‘ਜੰਮੂ-ਕਸ਼ਮੀਰ ’ਚ ਸ਼ਾਂਤੀ ਲਈ’ ਅੱਤਵਾਦੀਆਂ ਦੇ ਮਦਦਗਾਰਾਂ ਦਾ ਸਫ਼ਾਇਆ ਜ਼ਰੂਰੀ!

Thursday, Jul 02, 2026 - 05:23 AM (IST)

‘ਜੰਮੂ-ਕਸ਼ਮੀਰ ’ਚ ਸ਼ਾਂਤੀ ਲਈ’ ਅੱਤਵਾਦੀਆਂ ਦੇ ਮਦਦਗਾਰਾਂ ਦਾ ਸਫ਼ਾਇਆ ਜ਼ਰੂਰੀ!

ਬੀਤੇ ਸਾਲ ‘ਪਹਿਲਗਾਮ’ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ ’ਚ ਉਨ੍ਹਾਂ ਦੇ ਭਾਰਤੀ ਮਦਦਗਾਰਾਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ। ਇਸ ਤਹਿਤ ਫੜੇ ਗਏ ਅੱਤਵਾਦੀ ਮਦਦਗਾਰਾਂ ਦੀਆਂ ਪਿਛਲੇ ਤਿੰਨ ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 26 ਮਾਰਚ ਨੂੰ ਕਸ਼ਮੀਰ ਦੇ ‘ਕਾਊਂਟਰ ਇੰਟੈਲੀਜੈਂਸ ਵਿੰਗ’ ਵੱਲੋਂ ‘ਸ਼੍ਰੀਨਗਰ’, ‘ਗਾਂਦਰਬਲ’ ਅਤੇ ‘ਸ਼ੋਪੀਆਂ’ ’ਚ 10 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਕੇ ਨੌਜਵਾਨਾਂ ਨੂੰ ਅੱਤਵਾਦੀ ਗਿਰੋਹਾਂ ’ਚ ਸ਼ਾਮਲ ਹੋਣ ਲਈ ਬਹਿਕਾਉਣ ਵਾਲੇ ਲਸ਼ਕਰ ਦੇ ਇਕ ਵੱਡੇ ਅੱਤਵਾਦੀ ਭਰਤੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ।

* 7 ਅਪ੍ਰੈਲ ਨੂੰ ਜੰਮੂ-ਕਸ਼ਮੀਰ ਪੁਲਸ ਨੇ ਰਾਜਸਥਾਨ ਤੋਂ ਇਕ ਪਾਕਿਸਤਾਨੀ ਅੱਤਵਾਦੀ ਨੂੰ ਭਜਾਉਣ ਦੀ ਸਾਜ਼ਿਸ਼ ਦੀ ਜਾਂਚ ਦੌਰਾਨ ‘ਲਸ਼ਕਰ-ਏ-ਤੋਇਬਾ’ ਦੇ ਅੰਤਰਰਾਜੀ ਮਾਡਿਊਲ ਦਾ ਪਰਦਾਫਾਸ਼ ਕੀਤਾ। ਇਸ ਮਾਮਲੇ ’ਚ ਕਸ਼ਮੀਰ, ਹਰਿਆਣਾ ਅਤੇ ਪੰਜਾਬ ਸਮੇਤ ਵੱਖ-ਵੱਖ ਟਿਕਾਣਿਆਂ ਤੋਂ ਅੱਤਵਾਦੀਆਂ ਦੇ 5 ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 22 ਅਪ੍ਰੈਲ ਦੀ ਰਾਤ ਨੂੰ ‘ਜੰਮੂ-ਕਸ਼ਮੀਰ’ ਪੁਲਸ ਨੇ ਅੱਤਵਾਦੀਆਂ ਨੂੰ ਲੌਜਿਸਟਿਕ ਸਹਾਇਤਾ ਪਹੁੰਚਾਉਣ ਦੇ ਦੋਸ਼ ’ਚ ‘ਸ਼੍ਰੀਨਗਰ’ ਦੇ ਹਜ਼ਰਤਬਲ ਇਲਾਕੇ ’ਚ ਰਹਿਣ ਵਾਲੇ ਓਵਰ ਗਰਾਊਂਡ ਵਰਕਰਾਂ ‘ਜ਼ਹੂਰ ਅਹਿਮਦ ਮੀਰ’, ‘ਬਸ਼ੀਰ ਅਹਿਮਦ ਭੱਟ’ ਅਤੇ ‘ਗੁਲਾਮ ਮੁਹੰਮਦ ਭੱਟ’ ਅਤੇ ਇਕ ਔਰਤ ‘ਸ਼ਾਜ਼ੀਆ ਮੁਹੰਮਦ’ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 1 ਹੈਂਡ ਗ੍ਰੇਨੇਡ, ਏ. ਕੇ. 47 ਦੇ 15 ਰਾਊਂਡ, 4 ਮੋਬਾਈਲ ਫੋਨ ਅਤੇ ਨਕਦ ਰਾਸ਼ੀ ਬਰਾਮਦ ਕੀਤੀ।

* 2 ਮਈ ਨੂੰ ਜੰਮੂ-ਕਸ਼ਮੀਰ ਦੇ ‘ਪੁਲਵਾਮਾ’ ਜ਼ਿਲੇ ਦੇ ‘ਕਸਬਯਾਰ’ ਇਲਾਕੇ ’ਚ ਪੁਲਸ, ਰਾਸ਼ਟਰੀ ਰਾਈਫਲਜ਼ ਅਤੇ ਸੀ. ਆਰ. ਪੀ. ਐੱਫ. ਨੇ ਇਕ ਸਾਂਝੀ ਮੁਹਿੰਮ ਚਲਾ ਕੇ ਅੱਤਵਾਦੀਆਂ ਦੇ ਮਦਦਗਾਰ ਕਾਚੀਪੁਰਾ ਦੇ ਰਹਿਣ ਵਾਲੇ ‘ਮੁਹੰ. ਉਮਰ ਮਲਿਕ’ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇਕ ਪਿਸਤੌਲ, ਗੋਲਾ-ਬਾਰੂਦ, 1 ਮੈਗਜ਼ੀਨ, 1 ਚੀਨੀ ਤੇ 1 ਪਾਕਿਸਤਾਨੀ ਗ੍ਰੇਨੇਡ ਅਤੇ 1 ਮੋਬਾਈਲ ਫੋਨ ਬਰਾਮਦ ਕੀਤਾ।

* 21 ਮਈ ਨੂੰ ਪੁਲਸ ਨੇ ‘ਕਿਸ਼ਤਵਾੜ’ ’ਚ ‘ਚਤਰੂ’ ਪਿੰਡ ਦੇ ਨਿਵਾਸੀਆਂ ‘ਮੁਨੀਰ ਅਹਿਮਦ’ ਅਤੇ ਸਰਕਾਰੀ ਸਕੂਲ ਦੇ ਅਧਿਆਪਕ ‘ਮਸ਼ਕੂਰ ਅਹਿਮਦ’ ਨੂੰ ਵਿਦੇਸ਼ੀ ਅੱਤਵਾਦੀਆਂ ਦੀ ਸਹਾਇਤਾ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।

* 19 ਜੂਨ ਨੂੰ ਜੰਮੂ-ਕਸ਼ਮੀਰ ਪੁਲਸ ਨੇ ‘ਦਚਾਨ’ ਇਲਾਕੇ ਦੇ ਪਿੰਡ ‘ਤੰਦੇੜ’ ਦੇ ਵਣ ਵਿਭਾਗ ਦੇ ਕਰਮਚਾਰੀ ‘ਤਾਰਿਕ ਅਹਿਮਦ ਗਿੰਨੂ’ ਅਤੇ ਇਸੇ ਪਿੰਡ ਦੇ ਰਹਿਣ ਵਾਲੇ ‘ਮੁਹੰਮਦ ਇਕਬਾਲ’ ਨੂੰ ‘ਕਿਸ਼ਤਵਾੜ’ ਜ਼ਿਲੇ ’ਚ ਅੱਤਵਾਦੀ ਸਰਗਰਮੀਆਂ ’ਚ ਸਹਾਇਤਾ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।

ਅੰਤਰਰਾਸ਼ਟਰੀ ਸਰਹੱਦ ਜਾਂ ਲਾਈਨ ਆਫ਼ ਕੰਟਰੋਲ (ਐੱਲ. ਓ. ਸੀ.) ਤੋਂ ਭਾਰਤੀ ਸਰਹੱਦ ’ਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਤੋਂ ਬਾਅਦ ਇਹ ਦੋਵੇਂ ਉਨ੍ਹਾਂ ਦੀ ‘ਕਿਸ਼ਤਵਾੜ’ ਦੇ ‘ਦਚਾਨ’ ਇਲਾਕੇ ’ਚ ਭਾਰਤ ਵਿਰੋਧੀ ਸਰਗਰਮੀਆਂ ਚਲਾਉਣ ’ਚ ਮਦਦ ਕਰਦੇ ਸਨ।

* 23 ਜੂਨ ਨੂੰ ਰਾਜਸਥਾਨ ਏ. ਟੀ. ਐੱਸ. ਨੇ ‘ਜੈਪੁਰ’ ਤੋਂ ‘ਜੈਸ਼-ਏ-ਮੁਹੰਮਦ’ ਦੇ ਪਾਕਿਸਤਾਨੀ ਹੈਂਡਲਰ ਦੇ ਸੰਪਰਕ ’ਚ ਰਹਿਣ ਵਾਲੀ ਇਕ ਔਰਤ ‘ਬਬੀਤਾ ਧਾਕੜ’ ਉਰਫ਼ ‘ਦੀਜਾ’ ਨੂੰ ਗ੍ਰਿਫ਼ਤਾਰ ਕੀਤਾ। ਉਹ ਭਾਰਤ ਦੀ ਰਣਨੀਤਿਕ ਅਤੇ ਗੁਪਤ ਜਾਣਕਾਰੀ ਪਾਕਿਸਤਾਨ ਭੇਜਣ ਦੇ ਕੰਮ ’ਚ ਲੱਗੀ ਹੋਈ ਸੀ।

* ਅਤੇ ਹੁਣ 29 ਜੂਨ ਨੂੰ ‘ਕਠੂਆ’ (ਜੰਮੂ-ਕਸ਼ਮੀਰ) ਜ਼ਿਲੇ ’ਚ ਇਕ ਵੱਡੇ ਓਵਰਨਾਈਟ ਆਪ੍ਰੇਸ਼ਨ ’ਚ ਸੁਰੱਖਿਆ ਬਲਾਂ ਨੇ ਸ਼੍ਰੀ ਅਮਰਨਾਥ ਯਾਤਰਾ ਤੋਂ ਠੀਕ ਪਹਿਲਾਂ ਅੱਤਵਾਦੀਆਂ ਦੇ ਇਕ ਮਦਦਗਾਰ, ਲਸ਼ਕਰ ਅਤੇ ਜੈਸ਼ ਦੇ ਸਹਿਯੋਗੀ ‘ਹਾਜੀ ਲਤੀਫ਼’ (ਮੁਹੰਮਦ ਲਤੀਫ਼) ਨੂੰ ਗ੍ਰਿਫ਼ਤਾਰ ਕੀਤਾ ਹੈ।

ਉਹ 2021 ਤੋਂ ਅੱਤਵਾਦੀਆਂ ਦੀ ਸਹਾਇਤਾ ਕਰਦਾ ਆ ਰਿਹਾ ਸੀ ਅਤੇ ਪਿਛਲੇ 5 ਸਾਲਾਂ ’ਚ ਉਸ ਨੇ ‘ਡੋਡਾ’, ‘ਕਠੂਆ’, ‘ਕਿਸ਼ਤਵਾੜ’ ਅਤੇ ‘ਊਧਮਪੁਰ’ ’ਚ ਲਗਭਗ 12 ਮੁਕਾਬਲਿਆਂ ਅਤੇ ਹਮਲਿਆਂ ’ਚ ਅੱਤਵਾਦੀਆਂ ਦੀ ਮਦਦ ਕੀਤੀ ਹੈ। ਪਿਛਲੇ 20 ਸਾਲਾਂ ਦੌਰਾਨ ਉਹ 36 ਤੋਂ ਵੱਧ ਪਾਕਿਸਤਾਨੀ ਅੱਤਵਾਦੀਆਂ ਦੀ ਭਾਰਤੀ ਸਰਹੱਦ ’ਚ ਘੁਸਪੈਠ ਕਰਵਾਉਣ ਅਤੇ ਉਨ੍ਹਾਂ ਨੂੰ ਰਸਦ ਤੇ ਹੋਰ ਸਹਾਇਤਾ ਉਪਲਬਧ ਕਰਵਾਉਣ ’ਚ ਸ਼ਾਮਲ ਰਿਹਾ ਹੈ।

ਕਿਉਂਕਿ ਅਜਿਹੀਆਂ ਰਾਸ਼ਟਰ ਵਿਰੋਧੀ ਗਤੀਵਿਧੀਆਂ ’ਚ ਕੁਝ ਸਰਕਾਰੀ ਕਰਮਚਾਰੀ ਵੀ ਸ਼ਾਮਲ ਪਾਏ ਜਾ ਰਹੇ ਹਨ, ਇਸ ਲਈ ਜੰਮੂ-ਕਸ਼ਮੀਰ ’ਚ ਅੱਤਵਾਦ ਖ਼ਤਮ ਕਰਨ ਲਈ ਉੱਥੇ ਸਰਗਰਮ ਅੱਤਵਾਦੀਆਂ ਦੇ ਨਾਲ-ਨਾਲ ਸਰਕਾਰੀ ਤੰਤਰ ’ਚ ਮੌਜੂਦ ਉਨ੍ਹਾਂ ਦੇ ਮਦਦਗਾਰਾਂ ਦਾ ਸਫ਼ਾਇਆ ਕਰਨਾ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਬਹੁਤ ਜ਼ਰੂਰੀ ਹੈ, ਜਿਸ ਦੇ ਲਈ ਇਸ ਮੁਹਿੰਮ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ।

—ਵਿਜੇ ਕੁਮਾਰ


author

Sandeep Kumar

Content Editor

Related News