ਈਰਾਨ ਪ੍ਰਮਾਣੂ ਬੰਬ ਦੇ ਕਿੰਨਾ ਨੇੜੇ ਸੀ?

Monday, Jun 29, 2026 - 05:28 PM (IST)

ਈਰਾਨ ਪ੍ਰਮਾਣੂ ਬੰਬ ਦੇ ਕਿੰਨਾ ਨੇੜੇ ਸੀ?

ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਜੂਨ 2025 ’ਚ ਅਤੇ ਫਿਰ ਫਰਵਰੀ 2026 ਤੋਂ ਬਾਅਦ ਈਰਾਨ ’ਤੇ ਬੰਬਾਰੀ ਕਰਨ ਦਾ ਫੈਸਲਾ ਕੀਤਾ, ਉਦੋਂ ਕੀ ਈਰਾਨ ਪ੍ਰਮਾਣੂ ਬੰਬ ਬਣਾਉਣ ਦੇ ਨੇੜੇ ਸੀ? ਕੀ ਇਹ ਇਕ ਹੋਰ ਧੋਖਾ ਸੀ, ਜਿਵੇਂ ਕਿ ਮੱਧ ਪੂਰਬ ’ਚ ਸੰਯੁਕਤ ਰਾਜ ਅਮਰੀਕਾ ਦੇ ਪੀੜਤ ਅਤੇ ਗੁੰਝਲਦਾਰ ਇਤਿਹਾਸ ਅਤੇ 1948 ਤੋਂ ਇਸ ਖੇਤਰ ’ਚ ਇਜ਼ਰਾਈਲ ਦੀਆਂ ਬੇਅੰਤ ਜੰਗਾਂ ਦੌਰਾਨ ਪਹਿਲਾਂ ਵੀ ਅਣਗਿਣਤ ਵਾਰ ਹੋ ਚੁੱਕਾ ਹੈ? ਇਸ ਦੇ ਉਲਟ, ਕੀ ਇਹ ਇਕ ਅਜਿਹੀ ਮਾੜੀ ਸਥਿਤੀ ਨੂੰ ਸ਼ੁਰੂਆਤ ’ਚ ਹੀ ਕੁਚਲਣ ਅਤੇ ਪਹਿਲਾਂ ਤੋਂ ਹੀ ਪਾਬੰਦੀਸ਼ੁਦਾ ਕਰਨ ਦਾ ਯਤਨ ਸੀ, ਜੋ ਆਉਣ ਵਾਲੇ ਨੇੜਲੇ ਭਵਿੱਖ ’ਚ ਖ਼ਤਰਨਾਕ ਰੂਪ ’ਚ ਪ੍ਰਗਟ ਹੋ ਸਕਦੀ ਸੀ?

ਅਮਰੀਕਾ-ਇਜ਼ਰਾਈਲ ਹਮਲੇ ਦੇ 11 ਦਿਨਾਂ ਬਾਅਦ scientificamerican.com ਵੈੱਬਸਾਈਟ ’ਤੇ ਪ੍ਰਕਾਸ਼ਿਤ ਇਕ ਰਿਪੋਰਟ ’ਚ ‘ਜੇਮਸ ਮਾਰਟਿਨ ਸੈਂਟਰ ਫਾਰ ਨਾਨ-ਪ੍ਰੋਲੀਫਰੇਸ਼ਨ ਸਟੱਡੀਜ਼’ ਦੇ ਨਿਰਦੇਸ਼ਕ ਅਤੇ ‘ਮਿਡਿਲਬਰੀ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼’ ਦੇ ਪ੍ਰੋਫੈਸਰ ਜੈਫਰੀ ਲੁਈਸ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਈਰਾਨ ਪ੍ਰਮਾਣੂ ਹਥਿਆਰ ਦੇ ਨੇੜੇ ਸੀ। ਉਨ੍ਹਾਂ ਦੇ ਇਨ੍ਹਾਂ ਨਿਰੀਖਣਾਂ ਦਾ ਹੋਰ ਸੁਤੰਤਰ ਮਾਹਿਰਾਂ ਨੇ ਵੀ ਸਮਰਥਨ ਕੀਤਾ ਸੀ। ਇਹ ਮੁਲਾਂਕਣ ਵਿਆਪਕ ਰੂਪ ’ਚ ਜੂਨ 2025 ’ਚ ‘ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ’ (ਆਈ. ਏ. ਈ. ਏ.) ਦੇ ਪਿਛਲੇ ਨਿਰਧਾਰਨ ਦੇ ਅਨੁਕੂਲ ਹਨ। ਈਰਾਨੀ ਪ੍ਰਮਾਣੂ ਬੁਝਾਰਤ ’ਤੇ ਓਪਨ-ਸੋਰਸ ਰਿਪੋਰਟਿੰਗ ਅਨੁਸਾਰ, ਅਮਰੀਕੀ ਖੁਫੀਆ ਏਜੰਸੀਆਂ ਦੇ ਸਮੇਂ-ਸਮੇਂ ’ਤੇ ਆਉਣ ਵਾਲੇ ਅਨੁਮਾਨਾਂ ਨੇ ਵੀ ਇਨ੍ਹਾਂ ਮੁਲਾਂਕਣਾਂ ’ਤੇ ਸਹਿਮਤੀ ਜਤਾਈ ਸੀ।

ਜੂਨ 2025 ਦੇ ਆਈ. ਏ. ਈ. ਏ. ਦੇ ਇਕ ਅਨੁਮਾਨ ਨੇ ਸੰਕੇਤ ਦਿੱਤਾ ਸੀ ਕਿ ਈਰਾਨ ਕੋਲ 441 ਕਿਲੋਗ੍ਰਾਮ 60 ਫੀਸਦੀ ਭਰਪੂਰ ਯੂਰੇਨੀਅਮ ਸੀ, ਜਿੱਥੇ ਫੀਸਦੀ ਦਾ ਮਤਲਬ ਸਮੱਗਰੀ ’ਚ ਪਾਏ ਜਾਣ ਵਾਲੇ ਆਈਸੋਟੋਪ ਯੂਰੇਨੀਅਮ 235 ਦੀ ਹਿੱਸੇਦਾਰੀ ਤੋਂ ਹੈ। ਜੇਕਰ ਉਸ ਸਮੱਗਰੀ ਨੂੰ ਅੱਗੇ ਪੂਰੇ 90 ਫੀਸਦੀ ਹਥਿਆਰਾਂ ਦੀ ਸੰਘਣਤਾ ਤੱਕ ਭਰਪੂਰ ਕੀਤਾ ਜਾ ਸਕੇ, ਤਾਂ ਉਹ 10 ਪ੍ਰਮਾਣੂ ਹਥਿਆਰਾਂ ਲਈ ਕਾਫ਼ੀ ਹੋ ਸਕਦੀ ਸੀ। ਇਸ ਤੋਂ ਇਲਾਵਾ, 90 ਫੀਸਦੀ ਨੂੰ ਭਰਪੂਰ ਕਹਿਣਾ ਜਿੰਨਾ ਆਸਾਨ ਹੈ, ਕਰਨਾ ਓਨਾ ਨਹੀਂ।

ਇਤਿਹਾਸ ’ਤੇ ਥੋੜ੍ਹੀ ਪਿੱਛੇ ਨਜ਼ਰ ਮਾਰੀਏ ਤਾਂ, ਈਰਾਨ 1957 ਤੋਂ ਅਮਰੀਕੀ ਰਾਸ਼ਟਰਪਤੀ ਆਈਜ਼ਨਹਾਵਰ ਦੇ ‘ਐਟਮਸ ਫਾਰ ਪੀਸ’ ਪ੍ਰੋਗਰਾਮ ਦੀ ਬਦੌਲਤ ਪ੍ਰਮਾਣੂ ਖੋਜ ’ਚ ਲੱਗਿਆ ਹੋਇਆ ਹੈ। ਇਹ ਉਸ ਦੌਰ ਦੀ ਗੱਲ ਹੈ ਜਦੋਂ ਸ਼ਾਹ ਰਜ਼ਾ ਮੁਹੰਮਦ ਪਹਿਲਵੀ ਦੇ ਸ਼ਾਸਨਕਾਲ ਦੌਰਾਨ ਈਰਾਨ ਅਮਰੀਕਾ ਦਾ ਸਹਿਯੋਗੀ ਸੀ। 1979 ਦੀ ਇਸਲਾਮੀ ਕ੍ਰਾਂਤੀ ’ਚ ਸ਼ਾਹ ਦਾ ਤਖਤਾਪਲਟ ਦਿੱਤਾ ਗਿਆ ਅਤੇ ਅਗਲੇ ਸਾਲ 22 ਸਤੰਬਰ 1980 ਨੂੰ ਸੱਦਾਮ ਹੁਸੈਨ ਦੇ ਸ਼ਾਸਨ ਵਾਲੇ ਇਰਾਕ ਨੇ ਈਰਾਨ ’ਤੇ ਹਮਲਾ ਕਰ ਦਿੱਤਾ।

ਅਗਲੇ ਦਹਾਕੇ ਦੌਰਾਨ ਈਰਾਨੀ ਰਣਨੀਤਕ ਵਿਚਾਰਕਾਂ ਦੀ ਇਕ ਪੂਰੀ ਪੀੜ੍ਹੀ ਨੇ ਇਕ ਬਹੁਤ ਹੀ ਮਹੱਤਵਪੂਰਨ ਰਣਨੀਤਕ ਸਬਕ ਆਪਣੇ ਅੰਦਰ ਸਮਾ ਲਿਆ, ਕਿਉਂਕਿ ਪੱਛਮ ਨੇ ਇਰਾਕ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਸਮੇਤ ਗਲੋਬਲ ਸੰਗਠਨਾਂ ਨੇ ਉਦੋਂ ਅੱਖਾਂ ਬੰਦ ਕਰ ਲਈਆਂ ਜਦੋਂ ਸੱਦਾਮ ਹੁਸੈਨ ਨੇ ਈਰਾਨੀ ਸੈਨਿਕਾਂ ਅਤੇ ਨਾਗਰਿਕਾਂ ’ਤੇ ਰਸਾਇਣਕ ਅਤੇ ਹੋਰ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ।

ਸਿੱਖਿਆ ਇਹ ਸੀ ਕਿ ਜਦੋਂ ਤੱਕ ਈਰਾਨ ਕੋਲ ਪ੍ਰਮਾਣੂ ਹਥਿਆਰਾਂ ਦੀ ਕਮੀ ਰਹੇਗੀ, ਗੁਆਂਢ ਦਾ ਕੋਈ ਵੀ ਤਾਨਾਸ਼ਾਹ ਜਾਂ ਦੂਰ ਬੈਠਾ ਕੋਈ ਦਬਦਬੇ ਵਾਲਾ ਦੇਸ਼ ਉਸਦੀ ਪ੍ਰਭੂਸੱਤਾ ਦੀ ਉਲੰਘਣਾ ਕਰ ਸਕਦਾ ਹੈ। ਇਸ ਤਰ੍ਹਾਂ ਰਣਨੀਤਕ ਖੁਦਮੁਖਤਿਆਰੀ ਅਤੇ ਇਕ ਭਰੋਸੇਯੋਗ ਰੋਕੂ ਸਮਰੱਥਾ ਹਾਸਲ ਕਰਨ ਲਈ ਪ੍ਰਮਾਣੂ ਹਥਿਆਰਾਂ ਵੱਲ ਈਰਾਨ ਦਾ ਗੁਪਤ ਮਾਰਚ ਸ਼ੁਰੂ ਹੋਇਆ। ਇੱਥੇ ਹੀ ਪਾਕਿਸਤਾਨ ਦਾ ਕਨੈਕਸ਼ਨ ਸਾਹਮਣੇ ਆਇਆ।

ਏ. ਕਿਊ. ਖਾਨ, ਜੋ ਪ੍ਰਮਾਣੂ ਪ੍ਰਸਾਰ ਦੇ ਵਾਲਮਾਰਟ ’ਤੇ ਰਾਜ ਕਰਦੇ ਸਨ, ਉਨ੍ਹਾਂ ਨੇ ਈਰਾਨ ਨੂੰ ਪ੍ਰਮਾਣੂ ਸਮੱਗਰੀ ਦੀ ਸਪਲਾਈ ਸ਼ੁਰੂ ਕਰ ਦਿੱਤੀ। ਇਸ ਪਾਕਿਸਤਾਨੀ-ਈਰਾਨੀ ਪ੍ਰਮਾਣੂ ਸਬੰਧਾਂ ਨੂੰ ਤਤਕਾਲੀ ਪਾਕਿਸਤਾਨੀ ਫੌਜੀ ਤਾਨਾਸ਼ਾਹ ਜਨਰਲ ਜ਼ੀਆ-ਉਲ-ਹੱਕ ਅਤੇ ਉਨ੍ਹਾਂ ਦੇ ਫੌਜੀ ਜਾਨਸ਼ੀਨਾਂ ਦੀ ਸਹਿਮਤੀ ਅਤੇ ਆਸ਼ੀਰਵਾਦ ਪ੍ਰਾਪਤ ਸੀ-ਇਸ ਤੱਥ ਦੀ ਪੁਸ਼ਟੀ 2015 ’ਚ ਸਾਬਕਾ ਈਰਾਨੀ ਰਾਸ਼ਟਰਪਤੀ ਅਕਬਰ ਹਾਸ਼ਮੀ ਰਫਸੰਜਾਨੀ ਨੇ ਜਨਤਕ ਤੌਰ ’ਤੇ ਕੀਤੀ ਸੀ।

ਪਾਕਿਸਤਾਨੀ ਫੌਜ ਨੇ ਬਦਲੇ ’ਚ ਇਸ ਘਟਨਾਚੱਕਰ ਬਾਰੇ ਲਗਾਤਾਰ ਆਉਣ ਵਾਲੀਆਂ ਸਿਵਲ ਸਰਕਾਰਾਂ ਨੂੰ ਸਫਲਤਾਪੂਰਵਕ ਹਨੇਰੇ ’ਚ ਰੱਖਿਆ। ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ 1989 ’ਚ ਤਹਿਰਾਨ ਦੀ ਯਾਤਰਾ ਦੌਰਾਨ ਅਚਾਨਕ ਇਸਦਾ ਪਤਾ ਉਦੋਂ ਲੱਗਿਆ ਜਦੋਂ ਰਫਸੰਜਾਨੀ ਨੇ ਉਨ੍ਹਾਂ ਨੂੰ ਵਿਸ਼ੇਸ਼ ਰੱਖਿਆ ਮਾਮਲਿਆਂ ’ਤੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੀ ਪੁਸ਼ਟੀ ਕਰਨ ਲਈ ਕਿਹਾ। ਉਸ ਸਮੇਂ ਤੱਕ ਦਰਜਨਾਂ ਈਰਾਨੀ ਵਿਗਿਆਨੀ ਪਾਕਿਸਤਾਨ ਦੀਆਂ ਵੱਖ-ਵੱਖ ਸੰਸਥਾਵਾਂ ’ਚ ਸਿਖਲਾਈ ਪ੍ਰਾਪਤ ਕਰ ਚੁੱਕੇ ਸਨ।

14 ਅਗਸਤ, 2002 ਨੂੰ ਈਰਾਨੀ ਅਸੰਤੁਸ਼ਟ ਸਮੂਹਾਂ ਦੀ ਇਕ ਮੁੱਖ ਸੰਸਥਾ ‘ਨੈਸ਼ਨਲ ਕੌਂਸਲ ਆਫ ਰੇਸਿਸਟੈਂਸ ਆਫ ਈਰਾਨ’ ਨੇ ਦੋ ਪ੍ਰਮਾਣੂ ਸਥਾਨਾਂ ਦੀਆਂ ਥਾਵਾਂ ਨੂੰ ਜਨਤਕ ਕਰ ਦਿੱਤਾ, ਜਿਨ੍ਹਾਂ ਨੂੰ ਈਰਾਨ ਨੇ ਕਥਿਤ ਤੌਰ ’ਤੇ ਆਈ. ਏ. ਈ. ਏ. ਤੋਂ ਲੁਕਾਇਆ ਸੀ, ਜਿਸ ਨਾਲ ਈਰਾਨੀ ਪ੍ਰਮਾਣੂ ਸਮਰੱਥਾ ਨੂੰ ਸੀਮਤ ਕਰਨ ਦਾ ਇਕ ਸਦੀਵੀ ਯਤਨ ਸ਼ੁਰੂ ਹੋ ਗਿਆ। ਮੌਜੂਦਾ ਦੌਰ ਇਸੇ ਗਾਥਾ ਦਾ ਤਾਜ਼ਾ ਅਧਿਆੲੇ ਹੈ। ਹਾਲਾਂਕਿ ਇਹ ਅਜੇ ਵੀ ਪਹਿਲਾਂ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਦਿੰਦਾ ਕਿ ਈਰਾਨ ਅਸਲ ’ਚ ਇਕ ਜਹਾਜ਼ ਤੋਂ ਸੁੱਟੇ ਜਾਣ ਵਾਲੇ ਜਾਂ ਮਿਜ਼ਾਈਲ ਡਿਲਿਵਰੀ ਸਿਸਟਮ ਨਾਲ ਜੋੜੇ ਜਾਣ ਦੇ ਯੋਗ ਇਕ ਵਿਵਹਾਰਕ ਪ੍ਰਮਾਣੂ ਉਪਕਰਨ ਤੋਂ ਕਿੰਨੇ ਸਕਰਿਊ ਟਰਨ ਅਤੇ ਕਿੰਨੇ ਮਹੀਨੇ ਜਾਂ ਸਾਲ ਦੂਰ ਹੈ।

ਦੋ ਸਾਲ ਪਹਿਲਾਂ 7 ਅਕਤੂਬਰ, 2001 ਨੂੰ ਅਮਰੀਕਾ ਨੇ 9/11 ਦੇ ਅੱਤਵਾਦੀ ਹਮਲੇ ਲਈ ਅਲਕਾਇਦਾ ਨੂੰ ਸਜ਼ਾ ਦੇਣ ਅਤੇ ਓਸਾਮਾ ਬਿਨ ਲਾਦੇਨ ਤੇ ਉਸਦੇ ਸਹਿਯੋਗੀਆਂ ਨੂੰ ਪਨਾਹ ਦੇਣ ਲਈ ਤਾਲਿਬਾਨ ਨੂੰ ਸਜ਼ਾ ਦੇਣ ਵਾਸਤੇ ਅਫਗਾਨਿਸਤਾਨ ’ਤੇ ਹਮਲਾ ਕੀਤਾ ਸੀ। ਇਹ ਧਿਆਨ ਦੇਣ ਯੋਗ ਹੈ ਕਿ 9/11 ਦੇ 19 ਅੱਤਵਾਦੀ ਅਗਵਾਕਾਰਾਂ ’ਚੋਂ 15 ਸਾਊਦੀ ਅਰਬ ਤੋਂ ਸਨ, 2 ਯੂ. ਏ. ਈ. ਤੋਂ, ਇਕ ਲੈਬਨਾਨ ਤੋਂ ਅਤੇ ਆਗੂ ਮਿਸਰ ਤੋਂ ਸੀ। ਅਫਗਾਨਿਸਤਾਨ ਜਾਂ ਉਸ ਮਾਮਲੇ ’ਚ ਇਰਾਕ ਤੋਂ ਕੋਈ ਨਹੀਂ ਸੀ। ਸਾਊਦੀ ਅਰਬ, ਯੂ. ਏ. ਈ. ਅਤੇ ਮਿਸਰ ਮੱਧ ਪੂਰਬ ’ਚ ਅਮਰੀਕਾ ਦੇ ਸਭ ਤੋਂ ਪੱਕੇ ਸਹਿਯੋਗੀਆਂ ’ਚ ਬਣੇ ਹੋਏ ਹਨ। ਓਸਾਮਾ ਬਿਨ ਲਾਦੇਨ ਨੂੰ ਆਖਰਕਾਰ ਐਬਟਾਬਾਦ ’ਚ ਖ਼ਤਮ ਕਰ ਦਿੱਤਾ ਗਿਆ ਪਰ ਉਸ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ ਇਕ ਵਾਰ ਫਿਰ ਅਮਰੀਕਾ ਦੇ ਨਵੇਂ ਪਿਆਰ ਦੀ ਚਮਕ ਦਾ ਆਨੰਦ ਮਾਣ ਰਿਹਾ ਹੈ। ਅੱਜ ਉਹ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੇ ਵਿਚਾਲੇ ਵਿਚੋਲਾ ਹੈ।

ਤ੍ਰਾਸਦੀ ਇਹ ਹੈ ਕਿ ਅਮਰੀਕਾ ਨੇ 2021 ’ਚ ਅਫਗਾਨਿਸਤਾਨ ਨੂੰ ਉਸੇ ਤਾਲਿਬਾਨ ਦੇ ਹੱਥਾਂ ’ਚ ਵਾਪਸ ਸੌਂਪ ਦਿੱਤਾ, ਜਿਸ ਮਿਲੀਸ਼ੀਆ ਨੂੰ ਉਸਨੇ 2001 ’ਚ ਅਫਗਾਨਿਸਤਾਨ ਤੋਂ ਬਾਹਰ ਖਦੇੜਿਆ ਸੀ। ਇਹ ਸਭ ਇਕ ਸਪੱਸ਼ਟ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਈਰਾਨ ’ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਦੇ ਪਿੱਛੇ ‘ਪ੍ਰਮਾਣੂ ਹਥਿਆਰਾਂ’ ਤੋਂ ਇਲਾਵਾ ਕੋਈ ਹੋਰ ਗੁਪਤ ਕਾਰਨ ਸੀ?
-ਮਨੀਸ਼ ਤਿਵਾੜੀ


author

Shivani Bassan

Content Editor

Related News