ 2500 ਰੁਪਏ ਸੀ। ਹਵਾਈ ਯਾਤਰਾ, ਰੇਲਗੱਡੀਆਂ, ਬੱਸਾਂ, ਜ਼ਿਆਦਾਤਰ ਕਾਰ ਦੀ ਸਵਾਰੀ, ਇਹ ਬਹੁਤ ਕੁਝ ਜਾਣਨ ਦਾ ਇਕ ਸੁੰਦਰ ਮੌਕਾ ਸੀ। ਇਸ ਲਈ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਲੋਕ ਪੂਰਬ-ਉੱਤਰ ਦੇ ਨਾਗਰਿਕਾਂ ਨੂੰ ਇਕ ਹੀ ਤਰ੍ਹਾਂ ਨਾਲ ਚਿਤਰਿਤ ਕਰ ਰਹੇ ਹਨ।

ਇਹ ਲੇਖ ਲਿਖਦੇ ਸਮੇਂ ਮੈਂ ਮਣੀਪੁਰ ਦੀ 30 ਸਾਲਾ ਮਹਿਲਾ ਤੋਨਸ਼ਿਮਲਾ ਲੀਸਨ ਨਾਲ ਗੱਲ ਕੀਤੀ ਜੋ ਇਕ ਵੱਕਾਰੀ ਏਅਰਲਾਈਨ ’ਚ ਕੈਬਿਨ ਕਰੂ ਦੇ ਰੂਪ ’ਚ ਕੰਮ ਕਰਦੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ, ‘‘ਇਕ ਸਾਲ ਪਹਿਲਾਂ, ਦਿੱਲੀ ਮੈਟਰੋ ’ਚ ਨੌਜਵਾਨਾਂ ਦਾ ਇਕ ਸਮੂਹ ਮੈਨੂੰ ਅਤੇ ਮੇਰੀ ਮਾਂ ਨੂੰ ਦੇਖਦਾ ਰਿਹਾ ਅਤੇ ਹੱਸਦਾ ਰਿਹਾ ਅਤੇ ਮੈਂ ਉਨ੍ਹਾਂ ਨੂੰ ਚਾਈਨੀਜ਼, ਚਿੰਕੀਜ਼ ਕਹਿੰਦੇ ਹੋਏ ਸੁਣਿਆ। ਕੰਮ ਕਰਨ ਵਾਲੀ ਥਾਂ ’ਤੇ ਸਾਡੇ ਸਹਿ-ਕਰਮਚਾਰੀਆਂ ਵਲੋਂ ਸਾਡੇ ਅਨੋਖੇ ਨਾਵਾਂ ਦਾ ਮਜ਼ਾਕ ਉਡਾਉਣਾ ਇਕ ਹੋਰ ਚੁਣੌਤੀ ਹੈ ਜਿਸ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ।

ਕਈ ਯਾਤਰੀ ਸਾਡੀ ਮਿਹਨਤ ਅਤੇ ਲਚੀਲੇ ਸੁਭਾਅ ਲਈ ਸਾਨੂੰ ਪ੍ਰੇਰਿਤ ਕਰਦੇ ਹਨ ਪਰ ਹੋਰ ਅਕਸਰ ਸਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।’’ ਏਅਰ ਇੰਡੀਆ ਦੀ ਉਡਾਣ ਨੰਬਰ ਏ. ਆਈ. 171 ਦੇ ਦੋ ਕੈਬਿਨ ਕਰੂ ਮੈਂਬਰ, ਲਾਮਨੁਨਥੇਮ ਸਿੰਗਸਨ ਅਤੇ ਕੋਂਗਬ੍ਰਾਈਲਾਟਪਮ ਨਗਨਥੋਈ ਸ਼ਰਮਾ, ਮਣੀਪੁਰ ਦੇ ਸਨ। ਕੁਕੀ ਜੋ ਭਾਈਚਾਰੇ ਤੋਂ ਲਾਮਨੁਨਥੇਮ, ਮੈਤੇਈ ਭਾਈਚਾਰੇ ਤੋਂ ਕੋਂਗਬ੍ਰਾਈਲਾਟਪਮ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੁਕੀ ਕੌਣ ਸੀ ਅਤੇ ਮੈਤੇਈ ਕੌਣ ਸੀ। ਮਣੀਪੁਰ ਸ਼ੋਕ ’ਚ ਇਕਜੁੱਟ ਸੀ।

ਮਹਾਮਾਰੀ ਦੌਰਾਨ 8 ਭੈਣਾਂ (ਸੂਬਿਆਂ) ਦੇ ਨਿਵਾਸੀਆਂ ਪ੍ਰਤੀ ਪੂਰਵਾਗ੍ਰਹਿ ਅਤੇ ਭੇਦਭਾਵ ਕਈ ਗੁਣਾ ਵਧ ਗਿਆ।

ਉੱਤਰ-ਪੂਰਬ ਦੇ ਲੋਕਾਂ ਵਿਰੁੱਧ ਨਸਲੀ ਵਿਤਕਰੇ ਬਾਰੇ ਇਕ ਅਧਿਐਨ, ਜੋ ਕਿ ਸੈਂਟਰ ਫਾਰ ਕ੍ਰਿਮੀਨੋਲੋਜੀ ਐਂਡ ਵਿਕਟਿਮੋਲੋਜੀ, ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਅਤੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਦੁਆਰਾ ਕੀਤਾ ਗਿਆ ਸੀ, ’ਚ ਪਾਇਆ ਗਿਆ ਕਿ ‘ਉੱਤਰ-ਪੂਰਬੀ ਭਾਰਤ ਭਾਰਤੀਆਂ ਦੀ ਚੀਨੀ ਲੋਕਾਂ ਦੀ ਕਲਪਨਾ ਦੇ ਸਮਾਨ ਹੈ’ ਅਤੇ 'ਉਨ੍ਹਾਂ ਨੂੰ ਆਪਣੇ ਵਿਰੁੱਧ ਨਫ਼ਰਤ ਅਤੇ ਪੱਖਪਾਤ ਦੀਆਂ ਵਧਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ।’

ਹਾਲ ਹੀ ’ਚ ਸੰਸਦ ’ਚ ਮਣੀਪੁਰ ’ਤੇ ਦੋ ਵਾਰ ਚਰਚਾ ਹੋਈ। ਇਕ ਵਾਰ ਜਦੋਂ ਵਿਰੋਧੀ ਪਾਰਟੀਆਂ ਨੇ 2023 ’ਚ ਅਵਿਸ਼ਵਾਸ ਪ੍ਰਸਤਾਵ ਲਿਆ ਕੇ ਕੇਂਦਰ ਸਰਕਾਰ ਨੂੰ ਇਸ ਮੁੱਦੇ ’ਤੇ ਚਰਚਾ ਕਰਨ ਲਈ ਮਜਬੂਰ ਕੀਤਾ ਸੀ ਅਤੇ ਇਕ ਵਾਰ, ਅਪ੍ਰੈਲ 2025 ’ਚ ਪੂਰੀ ਰਾਤ ਚਰਚਾ ਕੀਤੀ ਗਈ ਸੀ। ਇਸ ਸਾਲ ਅਪ੍ਰੈਲ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ’ਚ ਕਿਹਾ ਸੀ, ‘‘13 ਫਰਵਰੀ 2025 ਨੂੰ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ ਸੀ, ਨਵੰਬਰ ’ਚ ਜ਼ੀਰੋ ਹਿੰਸਾ, ਦਸੰਬਰ ’ਚ ਜ਼ੀਰੋ ਹਿੰਸਾ, ਜਨਵਰੀ ’ਚ ਜ਼ੀਰੋ ਹਿੰਸਾ, 13 ਮਾਰਚ ’ਚ ਜ਼ੀਰੋ ਹਿੰਸਾ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਜ਼ੀਰੋ ਹਿੰਸਾ ਹੋਈ। ਇਸ ਲਈ ਸਾਨੂੰ ਗਲਤ ਧਾਰਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।’’

ਗ੍ਰਹਿ ਮੰਤਰੀ ਦੇ ਬੋਲਣ ਤੋਂ ਠੀਕ ਪਹਿਲਾਂ, ਤੁਹਾਡੇ ਕਾਲਮਨਵੀਸ ਨੇ ਰਾਜ ਸਭਾ ’ਚ ਜੋ ਕਿਹਾ, ਉਹ ਇਸ ਤਰ੍ਹਾਂ ਹੈ, ‘‘ਤਿੰਨ ਲੱਖ ਅੱਸੀ ਹਜ਼ਾਰ ਕਿਲੋਮੀਟਰ। ਪਿਛਲੇ 22 ਮਹੀਨਿਆਂ ’ਚ ਇਹ ਉਹ ਦੂਰੀ ਹੈ ਜੋ ਭਾਰਤ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤੈਅ ਕੀਤੀ ਹੈ। ਇਹ ਧਰਤੀ ਗ੍ਰਹਿ ਤੋਂ ਚੰਦਰਮਾ ਤਕ ਦੀ ਦੂਰੀ ਵੀ ਹੈ! ਪਰ ਪ੍ਰਧਾਨ ਮੰਤਰੀ ਮਣੀਪੁਰ ਲਈ ਉਡਾਣ ਨਹੀਂ ਭਰ ਸਕੇ ਜੋ ਕਿ ਸਿਰਫ 2400 ਕਿਲੋਮੀਟਰ ਦੂਰ ਹੈ। ਅਸੀਂ ਇਸ ’ਤੇ ਸੰਸਦ ’ਚ ਰਾਤ ਦੇ ਹਨੇਰੇ ’ਚ, ਸਵੇਰ ਦੇ ਤਿੰਨ ਵਜੇ ਚਰਚਾ ਕਰ ਰਹੇ ਹਾਂ। ਕੋਈ ਟੀ. ਵੀ. ਚੈਨਲ ਨਹੀਂ, ਕੋਈ ਪ੍ਰਾਈਮ ਟਾਈਮ ਨਹੀਂ, ਦਿਨ ’ਚ ਮਣੀਪੁਰ ਨੂੰ ਸਿੱਧੇ ਅੱਖਾਂ ’ਚ ਦੇਖੋ।’’

-ਡੇਰੇਕ ਓ’ਬ੍ਰਾਇਨ


author

Harpreet SIngh

Content Editor

Related News