ਭਾਰਤ ਦਾ ‘ਸਿੰਘ ਦੁਆਰ’ ਪੰਜਾਬ

Sunday, Apr 06, 2025 - 03:54 PM (IST)

ਭਾਰਤ ਦਾ ‘ਸਿੰਘ ਦੁਆਰ’ ਪੰਜਾਬ

ਪੰਜਾਬ ਹਮੇਸ਼ਾ ਭਾਰਤ ਲਈ ਇਕ ਸ਼ਕਤੀਸ਼ਾਲੀ ‘ਕਿਲ੍ਹਾ’ ਰਿਹਾ ਹੈ। ਜਦੋਂ ਵੀ ਵਿਦੇਸ਼ੀ ਹਮਲਾਵਰ ਆਏ, ਪੰਜਾਬ ਸੀਨਾ ਤਾਣ ਕੇ ਉਨ੍ਹਾਂ ਦੇ ਵਿਰੁੱਧ ਖੜ੍ਹਾ ਹੋਇਆ। ਇਹ ਪੰਜਾਬ ਹੀ ਸੀ ਜਿਸ ਨੇ ‘ਵਿਸ਼ਵ ਜੇਤੂ ਸਿਕੰਦਰ ਮਹਾਨ’ ਨੂੰ ਉਸ ਦੀ ਫੌਜ ਸਮੇਤ ਯੂਨਾਨ ਵਾਪਸ ਭੇਜਿਆ ਸੀ। ਸਿਕੰਦਰ ਨੂੰ ਪੰਜਾਬ ਦੇ ਰਾਜਾ ਪੋਰਸ ਦੀ ਬਹਾਦਰੀ ਨੂੰ ਸਵੀਕਾਰ ਕਰਨਾ ਪਿਆ।

ਸਿਕੰਦਰ ਨੇ ਜੇਹਲਮ ਨਦੀ ਪਾਰ ਕਰ ਲਈ ਪਰ ਉਸ ਦੀਆਂ ਫੌਜਾਂ ਨੇ ਬਿਆਸ ਨਦੀ ਪਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਅੱਗੇ ਮਗਧ ਰਾਜ ਦੀਆਂ ਫੌਜਾਂ ਸਿਕੰਦਰ ਦਾ ਸਾਹਮਣਾ ਕਰਨ ਲਈ ਤਿਆਰ ਸਨ। ਅੱਜ ਵੀ ‘ਬਿਆਸ ਦਰਿਆ’ ਅਤੇ ਇਸ ’ਤੇ ਸਥਿਤ ‘ਕਾਠਗੜ੍ਹ ਦਾ ਸ਼ਿਵਲਿੰਗ’ ਇਸ ਗੱਲ ਦੇ ਗਵਾਹ ਹਨ ਕਿ ਪੰਜਾਬ ਨੇ ਸਿਕੰਦਰ ਦੀਆਂ ਫੌਜਾਂ ਨੂੰ ਉਤਸ਼ਾਹਹੀਣ ਕਰ ਦਿੱਤਾ ਸੀ।

ਪਰ 8ਵੀਂ ਸਦੀ ਦੇ ਪਹਿਲੇ ਪੜਾਅ ਵਿਚ ਭਾਵ ਇਸਲਾਮ ਦੇ ਆਗਮਨ ਨਾਲ, ਪੰਜਾਬ ਵਿਚ ਹਫੜਾ-ਦਫੜੀ ਫੈਲਣੀ ਸ਼ੁਰੂ ਹੋ ਗਈ। ਪੰਜਾਬ ਦਾ ਇਹ ਸ਼ਕਤੀਸ਼ਾਲੀ ‘ਕਿਲ੍ਹਾ’ ਹਿੱਲਣ ਲੱਗ ਪਿਆ। ਖੈਰ, ਪੰਜਾਬ ਹਮੇਸ਼ਾ ਵਿਦੇਸ਼ੀ ਹਮਲਾਵਰਾਂ ਵਲੋਂ ਲਤਾੜ ਹੁੰਦਾ ਆਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਤੋਂ ਪਹਿਲਾਂ ਵੀ ਪੰਜਾਬ ਦੀ ਹਾਲਤ ਬਹੁਤ ਹੀ ਤਰਸਯੋਗ ਸੀ।

ਪੰਜਾਬ ਵਿਦੇਸ਼ੀ ਹਮਲਾਵਰਾਂ ਲਈ ‘ਗੇਟਵੇਅ ਆਫ ਇੰਡੀਆ’ (ਭਾਰਤ ਦਾ ਪ੍ਰਵੇਸ਼ ਦੁਆਰ) ਸੀ। ਇਸਲਾਮੀ ਹਮਲਿਆਂ ਨੇ ਨਾ ਸਿਰਫ਼ ਪੰਜਾਬ ਨੂੰ ਅਸੰਗਠਿਤ ਕੀਤਾ ਸਗੋਂ ਪੰਜਾਬ ਦੀ ਸਦਭਾਵਨਾ ਨੂੰ ਵੀ ਆਪਣੇ ਪੈਰਾਂ ਹੇਠ ਮਧੋਲ ਦਿੱਤਾ। ਬਦਕਿਸਮਤੀ ਨਾਲ, ਪੰਜਾਬ ਵਿਚ ਆਪਸੀ ਫੁੱਟ ਅਤੇ ਕੁਦਰਤੀ ਆਫ਼ਤਾਂ ਨੇ ਵੀ ਇਸ ਦੀ ਕਮਰ ਤੋੜ ਦਿੱਤੀ। ਬਹਾਦਰ ਪੰਜਾਬੀ ਇਸਲਾਮ ਦੇ ਆਉਣ ਨਾਲ ਇਸ ਪ੍ਰਵਾਹ ਨੂੰ ਨਹੀਂ ਰੋਕ ਸਕੇ। ਸੰਨ 712 ਈਸਵੀ ਵਿਚ, ਮੁਹੰਮਦ-ਬਿਨ-ਕਾਸਿਮ ਨੇ ਪੰਜਾਬ ਦੇ ਰਾਜਾ ‘ਦਾਹਿਰ’ ਨੂੰ ਹਰਾਇਆ ਅਤੇ ਮੁਲਤਾਨ ਨੂੰ ਆਪਣਾ ਫੌਜੀ ਕੇਂਦਰ ਬਣਾਇਆ।

ਮਹਿਮੂਦ ਗਜ਼ਨਵੀ ਨੇ ਪੰਜਾਬ ਉੱਤੇ ਹਮਲਾ ਕਰ ਦਿੱਤਾ। ਸਾਲ 1000 ਤੱਕ, ਮਹਿਮੂਦ ਗਜ਼ਨਵੀ ਨੇ ਪੂਰੇ ਪੰਜਾਬ ਅਤੇ ਦਿੱਲੀ ’ਤੇ ਕਬਜ਼ਾ ਕਰ ਲਿਆ। ਮਹਿਮੂਦ ਗਜ਼ਨਵੀ ਨੇ ਪੰਜਾਬ ਨੂੰ ਬਹੁਤ ਲੁੱਟਿਆ, 1193 ਈਸਵੀ ਵਿਚ ਮੁਹੰਮਦ ਗੌਰੀ ਨੇ ਪ੍ਰਿਥਵੀਰਾਜ ਚੌਹਾਨ ਨੂੰ ਬੰਦੀ ਬਣਾ ਲਿਆ। ਉਹ ਉਸ ਨੂੰ ਆਪਣੇ ਨਾਲ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਹ ਉਸ ਦਾ ਚਚੇਰਾ ਭਰਾ ਜੈਚੰਦ ਹੀ ਸੀ ਜੋ ਪ੍ਰਿਥਵੀਰਾਜ ਚੌਹਾਨ ਨੂੰ ਮਾਰਨ ਦੀ ਸਾਜ਼ਿਸ਼ ਵਿਚ ਸ਼ਾਮਲ ਸੀ।

ਭਾਰਤ ਆਪਣੇ ਹੀ ਲੋਕਾਂ ਵਲੋਂ ਵਾਰ-ਵਾਰ ਗੁਲਾਮ ਬਣਦਾ ਰਿਹਾ। ਇੱਥੇ ਮੀਰ ਜਾਫਰ ਵਰਗੇ ਗੱਦਾਰਾਂ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਪੰਜਾਬ ਦੇ ਬਹਾਦਰ ਸਿੱਖਾਂ ਨੇ ਅੱਤਵਾਦੀਆਂ ਵਿਰੁੱਧ ਬਹਾਦਰੀ ਨਾਲ ਲੜਾਈ ਲੜੀ। ਵਿਦੇਸ਼ੀ ਹਮਲਾਵਰ ਸਿੱਖਾਂ ਨੂੰ ਚੁਣ-ਚੁਣ ਮਾਰਦੇ ਸਨ। ਇੱਥੋਂ ਤੱਕ ਕਿ ਇਕ ਸਿੱਖ ਦੀ ਕੀਮਤ ਸਿਰਫ਼ ‘ਇਕ ਟਕਾ’ ਰੱਖੀ ਗਈ ਸੀ।

ਮੁਹੰਮਦ ਗੌਰੀ ਦੇ ਜਾਣ ਤੋਂ ਬਾਅਦ, ਪੰਜ ਸਾਲਾਂ ਦੇ ਅੰਦਰ-ਅੰਦਰ ‘ਤੈਮੂਰ ਲੰਗ’ ਪੰਜਾਬ ਨੂੰ ਲੁੱਟਣ ਲਈ ਆ ਧਮਕਿਆ। ਤੈਮੂਰ ਲੰਗ ਨੇ ਦਿੱਲੀ ਅਤੇ ਪੰਜਾਬ ਵਿਚ ਕਈ ਕਤਲੇਆਮ ਕੀਤੇ। ਦਿੱਲੀ ਵਿਚ ਇਕ ਦਿਨ ਵਿਚ ਇਕ ਲੱਖ ਹਿੰਦੂ ਮਾਰ ਦਿੱਤੇ। ਜਾਂਦੇ ਸਮੇਂ ਤੈਮੂਰ ਲੰਗ ਨੇ ਆਪਣੇ ਸਿਪਾਹੀਆਂ ਨੂੰ ਪੰਜਾਬ ਦੇ ਪ੍ਰਬੰਧ ਦੀ ਦੇਖਭਾਲ ਲਈ ਛੱਡ ਦਿੱਤਾ। ਉਹੀ ਤੈਮੂਰ ਲੰਗ ਜਦੋਂ ਜਾ ਰਿਹਾ ਸੀ ਤਾਂ ਸਿੱਖਾਂ ਨੇ ਉਸ ਨੂੰ ਘੇਰ ਲਿਆ ਅਤੇ ਪੰਜਾਬ ਦੀਆਂ ਨੂੰਹਾਂ ਅਤੇ ਧੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜ ਦਿੱਤਾ।

ਉਸ ਤੋਂ ਬਾਅਦ, ‘ਸੱਯਦ ਰਾਜਵੰਸ਼’ ਦੀ ਅਗਵਾਈ ਹੇਠ ਦਿੱਲੀ ਅਤੇ ਪੰਜਾਬ ਵਿਚ ਸੱਯਦਾਂ ਦਾ ਰਾਜ ਸ਼ੁਰੂ ਹੋਇਆ। ਇਸ ਸਮੇਂ ਤੱਕ ਪੰਜਾਬ ਦੇ ਹਿੰਦੂਆਂ ਦਾ ਮਨੋਬਲ ਟੁੱਟ ਚੁੱਕਾ ਸੀ। ਹੁਣ ਹਿੰਦੂ ਉੱਠਣ ਦੇ ਵੀ ਯੋਗ ਨਹੀਂ ਰਿਹਾ ਸੀ। ਇਸ ਤੋਂ ਇਲਾਵਾ, ਆਪਸੀ ਫੁੱਟ ਨੇ ਸਮਾਜ ਦੀ ਕਮਰ ਤੋੜ ਦਿੱਤੀ ਸੀ। ਮੁਸਲਮਾਨ ਆਜ਼ਾਦ ਅਤੇ ਹੰਕਾਰੀ ਢੰਗ ਨਾਲ ਘੁੰਮਣ-ਫਿਰਨ ਲੱਗ ਪਏ। ਗਰੀਬ, ਦਲਿਤ ਅਤੇ ਕਮਜ਼ੋਰ ਦਿਲ ਵਾਲਾ ਹਿੰਦੂ ਮੁਸਲਮਾਨ ਬਣ ਗਿਆ।

ਨਵੇਂ ਬਣੇ ਮੁਸਲਮਾਨਾਂ ਨੇ ਆਪਣੇ ਪੁਰਾਣੇ ਧਰਮ ਨੂੰ ਮੰਨਣ ਵਾਲੇ ਹਿੰਦੂਆਂ ’ਤੇ ਵੱਧ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ। ਮੁਸਲਿਮ ਸ਼ਾਸਨ ਅਧੀਨ ਇਸਲਾਮ ਕਬੂਲ ਕਰਨ ਵਾਲੇ ਹਰ ਹਿੰਦੂ ਨੂੰ ਅਹੁਦੇ ਅਤੇ ਦੌਲਤ ਨਾਲ ਨਿਵਾਜਿਆ ਗਿਆ। ਜੇਕਰ ਅੱਜ ਜਿਨ੍ਹਾਂ ਨੂੰ ਕੱਟੜਪੰਥੀ ਮੁਸਲਮਾਨ ਕਿਹਾ ਜਾਂਦਾ ਹੈ, ਉਨ੍ਹਾਂ ਦਾ ਡੀ. ਐੱਨ. ਏ. ਟੈਸਟ ਕੀਤਾ ਜਾਵੇ ਤਾਂ ਇਹ ਹਿੰਦੂ ਹੀ ਨਿਕਲੇਗਾ। ਇੱਥੋਂ ਤੱਕ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਦਾਦਾ ਅਤੇ ਪੜਦਾਦਾ ਵੀ ਰੈਣਾ ਬ੍ਰਾਹਮਣ ਸਨ। ਉਨ੍ਹਾਂ ਨੇ ਖੁਦ ਹੀ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਪੁਰਖੇ ਹਿੰਦੂ ਸਨ।

ਇਸਲਾਮ ਜੰਮੂ ਅਤੇ ਕਸ਼ਮੀਰ ਵਿਚ 13ਵੀਂ ਸਦੀ ਵਿਚ ਹੀ ਆਇਆ। ਇਸ ਤੋਂ ਪਹਿਲਾਂ, ਭਾਵੇਂ ਉਹ ਅਫਗਾਨਿਸਤਾਨ ਹੋਵੇ, ਪਾਕਿਸਤਾਨ ਹੋਵੇ ਜਾਂ ਬੰਗਲਾਦੇਸ਼, ਸਾਰੇ ਹਿੰਦੂ ਹੀ ਸਨ। ਮੁਸਲਿਮ ਕਾਲ ਦੌਰਾਨ ‘ਬਹੁਤ ਸਾਰੀ ਧਰਮ ਬਦਲੀ’ ਹੋਈ। ਮੁਸਲਿਮ ਸ਼ਾਸਕਾਂ ਨੇ ਹਿੰਦੂਆਂ ’ਤੇ ‘ਜਜ਼ੀਆ’ ਲਾਇਆ। ਸੱਯਦਾਂ ਤੋਂ ਬਾਅਦ, ਲੋਧੀ ਖ਼ਾਨਦਾਨ ਸੱਤਾ ਵਿਚ ਆਇਆ। ਬਹਿਲੋਲ ਲੋਧੀ ਨੇ ਸੱਯਦਾਂ ਨੂੰ ਹਰਾਇਆ ਅਤੇ ਭਾਰਤ ਵਿਚ ਲੋਧੀ ਰਾਜਵੰਸ਼ ਦੀ ਨੀਂਹ ਰੱਖੀ। 1521 ਈਸਵੀ ਵਿਚ ‘ਬਾਬਰੀ ਫੌਜ’ ਨੇ ਤਬਾਹੀ ਮਚਾ ਦਿੱਤੀ ਅਤੇ ਸੱਯਦ ਖ਼ਾਨਦਾਨ ਵਲੋਂ ਸਥਾਪਿਤ ਸ਼ਹਿਰ ‘ਸੱਯਦਪੁਰ’ ਦੇ ਹਰ ਨਿਵਾਸੀ ਨੂੰ ਮਾਰ ਦਿੱਤਾ। ਸੱਯਦਪੁਰ ਦੀ ਇਕ ਇੱਟ ਵੀ ਨਹੀਂ ਰਹਿਣ ਦਿੱਤੀ ਗਈ।

1526 ਈਸਵੀ ਵਿਚ, ਬਾਬਰ ਦੀ ਫੌਜ ਨੇ ਇਬਰਾਹੀਮ ਲੋਧੀ ਨੂੰ ਹਰਾ ਦਿੱਤਾ। ਉਸ ਨੇ ਭਾਰਤ ਵਿਚ ਮੁਗਲ ਸ਼ਾਸਨ ਦੀ ਨੀਂਹ ਰੱਖੀ। ਫਿਰ ਅੰਗਰੇਜ਼ਾਂ ਨੇ ‘ਈਸਟ ਇੰਡੀਆ ਕੰਪਨੀ’ ਦੇ ਨਾਂ ’ਤੇ ਕਾਰੋਬਾਰ ਕਰਨ ਦੀ ਬਜਾਏ ਰਾਜ ਕਰਨਾ ਸ਼ੁਰੂ ਕਰ ਦਿੱਤਾ। ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਬ੍ਰਿਟਿਸ਼ ਰਾਜ ਦੌਰਾਨ ਸ਼ੁਰੂ ਹੋਈ ਸੀ। ਅੰਗਰੇਜ਼ਾਂ ਨੇ ਧਰਮ ਦੇ ਨਾਂ ’ਤੇ ਸਮਾਜ ਨੂੰ ਵੰਡ ਦਿੱਤਾ ਜਿਸ ਦਾ ਨਤੀਜਾ 1947 ਵਿਚ ਭਾਰਤ ਦੀ ਵੰਡ ਦੇ ਰੂਪ ਵਿਚ ਨਿਕਲਿਆ। ਪੰਜਾਬ ਵੀ ਵੰਡਿਆ ਗਿਆ। ਪਰ 1947 ਦੀ ਵੰਡ ਦੌਰਾਨ ਪੰਜਾਬ ਨੂੰ ਜੋ ਦਰਦ ਅਤੇ ਪੀੜਾ ਸਹਿਣੀ ਪਈ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ।

1947 ਵਿਚ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਵਿਚ ਇੰਨੀ ਨਫ਼ਰਤ ਕਿਉਂ ਪੈਦਾ ਹੋਈ? ਕਿਉਂ ਵਸਿਆ ਵਸਾਇਆ ਪੰਜਾਬ ਆਪਣੀ ਹਕੂਮਤ ਹੁੰਦੇ ਹੋਏ ਵੀ ਉੱਜੜ ਗਿਆ? ਵੰਡ ਦੌਰਾਨ ਮਨੁੱਖਤਾ ਦੀ ਤਬਾਹੀ ਸੰਬੰਧੀ ਕੇਸ ‘ਅੰਤਰਰਾਸ਼ਟਰੀ ਅਦਾਲਤ’ ਵਿਚ ਕਿਉਂ ਨਹੀਂ ਚਲਾਇਆ ਗਿਆ? ਆਖਰੀ ਬ੍ਰਿਟਿਸ਼ ਵਾਇਸਰਾਏ ਲਾਰਡ ਮਾਊਂਟਬੈਟਨ ’ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਲਈ ਮੁਕੱਦਮਾ ਕਿਉਂ ਨਹੀਂ ਚਲਾਇਆ ਗਿਆ? ਲੱਖਾਂ ਲੋਕਾਂ ਨੂੰ ਆਪਣੇ ਹੀ ਦੇਸ਼ ਵਿਚ ‘ਪਨਾਹਗੀਰ’ ਕਿਉਂ ਬਣਾਇਆ ਗਿਆ?

–ਮਾਸਟਰ ਮੋਹਨ ਲਾਲ


author

Tanu

Content Editor

Related News