‘ਸਰਹੱਦ ਪਾਰੋਂ ਡਰੋਨਾਂ ਰਾਹੀਂ’ ਭਾਰਤ ’ਚ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ’ਚ ਭਾਰੀ ਵਾਧਾ!

Sunday, Sep 21, 2025 - 07:22 AM (IST)

‘ਸਰਹੱਦ ਪਾਰੋਂ ਡਰੋਨਾਂ ਰਾਹੀਂ’ ਭਾਰਤ ’ਚ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ’ਚ ਭਾਰੀ ਵਾਧਾ!

ਆਰਥਿਕ ਬਦਹਾਲੀ ਦੇ ਸ਼ਿਕਾਰ ਪਾਕਿਸਤਾਨ ਦੇ ਸ਼ਾਸਕਾਂ ਦੇ ਭਾਰਤ ਵਿਰੋਧੀ ਇਰਾਦਿਆਂ ਦਾ ਅਨੁਮਾਨ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਖੁਦ ਅਸਥਿਰ ਹੋਣ ਦੇ ਬਾਵਜੂਦ ਇਸ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਸੈਨਾ ਭਾਰਤ ’ਚ ਅੱਤਵਾਦ ਭੜਕਾਉਣ ਲਈ ਹਥਿਆਰ ਅਤੇ ਨੌਜਵਾਨ ਪੀੜ੍ਹੀ ਦੀ ਸਿਹਤ ਖਰਾਬ ਕਰਨ ਲਈ ਨਸ਼ੇ ਭੇਜਣ ਤੋਂ ਬਾਜ਼ ਨਹੀਂ ਆ ਰਹੀਆਂ। ਇਸ ਦੇ ਲਈ ਪਾਕਿਸਤਾਨ ਡਰੋਨਾਂ ਦੀ ਵੱਡੀ ਪੱਧਰ ’ਤੇ ਵਰਤੋਂ ਕਰ ਰਿਹਾ ਹੈ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 24 ਜੁਲਾਈ ਨੂੰ ‘ਅੰਮ੍ਰਿਤਸਰ’ ਜ਼ਿਲੇ ’ਚ ਭਾਰਤ-ਪਾਕਿ ਸਰਹੱਦ ’ਤੇ ਬੀ. ਐੱਸ. ਐੱਫ. ਨੇ 6 ਪਾਕਿਸਤਾਨੀ ਡਰੋਨ ਫੜੇ, ਜਿਨ੍ਹਾਂ ਦੇ ਜ਼ਰੀਏ ਡੇਗੇ ਗਏ 4 ਪੈਕੇਟਾਂ ’ਚ ਤਿੰਨ ਪਿਸਤੌਲ, 4 ਮੈਗਜ਼ੀਨ ਅਤੇ 1.070 ਕਿਲੋ ਹੈਰੋਇਨ ਮਿਲੀ। ਇਸ ਦਿਨ ਬੀ. ਐੱਸ. ਐੱਫ. ਨੇ ਤਰਨਤਾਰਨ ਜ਼ਿਲੇ ਦੇ ‘ਦਲ’ ਪਿੰਡ ’ਚ ਇਕ ਖੇਤ ਦੀ ਤਲਾਸ਼ੀ ਦੌਰਾਨ ਪਿਸਤੌਲਾਂ ਦੇ ਕੁਝ ਪੁਰਜ਼ੇ ਅਤੇ ਮੈਗਜ਼ੀਨ ਬਰਾਮਦ ਕੀਤੇ।

* 29 ਜੁਲਾਈ ਨੂੰ ‘ਕਠੂਆ’ (ਜੰਮੂ-ਕਸ਼ਮੀਰ) ਦੇ ‘ਛਨ ਟਾਂਡਾ’ ਪਿੰਡ ’ਚ ‘ਕੌਮਾਂਤਰੀ ਸਰਹੱਦ’ ਦੇ ਨੇੜੇ ਡਰੋਨ ਦੀ ਸਰਗਰਮੀ ਦਾ ਪਤਾ ਲੱਗਣ ’ਤੇ ਬੀ. ਐੱਸ. ਐੱਫ. ਨੇ ਕਾਰਵਾਈ ਕਰ ਕੇ ਦੋ ਨਸ਼ਾ ਸਮੱਗਲਰਾਂ ਤੋਂ 447 ਗ੍ਰਾਮ ਅਫੀਮ ਬਰਾਮਦ ਕੀਤੀ।

* 3 ਅਗਸਤ ਨੂੰ ‘ਤਰਨਤਾਰਨ’ (ਪੰਜਾਬ) ’ਚ ਪਾਕਿਸਤਾਨ ਵਲੋਂ ਡਰੋਨ ਰਾਹੀਂ ਸੁੱਟੀ ਗਈ 610 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

* 3 ਸਤੰਬਰ ਨੂੰ ਜੰਮੂ-ਕਸ਼ਮੀਰ ਪੁਲਸ ਨੇ ‘ਕਠੂਆ’ ਜ਼ਿਲੇ ’ਚ ਪਾਕਿਸਤਾਨ ਤੋਂ ਚਲਾਏ ਜਾ ਰਹੇ ਇਕ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰ ਕੇ ਡਰੋਨਾਂ ਰਾਹੀਂ ਭਾਰਤੀ ਖੇਤਰ ’ਚ ਡੇਗੇ ਨਸ਼ੀਲੇ ਪਦਾਰਥ ਸੰਭਾਲਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ।

* 8 ਸਤੰਬਰ ਨੂੰ ‘ਅੰਮ੍ਰਿਤਸਰ’ (ਪੰਜਾਬ) ’ਚ ਜੇਲ ਤੋਂ ਛੁੱਟਣ ਤੋਂ ਬਾਅਦ ਪਾਕਿਸਤਾਨੀ ਸਮੱਗਲਰਾਂ ਦੇ ਨਾਲ ਮਿਲ ਕੇ 90 ਦਿਨਾਂ ’ਚ 30 ਕਿਲੋ ਤੋਂ ਵੱਧ ਹੈਰੋਇਨ ਮੰਗਵਾਉਣ ਵਾਲੇ ਬਦਨਾਮ ਸਮੱਗਲਰ ਸੋਨੀ ਸਿੰਘ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 8 ਕਿਲੋ 37 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜੋ ਉਨ੍ਹਾਂ ਨੂੰ ਪਾਕਿਸਤਾਨ ’ਚ ਬੈਠੇ ‘ਚਾਚਾ’ ਨਾਂ ਦੇ ਸਮੱਗਲਰ ਨੇ ਡਰੋਨ ਰਾਹੀਂ ਭੇਜੀ ਸੀ।

* 9 ਸਤੰਬਰ ਨੂੰ ‘ਫਰੀਦਕੋਟ’ (ਪੰਜਾਬ) ਪੁਲਸ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ 60 ਕਰੋੜ ਰੁਪਏ ਮੁੱਲ ਦੀ 12.1 ਕਿਲੋ ਹੈਰੋਇਨ ਬਰਾਮਦ ਕਰ ਕੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਹੈਰੋਇਨ ਨੂੰ ਪਿੰਡ ‘ਝਾੜੀਵਾਲਾ’ ’ਚ ਲੁਕਾ ਕੇ ਰੱਖਿਆ ਸੀ।

* 14 ਸਤੰਬਰ ਨੂੰ ਜ਼ਿਲਾ ‘ਫਿਰੋਜ਼ਪੁਰ’ (ਪੰਜਾਬ) ਦੀ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ’ਚ 3 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 100 ਕਰੋੜ ਰੁਪਏ ਮੁੱਲ ਦੀ 20 ਕਿਲੋ 259 ਗ੍ਰਾਮ ਹੈਰੋਇਨ, ਇਕ ਡਰੋਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ।

ਵਰਣਨਯੋਗ ਹੈ ਕਿ ਸਾਲ 2021 ’ਚ ਭਾਰਤ ’ਚ ਨਸ਼ਾ ਅਤੇ ਹਥਿਆਰ ਭੇਜਣ ਲਈ ਪਾਕਿਸਤਾਨ ਨੇ ਸਿਰਫ 3 ਡਰੋਨਾਂ ਦੀ ਵਰਤੋਂ ਕੀਤੀ ਸੀ, ਜਦਕਿ 2023 ’ਚ ਇਹ ਗਿਣਤੀ 107 ਅਤੇ 2024 ’ਚ ਇਹ ਗਿਣਤੀ ਕਈ ਗੁਣਾ ਵਧ ਕੇ 179 ਤੱਕ ਪਹੁੰਚ ਗਈ ਜਿਨ੍ਹਾਂ ਰਾਹੀਂ ਹਥਿਆਰਾਂ ਤੋਂ ਇਲਾਵਾ ਹੈਰੋਇਨ ਅਤੇ ਅਫੀਮ ਭਾਰਤ ’ਚ ਭੇਜੀ ਗਈ।

2024 ’ਚ ਭਾਰਤ ’ਚ ਪਾਕਿਸਤਾਨ ਤੋਂ ਭੇਜੇ ਗਏ 179 ਡਰੋਨਾਂ ’ਚੋਂ 163 ਡਰੋਨ ਇਕੱਲੇ ਪੰਜਾਬ ਨਾਲ ਲੱਗਦੇ ਖੇਤਰ ’ਚ, 15 ਡਰੋਨ ਰਾਜਸਥਾਨ ਨਾਲ ਲੱਗਦੀ ਸਰਹੱਦ ਅਤੇ ਇਕ ਡਰੋਨ ਜੰਮੂ-ਕਸ਼ਮੀਰ ’ਚ ਭੇਜਿਆ ਗਿਆ।

ਸਾਲ 2024 ’ਚ ਪੰਜਾਬ ’ਚ ਨਸ਼ੇ ਦੇ ਵਪਾਰੀਆਂ ਤੋਂ 1150 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜੋ ਦੇਸ਼ ਭਰ ’ਚ ਬਰਾਮਦ ਕੀਤੀ ਗਈ ਕੁਲ 2596 ਕਿਲੋ ਹੈਰੋਇਨ ਦਾ ਲਗਭਗ 45 ਫੀਸਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ-ਪਾਕਿ ਸਰਹੱਦ ’ਤੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ’ਚ ਇਕ ਸਾਲ ’ਚ 6 ਗੁਣਾ ਵਾਧਾ ਹੋਇਆ ਹੈ। ਇਸ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਦੇ ਸ਼ਾਸਕ ਆਪਣੀਆਂ ਘਰੇਲੂ ਸਮੱਸਿਆਵਾਂ ਸੁਲਝਾਉਣ ਦੀ ਬਜਾਏ ਭਾਰਤ ਨੂੰ ਨੁਕਸਾਨ ਪਹੁੰਚਾਉਣ ਅਤੇ ਅਸ਼ਾਂਤੀ ਫੈਲਾਉਣ ’ਤੇ ਜ਼ਿਆਦਾ ਧਿਆਨ ਦੇ ਰਹੇ ਹਨ।

ਉਕਤ ਘਟਨਾਚੱਕਰ ਦੇ ਮੱਦੇਨਜ਼ਰ ਸਰਹੱਦ ਪਾਰੋਂ ਡਰੋਨਾਂ ਰਾਹੀਂ ਸਮੱਗਲਿੰਗ ਰੋਕਣ ਲਈ ਸਰਕਾਰ ਨੂੰ ਸਰਹੱਦੀ ਸੂਬਿਆਂ ’ਚ ਐਂਟੀ-ਡਰੋਨ ਪ੍ਰਣਾਲੀ ਤਾਇਨਾਤ ਕਰਨੀ ਚਾਹੀਦੀ ਹੈ। ਅਜਿਹਾ ਕਰ ਕੇ ਹੀ ਸਮੱਗਲਰਾਂ ਦੀ ਡਰੋਨਾਂ ਦੇ ਜ਼ਰੀਏ ਨਸ਼ੇ ਅਤੇ ਹਥਿਆਰਾਂ ਦੀ ਸਮੱਗਲਿੰਗ ਨੂੰ ਰੋਕਿਆ ਜਾ ਸਕਦਾ ਹੈ।

–ਵਿਜੇ ਕੁਮਾਰ
 


author

Sandeep Kumar

Content Editor

Related News