ਸਮਾਜਿਕ ਚੁਣੌਤੀ ਵੀ ਹੈ ਰਿਸ਼ਤਿਆਂ ਦਾ ਦੁਖਾਂਤ

Friday, Jul 03, 2026 - 05:34 PM (IST)

ਸਮਾਜਿਕ ਚੁਣੌਤੀ ਵੀ ਹੈ ਰਿਸ਼ਤਿਆਂ ਦਾ ਦੁਖਾਂਤ

ਸੀਆ ਗੋਇਲ ਵਲੋਂ ਹੋਣ ਵਾਲੇ ਪਤੀ ਕੇਤਨ ਅਗਰਵਾਲ ਦੀ ਹੱਤਿਆ ਨੇ ਰਾਜਾ ਰਘੂਵੰਸ਼ੀ ਹੱਤਿਆਕਾਂਡ ਦੀ ਯਾਦ ਦਿਵਾ ਦਿੱਤੀ। ਰਾਜਾ ਰਘੂਵੰਸ਼ੀ ਦੀ ਮਾਂ ਨੇ ਤਾਂ ਚਾਲ-ਢਾਲ ਦੇ ਅਾਧਾਰ ’ਤੇ ਸੀਆ ਨੂੰ ‘ਛੋਟੀ ਸੋਨਮ’ ਵੀ ਕਰਾਰ ਦੇ ਦਿੱਤਾ ਹੈ, ਜਿਸ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਲੱਗਦਾ। ਸੋਨਮ ਨੇ ਪ੍ਰੇਮੀ ਨਾਲ ਮਿਲ ਕੇ ਪਿਛਲੇ ਸਾਲ ਮਈ ’ਚ ਰਾਜਾ ਦੀ ਉਦੋਂ ਹੱਤਿਆ ਕਰਵਾ ਦਿੱਤੀ ਸੀ, ਜਦੋਂ ਦੋਵੇਂ ਹਨੀਮੂਨ ਲਈ ਸ਼ਿਲਾਂਗ ਗਏ ਸਨ। ਰਾਜਾ ਦੀ ਗਲੀ-ਸੜੀ ਲਾਸ਼ ਦੋ ਜੂਨ ਨੂੰ ਈਸਟ ਖਾਸੀ ਹਿੱਲਜ਼ ਜ਼ਿਲੇ ’ਚ ਇਕ ਡੂੰਘੀ ਖੱਡ ’ਚੋਂ ਬਰਾਮਦ ਹੋਈ ਸੀ। ਖੁਲਾਸਾ ਹੋਇਆ ਕਿ ਸੋਨਮ ਦਾ ਪਹਿਲਾਂ ਤੋਂ ਕਿਸੇ ਰਾਜ ਕੁਸ਼ਵਾਹਾ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ, ਪਰ ਸ਼ਾਇਦ ਪਰਿਵਾਰ ਵਾਲਿਆਂ ਨੇ ਰਾਜਾ ਨਾਲ ਵਿਆਹ ਲਈ ਦਬਾਅ ਬਣਾਇਆ। ਸੋਨਮ ਦੀ ਕੁੰਡਲੀ ’ਚ ਮੰਗਲ ਦੋਸ਼ ਦੀ ਕਹਾਣੀ ਵੀ ਸਾਹਮਣੇ ਆਈ, ਜਿਸ ਦੇ ਨਿਵਾਰਨ ਲਈ ਉਹ ਰਾਜਾ ਨਾਲ ਵਿਆਹ ਲਈ ਤਿਆਰ ਹੋ ਗਈ ਪਰ ਕੇਤਨ ਹੱਤਿਆਕਾਂਡ ਦੱਸ ਰਿਹਾ ਹੈ ਕਿ ਘੱਟੋ-ਘੱਟ ਸਮਾਜ ਨੇ ਤਾਂ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ। ਸੋਨਮ ਨੇ ਵਿਆਹ ਤੋਂ ਬਾਅਦ ਹਨੀਮੂਨ ਯਾਤਰਾ ’ਤੇ ਪ੍ਰੇਮੀ ਦੀ ਖਾਤਰ ਅਤੇ ਉਸੇ ਦੀ ਮਦਦ ਨਾਲ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਸੀਆ ਨੇ ਪ੍ਰੇਮੀ ਨਾਲ ਮਿਲ ਕੇ, ਹੋਣ ਵਾਲੇ ਪਤੀ ਦੀ ਵਿਆਹ ਤੋਂ ਪਹਿਲਾਂ ਹੀ ਹੱਤਿਆ ਕਰ ਦਿੱਤੀ। ਸੱਚ ਤਾਂ ਸੀਆ ਜਾਣਦੀ ਹੋਵੇਗੀ, ਪਰ ਹੱਤਿਆ ਦਾ ਦੱਸਿਆ ਜਾ ਰਿਹਾ ਕਾਰਨ ਹਾਸੋਹੀਣਾ ਹੈ। ਕਿਹਾ ਜਾ ਰਿਹਾ ਹੈ ਕਿ ਕੇਤਨ ਵਿੱਗ ਪਹਿਨਦਾ ਸੀ ਅਤੇ ਥੋੜ੍ਹਾ ਥਥਲਾਉਂਦਾ ਸੀ। ਕੇਤਨ ਦੇ ਪਿਤਾ ਦਾ ਕਹਿਣਾ ਹੈ ਕਿ ਛੋਟੀ ਜਿਹੀ ਵਿੱਗ ਪਹਿਨਣ ਵਾਲੀ ਗੱਲ ਪਹਿਲਾਂ ਹੀ ਦੱਸ ਦਿੱਤੀ ਗਈ ਸੀ। ਮੇਲ-ਮੁਲਾਕਾਤਾਂ ’ਚ ਥਥਲਾਉਣ ਵਾਲੀ ਗੱਲ ਵੀ ਪਤਾ ਚੱਲ ਹੀ ਗਈ ਹੋਵੇਗੀ। ਫਿਰ ਵਿਆਹ ਤੋਂ ਇਨਕਾਰ ਦੀ ਬਜਾਏ ਹੱਤਿਆ ਦਾ ਕਰੂਰ ਅਤੇ ਅਪਰਾਧਿਕ ਬਦਲ ਕਿਉਂ ਚੁਣਿਆ ਗਿਆ? ਬੇਸ਼ੱਕ ਹਰ ਅਪਰਾਧੀ ਨੂੰ ਉਚਿਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਕੀ ਸਮਾਜ ਨੂੰ ਮੂਕਦਰਸ਼ਕ ਬਣੇ ਰਹਿਣਾ ਚਾਹੀਦਾ ਹੈ? ਬੇਵਫਾਈ ’ਚ ਜਾਨ ਗਵਾਉਣ ਵਾਲਾ ਰਾਜਾ ਰਘੂਵੰਸ਼ੀ ਪਹਿਲਾ ਇਨਸਾਨ ਨਹੀਂ ਸੀ ਅਤੇ ਕੇਤਨ ਅਗਰਵਾਲ ਵੀ ਆਖਰੀ ਨਹੀਂ ਹੋਵੇਗਾ। ਆਧੁਨਿਕ ਦੌਰ ’ਚ ਵਿਆਹੁਤਾ ਜੀਵਨ ਦਾ ਸਭ ਤੋਂ ਖੂਬਸੂਰਤ ਯਾਦਗਾਰ ਸਮਾਂ ਮੰਨ ਕੇ ਹਨੀਮੂਨ ਦਾ ਇੰਤਜ਼ਾਰ ਹਰ ਨੌਜਵਾਨ ਕਰਦਾ ਹੈ, ਪਰ ਰਾਜਾ ਲਈ ਉਹੀ ਦੁਖਾਂਤ ਬਣ ਗਿਆ। ਕੇਤਨ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਸਨ। ਇਸੇ ਸਾਲ ਨਵੰਬਰ ’ਚ ਵਿਆਹ ਲਈ ਉਦੈਪੁਰ ’ਚ ਮਹਿਲ ਅਤੇ ਪਰਿਵਾਰ ਵਾਲਿਆਂ ਲਈ ਚਾਰਟਰਡ ਪਲੇਨ ਬੁੱਕ ਸਨ। ਪ੍ਰੀ-ਵੈਡਿੰਗ ਸ਼ੂਟ ਲਈ ਦੋਵੇਂ ਵਿਦੇਸ਼ ਵੀ ਜਾਣ ਵਾਲੇ ਸਨ, ਪਰ ਸ਼ਾਇਦ ਸਾਜ਼ਿਸ਼ ਤਹਿਤ ਸੀਆ ਨੇ ਪਾਸਪੋਰਟ ਗੁੰਮ ਕਰ ਦਿੱਤਾ। ਜਿਸ ਲੋਹਾਗੜ੍ਹ ਕਿਲੇ ’ਤੇ 18 ਜੂਨ ਨੂੰ ਕੇਤਨ ਨੂੰ ਖੱਡ ’ਚ ਧੱਕਾ ਦਿੱਤਾ ਗਿਆ, ਉੱਥੇ ਵੀ ਸੀਆ ਉਸ ਨੂੰ ਤੀਜੀ ਵਾਰ ਲੈ ਕੇ ਗਈ ਸੀ। ਬੇਸ਼ੱਕ ਦੇਰ-ਸਵੇਰ ਸੀਆ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੇਗੀ, ਪਰ ਸਵਾਲ ਫਿਰ ਉਹੀ ਸਮਾਜ ’ਚ ਪਨਪ ਰਹੀ ਖ਼ਤਰਨਾਕ ਪ੍ਰਵਿਰਤੀ ਦਾ ਹੈ, ਜਿਸ ਦੀ ਚਿੰਤਾ ਕਿਧਰੇ ਨਜ਼ਰ ਨਹੀਂ ਆਉਂਦੀ। ਕੀ ਸੋਨਮ ਜਾਂ ਸੀਆ ਨੂੰ ਵਿਅਕਤੀ ਦੀ ਬਜਾਏ ਖ਼ਤਰਨਾਕ ਪ੍ਰਵਿਰਤੀ ਮੰਨਣਾ ਜ਼ਰੂਰੀ ਨਹੀਂ? ਅਪਰਾਧਾਂ ਦੇ ਅੰਕੜੇ ਦੱਸਦੇ ਹਨ ਕਿ ਅਜਿਹੇ ਮਾਮਲਿਆਂ ’ਚ ਜ਼ਿਆਦਾਤਰ ਪ੍ਰੇਮ ਪ੍ਰਸੰਗ ਦੀ ਭੂਮਿਕਾ ਰਹਿੰਦੀ ਹੈ। ਲਿਵ-ਇਨ ਰਿਲੇਸ਼ਨਸ਼ਿਪ ਨੂੰ ਮਾਨਤਾ ਦੇਣ ਵਾਲੀ ਵਿਵਸਥਾ ਤੋਂ ਤਾਂ ਤੁਸੀਂ ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਹਰਲੇ ਸਬੰਧਾਂ ’ਤੇ ਨਸੀਹਤ ਦੀ ਉਮੀਦ ਨਹੀਂ ਕਰ ਸਕਦੇ, ਪਰ ਪਰਿਵਾਰ ਨਵੀਂ ਪੀੜ੍ਹੀ ਨੂੰ ਸਹੀ ਸੰਸਕਾਰ ਦੇਣ ਦੇ ਫਰਜ਼ ਤੋਂ ਮੁਕਤ ਕਿਵੇਂ ਹੋ ਸਕਦੇ ਹਨ? ਸਮਾਜ ਹੀ ਵਰਜਿਤ ਸਬੰਧਾਂ ਦਾ ਮੂਕਦਰਸ਼ਕ ਬਣਿਆ ਰਹੇਗਾ ਤਾਂ ਸੱਤਾਧਾਰੀਆਂ ਨੂੰ ਕੀ ਫਰਕ ਪੈਂਦਾ ਹੈ? ਸਾਨੂੰ ਆਪਣੀ ਮਹਾਨ ਵਿਰਾਸਤ ’ਤੇ ਮਾਣ ਕਰਨ ਦੇ ਉਪਦੇਸ਼ ਅਕਸਰ ਦਿੱਤੇ ਜਾਂਦੇ ਹਨ, ਪਰ ਉਸ ’ਚ ਲਗਾਤਾਰ ਲੱਗ ਰਹੀ ਸੰਨ੍ਹ ਤੋਂ ਬਚਾਅ ਦੀ ਚਿੰਤਾ ਕਿਸੇ ਨੂੰ ਨਹੀਂ ਲੱਗਦੀ। ਸਾਵਿਤਰੀ-ਸਤਿਆਵਾਨ ਦੇ ਚਰਿੱਤਰ ਵਾਲੇ ਦੇਸ਼ ’ਚ ਸੋਨਮ ਅਤੇ ਸੀਆ ਦੀ ਪ੍ਰਵਿਰਤੀ ਪਨਪ ਰਹੀ ਹੈ ਤਾਂ ਸਮਾਜ ਆਪਣੀ ਜ਼ਿੰਮੇਵਾਰੀ-ਜਵਾਬਦੇਹੀ ਤੋਂ ਮੂੰਹ ਨਹੀਂ ਮੋੜ ਸਕਦਾ। ਰਫ਼ਤਾਰ ਅਤੇ ਬਦਲਾਅ ਦੇ ਇਸ ਯੁੱਗ ’ਚ ਸੱਤ ਜਨਮਾਂ ਦੇ ਸਾਥ ਦੀ ਗੱਲ ਪੁਰਾਣੇ ਖ਼ਿਆਲਾਂ ਵਾਲੀ ਲੱਗ ਸਕਦੀ ਹੈ, ਪਰ ਇਕ ਜਨਮ ਦਾ ਸਾਥ ਤਾਂ ਇਮਾਨਦਾਰੀ ਨਾਲ ਨਿਭਾਓ। ਬੇਸ਼ੱਕ ਵਿਆਹ ਸਬੰਧਾਂ ’ਚ ਲੜਕਾ-ਲੜਕੀ, ਦੋਵਾਂ ਨੂੰ ਪਸੰਦ-ਨਾਪਸੰਦ ਦਾ ਬਰਾਬਰ ਅਧਿਕਾਰ ਹੋਣਾ ਚਾਹੀਦਾ ਹੈ। ਫਿਰ ਵੀ ਜੇਕਰ ਸਾਥ ਚੱਲਣਾ ਮੁਸ਼ਕਲ ਲੱਗੇ ਤਾਂ ਵੱਖ ਹੋਣ ਨੂੰ ਵੀ ਗਲਤ ਨਹੀਂ ਮੰਨਣਾ ਚਾਹੀਦਾ, ਪਰ ਰਿਸ਼ਤਿਆਂ ’ਚ ਬੇਵਫਾਈ ਹਰਗਿਜ਼ ਸਵੀਕਾਰਯੋਗ ਨਹੀਂ ਹੋ ਸਕਦੀ।

ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਹਰਲੇ ਸਬੰਧਾਂ ਦੀ ਵਧਦੀ ਪ੍ਰਵਿਰਤੀ ਅਤੇ ਉਨ੍ਹਾਂ ਦੇ ਅਪਰਾਧਿਕ ਦੁਖਾਂਤ ਦੀਆਂ ਵਧਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਸਬੰਧਤ ਪਰਿਵਾਰ ਅਤੇ ਸਮਾਜ ਵੀ ਆਪਣਾ ਫਰਜ਼ ਠੀਕ ਤਰ੍ਹਾਂ ਨਹੀਂ ਨਿਭਾਅ ਪਾ ਰਹੇ। ਕਦੇ ਸਾਹਿਤ ਅਤੇ ਸਿਨੇਮਾ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਸੀ ਪਰ ਅੱਜ ਉਨ੍ਹਾਂ ਦੇ ਨਾਂ ’ਤੇ ਵੀ ਪੱਛਮ ਤੋਂ ਦਰਾਮਦ ਕੀਤਾ ਗਿਆ ਮਾੜਾ ਸੱਭਿਆਚਾਰ ਹੀ ਘਰ-ਘਰ ਪਰੋਸਿਆ ਜਾ ਰਿਹਾ ਹੈ। ਓ. ਟੀ. ਟੀ. ਦੇ ਕਥਾਨਕ ਅਤੇ ਭਾਸ਼ਾ ਨੇ ਤਾਂ ਪਰਿਵਾਰਾਂ ’ਚ ਬਚੇ ਹੋਏ ਅੱਖਾਂ ਦੇ ਲਿਹਾਜ਼ ਤੱਕ ਨੂੰ ਤਾਰ-ਤਾਰ ਕਰ ਦਿੱਤਾ ਹੈ। ਪਿਛਲੇ ਸਾਲ ਮੇਰਠ ’ਚ ਇਕ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਕੇ ਉਸ ਨੂੰ ਡਰੰਮ ’ਚ ਸੀਮੈਂਟ ਪਾ ਕੇ ਜਮਾ ਦਿੱਤਾ। ਜਿਸ ਸਾਹਿਲ ਦੀ ਆਸ਼ਿਕੀ ’ਚ ਮੁਸਕਾਨ ਨੇ ਸੌਰਭ ਦੀ ਹੱਤਿਆ ਦੀ ਸਾਜ਼ਿਸ਼ ਰਚੀ, ਉਨ੍ਹਾਂ ਦੋਵਾਂ ’ਚ ਤੁਲਨਾ ਵੀ ਕੋਈ ਸਮਝਦਾਰ ਇਨਸਾਨ ਨਹੀਂ ਕਰ ਸਕਦਾ। ਪਿਆਰ ਅਕਸਰ ਅੰਨ੍ਹਾ ਹੁੰਦਾ ਹੈ, ਕਹਿ ਕੇ ਅਜਿਹੇ ਅਪਰਾਧਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਰਿਸ਼ਤਿਆਂ ਦੇ ਕਤਲ ਦੀ ਸੂਚੀ ਲੰਬੀ ਬਣ ਸਕਦੀ ਹੈ। ਆਤਮਹੱਤਿਆ ਲਈ ਮਜਬੂਰ ਕਰ ਦੇਣ ਵਾਲੇ ਪਤੀ-ਪਤਨੀਆਂ ਦੇ ਕਿੱਸੇ ਵੀ ਘੱਟ ਨਹੀਂ। ਸਿਰਫ਼ ਪਤਨੀਆਂ ਹੀ ਨਹੀਂ, ਪਤੀ ਜਾਂ ਪ੍ਰੇਮੀ ਵੀ ਆਪਣੇ ਪਿਆਰ ਦੀ ਹੱਤਿਆ ਕਰਨ-ਕਰਾਉਣ ’ਚ ਪਿੱਛੇ ਨਹੀਂ ਹਨ। ਪ੍ਰੇਮਿਕਾ ਤੋਂ ਲੈ ਕੇ ‘ਲਿਵ-ਇਨ ਪਾਰਟਨਰ’ ਅਤੇ ਪਤਨੀ ਤੱਕ ਦੀ ਯੋਜਨਾਬੱਧ ਹੱਤਿਆ ਦੇ ਦਿਲ ਦਹਿਲਾ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਕਦੇ ਲਾਸ਼ ਸੂਟਕੇਸ ’ਚ ਬੰਦ ਮਿਲਦੀ ਹੈ, ਤਾਂ ਕਦੇ ਫਰਿੱਜ ’ਚ। ਹਰਿਆਣਾ ਦੇ ਰੇਵਾੜੀ ’ਚ ਇਕ ਨੌਜਵਾਨ ਨੇ ਆਪਣੀ ਲਿਵ-ਇਨ ਪਾਰਟਨਰ ਦੀ ਹੱਤਿਆ ਕਰ ਕੇ ਖੁਦ ਵੀ ਆਤਮਹੱਤਿਆ ਕਰ ਲਈ। ਪ੍ਰੇਮ ਵਿਆਹ ਕਰਨ ਵਾਲਾ 2 ਬੱਚਿਆਂ ਦਾ ਪਿਤਾ ਇਹ ਨੌਜਵਾਨ 3 ਬੱਚਿਆਂ ਦੀ ਮਾਂ ਨਾਲ ਲਿਵ-ਇਨ ’ਚ ਰਹਿ ਰਿਹਾ ਸੀ। ਨੌਜਵਾਨ ਦੀ ਲਾਸ਼ ਪੱਖੇ ਨਾਲ ਫੰਦੇ ’ਤੇ ਲਟਕਦੀ ਮਿਲੀ, ਜਦੋਂ ਕਿ ਲਿਵ-ਇਨ ਪਾਰਟਨਰ ਦੀ ਲਾਸ਼ ਬੈੱਡ ਦੇ ਅੰਦਰ। ਹੱਤਿਆ ਦੇ ਤਰੀਕੇ ਦੱਸਦੇ ਹਨ ਕਿ ਜ਼ਿਆਦਾਤਰ ਘਟਨਾਵਾਂ ਤੁਰੰਤ ਗੁੱਸੇ ਦੀ ਬਜਾਏ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤੀਆਂ ਗਈਆਂ। ਹਰ ਰਿਸ਼ਤੇ ’ਚ ਨੋਕ-ਝੋਕ ਹੁੰਦੀ ਹੈ ਪਰ ਗੱਲ ਜਾਨ ਲੈਣ ਤੱਕ ਪਹੁੰਚ ਜਾਵੇ ਤਾਂ ਤੈਅ ਹੈ ਕਿ ਪਿਆਰ ਹਰਗਿਜ਼ ਨਹੀਂ ਸੀ। ਨੈਤਿਕ ਕਦਰਾਂ-ਕੀਮਤਾਂ, ਸੰਸਕਾਰਾਂ ਅਤੇ ਪਰਿਵਾਰਕ-ਸੰਸਕ੍ਰਿਤੀ ਲਈ ਵਿਸ਼ਵ ਭਰ ’ਚ ਸਲਾਹਿਆ ਜਾਣ ਵਾਲਾ ਭਾਰਤੀ ਸਮਾਜ ਆਤਮਘਾਤੀ ਕੰਢੇ ’ਤੇ ਪਹੁੰਚਦਾ ਦਿਸ ਰਿਹਾ ਹੈ, ਤਾਂ ਵੱਖ-ਵੱਖ ਕਾਰਨਾਂ ਕਰਕੇ ਸਾਂਝੇ ਪਰਿਵਾਰਾਂ ਦਾ ਟੁੱਟਣਾ ਅਤੇ ਆਧੁਨਿਕਤਾ ਦੇ ਨਾਂ ’ਤੇ ਮਾੜਾ ਸੱਿਭਆਚਾਰ ਦਾ ਵਿਸਫੋਟ ਹੀ ਇਸ ਦੀ ਮੁੱਖ ਵਜ੍ਹਾ ਲੱਗਦੇ ਹਨ। ਵਿਅਕਤੀਗਤ ਆਜ਼ਾਦੀ ਦੀ ਮੁਖਰ ਚਾਹਤ ਵਾਲੇ ਦੌਰ ’ਚ ਜਦੋਂ ਮਨਾਹੀਆਂ ਨੂੰ ਤੋੜਨ ਦੀ ਦੌੜ ਹੈ, ਉਦੋਂ ਨੈਤਿਕ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਦੇ ਸਵਾਲਾਂ ’ਤੇ ਚੌਤਰਫਾ ਆਤਮਘਾਤੀ ਚੁੱਪ ਪੱਸਰੀ ਹੋਈ ਹੈ।

—ਰਾਜ ਕੁਮਾਰ ਸਿੰਘ


author

Anmol Tagra

Content Editor

Related News