ਤਬਦੀਲੀ ਨਾਲ ਨਿਕਲੇਗਾ ਸੁੱਖੂ ਦਾ ਰਾਹ

Friday, Aug 09, 2024 - 05:36 PM (IST)

ਤਬਦੀਲੀ ਨਾਲ ਨਿਕਲੇਗਾ ਸੁੱਖੂ ਦਾ ਰਾਹ

ਕੁਦਰਤੀ ਆਫਤ ਹੀ ਨਹੀਂ, ਕਈ ਆਫਤਾਂ ’ਚੋਂ ਉੱਭਰੀ, ਹਿਮਾਚਲ ਪ੍ਰਦੇਸ਼ ਦੀ ਕਾਂਗਰਸ ‘ਸੁੱਖੂ’ ਸਰਕਾਰ ਸਥਿਰ ਹੈ ਪਰ ਹੁਣ ਅਗਲੀ ਵਾਰ ਚੁਣੌਤੀ ਵਿੱਤੀ ਸਥਿਰਤਾ ਬਣਾਈ ਰੱਖਣ ਦੀ ਹੈ। ਇਸ ਸਰਕਾਰ ਦੀ ਹਿਮਾਚਲ ’ਚ ਸੱਤਾ ਦੇ ਡੇਢ ਸਾਲ ਦੌਰਾਨ ਕਈ ਸਿਆਸੀ ਤੂਫਾਨ ਆਏ ਅਤੇ ਇਧਰ-ਓਧਰ ਡੋਲਦੀ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰ ਸਕੀ। ਇਹੀ ਕਾਰਨ ਰਿਹਾ ਕਿ ਨਾ ਤਾਂ ਪ੍ਰਸ਼ਾਸਨ ਨੇ, ਨਾ ਹੀ ਖੁਦ ਵਿਧਾਇਕਾਂ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਗੰਭੀਰਤਾ ਨਾਲ ਲਿਆ। ਕੁਰਸੀ ਬਚਾਉਣ ਅਤੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ’ਚ ਕਾਂਗਰਸ ਅਖੀਰ ਬਾਜ਼ੀ ਮਾਰ ਗਈ। ਉਥੇ ਹੀ ਵਿਰੋਧੀ ਧਿਰ ’ਚ ਬੈਠੀ ਭਾਜਪਾ ਨੇ ਇਕ ਰਾਜ ਸਭਾ ਸੀਟ ਪ੍ਰਾਪਤ ਕਰਨ ਦੇ ਚੱਕਰ ’ਚ ਆਪਣਾ ਕਾਫੀ ਨੁਕਸਾਨ ਝੱਲ ਲਿਆ।

ਭਾਵੇਂ ਬੀਤੇ ਸਾਲ ਦੀ ਭਿਆਨਕ ਕੁਦਰਤੀ ਆਫਤ ਸੂਬੇ ’ਚ ਆਈ ਹੋਵੇ ਜਾਂ ਫਿਰ ਰਾਜ ਸਭਾ ਸੀਟ ’ਤੇ ਚੋਣਾਂ ’ਚ ਆਪਣਿਆਂ ਦੇ ਹੀ ‘ਸੁੱਖੂ’ ਨੂੰ ਅੱਖਾਂ ਦਿਖਾਉਣ ਦਾ ਮਾਮਲਾ ਹੋਵੇ, ਜਾਂ ਫਿਰ ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ਉਪ ਚੋਣਾਂ ਹੋਣ, ਇਹ ਸਾਰੇ ‘ਸੁੱਖੂ’ ਦੀ ਅਗਨੀ ਪ੍ਰੀਖਿਆ ਸਨ ਅਤੇ ਇਸ ’ਚ ਉਹ ਆਪਣੀ ਪਤਨੀ ਨੂੰ ਵਿਧਾਨ ਸਭਾ ਪਹੁੰਚਾਉਣ ਦੇ ਨਾਲ ਹੀ ਹਾਰੀ ਬਾਜ਼ੀ ਜਿੱਤ ਗਏ।

ਹਿਮਾਚਲ ਪ੍ਰਦੇਸ਼ ਦੇ ਸਿਆਸੀ ਇਤਿਹਾਸ ’ਚ ਇਹ ਪਹਿਲਾ ਮੌਕਾ ਸੀ ਜਦੋਂ ਉਪ-ਚੋਣਾਂ ਦੀ ਹਨੇਰੀ ’ਚ ਕਿਸੇ ਨੂੰ ਆਫਤ ’ਚ ਹੀ ਮੌਕਾ ਮਿਲ ਗਿਆ। ਇਹ ਸਿਆਸੀ ਆਫਤਾਂ, ਕਾਂਗਰਸ ਦੇ ਬਾਗੀਆਂ ਸਮੇਤ ਕਈ ਉਛਲ ਰਹੇ ਉਤਸ਼ਾਹਿਤ ਨੇਤਾਵਾਂ ਨੂੰ ਅਜਿਹਾ ਸਬਕ ਦੇ ਗਈਆਂ ਜੋ ਦੇਵ ਭੂਮੀ ਦੀ ਸਾਦਗੀ, ਪ੍ਰੰਪਰਾਵਾਂ ਨਾਲ ਕਦੇ ਵੀ ਖਿਲਵਾੜ ਨਾ ਹੋਣ ਦਾ ਸਾਫ ਸੰਦੇਸ਼ ਸੀ।

ਹੁਣ ਸਥਿਰ ਸਰਕਾਰ ਨੂੰ ਹਨੇਰੀ ਨਾਲ ਉਖੜੇ ਸਿਆਸੀ ਆਸ਼ਿਆਨਿਆਂ ਦਾ ਚਿੱਕੜ ਸਾਫ ਕਰਨ ਦਾ ਸਮਾਂ ਸਾਹਮਣੇ ਹੈ। ਸੂਬੇ ਦੀ ਮਾਲੀ ਹਾਲਤ ਸਰਕਾਰ ਦੀ ਚਿੰਤਾ ਦਾ ਵੱਡਾ ਸਬੱਬ ਤਾਂ ਹੈ ਹੀ ਉਥੇ ਕਰਮਚਾਰੀਆਂ, ਬਾਗਬਾਨੀ ਜਾਂ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਵੀ ਖਰਾਬ ਵਿੱਤੀ ਸਥਿਤੀ ਪ੍ਰੇਸ਼ਾਨੀ ਪੈਦਾ ਕਰਨ ਵਾਲੀ ਹੈ। ਇਸੇ ਖਤਰੇ ਨੂੰ ਭਾਂਪ ਕੇ ਸੂਬੇ ’ਚ ਸੁੱਖੂ ਦੀ ਕਾਂਗਰਸ ਸਰਕਾਰ ਕੌੜੇ ਫੈਸਲੇ ਲੈ ਰਹੀ ਹੈ। ਜਾਂ ਇੰਝ ਕਹੀਏ ਕਿ ਗੈਰ-ਵਿਵਹਾਰਕ ਫੈਸਲਿਆਂ ਨੂੰ ਵਿਵਹਾਰਕ ਬਣਾ ਰਹੀ ਹੈ।

ਹਿਮਾਚਲ ਨਾ ਤਾਂ ਗਰੀਬ ਸੂਬਾ ਹੈ ਅਤੇ ਨਾ ਹੀ ਇਥੇ ਭੁੱਖਮਰੀ ਵਰਗੀ ਨੌਬਤ ਹੈ ਪਰ ਇਥੇ ਲੋਕ ਨਿੱਜੀ ਜਾਂ ਸੈਰ-ਸਪਾਟਾ ਕਾਰੋਬਾਰ ਤੋਂ ਵੱਧ ਸਰਕਾਰੀ ਨੌਕਰੀ ਦੀ ਆਰਾਮਗਾਹ ਪਾਉਣਾ ਚਾਹੁੰਦੇ ਹਨ। ਬਸ ਇਥੋਂ ਹੀ ਵਿਛਦੀ ਹੈ ਸਿਆਸੀ ਬਿਸਾਤ ਭਾਵ ਮੁਲਾਜ਼ਮਾਂ ਦਾ ਪਾਰਟੀਆਂ ’ਤੇ ਪ੍ਰਭਾਵ। ਸੂਬੇ ’ਚ ਕਾਂਗਰਸ ਸਰਕਾਰ ਪੈਨਸ਼ਨ ਅਤੇ ਬਟੂਆ ਭੱਤੇ ਦੇ ਮੁੱਦਿਆਂ ’ਤੇ ਸੱਤਾ ’ਚ ਆਈ ਸੀ ਪਰ ਪੈਨਸ਼ਨ, ਤਨਖਾਹ, ਭੱਤੇ ਇੰਨੇ ਭਾਰੀ ਹੋ ਗਏ ਕਿ ਵਿਕਾਸ ਦੇ ਕੰਮਾਂ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਉੱਪਰੋਂ ਆਫਤ ਦਾ ਕਹਿਰ। ਇੰਕਰੀਮੈਂਟ, ਏਰੀਅਰ ਦੇ ਭੁਗਤਾਨ ਦੀ ਲੰਬੀ ਸੂਚੀ ਅਤੇ ਕਰਜ਼ ’ਤੇ ਕਰਜ਼। ਕੁਲ ਮਿਲਾ ਕੇ ਘੋਰ ਕੰਗਾਲੀ। ਹੁਣ ਸੁੱਖੂ ਸਰਕਾਰ ਵੱਲੋਂ ਕੌੜੇ ਫੈਸਲੇ ਲੈਣਾ ਲਾਜ਼ਮੀ ਹੈ। ਪੈਨਸ਼ਨ ਦੇ ਚੱਕਰ ’ਚ ਬਿਜਲੀ ਵੀ ਹੱਥੋਂ ਗਈ ਅਤੇ ਬੱਸਾਂ ’ਚ ਥੈਲਿਆਂ ਦਾ ਕਿਰਾਇਆ ਲੱਗਾ, ਉਹ ਵੱਖਰਾ। ਇਨ੍ਹਾਂ ਸਾਰੀਆਂ ਕਿਫਾਇਤਾਂ ਤੋਂ ਭੱਜਦੀ ਸਰਕਾਰ ਇਸ ਕੋਸ਼ਿਸ਼ ’ਚ ਹੈ ਕਿ ਜੰਗਲ ਤੋਂ ਬਿਜਲੀ ਤੋਂ ਹਿਮਾਚਲ ’ਚ ਕਰੋੜਾਂ ਰੁਪਇਆਂ ਦੀ ਧਨ ਵਸੂਲੀ ਕੀਤੀ ਜਾਏ। ਇਸ ਦੇ ਲਈ ਬਿਜਲੀ ਅਤੇ ਵਣ ਸਲਾਹਕਾਰਾਂ ਨੇ ਮਜ਼ਬੂਤ ਵਾਅਦੇ ਵੀ ਕੀਤੇ ਹਨ ਪਰ ਕੇਂਦਰ ਦੀ ਸਰਕਾਰ ਵਿਰੋਧੀ ਪਾਰਟੀਆਂ ਦੀ ਸਰਕਾਰ ਦੀ ਪੈਰਵੀ ਮੰਨੇਗੀ, ਇਹ ਮੁਸ਼ਕਲ ਜਾਪਦਾ ਹੈ।

ਅਜਿਹੇ ’ਚ ਕਾਂਗਰਸ ਸਰਕਾਰ ਦੀਆਂ ਦੋ ਮੁਸ਼ਕਲਾਂ ਆਉਣ ਵਾਲੇ ਸਮੇਂ ’ਚ ਵਧ ਸਕਦੀਆਂ ਹਨ। ਪਹਿਲਾ, ਪੈਨਸ਼ਨ ਦਾ ਅਧੂਰਾ ਵਾਅਦਾ ਪੂਰਾ ਹੋਣ ਦਾ। ਭਾਵ ਬੋਰਡਾਂ, ਨਿਗਮਾਂ, ਸੰਵਿਧਾਨਿਕ ਸੰਸਥਾਵਾਂ ’ਚ ਪੈਨਸ਼ਨ ਨਾ ਮਿਲਣ ਦੀ ਨਾਰਾਜ਼ਗੀ, ਜਿਨ੍ਹਾਂ ਵਿਭਾਗਾਂ ’ਚ ਮਿਲੇਗੀ ਉਨ੍ਹਾਂ ਨੂੰ ਦੇਣ ਦੀ ਪੇਚੀਦਗੀ, ਏਰੀਅਰ ਨਾ ਦੇ ਸਕਣ ਦੀ ਸਥਿਤੀ। ਦੂਸਰਾ, ਮੁਫਤ ਦੀ ਆਦਤ ਵਾਲੀ ਸਕੀਮ ’ਤੇ ਨਕੇਲ ਕੱਸਣੀ। ‘ਫ੍ਰੀ’ ਬਿਜਲੀ ਬੰਦ, ‘ਫ੍ਰੀ’ ਯਾਤਰਾ ਬੰਦ, ‘ਫ੍ਰੀ’ ਦਾ ਪਾਣੀ ਬੰਦ, ਇਹ ਬੰਦ ਹੋਣਗੇ ਤਾਂ ਉਥੋਂ ਹੀ ਨਿਕਲੇਗਾ 1500 ਰੁਪਏ ਬਟੂਏ ’ਚ ਜਾਣ ਦਾ ਰਾਹ। ਉਂਝ ਚਰਚਾ ਹੈ ਕਿ ਪਾਰਟੀ ਮੈਨੀਫੈਸਟੋ ’ਚ ਫ੍ਰੀ ਦੇਣ ਦੀ ਗੱਲ ਤਾਂ ਸੀ ਪਰ ਫ੍ਰੀ ਨੂੰ ਬੰਦ ਕਰਨ ਦੀ ਗੱਲ ਨਹੀਂ ਸੀ। ਬਸ ਇਨ੍ਹਾਂ ਫੈਸਲਿਆਂ ਨਾਲ ਸੁੱਖੂ ਸਰਕਾਰ ਨੂੰ ਸਿਆਸੀ ਦਿੱਕਤ ਆ ਸਕਦੀ ਹੈ ਜਿਸ ਨੂੰ ਭਾਜਪਾ ਚੰਗੀ ਤਰ੍ਹਾਂ ਭੁਨਾਏਗੀ। ਨਾ ਕੇਂਦਰ ਹਿਮਾਚਲ ’ਤੇ ਰਹਿਮ ਕਰੇਗਾ, ਨਾ ਹੀ ਕਾਂਗਰਸ ਵਿਸ਼ੇਸ਼ ਬਜਟ ਲਿਆ ਸਕੇਗੀ।

ਕੁਲ ਮਿਲਾ ਕੇ ਅੱਧੇ ਦਹਾਕੇ ਦੇ ਗੈਰ-ਵਿਵਹਾਰਕ ਫੈਸਲਿਆਂ ’ਤੇ ਸੁੱਖੂ ਦੀ ਕੈਂਚੀ ਚੱਲੇਗੀ, ਤਾਂ ਚੁਟਕੀ ’ਚ ਮਾਲੀ ਹਾਲਤ ਤਾਂ ਨਹੀਂ ਸੁਧਰੇਗੀ ਪਰ ਇਸ ਨੂੰ ਇਕ ਕਦਮ ਸੁਧਾਰ ਦਾ ਮੰਨਿਆ ਜਾ ਸਕਦਾ ਹੈ। 50 ਸਾਲਾਂ ਦੀ ਵਿਵਸਥਾ ਤਬਦੀਲੀ, ਪੰਜ ਸਾਲ ’ਚ ਹੋਣੀ ਅਸੰਭਵ ਹੈ।

ਜਦੋਂ ਤਕ ਠੋਸ ਨੀਤੀਆਂ ਧਰਾਤਲ ’ਤੇ ਨਹੀਂ ਹੋਣਗੀਆਂ। ਟੂਰਿਜ਼ਮ ਤੋਂ ਪੈਰਾਂ ਸਿਰ ਹੋਣ ਦਾ ਰਾਹ ਹੋਵੇ ਜਾਂ ਫਿਰ ਸੂਬੇ ਦੇ ਲੋਕਾਂ ਲਈ ਰੋਜ਼ਗਾਰ ਵਿਵਸਥਾ, ਜਾਂ ਖੇਤੀ, ਬਾਗਬਾਨੀ ਅਤੇ ਪਸ਼ੂ ਪਾਲਣ ’ਚ ਤੁਰੰਤ ਸੁਧਾਰ ਅਤੇ ਬਦਲਾਅ।

ਜੇ ਭਾਵੀ ਯੋਜਨਾਵਾਂ ਨੂੰ ਪ੍ਰਸ਼ਾਸਨਿਕ ਮਜ਼ਬੂਤੀ ਨਾਲ ਚਲਾਇਆ ਜਾਵੇ, ਤਾਂ ਅਗਲੇ ਪੰਜ ਸਾਲ ’ਚ ਵਿਵਸਥਾ ਤਬਦੀਲੀ ਦਿਸੇਗੀ। ਜਿਵੇਂ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਪੰਜ ਸਾਲ ’ਚ ਸੈਰ-ਸਪਾਟਾ ਨਿਗਮ ਦੇ ਸਾਰੇ ਹੋਟਲ ਲਾਭ ’ਚ ਹੋਣਗੇ ਜਾਂ ਸਕੂਲਾਂ ਅਤੇ ਕਾਲਜਾਂ ’ਚ ਹੁਨਰ/ਕਿੱਤੇ ਨਾਲ ਜੁੜੇ ਵਿਸ਼ਿਆਂ ਦੇ ਸਕੂਲਾਂ ’ਚ ਅਧਿਆਪਕ ਮੌਜੂਦ ਹੋਣ। ਪਟਵਾਰੀ ਅਤੇ ਕਾਂਸਟੇਬਲ ਭਰਤੀ ਦੀ ਦੌੜ ਨਾ ਹੋਵੇ। ਹਰ ਘਰ ਸਿਹਤਮੰਦ ਹੋਵੇ, ਹਰ ਘਰ ’ਚ ਪੀਣ ਵਾਲਾ ਪਾਣੀ ਹੋਵੇ। ਘਰ-ਘਰ ਦਾ ਰਾਹ ਸੁਰੱਖਿਅਤ ਹੋਵੇ। ਇਹ ਬੁਨਿਆਦੀ ਤਬਦੀਲੀਆਂ ਹੋਣਗੀਆਂ ਤਾਂ ਕੁਝ ਵੀ ਬੰਦ ਕਰਨ ਦੀ ਨੌਬਤ ਨਹੀਂ ਆਏਗੀ। ਵਿਵਸਥਾ ਤਬਦੀਲੀ ਲਈ ‘ਬੰਦ’ ਦੀ ਥਾਂ ਤਬਦੀਲੀ ਦਾ ਫਾਰਮੂਲਾ ਲਾਗੂ ਹੋਵੇ। ਇਸੇ ਤਰ੍ਹਾਂ ਹੀ ਸਥਿਰ ਸੁਖਵਿੰਦਰ ਸਿੰਘ ਸੁੱਖੂ ਸੂਬੇ ’ਚ ਵਿੱਤੀ ਸਥਿਰਤਾ ਦੇ ਨਾਲ ਸਿਆਸੀ ਸਥਿਰਤਾ ਦੀ ਰਾਹ ਕੱਢ ਸਕਣਗੇ ਪਰ ਸਿਆਸੀ ਕਦਮ ਕਿੱਥੇ ਰੁਕਣਗੇ, ਇਹ ਦੇਖਣਾ ਹੋਵੇਗਾ।

ਡਾ. ਰਚਨਾ ਗੁਪਤਾ


author

Rakesh

Content Editor

Related News