ਜਨਤਾ ਦੀ ਸ਼ਮੂਲੀਅਤ ਤੋਂ ਬਿਨਾਂ ''ਸਵਦੇਸ਼ੀ'' ਦਾ ਨਾਅਰਾ ਸਿਰਫ਼ ਨਾਅਰਾ ਹੀ ਰਹੇਗਾ
Monday, Oct 20, 2025 - 01:50 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨਾਂ ’ਚ ‘ਵੋਕਲ ਫਾਰ ਲੋਕਲ’ ਅਤੇ ‘ਹਰ ਘਰ ਸਵਦੇਸ਼ੀ’ ਦੀ ਅਪੀਲ ਜ਼ਰੀਏ ਆਮ ਜਨਤਾ ਨੂੰ ਭਾਰਤੀ ਵਸਤਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ। ਇਸ ਦਾ ਉਦੇਸ਼ ਆਰਥਿਕ ਆਤਮ-ਨਿਰਭਰਤਾ, ਦੇਸੀ ਉਦਯੋਗਾਂ ਅਤੇ ਰੋਜ਼ਗਾਰ ਨੂੰ ਵਧਾਉਣਾ ਅਤੇ ਭਾਰਤ ਦੀ ਆਰਥਿਕ ਆਤਮ-ਨਿਰਭਰਤਾ ਦੀ ਦਿਸ਼ਾ ’ਚ ਮਜ਼ਬੂਤ ਕਦਮ ਚੁੱਕਣਾ ਹੈ। ਇਸ ਮੁਹਿੰਮ ਜ਼ਰੀਏ ਦੇਸ਼ ਭਰ ਦੇ ਨੌਜਵਾਨਾਂ, ਔਰਤਾਂ ਤੇ ਵਪਾਰੀਆਂ ਸਮੇਤ ਸਾਰੇ ਵਰਗਾਂ ਨੂੰ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ’ਚ 20000 ਤੋਂ ਵੱਧ ‘ਆਤਮ-ਨਿਰਭਰ ਭਾਰਤ ਸੰਕਲਪ ਮੁਹਿੰਮ’, 1000 ਤੋਂ ਵੱਧ ਮੇਲੇ ਅਤੇ 500 ‘ਸੰਕਲਪ ਰੱਥ ਯਾਤਰਾਵਾਂ’ ਆਯੋਜਿਤ ਕਰਨ ਦਾ ਭਾਜਪਾ ਦਾ ਪ੍ਰੋਗਰਾਮ ਹੈ।
ਭਾਜਪਾ ਅਤੇ ਸੰਘ ਦੇ ਵਰਕਰ ਇਨ੍ਹੀਂ ਦਿਨੀਂ ਸਵਦੇਸ਼ੀ ਮੁਹਿੰਮ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ’ਚ ਜੁਟੇ ਹਨ। ਅਗਲੇ 3 ਮਹੀਨਿਆਂ ’ਚ ਉਹ ਲੋਕਾਂ ਨੂੰ ਭਾਰਤੀ ਉਤਪਾਦਾਂ ਨੂੰ ਪਹਿਲ ਦੇਣ ਲਈ ਪ੍ਰੇਰਿਤ ਕਰਨਗੇ, ਜਿਸ ਨਾਲ ਆਜ਼ਾਦੀ ਦੇ ਅੰਦੋਲਨ ’ਚ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਸਵਦੇਸ਼ੀ ਅਤੇ ਆਤਮ-ਨਿਰਭਰਤਾ ਦੀ ਇਤਿਹਾਸਕ ਮੁਹਿੰਮ ਨੂੰ ਫਿਰ ਤੋਂ ਸਥਾਪਿਤ ਕੀਤਾ ਜਾ ਸਕੇ।
ਇਸੇ ਸਿਲਸਿਲੇ ’ਚ ਪਿਛਲੇ ਦਿਨੀਂ ਇਕ ਦੀਵਾਲੀ ਮੇਲੇ ਦੌਰਾਨ ਦੱਖਣੀ ਦਿੱਲੀ ਦੇ ਮਹਿਰੌਲੀ ਅਤੇ ਬਸੰਤ ਕੁੰਜ ਖੇਤਰ ਦੇ ਭਾਜਪਾ ਵਿਧਾਇਕ ਗਜਿੰਦਰ ਯਾਦਵ ਨੇ ਹਾਜ਼ਰ ਜਨ-ਭਾਈਚਾਰੇ ਨੂੰ ਸਵਦੇਸ਼ੀ ਨੂੰ ਅਪਣਾਉਣ ਦੀ ਅਪੀਲ ਕੀਤੀ। ਤ੍ਰਾਸਦੀ ਦੇਖੋ ਕਿ ਜਿਸ ਮੰਚ ਤੋਂ ਯਾਦਵ ਪੂਰੀ ਗੰਭੀਰਤਾ ਨਾਲ ਇਹ ਅਪੀਲ ਕਰ ਰਹੇ ਸਨ, ਉਸੇ ਮੰਚ ਦੇ ਸਾਹਮਣੇ ਮੇਲੇ ਦੇ ਪ੍ਰਬੰਧਕਾਂ ਨੇ ਚੀਨ ਦੇ ਬਣੇ ਖਿਡੌਣਿਆਂ ਦੀਆਂ ਦੁਕਾਨਾਂ ਸਜਾਈਆਂ ਹੋਈਆਂ ਸਨ ਅਤੇ ਵਿਦੇਸ਼ੀ ਕਾਰਾਂ ਦੇ ਦੋ ਮਾਡਲਾਂ ਨੂੰ ਮੇਲੇ ’ਚ ਵਿਕਰੀ ਲਈ ਰਖਵਾਇਆ ਹੋਇਆ ਸੀ।
ਆਮ ਜੀਵਨ ’ਚ ਅਜਿਹਾ ਵਿਰੋਧਾਭਾਸ ਹਰ ਜਗ੍ਹਾ ਵੇਖਣ ਨੂੰ ਮਿਲੇਗਾ ਕਿਉਂਕਿ ਪਿਛਲੇ 4 ਦਹਾਕਿਆਂ ’ਚ ਸ਼ਹਿਰੀ ਭਾਰਤਵਾਸੀ ਆਪਣੇ ਰੋਜ਼ਾਨਾ ਦੇ ਜੀਵਨ ’ਚ ਢੇਰਾਂ ਵਿਦੇਸ਼ੀ ਉਤਪਾਦ ਵਰਤਣ ਦੇ ਆਦੀ ਹੋ ਚੁੱਕੇ ਹਨ। ਫਿਰ ਵੀ ਭਾਜਪਾ ਦਾ ਹਰ ਸੰਸਦ ਮੈਂਬਰ, ਵਿਧਾਇਕ ਅਤੇ ਵਰਕਰ ਇਸ ਮੁਹਿੰਮ ਨੂੰ ਉਤਸ਼ਾਹ ਨਾਲ ਚਲਾ ਰਿਹਾ ਹੈ। ਉਨ੍ਹਾਂ ਦਾ ਇਹ ਯਤਨ ਸਹੀ ਵੀ ਹੈ ਕਿਉਂਕਿ ਦੀਵਾਲੀ ’ਤੇ ਦੇਸ਼ ਭਰ ਦੇ ਹਿੰਦੂਆਂ ਵੱਲੋਂ ਭਾਰੀ ਮਾਤਰਾ ’ਚ ਖਰੀਦਦਾਰੀ ਕੀਤੀ ਜਾਂਦੀ ਹੈ। ਪਿਛਲੇ ਦੋ ਦਹਾਕਿਆਂ ਤੋਂ ਚੀਨੀ ਮਾਲ ਨੇ ਭਾਰਤ ਦੇ ਬਾਜ਼ਾਰਾਂ ਨੂੰ ਆਪਣੇ ਉਤਪਾਦਾਂ ਨਾਲ ਲੱਦ ਦਿੱਤਾ ਹੈ।
ਦੀਵਾਲੀ ’ਤੇ ਲਕਸ਼ਮੀ ਪੂਜਾ ਲਈ ਗਣੇਸ਼ ਲਕਸ਼ਮੀ ਜੀ ਦੀਆਂ ਮੂਰਤੀਆਂ ਹੁਣ ਚੀਨ ਤੋਂ ਹੀ ਬਣ ਕੇ ਆਉਂਦੀਆਂ ਹਨ। ਪਟਾਕੇ ਅਤੇ ਬਿਜਲੀ ਦੀਆਂ ਲੜੀਆਂ ਵੀ ਹੁਣ ਚੀਨ ਤੋਂ ਹੀ ਆਉਂਦੀਆਂ ਹਨ। ਇਸੇ ਤਰ੍ਹਾਂ ਰੱਖੜੀਆਂ, ਹੋਲੀ ਦੇ ਰੰਗ, ਪਿਚਕਾਰੀ, ਜਨਮ ਅਸ਼ਟਮੀ ਦੇ ਲੱਡੂ ਗੋਪਾਲ ਅਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਵੀ ਖੱਬੇਪੱਖੀ ਚੀਨ ਬਣਾ ਕੇ ਭੇਜ ਰਿਹਾ ਹੈ, ਜੋ ਭਗਵਾਨ ਦੀ ਹੋਂਦ ਨੂੰ ਹੀ ਨਕਾਰਦਾ ਹੈ। ਇਹ ਕਿੰਨੇ ਸ਼ਰਮ ਅਤੇ ਬਦਕਿਸਮਤੀ ਦੀ ਗੱਲ ਹੈ। ਇਸ ਨਾਲ ਸਾਡੇ ਕਾਰੀਗਰਾਂ ਅਤੇ ਦੁਕਾਨਦਾਰਾਂ ਦੇ ਢਿੱਡ ’ਤੇ ਲੱਤ ਵੱਜਦੀ ਹੈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਗੂ ਕੀਤੀਆਂ ਗਈਆਂ ਬੇਹੂਦਾ ਦਰਾਮਦੀ ਟੈਰਿਫ ਦਰਾਂ ਨੂੰ ਵੇਖ ਕੇ ਵੀ ਸਾਨੂੰ ਜਾਗਣਾ ਹੋਵੇਗਾ। ਸਾਨੂੰ ਆਪਣੇ ਖਪਤ ਦੇ ਤਰੀਕਿਆਂ ਨੂੰ ਬਦਲਣਾ ਹੋਵੇਗਾ। ਇਸ ਲਈ ਜਿੱਥੋਂ ਤੱਕ ਸੰਭਵ ਹੋਵੇ, ਅਸੀਂ ਭਾਰਤ ’ਚ ਬਣੀਆਂ ਚੀਜ਼ਾਂ ਦੀ ਹੀ ਵਰਤੋਂ ਕਰੀਏ।
ਕਿਸੇ ਵੀ ਮੁਹਿੰਮ ਨੂੰ ਪ੍ਰਚਾਰਿਤ ਕਰਨਾ ਆਸਾਨ ਹੁੰਦਾ ਹੈ, ਜੋ ਕਿ ਅਖਬਾਰਾਂ ਅਤੇ ਟੀ. ਵੀ. ਵਿਗਿਆਪਨਾਂ ਜ਼ਰੀਏ ਕੀਤਾ ਜਾ ਸਕਦਾ ਹੈ ਪਰ ਉਸ ਮੁਹਿੰਮ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਦੇਸ਼ ਦੀ ਜਨਤਾ ਨੇ ਉਸ ਨੂੰ ਕਿਸ ਹੱਦ ਤੱਕ ਅਪਣਾਇਆ ਹੈ। ਹੁਣ ਮੋਦੀ ਜੀ ਦੀ ‘ਸਵੱਛ ਭਾਰਤ ਮੁਹਿੰਮ’ ਨੂੰ ਹੀ ਲੈ ਲਓ। ਜਿੰਨਾ ਇਸ ਮੁਹਿੰਮ ਦਾ ਰੌਲਾ ਪਿਆ ਅਤੇ ਪ੍ਰਚਾਰ ਹੋਇਆ, ਉਸ ਦਾ 5 ਫੀਸਦੀ ਵੀ ਧਰਾਤਲ ’ਚ ਨਹੀਂ ਉਤਰਿਆ।
ਭਾਰਤ ਦੇ ਕਿਸੇ ਵੀ ਛੋਟੇ-ਵੱਡੇ ਸ਼ਹਿਰ, ਪਿੰਡ ਜਾਂ ਕਸਬੇ ’ਚ ਚਲੇ ਜਾਓ ਤਾਂ ਤੁਹਾਨੂੰ ਗੰਦਗੀ ਦੇ ਢੇਰ ਪਏ ਦਿਸਣਗੇ। ਇਸ ਲਈ ਇਸ ਮੁਹਿੰਮ ਦਾ ਨੇੜ ਭਵਿੱਖ ’ਚ ਵੀ ਸਫਲ ਹੋਣਾ ਸੰਭਵ ਨਹੀਂ ਲੱਗਦਾ ਕਿਉਂਕਿ ਜ਼ਮੀਨੀ ਚੁਣੌਤੀਆਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਸਵਦੇਸ਼ੀ ਮੁਹਿੰਮ ਦੀ ਸਫਲਤਾ ਵੀ ਜਨ-ਜਾਗਰਣ, ਠੋਸ ਨਿਗਰਾਨੀ ਅਤੇ ਵਿਵਹਾਰ ਤਬਦੀਲੀ ’ਤੇ ਨਿਰਭਰ ਕਰਦੀ ਹੈ। ਜੇਕਰ ਆਮ ਨਾਗਰਿਕ ਇਸ ’ਚ ਸਰਗਰਮ ਭੂਮਿਕਾ ਨਿਭਾਉਣ ਤਾਂ ਹੀ ਅੰਦੋਲਨ ਸਫਲ ਹੋਵੇਗਾ।
ਬਿਨਾਂ ਸ਼ੱਕ ‘ਸਵੱਛ ਭਾਰਤ ਮੁਹਿੰਮ’ ਮੋਦੀ ਜੀ ਦੀ ਇਕ ਸ਼ਲਾਘਾਯੋਗ ਪਹਿਲ ਸੀ। ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਸਾਡੇ ਚਾਰੋਂ ਪਾਸੇ ਦਿਨੋ-ਦਿਨ ਜਮ੍ਹਾ ਹੁੰਦੇ ਜਾ ਰਹੇ ਕੂੜੇ ਦੇ ਢੇਰਾਂ ਦੀ ਵਧਦੀ ਸਮੱਸਿਆ ਦੇ ਨਿਬੇੜੇ ਦੀ ਇਕ ਦੇਸ਼-ਪੱਧਰੀ ਮੁਹਿੰਮ ਛੇੜੀ ਸੀ। ਉਸ ਸਮੇਂ ਬਹੁਤ ਸਾਰੇ ਨੇਤਾਵਾਂ, ਫਿਲਮੀ ਸਿਤਾਰਿਆਂ, ਮਸ਼ਹੂਰ ਖਿਡਾਰੀਆਂ ਅਤੇ ਉਦਯੋਗਪਤੀਆਂ ਤੱਕ ਨੇ ਹੱਥ ’ਚ ਝਾੜੂ ਫੜ ਕੇ ਫੋਟੋ ਖਿਚਵਾ ਕੇ ਇਸ ਮੁਹਿੰਮ ਦਾ ਸ਼੍ਰੀਗਣੇਸ਼ ਕੀਤਾ ਸੀ। ਪਰ ਸੋਚੋ ਅੱਜ ਅਸੀਂ ਕਿੱਥੇ ਖੜ੍ਹੇ ਹਾਂ?
ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚ ਸਥਾਈ ਸਫਾਈ ਿਵਵਸਥਾ ਬਣਾਉਣਾ ਅਜੇ ਵੀ ਇਕ ਵੱਡੀ ਚੁਣੌਤੀ ਹੈ। ਕੂੜੇ ਨੂੰ ਵੱਖ-ਵੱਖ ਕਰਨਾ, ਮੁੜ-ਵਰਤੋਂ ਅਤੇ ਰੀਸਾਈਕਲਿੰਗ ਦੀ ਜਾਗਰੂਕਤਾ ’ਚ ਮੁਕਾਬਲਤਨ ਘਾਟ ਦਿਸਦੀ ਹੈ। ਕੁਝ ਥਾਵਾਂ ’ਤੇ ਪਖਾਨਿਆਂ ਦੇ ਰੱਖ-ਰਖਾਅ, ਪਾਣੀ ਦੀ ਸਪਲਾਈ ਅਤੇ ਵਿਵਹਾਰ ਤਬਦੀਲੀ ਨੂੰ ਲੈ ਕੇ ਸਮੱਸਿਆਵਾਂ ਬਣੀਆਂ ਹੋਈਆਂ ਹਨ। ਇਸ ਲਈ ਮੁਹਿੰਮ ਦੇ ਉਦੇਸ਼ ਅਤੇ ਜ਼ਮੀਨੀ ਸੱਚਾਈ ’ਚ ਫਰਕ ਬਣਿਆ ਹੋਇਆ ਹੈ ਤੇ ਅਨੇਕ ਥਾਵਾਂ ’ਤੇ ਪੁਰਾਣੇ ਤਰੀਕਿਆਂ ਦੀ ਪਾਲਣਾ ਅਜੇ ਵੀ ਹੋ ਰਹੀ ਹੈ। ਦਿੱਲੀ ਹੋਵੇ ਜਾਂ ਦੇਸ਼ ਦਾ ਕੋਈ ਹੋਰ ਸ਼ਹਿਰ ਜੇਕਰ ਕਿਤੇ ਵੀ ਇਕ ਅਚਾਨਕ ਮੁਆਇਨਾ ਕੀਤਾ ਜਾਵੇ ਤਾਂ ਸਵੱਛ ਭਾਰਤ ਮੁਹਿੰਮ ਦੀ ਸਫਲਤਾ ਦਾ ਪਤਾ ਲੱਗ ਜਾਵੇਗਾ। ਜੇਕਰ ਇੰਨੇ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਗਈ ਮੁਹਿੰਮ ਦੀ ਸਫਲਤਾ ਕਾਫੀ ਘੱਟ ਪਾਈ ਜਾਂਦੀ ਹੈ ਤਾਂ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ।
ਬਿਨਾਂ ਸ਼ੱਕ ਲੋਕਲ ਬਾਡੀਜ਼ ਜ਼ਿੰਮੇਵਾਰ ਹਨ ਪਰ ਅਸੀਂ ਨਾਗਰਿਕ ਵੀ ਘੱਟ ਜ਼ਿੰਮੇਵਾਰ ਨਹੀਂ ਹਾਂ। ਵਰਣਨਯੋਗ ਹਾਂ ਕਿ ਅਸੀਂ ਨਾਗਰਿਕ ਕਿਸੇ ਸਾਫ-ਸੁਥਰੇ ਮਾਲ ਜਾਂ ਹੋਰਨਾਂ ਥਾਵਾਂ ’ਤੇ ਜਾਂਦੇ ਹਾਂ ਤਾਂ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹਾਂ, ਕੂੜੇ ਨੂੰ ਸਿਰਫ ਕੂੜੇਦਾਨ ’ਚ ਹੀ ਪਾਉਂਦੇ ਹਾਂ। ਇਸ ਤਰ੍ਹਾਂ ਅਸੀਂ ਇਕ ਸਾਫ-ਸੁਥਰੀ ਜਗ੍ਹਾ ਨੂੰ ਸਾਫ ਰੱਖਣ ’ਚ ਸਹਿਯੋਗ ਜ਼ਰੂਰ ਦਿੰਦੇ ਹਾਂ। ਪਰ ਅਜਿਹਾ ਕੀ ਕਾਰਨ ਹੈ ਕਿ ਜਿੱਥੇ ਕਿਸੇ ਨਿਯਮ ਨੂੰ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਅਸੀਂ ਪੂਰਾ ਸਹਿਯੋਗ ਦਿੰਦੇ ਹਾਂ ਪਰ ਜਿੱਥੇ ਕਿਤੇ ਵੀ ਕਿਸੇ ਨਿਯਮ ਨੂੰ ਲਾਗੂ ਕਰਨ ’ਚ ਏਜੰਸੀਆਂ ਢਿੱਲ ਵਰਤਦੀਆਂ ਹਨ ਜਾਂ ਸਾਡੀ ਬੁੱਧੀ ’ਤੇ ਛੱਡ ਦਿੰਦੀਆਂ ਹਨ ਤਾਂ ਆਮ ਨਾਗਰਿਕ ਵੀ ਉਸ ਨੂੰ ਹਲਕੇ ’ਚ ਲੈ ਲੈਂਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਸਭ ਜਾਣਦੇ ਹਾਂ ਕਿ ਲਗਾਤਾਰ ਕਚਰੇ ਦੇ ਢੇਰਾਂ ਦਾ ਸਾਡੇ ਪ੍ਰਵੇਸ਼ ’ਚ ਚਾਰੋਂ ਪਾਸੇ ਵਧਦਾ ਜਾਣਾ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਲਈ ਕਿੰਨਾ ਖਤਰਨਾਕ ਹੈ? ਫਿਰ ਵੀ ਅਸੀਂ ਸਭ ਗੈਰ-ਸਰਗਰਮ ਬੈਠੇ ਹਾਂ। ਸਾਨੂੰ ਜਾਗਣਾ ਹੋਵੇਗਾ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਗਰਮ ਹੋਣਾ ਹੋਵੇਗਾ। ਇਸ ਲਈ ਨਾਅਰੇ ਭਾਵੇਂ ‘ਸਵੱਛਤਾ’ ਦੇ ਲੱਗਣ ਜਾਂ ‘ਸਵਦੇਸ਼ੀ’ ਦੇ ਜਨਤਾ ਦੀ ਸ਼ਮੂਲੀਅਤ ਦੇ ਬਿਨਾਂ ਨਾਅਰੇ, ਨਾਅਰੇ ਹੀ ਰਹਿਣਗੇ।
- ਵਿਨੀਤ ਨਾਰਾਇਣ