ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
Wednesday, Jun 24, 2026 - 06:01 PM (IST)
ਪੰਜ ਕਕਾਰ ਇਕ ਸਿੱਖ ਦੀ ਧਾਰਮਿਕ ਪਛਾਣ ਦੇ ਅਨਿੱਖੜਵੇਂ ਅੰਗ ਹਨ, ਜਿਨ੍ਹਾਂ ’ਚੋਂ ਕ੍ਰਿਪਾਨ ਇਤਿਹਾਸਕ ਤੌਰ ’ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਨੂੰ ਜ਼ੁਲਮ ਦਾ ਸਾਹਮਣਾ ਕਰਨ ਲਈ ਬਖਸ਼ੀ ਗਈ ਸੀ। ਸ਼ਸਤਰ ਨਾਮ ਮਾਲਾ ’ਚ ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਲਈ ਉਠਾਏ ਗਏ ਸਾਰੇ ਸ਼ਸਤਰਾਂ ਨੂੰ ਆਪਣੇ ਪੀਰ ਦਾ ਦਰਜਾ ਦੇ ਕੇ ਸ਼ਸਤਰਾਂ ਨੂੰ ਇਕ ਬਹੁਤ ਹੀ ਸਤਿਕਾਰਯੋਗ ਸਥਾਨ ਦਿੱਤਾ ਹੈ। ਆਧੁਨਿਕ ਕਾਲ ’ਚ ਸਿੱਖ ਭਾਈਚਾਰੇ ਨੇ ਪੂਰੀ ਦੁਨੀਆ ’ਚ ਪ੍ਰਵਾਸ ਕੀਤਾ ਅਤੇ ਆਪਣੀਆਂ ਜੜ੍ਹਾਂ ਪੱਛਮੀ ਦੇਸ਼ਾਂ ’ਚ ਵੀ ਜਮਾਈਆਂ। ਇਸ ਸਮੇਂ ਤੱਕ ਕ੍ਰਿਪਾਨ ਸਾਡੀ ਮਰਿਆਦਾ ਦੇ ਕਾਰਨ ਇਕ ਪੂਰਨ ਸਿੱਖ ਦੇ ਮੰਨੀਏ ਤਾਂ ਸਰੀਰ ਦਾ ਹੀ ਇਕ ਅੰਗ ਬਣ ਚੁੱਕੀ ਸੀ, ਇਸ ਲਈ ਸਾਰੇ ਪੱਛਮੀ ਦੇਸ਼ਾਂ ’ਚ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਦੇ ਕਾਰਨ ਕ੍ਰਿਪਾਨ ਧਾਰਨ ਕਰਨ ਦਾ ਅਧਿਕਾਰ ਮਿਲਿਆ ਸੀ ਅਤੇ ਇਸ ਅਧਿਕਾਰ ਲਈ ਸਿੱਖਾਂ ਨੂੰ ਲੰਬੇ ਸੰਘਰਸ਼ ਵੀ ਕਰਨੇ ਪਏ ਸਨ।
ਹਾਲ ਹੀ ’ਚ ਯੂ. ਕੇ. ’ਚ ਹੋਏ ਇਕ ਹੱਤਿਆਕਾਂਡ, ਜਿਸ ’ਚ ਇਕ ਅੰਮ੍ਰਿਤਧਾਰੀ ਸਿੱਖ ਵਿਕਰਮ ਦਿਗਬਾ ਵਲੋਂ ਇਕ ਕਿਰਚਨੁਮਾ ਹਥਿਆਰ ਨਾਲ ਵਾਰ ਕਰ ਕੇ ਹੈਨਰੀ ਨੋਵੈਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਹੈਨਰੀ ਨੋਵੈਕ ’ਤੇ ਨਸਲੀ ਹਮਲਾ ਕਰਨ ਦੇ ਝੂਠੇ ਦੋਸ਼ ਲਗਾ ਦਿੱਤੇ ਗਏ, ਜਿਸ ਕਾਰਨ ਜ਼ਖਮੀ ਪਏ 18 ਸਾਲ ਦੇ ਹੈਨਰੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੈਨਰੀ ਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਇੰਗਲੈਂਡ ਅਤੇ ਪੂਰੀ ਦੁਨੀਆ ’ਚ ਜਿੱਥੇ ਪਹਿਲਾਂ ਹੀ ਸੱਜੇ-ਪੱਖੀ ਰਾਜਨੀਤੀ ਕਾਰਨ ਪ੍ਰਵਾਸੀ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਹਿੰਸਾ ਸਿਖਰਾਂ ’ਤੇ ਸੀ, ਉੱਥੇ ਹੀ ਇਸ ਘਟਨਾ ਨੂੰ ਕੁਝ ਸੱਜੇ-ਪੱਖੀ ਰਾਜਨੇਤਾਵਾਂ ਵਲੋਂ ਇਕ ਬਹਾਨਾ ਬਣਾ ਕੇ ਸਿੱਖਾਂ ਦੀਆਂ ਧਾਰਮਿਕ ਆਜ਼ਾਦੀਆਂ ਖੋਹਣ ਦੀ ਮੰਗ ਕੀਤੀ ਜਾ ਰਹੀ ਹੈ।
ਇੰਗਲੈਂਡ ਦੀ ਰੀਸਟੋਰ ਪਾਰਟੀ ਦੇ ਐੱਮ. ਪੀ. ਰੂਪਰਟ ਲੋ ਨੇ ਤਾਂ ਕ੍ਰਿਪਾਨ ’ਤੇ ਬੈਨ ਲਗਾਉਣ ਤੱਕ ਦੀ ਮੰਗ ਕਰ ਦਿੱਤੀ। ਰੂਪਰਟ ਲੋ ਦੇ ਇਨ੍ਹਾਂ ਭੇਦਭਾਵਪੂਰਨ ਬਿਆਨਾਂ ਨੂੰ ‘ਐਕਸ’ ਦੇ ਮਾਲਕ ਐਲਨ ਮਸਕ ਨੇ ਰੀਟਵੀਟ ਕਰ ਕੇ ਇਕ ਭਰੋਸੇਯੋਗਤਾ ਦਿੱਤੀ, ਉੱਥੇ ਹੀ ਇਹ ਮਾਮਲਾ ਅਮਰੀਕਾ ਅਤੇ ਯੂ. ਕੇ. ’ਚ ਕੂਟਨੀਤਿਕ ਤਣਾਅ ਦਾ ਕਾਰਨ ਵੀ ਬਣ ਗਿਆ ਕਿਉਂਕਿ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਨੇ ਇਸ ਮਾਮਲੇ ਨੂੰ ਉਭਾਰ ਕੇ ਆਪਣੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕੀਤਾ।
ਯੂ. ਕੇ. ਦਾ ਸਿੱਖ ਭਾਈਚਾਰਾ ਇਸ ਮਾਮਲੇ ਦੇ ਇੰਨਾ ਤੂਲ ਫੜ ਜਾਣ ਤੋਂ ਬਾਅਦ ਚਿੰਤਾਵਾਂ ’ਚ ਡੁੱਬਿਆ ਹੋਇਆ ਹੈ ਕਿ ਉਨ੍ਹਾਂ ਦੇ ਵਿਰੁੱਧ ਨਫ਼ਰਤ ਦੀ ਲਹਿਰ ਨਾ ਉੱਠ ਖੜ੍ਹੀ ਹੋਵੇ। ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵਾਰ-ਵਾਰ ਇਹ ਦੁਹਰਾਇਆ ਹੈ ਕਿ ਇਸ ਆਪਸੀ ਝਗੜੇ ਦੀ ਇਕ ਘਟਨਾ ਨੂੰ ਲੈ ਕੇ ਸਮੁੱਚੇ ਭਾਈਚਾਰੇ ਵਿਰੁੱਧ ਨਫ਼ਰਤ ਨਾ ਫੈਲਾਈ ਜਾਵੇ ਪਰ ਨਫ਼ਰਤ ਦੀ ਰਾਜਨੀਤੀ ਕਰਨ ਵਾਲੀਆਂ ਅਤੇ ਸਮਾਜ ’ਚ ਧਰੁਵੀਕਰਨ ਕਰਨ ਵਾਲੀਆਂ ਤਾਕਤਾਂ ਇਸ ਮਾਮਲੇ ਨੂੰ ਸਿਆਸੀ ਤੌਰ ’ਤੇ ਇਸਤੇਮਾਲ ਕਰਨ ਲਈ ਤਤਪਰ ਹਨ।
ਜੇਕਰ ਗੱਲ ਕੈਨੇਡਾ ਦੀ ਕਰੀਏ ਤਾਂ ਕੈਨੇਡਾ ਇਕ ਅਜਿਹਾ ਦੇਸ਼ ਹੈ ਜਿੱਥੇ ਧਾਰਮਿਕ ਆਜ਼ਾਦੀ ਨੂੰ ਚਾਰਟਰ ਰਾਈਟਸ ਜ਼ਰੀਏ ਸੁਰੱਖਿਅਤ ਕੀਤਾ ਗਿਆ ਹੈ। ਕੈਨੇਡਾ ’ਚ ਕ੍ਰਿਪਾਨ ਦਾ ਮਾਮਲਾ ਉਦੋਂ ਬਹਿਸ ’ਚ ਆਇਆ ਸੀ, ਜਦੋਂ ਗੁਰਬਾਜ਼ ਸਿੰਘ ਮੁਲਤਾਨੀ ਨਾਂ ਦੇ ਇਕ ਵਿਦਿਆਰਥੀ ਦੇ ਕ੍ਰਿਪਾਨ ਧਾਰਨ ਕਰਨ ਦੇ ਅਧਿਕਾਰ ’ਤੇ ਕਿਊਬੈਕ ਦੇ ਇਕ ਸਕੂਲ ਬੋਰਡ ਨੇ ਰੋਕ ਲਗਾ ਦਿੱਤੀ ਸੀ। ਗੁਰਬਾਜ਼ ਸਿੰਘ ਮੁਲਤਾਨੀ ਇਸ ਫੈਸਲੇ ਵਿਰੁੱਧ ਕੈਨੇਡਾ ਦੀ ਸੁਪਰੀਮ ਕੋਰਟ ’ਚ ਗਿਆ ਸੀ, ਜਿੱਥੇ ਅਦਾਲਤ ਨੇ ਫੈਸਲਾ ਗੁਰਬਾਜ਼ ਸਿੰਘ ਮੁਲਤਾਨੀ ਦੇ ਹੱਕ ’ਚ ਕਰ ਦਿੱਤਾ ਅਤੇ ਇਹ ਗੱਲ ਕਹੀ ਕਿ ਕ੍ਰਿਪਾਨ ਧਾਰਨ ਕਰਨਾ ਉਸ ਦੀ ਧਾਰਮਿਕ ਆਜ਼ਾਦੀ ਹੈ ਪਰ ਕ੍ਰਿਪਾਨ ਉੱਪਰ ਜਾਇਜ਼ ਨਿਯਮ ਸਰਕਾਰ ਲਾਗੂ ਕਰ ਸਕਦੀ ਹੈ, ਜਿਵੇਂ ਕਿ ਕ੍ਰਿਪਾਨ ਦੀ ਲੰਬਾਈ ਅਤੇ ਇਹ ਕਿਹਾ ਗਿਆ ਕਿ ਮੁਲਤਾਨੀ ਕ੍ਰਿਪਾਨ ਕੱਪੜਿਆਂ ਦੇ ਅੰਦਰ ਹੀ ਧਾਰਨ ਕਰੇਗਾ ਅਤੇ ਉਸ ਨੂੰ ਕੱਪੜੇ ਦੇ ਨਾਲ ਸਿਲਾਈ ਕਰਕੇ ਰੱਖਿਆ ਜਾਵੇਗਾ। ਇਸ ਤਰ੍ਹਾਂ ਕੈਨੇਡਾ ’ਚ ਸਿੱਖਾਂ ਦੇ ਧਾਰਮਿਕ ਅਧਿਕਾਰ ਸੁਰੱਖਿਅਤ ਹਨ।
ਭਾਰਤ ਦੇ ਸੰਵਿਧਾਨ ਦੀ ਧਾਰਾ 25 (ਅਨੁਛੇਦ 25) ਸਿੱਖਾਂ ਨੂੰ ਕ੍ਰਿਪਾਨ ਪਹਿਨਣ ਅਤੇ ਧਾਰਨ ਕਰਨ ਦੋਵਾਂ ਦੀ ਆਜ਼ਾਦੀ ਪ੍ਰਤੱਖ ਰੂਪ ’ਚ ਦਿੰਦੀ ਹੈ। ਇੱਥੇ ਤ੍ਰਾਸਦੀ ਇਹ ਹੈ ਕਿ ਜੋ ਧਾਰਾ 25 ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਦਾ ਸੰਵਿਧਾਨਕ ਹੱਕ ਦਿੰਦੀ ਹੈ, ਉਸੇ ਧਾਰਾ 25 ਦੇ ਵਿਰੁੱਧ ਸਿੱਖਾਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਝੰਡਾ ਚੁੱਕਿਆ ਹੋਇਆ ਹੈ ਅਤੇ ਸਿੱਖਾਂ ਨੂੰ ਧਾਰਾ 25 ਦੇ ਸਬੰਧ ’ਚ ਭਰਮ ’ਚ ਪਾਇਆ ਹੈ। ਇਨ੍ਹਾਂ ਰਾਜਨੀਤਿਕ ਲੋਕਾਂ ਨੇ ਹਮੇਸ਼ਾ ਇਹ ਗਲਤ ਪ੍ਰਚਾਰ ਕੀਤਾ ਕਿ ਧਾਰਾ 25 ਸਿੱਖਾਂ ਨੂੰ ਹਿੰਦੂ ਕਹਿੰਦੀ ਹੈ ਅਤੇ ਸਿੱਖ ਧਰਮ ਦੇ ਵੱਖ ਹੋਣ ਨੂੰ ਮਾਨਤਾ ਨਹੀਂ ਦਿੰਦੀ, ਜੋ ਕਿ ਸਰਾਸਰ ਗਲਤ ਬਿਆਨੀ ਹੈ, ਕਿਉਂਕਿ ਧਾਰਾ 25 ’ਚ ਹਿੰਦੂ, ਸਿੱਖ, ਜੈਨ ਅਤੇ ਬੁੱਧ ਧਰਮ ਨੂੰ ਸਿਰਫ਼ ਇਕ ਵਿਸ਼ੇਸ਼ ਸੰਦਰਭ ਲਈ ਹੀ ਹਿੰਦੂ ਦੀ ਪਰਿਭਾਸ਼ਾ ’ਚ ਰੱਖਿਆ ਗਿਆ ਹੈ ਅਤੇ ਉਹ ਵਿਸ਼ੇਸ਼ ਸੰਦਰਭ ਹੈ ਧਾਰਮਿਕ ਸਥਾਨਾਂ ’ਤੇ ਜਾਤ-ਪਾਤ ਖ਼ਤਮ ਕਰਨਾ ਅਤੇ ਧਾਰਮਿਕ ਸਥਾਨਾਂ ਨੂੰ ਹਰ ਜਾਤੀ ਦੇ ਵਿਅਕਤੀ ਲਈ ਖੋਲ੍ਹਣਾ।
ਇਥੇ ਇਕ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਕਦੇ ਗਊ-ਗਰੀਬ ਦੀ ਰੱਖਿਆ ਲਈ ਕ੍ਰਿਪਾਨ ਨੂੰ ਇਕ ਪਵਿੱਤਰ ਹਥਿਆਰ ਦੇ ਰੂਪ ’ਚ ਮਾਨਤਾ ਮਿਲਦੀ ਸੀ, ਉਸ ਬਾਰੇ ਤੇਜ਼ੀ ਨਾਲ ਬਦਲ ਰਹੀ ਜਨ-ਭਾਵਨਾ ਦਾ ਆਖਿਰ ਕਾਰਨ ਕੀ ਹੈ? ਅਸੀਂ ਜਿਸ ਤਰ੍ਹਾਂ ਆਪਸੀ ਝਗੜਿਆਂ ਅਤੇ ਗੋਲਕ ਦੇ ਵਿਵਾਦ ’ਤੇ ਕ੍ਰਿਪਾਨਾਂ ਲਹਿਰਾ ਕੇ ਹੁੜਦੰਗ ਮਚਾਉਂਦੇ ਹਾਂ, ਉਸ ਨੇ ਸਥਾਨਕ ਭਾਈਚਾਰੇ ’ਚ ਇਸ ਪਵਿੱਤਰ ਕਕਾਰ ਨੂੰ ਡਰ ਦਾ ਪ੍ਰਤੀਕ ਬਣਾ ਦਿੱਤਾ ਹੈ। ਉਹ ਵੀ ਸਮਾਂ ਸੀ ਜਦੋਂ ਕਿਸੇ ਬੱਸ ਜਾਂ ਪੂਰੀ ਰੇਲਗੱਡੀ ’ਚ ਜੇਕਰ ਇਕ ਵੀ ਸਿੱਖ ਸਵਾਰੀ ਮੌਜੂਦ ਹੁੰਦੀ ਸੀ ਤਾਂ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਸੀ ਪਰ ਅੱਜ ਅਸੀਂ ਆਪਣੀਆਂ ਹਰਕਤਾਂ ਕਾਰਨ ਇਸ ਵਿਲੱਖਣ ਰੂਪ ਨੂੰ ਤ੍ਰਿਸਕਾਰ ਦਾ ਪਾਤਰ ਬਣਾ ਦਿੱਤਾ ਹੈ। ਅਸੀਂ ਸਿਰ ਜੋੜ ਕੇ ਕਿਉਂ ਨਹੀਂ ਸੋਚਦੇ ਕਿ ਜਦੋਂ ਦੁਨੀਆ ਭਰ ਦੇ ਸਮਾਜ-ਵਿਰੋਧੀ ਕਾਰਜ, ਭਾਵੇਂ ਉਹ ਲੁੱਟ-ਖਸੁੱਟ ਹੋਵੇ, ਨਸ਼ੇ ਦੀ ਸਮੱਗਲਿੰਗ ਜਾਂ ਚੋਰੀ ਦੀਆਂ ਵਾਰਦਾਤਾਂ, ਉਨ੍ਹਾਂ ’ਚ ਸਾਡੇ ਹੀ ਭਰਾਵਾਂ ਦੀਆਂ ਤਸਵੀਰਾਂ ਦਸਤਾਰ ਅਤੇ ਗਾਤਰੇ ਸਮੇਤ ਕਿਉਂ ਛਪਦੀਆਂ ਹਨ?
ਇਸ ਸਾਰੇ ਵਿਵਾਦ ’ਚ ਅੱਜ ‘ਸਰਬੱਤ ਦੇ ਭਲੇ’ ਦੇ ਫਲਸਫੇ ਮੁਤਾਬਕ ਦੇਸ਼-ਵਿਦੇਸ਼ ’ਚ ਵੱਸਦੀ ਸਿੱਖ ਸੰਗਤ ਨੂੰ ਇਕੱਠੇ ਹੋ ਕੇ ਆਪਣੇ ਧਾਰਮਿਕ ਚਿੰਨ੍ਹਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਾਂਤੀਪੂਰਨ ਢੰਗ ਨਾਲ ਆਪਣਾ ਪੱਖ ਰੱਖਣਾ ਚਾਹੀਦਾ ਹੈ ਅਤੇ ਹਰ ਭਾਈਚਾਰੇ ਨੂੰ ਸਿੱਖਾਂ ਦੇ ਸਮਾਜ ਨਿਰਮਾਣ ’ਚ ਯੋਗਦਾਨ ਅਤੇ ਧਾਰਮਿਕ ਆਸਥਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
—ਮਨਿੰਦਰ ਸਿੰਘ ਗਿੱਲ
(ਮੈਨੇਜਿੰਗ ਡਾਇਰੈਕਟਰ, ਰੇਡੀਓ ਇੰਡੀਆ, ਸਰੇ, ਕੈਨੇਡਾ)
