ਤਮਿਲ ਰਾਜਨੀਤੀ ਨੂੰ ਉੱਤਰ-ਭਾਰਤ ਦੀ ਰਾਜਨੀਤੀ ’ਚ ਘੁਲ ਮਿਲ ਜਾਣਾ ਚਾਹੀਦਾ
Tuesday, Dec 30, 2025 - 04:28 PM (IST)
ਦੇਸ਼ ਹਿੱਤ ’ਚ ਉੱਤਰ-ਦੱਖਣ ਦੀ ਰਾਜਨੀਤੀ ਦਾ ਮੇਲ ਹੋਣਾ ਚਾਹੀਦਾ ਹੈ। ਅੱਜ ਦੇ ਸੰਦਰਭ ’ਚ ਦੱਖਣ-ਭਾਰਤ, ਉੱਤਰ-ਭਾਰਤ ਦੀ ਸਿਆਸੀ ਸੰਸਕ੍ਰਿਤੀ ਨੂੰ ਇਕ ਹੋ ਜਾਣਾ ਚਾਹੀਦਾ ਹੈ। ਅੱਜ ਦੀ ਤਾਮਿਲ-ਰਾਜਨੀਤੀ ’ਚ ਇਹ ਚੰਗਾ ਨਹੀਂ ਲੱਗਦਾ ਕਿ ਦੱਖਣ-ਭਾਰਤ ਦੇ ਲੋਕ ਕਹਿਣ ਕਿ ਸਾਨੂੰ ‘ਆਰੀਆ ਜਾਤੀ’ ਦੇ ਲੋਕਾਂ ਨੇ ਤਸੀਹੇ ਦੇ ਕੇ ਦੱਖਣ-ਖੇਤਰ ’ਚ ਧੱਕ ਦਿੱਤਾ। ਭਾਰਤ ਅਸਲ ’ਚ ਦ੍ਰਾਵਿੜਾਂ ਦਾ ਸੀ। ਅਸੀਂ ਅਸਲੀ ਭਾਰਤੀ ਸੰਸਕ੍ਰਿਤੀ ਦੀ ਅਸਲ ਧਰੋਹਰ ਹਾਂ।
ਅੱਜ ਦਾ ਹਿੰਦੁਸਤਾਨੀ ਅਜਿਹੀ ਵਿਚਾਰਧਾਰਾ ਨੂੰ ਮਾਨਤਾ ਦਿੰਦਾ। ਇਕ ਇਤਿਹਾਸ ਸੀ ਜਦੋਂ ਦ੍ਰਾਵਿੜਾਂ ਅਤੇ ਆਰੀਆ ਵਿਚਾਲੇ ਟਕਰਾਅ ਹੋਇਆ ਹੋਵੇਗਾ। ਕੀ ਅਸੀਂ ਇਤਿਹਾਸ ਦੇ ਉਨ੍ਹਾਂ ਹੀ ਪੰਨਿਆਂ ਤੱਕ ਰੁਕੇ ਰਹੀਏ। ਦੱਖਣ-ਭਾਰਤ ਦੇ ਨਿਵਾਸੀ ਹੀ ਭਾਰਤ ਦੇ ਮੂਲ ਨਿਵਾਸੀ ਸਨ, ਸਭ ਮੰਨਦੇ ਹਨ, ਪਰ ਅੱਜ ਦੇ ਸਮੇਂ ’ਚ ਦੱਖਣ ਦੇ ਲੋਕਾਂ ਨੂੰ ਉੱਤਰ-ਭਾਰਤ ਦੇ ਲੋਕਾਂ ਨੂੰ ਅਛੂਤ ਨਹੀਂ ਮੰਨਣਾ ਚਾਹੀਦਾ, ਇਹ ਵੀ ਸੱਚਾਈ ਹੈ ਕਿ ਤਾਮਿਲ ਅਤੇ ਸੰਸਕ੍ਰਿਤ ਪ੍ਰਾਚੀਨ ਭਾਸ਼ਾਵਾਂ ਹਨ। ਅੱਜ ਤਾਂ ਭਾਰਤ ਲੇਹ-ਲੱਦਾਖ ਤੋਂ ਲੈ ਕੇ ਦੱਖਣ ’ਚ ਕੰਨਿਆ ਕੁਮਾਰੀ ਤੱਕ ਇਕ ਹੈ। ਸਾਡਾ ਪਹਿਰਾਵਾ, ਖਾਣ-ਪਾਣ, ਭਾਸ਼ਾ, ਬੋਲੀ, ਰੰਗ-ਰੂਪ ਵੱਖਰੇ ਹੋ ਸਕਦੇ ਹਨ ਪਰ ਹੈ ਤਾਂ ਭਾਰਤ ਵਾਸੀ।
ਸੰਵਿਧਾਨਿਕ ਤੌਰ ’ਤੇ ਸਾਡੇ ’ਚ ਕੋਈ ਭੇਦਭਾਵ ਨਹੀਂ, ਰਾਜਨੀਤੀ ’ਚ ਉੱਤਰ ਦੱਖਣ ਦਾ ਨਾਅਰਾ ਬੇਸ਼ੱਕ ਲਗਾ ਲਓ ਪਰ ਅਸਲ ’ਚ ਅਸੀਂ ਇਕ ਭਾਰਤ ਦੇ ਧੀਆਂ-ਪੁੱਤਰ ਹਾਂ।
ਦੱਖਣ ਭਾਰਤ ਦੀ ਦ੍ਰਾਵਿੜ ਸੰਸਕ੍ਰਿਤੀ ਸ੍ਰੇਸ਼ਠ ਹੋਵੇਗੀ ਪਰ ਭਾਰਤ ਉਸ ਦੱਖਣੀ ਸੰਸਕ੍ਰਿਤੀ ਤੋਂ ਸ੍ਰੇਸ਼ਠ ਹੈ। ਇਹ ਦੱਖਣ ਭਾਰਤੀ ਰਾਜਾਂ ਨੂੰ ਸੋਚਣਾ ਹੀ ਚਾਹੀਦਾ ਹੈ। ਤਾਮਿਲ, ਮਲਿਆਲਮ, ਤੇਲਗੂ ਅਤੇ ਕੰਨੜ ਭਾਸ਼ਾਵਾਂ ਸੰਗਠਿਤ, ਸੁਸੰਸਕ੍ਰਿਤਕ ਅਤੇ ਵਿਆਕਰਨ ਦੇ ਮਾਪਦੰਡਾਂ ’ਤੇ ਖਰੀਆਂ ਉਤਰੀਆਂ ਹਨ। ਪਰ ਹਨ ਤਾਂ ਭਾਰਤੀ ਭਾਸ਼ਾਵਾਂ ਹੀ ਨਾ।
ਤਮਿਲ ਭਾਸ਼ਾਵਾਂ ਦਾ ਹਿੰਦੀ ਵਿਰੋਧ ਕਿਉਂ, ਹਿੰਦੀ ਤਾਂ ਸਾਡੀ ਮਾਤ ਭਾਸ਼ਾ ਹੈ, ਦੇਸ਼ ਦੇ ਸੰਵਿਧਾਨ ਨੇ ਤਾਂ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਸਥਾਨ ਦਿੱਤਾ ਹੈ। ਭਾਸ਼ਾ ਦਾ ਭਾਸ਼ਾ ਨਾਲ ਵਿਰੋਧ ਨਹੀਂ ਹੋ ਸਕਦਾ। ਭਾਸ਼ਾਵਾਂ ਤਾਂ ਇਕ-ਦੂਜੇ ਦੀਆਂ ਪੂਰਕ ਹਨ।
ਕਰਨਾਟਕ ਦੇ ਮੁੱਖ ਮੰਤਰੀ ਦੇਵੇਗੌੜਾ ਨੂੰ ਉੱਤਰ-ਭਾਰਤ ਦੇ ਰਾਜਨੇਤਾਵਾਂ ਨੇ ਪ੍ਰਧਾਨ ਮੰਤਰੀ ਬਣਾ ਹੀ ਦਿੱਤਾ ਸੀ। ਭਾਵੇਂ ਦੇਵੇਗੌੜਾ ਥੋੜ੍ਹਾ ਸਮਾਂ ਹੀ ਪ੍ਰਧਾਨ ਮੰਤਰੀ ਰਹੇ।
ਭਾਰਤ ਦੀ ਰਾਜਨੀਤੀ ਲੋਕਤੰਤਰ ’ਤੇ ਆਧਾਰਿਤ ਹੈ, ਆਜ਼ਾਦ ਹੈ, ਅਨੋਖੀ ਹੈ, ਕਦੇ ਵੀ, ਕੋਈ ਵੀ ਨੇਤਾ ਇਥੇ ਪ੍ਰਧਾਨ ਮੰਤਰੀ ਬਣ ਸਕਦਾ ਹੈ। ਉੱਤਰ-ਦੱਖਣ ਦੀ ਰਾਜਨੀਤੀ ’ਚ ਭੇਦ ਹੀ ਨਹੀਂ।
ਦ੍ਰਵਿੜ ਮੁਨੇਤਰ ਕੜਗਮ (ਡੀ. ਐੱਮ. ਕੇ.) ਤਾਮਿਲਨਾਡੂ ਦਾ ਸੂਬਾਈ ਰਾਜਨੀਤਿਕ ਦਲ ਹੈ। ਜੋ ਸਿਰਫ ਤਾਮਿਲਨਾਡੂ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਤੱਕ ਸੀਮਿਤ ਹੈ। ਇਹ ਦਲ 1967-1976 ਤੱਕ ਤਾਮਿਲਨਾਡੂ ’ਚ ਸੱਤਾਧਾਰੀ ਰਿਹਾ। 1989 ’ਚ ਇਹ ਦਲ ਮੁੜ ਤਾਮਿਲਨਾਡੂ ’ਚ ਸੱਤਾ ’ਚ ਆ ਗਿਆ ਹੈ। 1972 ’ਚ ਇਸ ਦਲ ’ਚ ਫੁੱਟ ਪੈ ਗਈ ਅਤੇ ਨਵੀਂ ਪਾਰਟੀ ਬਣੀ, ਅੰਨਾ ਦ੍ਰਵਿੜ ਮੁਨੇਤਰ ਕੜਗਮ। 1973 ਦੀਆਂ ਵਿਧਾਨ ਸਭਾ ਚੋਣਾਂ ’ਚ ਅੰਨਾ ਦ੍ਰਵਿੜ ਮੁਨੇਤਰ ਕੜਗਮ ਨੂੰ ਵਿਧਾਨ ਸਭਾ ’ਚ ਭਾਰੀ ਬਹੁਮਤ ਹਾਸਲ ਹੋਇਆ।
ਡੀ. ਐੱਮ. ਕੇ. ਖਜ਼ਾਨਚੀ ਸਿਨੇਮਾ ਅਦਾਕਾਰ ਸੀ. ਰਾਮ ਚੰਦਰਨ ਨਵੇਂ ਦਲ ਦੇ ਪ੍ਰਧਾਨ ਬਣੇ। 25 ਦਸੰਬਰ 1987 ’ਚ ਸੀ. ਰਾਮ ਚੰਦਰਨ ਦਾ ਦਿਹਾਂਤ ਹੋ ਗਿਆ। ਉਦੋਂ ਇਸ ਦਲ ’ਚ ਵੀ ਫੁੱਟ ਪੈ ਗਈ। ਇਕ ਗੁੱਟ ਦੀ ਨੇਤਾ ਜਾਨਕੀ ਸੀ. ਰਾਮ ਚੰਦਰਨ ਬਣ ਗਈ ਅਤੇ ਦੂਜੇ ਗੁੱਟ ਦੇ ਅਗਵਾਈ ਬੀਬੀ ਜੈਲਲਿਤਾ ਦੇ ਹੱਥਾਂ ’ਚ ਆਈ। 10 ਫਰਵਰੀ 1989 ਨੂੰ ਇਨ੍ਹਾਂ ਦੋਵਾਂ ਗੱੁਟਾਂ ਦੀ ਆਪਸ ’ਚ ਵਿਲੀਨਤਾ ਹੋ ਗਈ। ਬੀਬੀ ਜੈਲਲਿਤਾ ‘ਅੰਨਾ ਦ੍ਰਵਿੜ ਮੁਨੇਤਰ ਕੜਗਮ’ ਦੀ ਜਨਰਲ ਸਕੱਤਰ ਬਣ ਗਈ। ਬਾਅਦ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਵੀ ਬੀਬੀ ਜੈਲਲਿਤਾ ਸਿਨੇ ਅਭਿਨੇਤਰੀ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਦੀ ਰਹੀ। ਕਦੇ ਕਰੁਣਾਨਿਧੀ ਬਾਜ਼ੀ ਮਾਰਦੇ ਰਹੇ।
ਦ੍ਰਵਿੜ ਸ਼ਬਦ ‘ਦ੍ਰਾਵਿੜ ਜਾਤੀ’ ਦਾ ਪ੍ਰਤੀਕ ਹੈ। ਮੁਨੇਤਰ ਸ਼ਬਦ ਦਾ ਅਰਥ ਹੈ ‘ਪ੍ਰਗਤੀਸ਼ੀਲ’ ਅਤੇ ਕੜਗਮ ਸ਼ਬਦ ਦਾ ਅਰਥ ਹੈ ‘ਸੰਗਠਨ’। ਇਨ੍ਹਾਂ ਦੋਵਾਂ ਸਿਆਸੀ ਦਲਾਂ ਦਾ ਉਦੇਸ਼ ਉੱਤਰ ਭਾਰਤ ਦੀ ਵਧਦੀ ਰਾਜਨੀਤੀ ਨੂੰ ਰੋਕਣਾ, ਦੱਖਣ ਭਾਰਤ ਦੇ ਤਮਿਲ ਰਾਜਾਂ ’ਚ ਉੱਤਰ-ਭਾਰਤ ਦੀ ਰਾਜਨੀਤੀ ਦੇ ਪ੍ਰਭਾਵ ਅਤੇ ਪ੍ਰਸਾਰ ਨੂੰ ਰੋਕਣਾ ਹੈ। ਬ੍ਰਾਹਮਣਵਾਦ ਦਾ ਵਿਰੋਧ ਕਰਨਾ, ਤਮਿਲ ਭਾਸ਼ਾਵਾਂ ਨੂੰ ਪਹਿਲ ਦੇਣਾ, ਚੇਨੱਈ (ਮਦਰਾਸ), ਆਂਧਰਾ ਪ੍ਰਦੇਸ਼, ਪੁੱਡੂਚੇਰੀ, ਕਰਨਾਟਕ ਅਤੇ ਕੇਰਲ ਨੂੰ ਮਿਲਾ ਕੇ ਇਕ ਵੱਖਰਾ ਦੇਸ਼ ‘ਦ੍ਰਵਿੜਸਤਾਨ’ ਬਣਾਉਣਾ, ਤਮਿਲ ਸੰਸਕ੍ਰਿਤੀ ਦੀ ਤਰੱਕੀ ਕਰਨਾ, ਇਨ੍ਹਾਂ ਸਿਆਸੀ ਦਲਾਂ ਦਾ ਮੁੱਖ ਉਦੇਸ਼ ਹੈ।
ਇਹ ਤਾਂ ਤਮਿਲ ਨੇਤਾਵਾਂ ਨੂੰ ਪਤਾ ਵੀ ਨਹੀਂ ਸੀ ਕਿ ਭਾਰਤ ’ਚ ‘ਦ੍ਰਵਿੜਸਤਾਨ’ ਨਹੀਂ ਬਣ ਸਕਦਾ। ਬਾਕੀ ਮੁੱਖ ਮੁੱਦਿਆਂ ’ਤੇ ਇਹ ਦੋਵੇਂ ਸਿਆਸੀ ਦਲ ਭਾਵੇਂ ਜੋ ਮਰਜ਼ੀ ਕਰਨ, ਸੋ ਕਰਨ, ਡੀ. ਐੱਮ. ਕੇ. ਬਜ਼ੁਰਗ ਨੇਤਾ ਕਰੁਣਾਨਿਧੀ ਜੀਵਨ ਭਰ ਤਮਿਲ ਸੰਸਕ੍ਰਿਤੀ ਤੇ ਤਮਿਲ ਭਾਸ਼ਾਵਾਂ ਦੇ ਰੱਖਿਅਕ ਰਹੇ। ਅੱਜ ਉਨ੍ਹਾਂ ਦੇ ਸਪੁੱਤਰ ਸਟਾਲਿਨ ਤਾਮਿਲਨਾਡੂ ਦੇ ਮੁੱਖ ਮੰਤਰੀ ਹਨ, ਉਹ ਵੀ ਆਪਣੇ ਪਿਤਾ ਕਰੁਣਾਨਧੀ ਵਾਂਗ ਉਨ੍ਹਾਂ ਦੇ ਹੀ ਉਦੇਸ਼ਾਂ ਦੀ ਪ੍ਰਾਪਤੀ ਦੇ ਯਤਨ ਕਰ ਰਹੇ ਹਨ। ਹਿੰਦੀ, ਬ੍ਰਾਹਮਣਾਂ ਅਤੇ ਉੱਤਰ-ਭਾਰਤ ਦੀ ਰਾਜਨੀਤੀ ਦਾ ਪੁਰਜ਼ੋਰ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਉੱਤਰ-ਭਾਰਤ ਦੀ ਰਾਜਨੀਤੀ ਨੂੰ ਦੱਖਣ ਵੱਲ ਵਧਣ ਤੋਂ ਰੋਕਿਆ ਹੋਇਆ ਹੈ।
ਉੱਤਰ-ਭਾਰਤ ਦੇ ਰਾਜ ਨੇਤਾਵਾਂ ਦਾ ਡੀ. ਐੱਮ. ਕੇ. ਮੁਖੀ ਸਟਾਲਿਨ ਨਾਲ ਕੋਈ ਵਿਰੋਧ ਨਹੀਂ ਹੈ। ਉੱਤਰ-ਭਾਰਤ ਦੇ ਰਾਜਨੇਤਾ ਤਾਂ ਸਾਰੇ ਦਲਾਂ ਨੂੰ ਨਾਲ ਲੈ ਕੇ ਚੱਲਣ ’ਚ ਵਿਸ਼ਵਾਸ ਰੱਖਦੇ ਹਨ। ਉੱਤਰ-ਭਾਰਤ ਦੀ ਰਾਜਨੀਤੀ ਵੀ ਇਹ ਨਹੀਂ ਚਾਹੁੰਦੀ ਕਿ ਉੱਤਰ-ਦੱਖਣ ਦੀ ਰਾਜਨੀਤੀ ’ਚ ਟਕਰਾਅ ਹੋਵੇ। ਉੱਤਰ-ਭਾਰਤ ਦੀ ਰਾਜਨੀਤੀ ਨੂੰ ਵੀ ਤਮਿਲ ਸੰਸਕ੍ਰਿਤੀ ’ਤੇ ਮਾਣ ਹੈ। ਭਾਰਤ ਦੇ ਲੋਕ ਇਸ ਗੱਲ ਦੇ ਵੀ ਇੱਛੁਕ ਹਨ ਕਿ ਤਾਮਿਲਨਾਡੂ ਦੇ ਨੌਜਵਾਨ ਮੁੱਖ ਮੰਤਰੀ ਸਟਾਲਿਨ ‘ਇਕ ਭਾਰਤ, ਸ੍ਰੇਸ਼ਠ ਭਾਰਤ’ ਦੀ ਰਾਸ਼ਟਰੀ ਯਾਤਰਾ ਦਾ ਆਯੋਜਨ ਕਰਨ।
ਲੋਕ ਸਟਾਲਿਨ ਦੇ ਪਿੱਛੇ-ਪਿੱਛੇ ਚੱਲਣ ਲਈ ਤਿਆਰ ਮਿਲਣਗੇ। ਸਭ ਤੋਂ ਪਹਿਲਾਂ ਇਹ ਸਹੁੰ ਜ਼ਰੂਰ ਖਾਣ ਕਿ ਉਹ ਭਾਰਤ ਦੇ ਸੰਵਿਧਾਨ ਪ੍ਰਤੀ ਪੂਰੀ ਨਿਸ਼ਠਾ ਰੱਖਣਗੇ ਅਤੇ ਇਸ ਭਾਰਤ ਦੇਸ਼ ਦੀ ‘ਏਕਤਾ ਅਤੇ ਅਖੰਡਤਾ’ ਦਾ ਪੂਰਾ ਸਨਮਾਨ ਕਰਨਗੇ। ਭਾਵੇਂ ਸਟਾਲਿਨ ਪਰਿਵਾਰ ਦੇ ਰਾਜ ਨੇਤਾਵਾਂ ਨੇ ਭਾਰਤ ਪ੍ਰਤੀ ਆਪਣੀ ਆਸਥਾ ਅਤੇ ਨਿਸ਼ਠਾ ਨੂੰ ਸਦਾ ਬਣਾਈ ਰੱਖਿਆ ਹੈ। ਪ੍ਰਭੂ ਸਾਨੂੰ ਸਾਰਿਆਂ ਨੂੰ ਇਕ ਰੱਖੇ, ਨੇਕ ਬਣਾ ਕੇ ਰੱਖੇ, ਇਸ ਦੇਸ਼ ’ਤੇ ਸਭ ਦਾ ਇਕੋ ਜਿਹਾ ਅਧਿਕਾਰ ਹੈ। ਭਾਰਤ ਦੀ ਵਿਕਾਸ ਯਾਤਰਾ ’ਚ ਅਸੀਂ ਸਭ ਇਕ ਹਾਂ।
ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ)
