ਵਾਰ-ਵਾਰ ਬੰਬਾਂ ਦੀਆਂ ਧਮਕੀਆਂ ਦੇ ਕੇ ਦੇਸ਼ ’ਚ ਦਹਿਸ਼ਤ ਫੈਲਾਉਣ ਦਾ ਯਤਨ!

Friday, Aug 22, 2025 - 02:34 AM (IST)

ਵਾਰ-ਵਾਰ ਬੰਬਾਂ ਦੀਆਂ ਧਮਕੀਆਂ ਦੇ ਕੇ ਦੇਸ਼ ’ਚ ਦਹਿਸ਼ਤ ਫੈਲਾਉਣ ਦਾ ਯਤਨ!

ਪਿਛਲੇ ਕੁਝ ਸਮੇਂ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਸਕੂਲਾਂ, ਸਰਕਾਰੀ ਦਫਤਰਾਂ, ਜਨ-ਪ੍ਰਤੀਨਿਧੀਆਂ ਦੇ ਆਵਾਸਾਂ, ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਅਦਾਲਤਾਂ ਆਦਿ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵੱਖ-ਵੱਖ ਮਾਧਿਅਮਾਂ ਤੋਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਨਾਲ ਜਿੱਥੇ ਆਮ ਜਨਤਾ ’ਚ ਦਹਿਸ਼ਤ ਫੈਲਦੀ ਹੈ, ਉੱਥੇ ਹੀ ਸੁਰੱਖਿਆ ਬਲਾਂ ਦੀ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ। ਧਮਕੀਆਂ ਦੀਆਂ ਪਿਛਲੇ ਤਿੰਨ ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 28 ਜੂਨ ਨੂੰ ‘ਜੋਧਪੁਰ’ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਫੋਨ ਕਾਲ ਆਉਣ ਨਾਲ ਤਰਥੱਲੀ ਮਚ ਗਈ ਅਤੇ ਰੇਲਵੇ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ’ਚ ਆ ਗਈਆਂ । ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।

* 21 ਜੁਲਾਈ ਨੂੰ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਕਿਸੇ ਅਣਪਛਾਤੇ ਵਿਅਕਤੀ ਨੇ ਏਅਰਪੋਰਟ ਪ੍ਰਸ਼ਾਸਨ ਨੂੰ ਫੋਨ ਕਰ ਕੇ ਕਿਹਾ ਕਿ ਹਵਾਈ ਅੱਡੇ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਧਮਕੀ ਮਿਲਦੇ ਹੀ ਹਵਾਈ ਅੱਡੇ ’ਤੇ ਭਾਜੜ ਮਚ ਗਈ ਅਤੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ।

* 26 ਜੁਲਾਈ ਨੂੰ ਮੁੰਬਈ ਪੁਲਸ ਦੇ ਕੰਟਰੋਲ ਰੂਮ ’ਚ ਇਕ ਤੋਂ ਬਾਅਦ ਇਕ ਵੱਖ-ਵੱਖ ਨੰਬਰਾਂ ਤੋਂ 3 ਧਮਕੀ ਭਰੀਆਂ ਕਾਲਾਂ ਆਈਆਂ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਕਿ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ਦੇ ਟਰਮੀਨਲ-2 ’ਤੇ ਬੰਬ ਰੱਖਿਆ ਗਿਆ ਹੈ ਅਤੇ ਕੁਝ ਹੀ ਦੇਰ ’ਚ ਜ਼ੋਰਦਾਰ ਧਮਾਕਾ ਹੋਣ ਵਾਲਾ ਹੈ।

* 26 ਜੁਲਾਈ ਨੂੰ ਹੀ ਜੈਪੁਰ ਕੌਮਾਂਤਰੀ ਹਵਾਈ ਅੱਡੇ ਅਤੇ ਮੁੱਖ ਮੰਤਰੀ ਦਫਤਰ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਭਰੀ ਈਮੇਲ ਆਉਣ ਤੋਂ ਬਾਅਦ ਭਾਜੜ ਮਚ ਗਈ ਅਤੇ ਪੁਲਸ, ਸੀ. ਆਈ. ਐੱਸ. ਐੱਫ., ਬੰਬ ਨਿਰੋਧਕ ਦਸਤੇ, ਅੱਗ ਬੁਝਾਊ ਦਲ ਅਤੇ ਨਾਗਰਿਕ ਸੁਰੱਖਿਆ ਦਲਾਂ ਸਮੇਤ ਕਈ ਏਜੰਸੀਆਂ ਨੇ ਦੋਵਾਂ ਥਾਵਾਂ ਦੀ ਘੇਰਾਬੰਦੀ ਕਰਕੇ ਚੰਗੀ ਤਰ੍ਹਾਂ ਤਲਾਸ਼ੀ ਲਈ ਪਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।

* 3 ਅਗਸਤ ਨੂੰ ‘ਕੇਂਦਰੀ ਰਾਸ਼ਟਰੀ ਰਾਜਮਾਰਗ’ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ‘ਨਾਗਪੁਰ’ ਸਥਿਤ ਨਿਵਾਸ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਭੇਜਣ ਵਾਲੇ ‘ਉਮੇਸ਼ ਵਿਸ਼ਨੂੰ ਰਾਊਤ’ ਨਾਂ ਦੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।

* 11 ਅਗਸਤ ਨੂੰ ‘ਜੈਪੁਰ’ ’ਚ ਪੁਲਸ ਕੰਟਰੋਲ ਰੂਮ ’ਚ ਫੋਨ ਕਰਕੇ ਮੁੱਖ ਮੰਤਰੀ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਗਈ ਧਮਕੀ ਨੇ ਖਲਬਲੀ ਮਚਾ ਦਿੱਤੀ।

* 14 ਅਗਸਤ ਨੂੰ ਫੋਨ ’ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ‘ਐੱਮ. ਕੇ. ਸਟਾਲਿਨ’ ਨੂੰ 15 ਅਗਸਤ ਦੇ ਝੰਡਾ ਚੜ੍ਹਾਉਣ ਦੇ ਪ੍ਰੋਗਰਾਮ ਦੌਰਾਨ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

* 19 ਅਗਸਤ ਨੂੰ ‘ਜੈਪੁਰ’ (ਰਾਜਸਥਾਨ) ’ਚ ਸ਼ਹਿਰ ਦੇ 2 ਵੱਕਾਰੀ ਸਕੂਲਾਂ ‘ਦਿ ਪੈਲੇਸ ਸਕੂਲ’ ਅਤੇ ‘ਐੱਸ. ਐੱਮ. ਐੱਸ. ਸਕੂਲ’ ਨੂੰ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਖਲਬਲੀ ਮਚ ਗਈ।

* 19 ਅਗਸਤ ਨੂੰ ਹੀ ‘ਬੀ. ਐੱਸ. ਐੱਫ.’ ਦੇ ਇਕ ਜਵਾਨ ਨੇ ‘ਆਰ. ਐੱਸ. ਪੁਰਾ ਸੈਕਟਰ’ ’ਚ ਭਾਰਤ-ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ’ਤੇ ਇਕ ਕਬੂਤਰ ਨੂੰ ਫੜਿਆ ਜਿਸ ਦੇ ਪੈਰ ਨਾਲ ਬੱਝੀ ਪਰਚੀ ’ਚ ਜੰਮੂਤਵੀ ਰੇਲਵੇ ਸਟੇਸ਼ਨ ’ਤੇ ਆਈ. ਈ. ਡੀ. ਬਲਾਸਟ ਦੀ ਧਮਕੀ ਉਰਦੂ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ’ਚ ਲਿਖੀ ਗਈ ਸੀ। ਉਰਦੂ ’ਚ ਲਿਖੇ ਸੰਦੇਸ਼ ’ਚ ਕਿਹਾ ਗਿਆ ਹੈ ਕਿ ਕਸ਼ਮੀਰ ਸਾਡਾ ਹੈ, ਹੁਣ ਸਮਾਂ ਆ ਗਿਆ ਹੈ।

* 20 ਅਗਸਤ ਨੂੰ ‘ਚੰਡੀਗੜ੍ਹ’ ’ਚ ਸੈਕਟਰ-1 ਸਥਿਤ ਪੰਜਾਬ-ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਨੂੰ ਈਮੇਲ ਰਾਹੀਂ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭੇਜੀ ਗਈ ਜਿਸ ਤੋਂ ਬਾਅਦ ਹਾਈਕੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ।

ਇਸ ਨੂੰ ਭਗਵਾਨ ਦੀ ਕਿਰਪਾ ਹੀ ਕਹਿਣਾ ਚਾਹੀਦਾ ਹੈ ਕਿ ਉਕਤ ਧਮਕੀਆਂ ਜਾਂ ਅਜਿਹੀਆਂ ਹੋਰ ਧਮਕੀਆਂ ਝੂਠੀਆਂ ਹੀ ਸਿੱਧ ਹੋਈਆਂ ਹਨ ਅਤੇ ਕੋਈ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਨ੍ਹਾਂ ਨਾਲ ਸੁਰੱਖਿਆ ਬਲ ਅਲਰਟ ਹੋ ਕੇ ਤਮਾਮ ਧਮਕੀਆਂ ਦੀ ਜਾਂਚ-ਪੜਤਾਲ ’ਚ ਜੁਟੇ ਰਹੇ।

ਪਰ ਇਨ੍ਹਾਂ ਧਮਕੀਆਂ ਨਾਲ ਸੰਬੰਧਤ ਅਦਾਰਿਆਂ ’ਚ ਕੰਮਕਾਜ ਦਾ ਨੁਕਸਾਨ ਹੋਇਆ ਅਤੇ ਸੰਬੰਧਤ ਲੋਕਾਂ ਅਤੇ ਵਿਭਾਗਾਂ ਦੀ ਊਰਜਾ ਵਿਅਰਥ ’ਚ ਨਸ਼ਟ ਹੋਈ ਜੋ ਅਜਿਹੀ ਸਥਿਤੀ ਪੈਦਾ ਨਾ ਹੋਣ ’ਤੇ ਦੂਜੇ ਕੰਮਾਂ ’ਚ ਲਗਾਈ ਜਾ ਸਕਦੀ ਸੀ। ਇਸ ਲਈ ਅਜਿਹੀਆਂ ਅਫਵਾਹਾਂ ਨਾਲ ਲੋਕਾਂ ’ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਪਤਾ ਲਗਾ ਕੇ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨਾ ਸਮੇਂ ਦੀ ਮੰਗ ਹੈ।

–ਵਿਜੇ ਕੁਮਾਰ
 


author

Inder Prajapati

Content Editor

Related News