ਖਾਣ-ਪੀਣ ਵਾਲੀਆਂ ਵਸਤਾਂ ’ਚ ਮਿਲਾਵਟ ਦਾ ਖਤਰਾ-ਇਸ ਨਾਲ ਕਿਵੇਂ ਨਜਿੱਠੀਏ
Tuesday, Apr 29, 2025 - 06:19 PM (IST)

ਭੋਜਨ ਸਾਡੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦਾ ਸਭ ਤੋਂ ਅਹਿਮ ਪੱਖ ਹੈ ਅਤੇ ਪਾਲਣ-ਪੋਸ਼ਣ ਅਤੇ ਸਿਹਤ ਸਬੰਧੀ ਨੀਤੀਆਂ ਨੂੰ ਨਿਰਧਾਰਿਤ ਕਰਨ ’ਚ ਸਰਕਾਰ ਅਤੇ ਸਮਾਜ ਦੋਵੇਂ ਹੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਕੂਲਾਂ ’ਚ ਮਿਡ-ਡੇਅ ਮੀਲ ਤੋਂ ਲੈ ਕੇ ਸਰਕਾਰੀ ਸਪਾਂਸਰ ਸਮਾਰੋਹਾਂ ਤੱਕ, ਭੋਜਨ ਨਾਲ ਜੁੜੇ ਫੈਸਲੇ ਅਕਸਰ ਪਾਲਣ-ਪੋਸ਼ਣ ਸਬੰਧੀ ਲੋੜਾਂ ਦੀ ਬਜਾਏ ਸਮਾਜਿਕ ਅਤੇ ਸਿਆਸੀ ਅਦਾਰਿਆਂ ਵਲੋਂ ਸੰਚਾਲਿਤ ਹੁੰਦੇ ਹਨ। ਵਧੇਰੇ ਮਾਮਲਿਆਂ ’ਚ, ਸਿਹਤ ਦਾ ਸਵਾਲ ਅਕਸਰ ਪਿੱਛੇ ਰਹਿ ਜਾਂਦਾ ਹੈ।
ਕੁਝ ਸਮਾਂ ਪਹਿਲਾਂ ਹੋਏ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ-5ਏ 2019-21) ਅਨੁਸਾਰ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਬੌਣੇਪਨ ਦੀ ਦਰ 35.5 ਫੀਸਦੀ, ਕਮਜ਼ੋਰੀ ਦੀ ਦਰ 19.3 ਫੀਸਦੀ ਅਤੇ ਘੱਟ ਭਾਰ ਦੀ ਮੌਜੂਦਗੀ 32.1 ਫੀਸਦੀ ਹੈ। ਅਜਿਹੇ ਸਬੂਤਾਂ ਦੇ ਬਾਵਜੂਦ, ਪਾਲਣ-ਪੋਸ਼ਣ ਅਤੇ ਜਨਤਕ ਸਿਹਤ ਨੂੰ ਬੇਧਿਆਨ ਕੀਤਾ ਜਾਂਦਾ ਹੈ। ਭੋਜਨ ਦੀ ਗੁਣਵੱਤਾ ਬਾਰੇ ਇਸੇ ਤਰ੍ਹਾਂ ਦੀ ਉਦਾਸੀਨਤਾ ਇਹ ਦੱਸ ਸਕਦੀ ਹੈ ਕਿ ਖਾਣ-ਪੀਣ ਵਾਲੀਆਂ ਵਸਤਾਂ ’ਚ ਮਿਲਾਵਟ ਨੂੰ ਲੈ ਕੇ ਕੋਈ ਗੁੱਸਾ ਕਿਉਂ ਨਹੀਂ ਹੈ ਜੋ ਜਨਤਕ ਸਿਹਤ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।
1990 ਦੇ ਦਹਾਕੇ ’ਚ, ਮਿਲਾਵਟੀ ਦੁੱਧ ਬਾਰੇ ਕਹਾਣੀਆਂ ਸੁਣਨਾ ਆਮ ਗੱਲ ਸੀ। 2025 ’ਚ ਖਾਣ-ਪੀਣ ਵਾਲੀਆਂ ਵਸਤਾਂ ’ਚ ਮਿਲਾਵਟ ਦੀ ਸਮੱਸਿਆ ਬਣੀ ਹੋਈ ਹੈ। ਉਦਾਹਰਣ ਲਈ 2011 ’ਚ ਦੁੱਧ ’ਚ ਮਿਲਾਵਟ ’ਤੇ ਕੌਮੀ ਸਰਵੇਖਣ ਤੋਂ ਪਤਾ ਲੱਗਾ ਕਿ ਭਾਰਤ ’ਚ ਜਾਂਚੇ ਗਏ ਦੁੱਧ ਦੇ 70 ਫੀਸਦੀ ਨਮੂਨੇ ਖੁਰਾਕੀ ਸੁਰੱਖਿਆ ਦੇ ਪੱਧਰ ’ਤੇ ਖਰੇ ਨਹੀਂ ਉਤਰੇ। ਦੁੱਧ ’ਚ ਪਾਣੀ ਦੀ ਮੁੱਖ ਰੂਪ ’ਚ ਮਿਲਾਵਟ ਕੀਤੀ ਜਾਂਦੀ ਹੈ। ਹੋਰਨਾਂ ਮਿਲਾਵਟਾਂ ’ਚ ਲੂਣ, ਡਿਟਰਜੈਂਟ ਅਤੇ ਗੁਲੂਕੋਜ਼ ਸ਼ਾਮਲ ਹਨ।
ਪਿਛਲੇ ਕੁਝ ਦਿਨਾਂ ਦੌਰਾਨ ਪਨੀਰ, ਤਰਬੂਜ਼, ਮਸਾਲਿਆਂ ਆਦਿ ਵਰਗੀਆਂ ਰੋਜ਼ਾਨਾ ਦੀ ਵਰਤੋਂ ਵਾਲੀਆਂ ਕਈ ਹੋਰ ਵਸਤਾਂ ’ਚ ਖੁਰਾਕੀ ਮਿਲਾਵਟ ਬਾਰੇ ਚਿੰਤਾਜਨਕ ਰਿਪੋਰਟਾਂ ਆਈਆਂ ਹਨ। ਦਿੱਲੀ, ਮੁੰਬਈ, ਨੋਇਡਾ ਵਰਗੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਬਾਜ਼ਾਰ ‘ਨਕਲੀ ਪਨੀਰ’ ਨਾਲ ਭਰੇ ਪਏ ਹਨ। ਸਭ ਤੋਂ ਆਮ ਮਿਲਾਵਟ ’ਚ ਸਟਾਰਚ, ਡਿਟਰਜੈਂਟ, ਸਿੰਥੈਟਿਕ ਦੁੱਧ, ਐਸੇਟਿਕ ਐਸਿਡ ਆਦਿ ਸ਼ਾਮਲ ਹਨ। ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਦੀ ਵਰਤੋਂ ਕਰਨ ਨਾਲ ਸਿਹਤ ਸਬੰਧੀ ਗੰਭੀਰ ਨਤੀਜੇ ਨਿਕਲ ਸਕਦੇ ਹਨ, ਜਿਨ੍ਹਾਂ ’ਚ ਫੂਡ ਪੁਆਇਜ਼ਨਿੰਗ ਆਦਿ ਸ਼ਾਮਲ ਹਨ। ਕਈ ਵਾਰ ਇਸ ਕਾਰਨ ਮੌਤ ਵੀ ਹੋ ਜਾਂਦੀ ਹੈ।
ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਦੀ ਵਰਤੋਂ ਅਜਿਹੇ ਦੇਸ਼ ’ਚ ਖਤਰੇ ਦੀ ਘੰਟੀ ਵਜਾ ਸਕਦੀ ਹੈ ਜੋ ਇਨਫੈਕਸ਼ਨ ਅਤੇ ਗੈਰ-ਇਨਫੈਕਟਿਡ ਦੋਹਾਂ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਭਾਰਤ ਨੂੰ ਅਕਸਰ ਦੁਨੀਆ ਦੀ ਸ਼ੂਗਰ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਇੱਥੇ 18 ਸਾਲ ਤੋਂ ਵੱਧ ਉਮਰ ਦੇ ਲਗਭਗ 77 ਮਿਲੀਅਨ ਲੋਕ ਇਸ ਗੈਰ-ਇਨਫੈਕਟਿਡ ਬੀਮਾਰੀ ਤੋਂ ਪੀੜਤ ਹਨ। ਭਾਰਤੀ ਮੈਡੀਕਲ ਖੋਜ ਕੌਂਸਲ ਅਤੇ ਮਦਰਾਸ ਸ਼ੂਗਰ ਖੋਜ ਫਾਊਂਡੇਸ਼ਨ ਚੇਨਈ ਵਲੋਂ ਕੁਝ ਦਿਨ ਪਹਿਲਾਂ ਕੀਤੇ ਗਏ ਅਧਿਐਨ ’ਚ ਇਸ ਦਾ ਕਾਰਨ ਭਾਰਤੀਆਂ ਵਲੋਂ ਵਰਤੇ ਜਾਣ ਵਾਲੇ ਭੋਜਨ ਨੂੰ ਦੱਸਿਆ ਗਿਆ ਹੈ।
ਸ਼ੂਗਰ ਦੇ ਰੋਗੀਆਂ ਦੀ ਵਧੇਰੇ ਗਿਣਤੀ ਤਲੀਆਂ ਹੋਈਆਂ ਅਤੇ ਵਧੇਰੇ ਪ੍ਰੋਸੈੱਸਡ ਕੀਤੀਆਂ ਖਾਣ-ਪੀਣ ਵਾਲੀਆਂ ਵਸਤਾਂ ਨਾਲ ਜੁੜੀ ਹੋਈ ਹੈ। ਘੱਟ ਗੁਣਵੱਤਾ ਵਾਲੇ ਤੇਲਾਂ ਦੀ ਵਰਤੋਂ ਇਕ ਹੋਰ ਕਾਰਨ ਹੈ। ਦੇਸ਼ ’ਚ ਸਭ ਤੋਂ ਵੱਧ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ’ਚ ਖਾਣ ਵਾਲੇ ਤੇਲ ਵੀ ਸ਼ਾਮਲ ਹਨ। ਸਰ੍ਹੋਂ ਦੇ ਤੇਲ ’ਚ ਚੌਲ ਦੀ ਫਕ ਦਾ ਤੇਲ, ਆਰਗੇਮੋਨ ਤੇਲ ਅਤੇ ਨਕਲੀ ਐਲਿਲ ਆਈਸੋਥਿਯੋਸਾਈਨੇਟ ਵਰਗੀ ਮਿਲਾਵਟ ਕੀਤੀ ਜਾਂਦੀ ਹੈ।
ਮਸਾਲਿਆਂ ’ਚ ਮਿਲਾਵਟ ਦਾ ਮਾਮਲਾ ਹੋਰ ਵੀ ਹੈਰਾਨ ਕਰਨ ਵਾਲਾ ਹੈ। ਅਪ੍ਰੈਲ 2024 ’ਚ, ਹਾਂਗਕਾਂਗ ਨੇ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਵੱਡੀ ਮਾਤਰਾ ਦੀ ਮੌਜੂਦਗੀ ਕਾਰਨ ਕੁਝ ਮਸਾਲਿਆਂ ਦੀ ਵਿਕਰੀ ਨੂੰ ਮੁਅੱਤਲ ਕਰ ਦਿੱਤਾ ਸੀ। ਭਾਰਤ ’ਚ ਬਣੇ ਮਸਾਲੇ, ਜਿਸ ਨੂੰ ਪ੍ਰਮੱੁਖ ਬਰਾਮਦ ਹੋਣ ਵਾਲੇ ਮਸਾਲਿਆਂ ’ਚੋਂ ਇਕ ਮੰਨਿਆ ਜਾਂਦਾ ਹੈ, ਸਮੁੱਚੀ ਦੁਨੀਆ ’ਚ ਵੱਡੇ ਪੱਧਰ ’ਤੇ ਵੇਚੇ ਜਾਂਦੇ ਹਨ।
ਸਿਹਤ ਪ੍ਰਭਾਵ ਤੋਂ ਇਲਾਵਾ ਜਦੋਂ ਇਹ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਦੇਸ਼ ਦੇ ਕੌਮਾਂਤਰੀ ਵੱਕਾਰ ਨੂੰ ਵੀ ਨੁਕਸਾਨ ਪਹੁੰਚਦਾ ਹੈ। ਯੂਰਪੀਅਨ ਯੂਨੀਅਨ ਨੇ ਪਹਿਲਾਂ ਹੀ ਭਾਰਤ ਤੋਂ ਆਉਣ ਵਾਲੀ ਮਿਰਚ ਅਤੇ ਕਾਲੀ ਮਿਰਚ ’ਚ ਐਥੀਲੀਨ ਆਕਸਾਈਡ ਦੀ ਮੌਜੂਦਗੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਇਸ ਨੇ 2019 ਅਤੇ 2024 ਦਰਮਿਆਨ ਭਾਰੀ ਮਿਲਾਵਟ ਕਾਰਨ 400 ਵਸਤਾਂ ’ਤੇ ਪਾਬੰਦੀ ਵੀ ਲਾਈ ਹੈ।
ਭਾਰਤੀ ਖੁਰਾਕ ਸੁਰੱਖਿਆ ਅਤੇ ਸਟੈਂਡਰਡ ਅਥਾਰਟੀ ਵਲੋਂ ਛਾਪੇ ਮਾਰੇ ਜਾ ਰਹੇ ਹਨ, ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਨਿਰਮਾਤਾਵਾਂ ਦੇ ਵਿਨਿਰਮਾਣ ਲਾਇਸੈਂਸ ਰੱਦ ਕੀਤੇ ਗਏ ਹਨ। ਲੋਕਾਂ ਨੂੰ ਮਿਲਾਵਟੀ ਵਸਤਾਂ ਨੂੰ ਖਰੀਦਣ ਤੋਂ ਚੌਕਸ ਰਹਿਣ, ਧਿਆਨ ਨਾਲ ਜਾਂਚ ਕਰਨ ਅਤੇ ਘਰ ’ਚ ਪਨੀਰ ਵਰਗੀਆਂ ਵਸਤਾਂ ਖਾਣ ਲਈ ਵੀ ਨਿਰਦੇਸ਼ਿਤ ਕੀਤਾ ਗਿਆ ਹੈ ਪਰ ਅਜਿਹੇ ਉਪਾਅ ਚੋਖੇ ਨਹੀਂ ਹਨ।
ਇਹ ਕਹਿ ਕੇ ਕਿ ਨਾਗਰਿਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਘਰ ਹੀ ਭੋਜਨ ਕਰਨਾ ਚਾਹੀਦਾ ਹੈ, ਭੋਜਨ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਦੀ ਜ਼ਿੰਮੇਵਾਰੀ ਸਰਕਾਰ ਤੋਂ ਵਿਅਕਤੀ ’ਚ ਤਬਦੀਲ ਕਰ ਦਿੱਤੀ ਜਾਂਦੀ ਹੈ। ਇਹ ਅਜਿਹੇ ਦੇਸ਼ ’ਚ ਹਾਸਲ ਕਰਨਾ ਖਾਸ ਤੌਰ ’ਤੇ ਔਖਾ ਹੈ ਜਿੱਥੇ ਅਜੇ ਵੀ ਗਰੀਬਾਂ ਅਤੇ ਅਨਪੜ੍ਹ ਲੋਕਾਂ ਦੀ ਵੱਡੀ ਆਬਾਦੀ ਹੈ। ਸਮੱਸਿਆ ਵਧੀਆ ਖੇਤੀਬਾੜੀ, ਪ੍ਰਾਸੈਸਿੰਗ ਅਤੇ ਪੈਕੇਜਿੰਗ ਰਵਾਇਤਾਂ ਦੀ ਮੰਗ ਕਰਦੀ ਹੈ। ਹਰ ਪੱਧਰ ’ਤੇ ਉਤਪਾਦਕਾਂ ਨੂੰ ਸੁਰੱਖਿਅਤ ਖਾਣ-ਪੀਣ ਵਾਲੀਆਂ ਰਵਾਇਤਾਂ ਸਬੰਧੀ ਵਧੀਆਂ ਸਿਖਲਾਈ ਅਤੇ ਗਿਆਨ ਦੇਣ ਦੀ ਲੋੜ ਹੈ। ਪੂਰੇ ਭਾਰਤ ’ਚ ਸਖਤ ਅਮਲ ਯਕੀਨੀ ਕਰਨਾ ਚਾਹੀਦਾ ਹੈ ਕਿਉਂਕਿ ਕਈ ਸੂਬਿਆਂ ’ਚ ਅਜਿਹਾ ਕਰਨ ਲਈ ਬੁਨਿਆਦੀ ਢਾਂਚੇ ਨਹੀਂ ਹਨ। ਭੋਜਨ ’ਚ ਕੀਟਨਾਸ਼ਕਾਂ ਦੇ ਵਧਦੇ ਪੱਧਰ ਨੂੰ ਵੇਖਣ ਅਤੇ ਭੋਜਨ ਦੀ ਗੁਣਵੱਤਾ ਅਤੇ ਸਿਹਤ ਦੇ ਨਾਲ ਇਸ ਦੇ ਸੰਬੰਧ ’ਤੇ ਵਿਚਾਰ ਕਰਨ ਦੀ ਵੀ ਲੋੜ ਹੈ। ਸਾਨੂੰ ਪਾਲਣ-ਪੋਸ਼ਣ ਅਤੇ ਸਿਹਤ ਸੰਬੰਧੀ ਖਤਰਿਆਂ ਨਾਲ ਲੜਨ ਲਈ ਖੁਰਾਕ ਸਾਖਰਤਾ ਦੀ ਧਾਰਨਾ ਨੂੰ ਵਿਕਸਿਤ ਕਰਨਾ ਚਾਹੀਦਾ ਹੈ।
ਰਿਤੁਪਰਣਾ ਪਾਟਗਿਰੀ