ਬਜ਼ੁਰਗ ਸਿਰਫ ਸਨਮਾਨ, ਦੇਖਭਾਲ ਅਤੇ ਅਪਣੇਪਨ ਦਾ ਅਹਿਸਾਸ ਚਾਹੁੰਦੇ ਹਨ

Monday, Jan 12, 2026 - 04:26 PM (IST)

ਬਜ਼ੁਰਗ ਸਿਰਫ ਸਨਮਾਨ, ਦੇਖਭਾਲ ਅਤੇ ਅਪਣੇਪਨ ਦਾ ਅਹਿਸਾਸ ਚਾਹੁੰਦੇ ਹਨ

ਭਾਰਤ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ਦੇ ਬੰਦ ਦਰਵਾਜ਼ਿਆਂ ਦੇ ਪਿੱਛੇ ਇਕ ਮੌਨ ਸੰਕਟ ਪਨਪ ਰਿਹਾ ਹੈ। ਇਹ ਮਹਿੰਗਾਈ ਜਾਂ ਚੋਣਾਂ ਵਾਂਗ ਸੁਰਖੀਆਂ ’ਚ ਨਹੀਂ ਆਉਂਦਾ, ਪਰ ਇਸ ਦੀ ਸੱਟ ਓਨੀ ਹੀ ਡੂੰਘੀ ਹੁੰਦੀ ਹੈ। ਸੰਕਟ ਹੈ ਬਜ਼ੁਰਗਾਂ ਵਿਚਾਲੇ ਵਧਦੀ ਇਕੱਲੇਪਣ ਦੀ ਭਾਵਨਾ ਅਤੇ ਡਿਪਰੈਸ਼ਨ। ਇਨ੍ਹਾਂ ’ਚੋਂ ਕਈ ਉਹ ਲੋਕ ਹਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਆਪਣੇ ਬੱਚਿਆਂ ਲਈ ਪਰਿਵਾਰ, ਘਰ ਅਤੇ ਭਵਿੱਖ ਬਣਾਉਣ ’ਚ ਲਗਾ ਦਿੱਤਾ। ਸਿਰਫ ਇਸ ਲਈ ਬੁਢਾਪੇ ’ਚ ਉਨ੍ਹਾਂ ਨੂੰ ਇਕੱਲਿਆਂ ਛੱਡ ਦਿੱਤਾ ਜਾਵੇ? ਹਾਲ ਦੇ ਸਾਲਾਂ ’ਚ ਮੈਂ ਬਿਰਧ ਆਸ਼ਰਮਾਂ ’ਚ ਜੱਜਾਂ, ਆਈ. ਏ. ਐੱਸ. ਅਧਿਕਾਰੀਆਂ ਅਤੇ ਵੱਡੇ ਵਪਾਰੀਆਂ ਨੂੰ ਦੇਖਿਆ, ਜੋ ਸਾਲਾਂ ਤੋਂ ਉਥੇ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਨੂੰ ਕੋਈ ਸਹਾਰਾ ਨਹੀਂ ਦਿੱਤਾ।

ਪੀੜ੍ਹੀਆਂ ਤੋਂ ਭਾਰਤ ਨੂੰ ਆਪਣੀਆਂ ਮਜ਼ਬੂਤ ਪਰਿਵਾਰਕ ਕਦਰਾਂ-ਕੀਮਤਾਂ ’ਤੇ ਮਾਣ ਰਿਹਾ ਹੈ, ਮਾਤਾ-ਪਿਤਾ ਦਾ ਸਨਮਾਨ ਕੀਤਾ ਜਾਂਦਾ ਸੀ, ਵੱਡਿਆਂ ਦੀ ਦੇਖਭਾਲ ਹੁੰਦੀ ਸੀ ਅਤੇ ਸੰਯੁਕਤ ਪਰਿਵਾਰ ਇਹ ਯਕੀਨੀ ਕਰਦੇ ਸਨ ਕਿ ਕੋਈ ਵੀ ਇਕੱਲਾ ਜਾਂ ਭੁੱਖਾ ਨਾ ਸੌਵੇਂ। ਅੱਜ ਉਹ ਸਮਾਜਿਕ ਤਾਣਾ-ਬਾਣਾ ਿਖੱਲਰ ਰਿਹਾ ਹੈ। ਆਰਥਿਕ ਦਬਾਅ, ਹਿਜਰਤ, ਬਦਲਦੀ ਜੀਵਨਸ਼ੈਲੀ ਅਤੇ ਕੁਝ ਮਾਮਲਿਆਂ ’ਚ ਘੋਰ ਅਣਡਿੱਠਤਾ ਅਤੇ ਸਵਾਰਥ ਨੇ ਹਜ਼ਾਰਾਂ ਬਜ਼ੁਰਗਾਂ ਨੂੰ ਭਾਵਨਾਤਮਕ ਅਤੇ ਵਿੱਤੀ ਸੰਕਟ ’ਚ ਧੱਕ ਦਿੱਤਾ ਹੈ। ਕਈ ਮਾਤਾ-ਪਿਤਾ ਪਿਆਰ ਅਤੇ ਭਰੋਸੇ ’ਚ ਆ ਕੇ ਆਪਣੀ ਜਾਇਦਾਦ ਬੇਟੇ ਜਾਂ ਬੇਟੀਆਂ ਦੇ ਨਾਂ ਕਰ ਦਿੰਦੇ ਹਨ, ਇਹ ਮੰਨ ਕੇ ਕਿ ਇਸ ਨਾਲ ਬੁਢਾਪੇ ’ਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਹੋਵੇਗੀ। ਇਸ ਦੀ ਬਜਾਏ, ਕੁਝ ਖੁਦ ਨੂੰ ਕਮਰੇ ’ਚ ਇਕ ਕੋਨੇ ’ਚ ਧੱਕ ਦਿੱਤਾ ਹੋਇਆ ਪਾਉਂਦੇ ਹਨ, ਉਨ੍ਹਾਂ ਦੇ ਨਾਲ ਇਕ ਬੋਝ ਵਾਂਗ ਵਿਵਹਾਰ ਕੀਤਾ ਜਾਂਦਾ ਹੈ, ਜਾਂ ਉਸ ਤੋਂ ਵੀ ਬੁਰਾ, ਉਨ੍ਹਾਂ ਨੂੰ ਘਰ ਛੱਡ ਦੇਣ ਲਈ ਕਹਿ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਆਪਣੇ ਘਰਾਂ ’ਤੇ ਉਨ੍ਹਾਂ ਦੇ ਬੱਚਿਆਂ ਦਾ ਕਬਜ਼ਾ ਹੈ ਜੋ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦੇ ਹਨ।

ਇਸ ਤੋਂ ਵੀ ਜ਼ਿਆਦਾ ਦੁਖਦਾਈ ਉਨ੍ਹਾਂ ਬੱਚਿਆਂ ਦੀਆਂ ਕਹਾਣੀਆਂ ਹਨ ਜੋ ਬਿਹਤਰ ਜੀਵਨ ਦੀ ਭਾਲ ’ਚ ਵਿਦੇਸ਼ ਚਲੇ ਗਏ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਹਾਲਾਂਕਿ ਵਿਦੇਸ਼ ’ਚ ਰਹਿਣ ਵਾਲੇ ਬੱਚੇ ਆਪਣੇ ਮਾਤਾ-ਪਿਤਾ ਨੂੰ ਨਹੀਂ ਛੱਡਦੇ ਪਰ ਇਕ ਵੱਡੀ ਗਿਣਤੀ ਅਜਿਹਾ ਕਰਦੀ ਹੈ। ਬੁੱਢੇ ਮਾਤਾ-ਪਿਤਾ ਸੀਮਤ ਪੈਨਸ਼ਨ, ਵਧਦੇ ਮੈਡੀਕਲ ਬਿੱਲ ਅਤੇ ਬਿਨਾਂ ਕਿਸੇ ਭਾਵਨਾਤਮਕ ਸਹਾਰੇ ਦੇ ਪਿੱਛੇ ਛੁੱਟ ਜਾਂਦੇ ਹਨ। ਫੋਨ ਕਾਲਾਂ ਦੁਰਲੱਭ ਹੋ ਜਾਂਦੀਆਂ ਹਨ, ਮੁਲਾਕਾਤਾਂ ਪੂਰੀ ਤਰ੍ਹਾਂ ਬੰਦ ਹੋ ਜਾਂਦੀਆਂ ਹਨ ਅਤੇ ਮਾਤਾ-ਪਿਤਾ ਹੌਲੀ-ਹੌਲੀ ਵਖਰੇਵੇਂ ’ਚ ਚਲੇ ਜਾਂਦੇ ਹਨ। ਤਿਉਹਾਰ ਇਕੱਲੇ ਮਨਾਉਂਦੇ ਹਨ, ਬੀਮਾਰੀ ਦਾ ਸਾਹਮਣਾ ਬਿਨਾਂ ਕਿਸੇ ਦੀ ਮਦਦ ਤੋਂ ਕਰਨਾ ਪੈਂਦਾ ਹੈ, ਕਈ ਵਾਰ ਤਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਅਤੇ ਲਾਸ਼ ਕਈ ਦਿਨਾਂ ਬਾਅਦ ਮਿਲਦੀ ਹੈ। ਅੰਤਿਮ ਸੰਸਕਾਰ ਲਈ ਵੀ ਬੱਚੇ ਨਹੀਂ ਆਉਂਦੇ। ਮੈਂ ਕਹਾਂਗੀ ਕਿ ਉਹ ਬੱਚੇ ਬਹੁਤ ਮੰਦਭਾਗੇ ਹਨ।

ਇਕੱਲਾਪਣ ਸਿਰਫ ਇਕ ਭਾਵਨਾਤਮਕ ਮੁੱਦਾ ਨਹੀਂ, ਇਹ ਇਕ ਗੰਭੀਰ ਸਿਹਤ ਸਮੱਸਿਆ ਹੈ। ਡਾਕਟਰ ਚਿਤਾਵਨੀ ਦਿੰਦੇ ਹਨ ਕਿ ਲੰਬੇ ਸਮੇਂ ਤੱਕ ਇਕੱਲਾਪਣ ਨਿਰਾਸ਼ਾ, ਚਿੰਤਾ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਇੱਥੋ ਤੱਕ ਕਿ ਅਚਨਚੇਤ ਮੌਤ ਦਾ ਕਾਰਨ ਬਣ ਸਕਦਾ ਹੈ। ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਤੌਰ ’ਤੇ ਜੋ ਪਹਿਲਾਂ ਤੋਂ ਹੀ ਉਮਰ ਨਾਲ ਸੰਬੰਧਤ ਬੀਮਾਰੀਆਂ ਨਾਲ ਜੂਝ ਰਹੇ ਹਨ, ਭਾਵਨਾਤਮਕ ਅਣਡਿੱਠਤਾ ਉਨ੍ਹਾਂ ਦੀ ਸਰੀਰਕ ਪੀੜਾ ਨੂੰ ਹੋਰ ਬਦਤਰ ਬਣਾ ਦਿੰਦੀ ਹੈ। ਬਜ਼ੁਰਗਾਂ ’ਚ ਡਿਪਰੈਸ਼ਨ ਅਕਸਰ ਅਣਦੇਖਿਆ ਰਹਿ ਜਾਂਦਾ ਹੈ, ਕਿਉਂਕਿ ਇਸ ਨੂੰ ਬੁਢਾਪੇ ਦਾ ਸੁਭਾਅ ਜਾਂ ਮੂਡ ਸਵਿੰਗ ਮੰਨ ਲਿਆ ਜਾਂਦਾ ਹੈ।

ਵਿੱਤੀ ਅਸੁਰੱਖਿਆ ਦਰਦ ਦੀ ਹੋਰ ਪਰਤ ਜੋੜ ਦਿੰਦੀ ਹੈ। ਕਈ ਬਜ਼ੁਰਗ ਥੋੜ੍ਹੀ ਪੈਨਸ਼ਨ ਜਾਂ ਬੱਚਤ ’ਤੇ ਨਿਰਭਰ ਹੁੰਦੇ ਹਨ, ਜੋ ਮੈਡੀਕਲ ਖਰਚਿਆਂ ਕਾਰਨ ਜਲਦੀ ਖਤਮ ਹੋ ਜਾਂਦੀ ਹੈ। ਜਦੋਂ ਬੱਚੇ ਮਦਦ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਤਾਂ ਮਾਤਾ-ਪਿਤਾ ਨੂੰ ਦਵਾਈਆਂ ਅਤੇ ਭੋਜਨ ਵਿਚਾਲੇ ਚੋਣ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਲੋਕ ਸਮਾਜਿਕ ਕਲੰਕ ਜਾਂ ਆਪਣੇ ਹੀ ਬੱਚਿਆਂ ਦੇ ਵਿਰੁੱਧ ਕਾਨੂੰਨੀ ਲੜਾਈ ਦੇ ਡਰ ਨਾਲ ਸ਼ਿਕਾਇਤ ਕਰਨ ਜਾਂ ਅਧਿਕਾਰੀਆਂ ਕੋਲ ਜਾਣ ਤੋਂ ਝਿਜਕਦੇ ਹਨ।

ਭਾਰਤ ’ਚ ‘ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਨੂੰ ਸੰਭਾਲਣ ਅਤੇ ਕਲਿਆਣ ਕਾਨੂੰਨ’ ਵਰਗੇ ਕਾਨੂੰਨ ਹਨ, ਜੋ ਬੱਚਿਆਂ ਲਈ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨਾ ਕਾਨੂੰਨੀ ਫਰਜ਼ ਬਣਾਉਂਦੇ ਹਨ। ਹਾਲਾਂਕਿ ਕਾਗਜ਼ ’ਤੇ ਬਣੇ ਕਾਨੂੰਨ ਹਮੇਸ਼ਾ ਜ਼ਮੀਨ ’ਤੇ ਰਾਹਤ ਨਹੀਂ ਦਿੰਦੇ। ਕਾਨੂੰਨੀ ਪ੍ਰਕਿਰਿਆਵਾਂ ਹੌਲੀ ਹਨ ਅਤੇ ਕਈ ਬਜ਼ੁਰਗ ਭਾਵਨਾਤਮਕ ਤੌਰ ’ਤੇ ਆਪਣੇ ਬੱਚਿਆਂ ਨੂੰ ਅਦਾਲਤ ’ਚ ਘਸੀਟਣ ਦੇ ਇੱਛੁਕ ਨਹੀਂ ਰਹਿੰਦੇ। ਉਹ ਜੋ ਚਾਹੁੰਦੇ ਹਨ, ਉਹ ਹੈ ਸਨਮਾਨ, ਦੇਖਭਾਲ ਅਤੇ ਅਪਣੇਪਨ ਦਾ ਅਹਿਸਾਸ, ਨਾ ਕਿ ਸਜ਼ਾ।

ਇਹੀ ਉਹ ਜਗ੍ਹਾ ਹੈ ਜਿੱਥੇ ਸਰਕਾਰ ਨੂੰ ਜ਼ਿਆਦਾ ਮਜ਼ਬੂਤੀ ਅਤੇ ਸੰਵੇਨਦਸ਼ੀਲਤਾ ਨਾਲ ਕਦਮ ਚੁੱਕਣਾ ਚਾਹੀਦਾ ਹੈ। ਬਿਰਧ ਆਸ਼ਰਮਾਂ ਨੂੰ ਤਿਆਗ ਦੀ ਥਾਂ ਦੇ ਰੂਪ ’ਚ ਨਹੀਂ ਸਗੋਂ ਦੇਖਭਾਲ, ਸਾਥ ਅਤੇ ਸਨਮਾਨ ਦੀਆਂ ਸੁਰੱਖਿਅਤ ਥਾਵਾਂ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ। ਸਰਕਾਰ ਵਲੋਂ ਸਮਰਥਿਤ ਬਿਰਧ ਆਸ਼ਰਮ ਜਿਨ੍ਹਾਂ ’ਚ ਉਚਿਤ ਇਲਾਜ ਸਹੂਲਤਾਂ ਹੋਣ, ਸਿਰਫ ਇਹ ਸ਼ਹਿਰਾਂ ’ਚ ਨਹੀਂ, ਸਗੋਂ ਹਰ ਜ਼ਿਲੇ ’ਚ ਬਹੁਤ ਜ਼ਰੂਰੀ ਹਨ। ਇਨ੍ਹਾਂ ’ਚ ਨਿਯਮਿਤ ਸਿਹਤ ਜਾਂਚ, ਮਾਨਸਿਕ ਸਿਹਤ ਸਹਾਇਤਾ, ਪੌਸ਼ਟਿਕ ਭੋਜਨ ਅਤੇ ਸਵੱਛ ਰਹਿਣ ਦੀ ਸਥਿਤੀ ਹੋਣੀ ਚਾਹੀਦੀ ਹੈ।

ਮੈਡੀਕਲ ਦੇਖਭਾਲ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ। ਕਈ ਬਜ਼ੁਰਗ ਬੀਮਾਰੀਆਂ ਨਾਲ ਪੀੜਤ ਹਨ ਅਤੇ ਹਸਪਤਾਲਾਂ ਤੱਕ ਲੰਬੀ ਦੂਰੀ ਤੈਅ ਕਰਨਾ ਉਨ੍ਹਾਂ ਲਈ ਮੁਸ਼ਕਲ ਅਤੇ ਮਹਿੰਗਾ ਹੈ। ਕਲੀਨਿਕਾਂ ਜਾ ਮੁੱਢਲੇ ਸਿਹਤ ਕੇਂਦਰਾਂ ਨਾਲ ਜੁੜੇ ਬਿਰਧ ਆਸ਼ਰਮ ਸਮੇਂ ਸਿਰ ਇਲਾਜ ਯਕੀਨੀ ਕਰ ਸਕਦੇ ਹਨ ਅਤੇ ਕਸ਼ਟਾਂ ਨੂੰ ਘੱਟ ਕਰ ਸਕਦੇ ਹਨ।

ਆਸਰਾ ਅਤੇ ਦਵਾਈ ਤੋਂ ਪਰ੍ਹੇ ਸਾਥ ਮਾਇਨੇ ਰੱਖਦਾ ਹੈ, ਸਮੂਹਿਕ ਭੋਜਨ, ਪ੍ਰਾਰਥਨਾ ਸੈਸ਼ਨ, ਰੀਡਿੰਗ ਰੂਮਸ, ਯੋਗ, ਸੰਗੀਤ ਅਤੇ ਹਲਕੇ ਮਨੋਰੰਜਨ ਵਰਗੀਆਂ ਸਰਗਰਮੀਆਂ ਜੀਵਨ ਦੇ ਉਦੇਸ਼ ਨੂੰ ਵਾਪਸ ਲਿਆ ਸਕਦੀਆਂ ਹਨ। ਜਦੋਂ ਬਜ਼ੁਰਗ ਆਪਣੀ ਉਮਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਨ, ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ ਅਤੇ ਖੁਦ ਨੂੰ ਸੁਣਿਆ ਹੋਇਆ ਮਹਿਸੂਸ ਕਰਦੇ ਹਨ, ਤਾਂ ਇਕੱਲੇਪਣ ਦੇ ਵਿਰੁੱਧ ਅੱਧੀ ਜੰਗ ਜਿੱਤ ਲਈ ਜਾਂਦੀ ਹੈ।

ਬੁਢਾਪਾ ਪੈਨਸ਼ਨ ਵਧਣਾ ਅਤੇ ਸਮੇਂ ਸਿਰ ਭੁਗਤਾਨ ਯਕੀਨੀ ਕਰਨਾ ਇਕ ਵੱਡਾ ਬਦਲਾਅ ਲਿਆ ਸਕਦਾ ਹੈ।

ਹਾਲਾਂਕਿ ਸਮਾਜ ਨੂੰ ਵੀ ਆਪਣੇ ਅੰਦਰ ਝਾਕਣਾ ਹੋਵੇਗਾ। ਸਾਨੂੰ ਉਨ੍ਹਾਂ ਸਫਲਤਾਵਾਂ ਦੀਆਂ ਕਹਾਣੀਆਂ ਦਾ ਗੁਣਗਾਨ ਬੰਦ ਕਰਨਾ ਚਾਹੀਦਾ ਹੈ, ਜੋ ਮਾਤਾ-ਪਿਤਾ ਵਲੋਂ ਚੁਕਾਈ ਗਈ ਕੀਮਤ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਬੱਚਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਹੀ ਮਾਤਾ-ਪਿਤਾ ਨੇ ਕਦੇ ਉਨ੍ਹਾਂ ਨੂੰ ਪਾਲਣ ਲਈ ਆਪਣੇ ਆਰਾਮ, ਨੀਂਦ ਅਤੇ ਸੁਪਨਿਆਂ ਦਾ ਤਿਆਗ ਕੀਤਾ ਸੀ। ਬਜ਼ੁਰਗ ਮਾਤਾ-ਪਿਤਾ ਦੀ ਦੇਖਭਾਲ ਕਰਨਾ ਕੋਈ ਦਾਨ ਨਹੀਂ, ਇਹ ਜ਼ਿੰਮੇਵਾਰੀ ਅਤੇ ਫਰਜ਼ ਹੈ। ਸਕੂਲਾਂ-ਕਾਲਜਾਂ ਦੇ ਸਿਲੇਬਸ ’ਚ ਬਜ਼ੁਰਗਾਂ ਦੀ ਦੇਖਭਾਲ, ਹਮਦਰਦੀ ਅਤੇ ਪਰਿਵਾਰਕ ਜ਼ਿੰਮੇਵਾਰੀ ’ਤੇ ਚਰਚਾ ਸ਼ਾਮਲ ਹੋਣੀ ਚਾਹੀਦੀ ਹੈ।

ਦੇਵੀ ਚੇਰੀਅਨ


author

Rakesh

Content Editor

Related News