ਟਰੰਪ ਦੀ ਮਨਸ਼ਾ ਅਤੇ ਰਣਨੀਤੀ ਦੋਵੇਂ ਸ਼ੱਕ ਦੇ ਘੇਰੇ ’ਚ

Tuesday, Sep 23, 2025 - 03:59 PM (IST)

ਟਰੰਪ ਦੀ ਮਨਸ਼ਾ ਅਤੇ ਰਣਨੀਤੀ ਦੋਵੇਂ ਸ਼ੱਕ ਦੇ ਘੇਰੇ ’ਚ

ਕਿਤੇ ਅਜਿਹਾ ਤਾਂ ਨਹੀਂ ਕਿ ਸ਼ਾਂਤੀ ਪੁਰਸਕਾਰ ’ਤੇ ਦਾਅ ਤਾਂ ਦੂਰ ਦਾਅਵਾ ਤੱਕ ਨਹੀਂ ਕਰ ਸਕਣਗੇ ਵਾਲੇ ਟਰੰਪ ਹੁਣ ਆਪਣੀਆਂ ਹਰਕਤਾਂ ਨਾਲ ਸੁਰਖੀਆਂ ’ਚ ਬਣੇ ਰਹਿਣਾ ਚਾਹੁੰਦੇ ਹਨ? ਉਨ੍ਹਾਂ ਨੇ ਜਿੰਨੇ ਵੀ ਬਿਆਨ ਅਤੇ ਹਾਲੀਆ ਭਾਰਤ ਵਿਰੋਧੀ ਕਦਮ ਚੁੱਕੇ ਸਾਰੇ ਅੰਤਰ ਵਿਰੋਧਾਂ ਨਾਲ ਭਰੇ ਰਹੇ। ਸਮੁੱਚੇ ਘਟਨਾਚੱਕਰ ਨੂੰ ਦੇਖੀਏ ਤਾਂ ਉਹ ਉਸ ਜ਼ਿੱਦੀ ਬੱਚੇ ਵਰਗੀਆਂ ਹਰਕਤਾਂ ਨਾਲੋਂ ਜ਼ਿਆਦਾ ਨਹੀਂ ਦਿਸਦੇ। ਜੋ ਕਾਫੀ ਚਿੜਚਿੜਾ ਅਤੇ ਖਿਝਿਆ ਹੋਇਆ ਹੈ। ਕਦੇ ਕੁਝ ਕਦੇ ਕੁਝ ਕਹਿੰਦਾ ਹੈ ਅਤੇ ਵਾਰ-ਵਾਰ ਆਪਣੀਆਂ ਗੱਲਾਂ ਨਾਲ ਮੁਕਰਦਾ ਹੈ। ਕੀ ਇਹੀ ਬਚਪਨਾ ਟਰੰਪ ’ਚ ਸਮਾਅ ਗਿਆ ਹੈ ਜਾਂ ਕੋਈ ਹੋਰ ਗੱਲ ਹੈ?

ਅਜਿਹਾ ਨਹੀਂ ਹੈ ਕਿ ਸਿਰਫ ਭਾਰਤ ’ਤੇ ਲੱਧੇ ਗਏ ਭਾਰੀ ਟੈਰਿਫ ਨੂੰ ਲੈ ਕੇ ਉਹ ਸੁਰਖੀਆਂ ’ਚ ਹੋਣ। ਰੂਸ-ਯੂਕ੍ਰੇਨ ਵਿਚਾਲੇ ਸਮਝੌਤਾ ਕਰਾਉਣ ਦਾ ਦਮ ਭਰਨ ਵਾਲੇ ਟਰੰਪ ਦੀਆਂ ਇੱਥੇ ਵੀ ਅਸਫਲ ਕੋਸ਼ਿਸ਼ਾਂ ਦੇ ਬਾਅਦ ਜੰਗ ਹੋਰ ਤੇਜ਼ ਹੋ ਗਈ ਸੀ। ਉੱਥੇ ਹੀ ਭਾਰਤ ਪਾਕਿਸਤਾਨ ਵਿਚਾਲੇ ਸਰਹੱਦ ’ਚ ਤਣਾਅ ਅਤੇ ਆਪ੍ਰੇਸ਼ਨ ਸਿੰਧੂਰ ਦੇ ਦੌਰਾਨ ਘੱਟੋ-ਘੱਟ 27 ਵਾਰ ਵਿਚੋਲਗੀ ਕਰ ਕੇ ਜੰਗ ਰੁਕਵਾਉਣ ਦੇ ਝੂਠਿਆਂ ਦਾਅਵਿਆਂ ਨਾਲ ਵੀ ਕਿਰਕਿਰੀ ਕਰਾ ਚੁੱਕੇ ਟਰੰਪ ਦਾ ਨੋਬਲ ਪੁਰਸਕਾਰ ਦਾ ਸੁਪਨਾ ਕੀ ਟੁੱਟਿਆ ਉਨ੍ਹਾਂ ਨੇ ਦੁਨੀਆ ਨੂੰ ਟੈਰਿਫ ਵਾਰ ਦੀ ਆਪਣੀ ਨਵੀਂ ਸਨਕ ’ਚ ਝੋਕ ਦਿੱਤਾ।

ਅਮਰੀਕਾ ਦਾ ਵੱਕਾਰੀ ਅਖਬਾਰ ‘ਨਿਊਯਾਰਕ ਟਾਈਮਸ’ ਪੂਰੇ ਘਟਨਾਚੱਕਰ ਦੀ ਕਰੋਨੋਲੋਜੀ, ਭਾਰਤ ਦੇ ਨੇਤਾਵਾਂ, ਅਧਿਕਾਰੀਆਂ ਦੇ ਬਿਆਨ ਅਤੇ ਮਾਹਿਰਾਂ ਦੇ ਗੱਲਬਾਤ ਦੇ ਆਧਾਰ ’ਤੇ ਤਿੰਨ ਕਾਰਨ ਦੱਸਦਾ ਹੈ। ਜਿਸ ਸਮੇਂ ਪਾਕਿਸਤਾਨ ਫੌਜ ਮੁਖੀ ਜਨਰਲ ਅਸੀਮ ਮੁਨੀਰ ਅਮਰੀਕਾ ’ਚ ਸਨ ਅਤੇ ਟਰੰਪ ਦੇ ਨਾਲ ਲੰਚ ਸੀ ਉਸੇ ਦੌਰਾਨ ਵਪਾਰ ਵਾਰਤਾ ਲਈ ਗਈ ਭਾਰਤੀ ਟੀਮ ਵੀ ਉੱਥੇ ਸੀ। ਉਦੋਂ ਇਸ ਗੱਲ ਦੀ ਚਿੰਤਾ ਸੀ ਕਿ ਕਿਤੇ ਟਰੰਪ ਟੀਮ ਨੂੰ ਮੁਨੀਰ ਨਾਲ ਨਾ ਮਿਲਵਾ ਦੇਵੇ। ਜਿਸ ਨਾਲ ਘਰੇਲੂ ਰਾਜਨੀਤੀ ’ਚ ਕਿਰਕਿਰੀ ਨਾ ਹੋ ਜਾਵੇ। ਸ਼ੁਕਰ ਹੈ ਅਜਿਹਾ ਨਹੀਂ ਹੋਇਆ। ਆਪ੍ਰੇਸ਼ਨ ਸਿੰਧੂਰ ਦੌਰਾਨ ਸੀਜ਼ ਫਾਇਰ ਕਰਾਉਣ ਦਾ ਸਿਹਰਾ ਵੀ ਭਾਰਤ ਨੇ ਨਹੀਂ ਦਿੱਤਾ। ਉਲਟਾ ਸਪੱਸ਼ਟ ਕਰ ਦਿੱਤਾ ਕਿ ਪਾਕਿਸਤਾਨ ਦੀ ਅਪੀਲ ’ਤੇ ਇਹ ਹੋਇਆ।

ਟਰੰਪ ਭਾਰਤ ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲੇ ’ਤੇ ਵਿਚੋਲਗੀ ਚਾਹੁੰਦੇ ਸਨ, ਜਿਸ ਨੂੰ ਭਾਰਤ ਨੇ ਠੁਕਰਾ ਦਿੱਤਾ। ਟਰੰਪ ਦੀ ਇਹ ਮਨਸ਼ਾ ਸੀ ਕਿ ਜਿਵੇਂ ਪਾਕਿਸਤਾਨ ਨੇ ਉਨ੍ਹਾਂ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ, ਉਸੇ ਤਰ੍ਹਾਂ ਭਾਰਤ ਵੀ ਕਰੇ ਪਰ ਭਾਰਤ ਨੇ ਨਹੀਂ ਕੀਤਾ। ਬਸ ਇਨ੍ਹਾਂ ਹੀ ਕਾਰਨਾਂ ਕਰ ਕੇ ਟਰੰਪ ਨਾਰਾਜ਼ ਹੋ ਗਏ ਅਤੇ ਨਾ ਸਿਰਫ ਟੈਰਿਫ ਵਾਰ ਸ਼ੁਰੂ ਕੀਤੀ, ਸਗੋਂ ਭਾਰਤ ਨੂੰ ਜਗ੍ਹਾ-ਜਗ੍ਹਾ ਅਪਮਾਨਿਤ ਕਰਨ ਤੋਂ ਵੀ ਨਹੀਂ ਖੁੰਝੇ।

ਟਰੰਪ ਦੀਆਂ ਇਨ੍ਹਾਂ ਹਰਕਤਾਂ ਦੇ ਫੌਰਨ ਬਾਅਦ ਹੋਏ ਸ਼ਿੰਘਾਈ ਸਹਿਯੋਗ ਸੰਗਠਨ (ਐੱਸ. ਸੀ.ਓ.) ਸਿਖਰ ਸੰਮੇਲਨ 2025 ਦੇ ਮੰਚ ਤੋਂ ਉਨ੍ਹਾਂ ਨੂੰ ਫੌਰਨ ਕਰਾਰਾ ਜਵਾਬ ਅਤੇ ਚਿਤਾਵਨੀ ਮਿਲੀ। ਜਿਸ ਨਾਲ ਉਹ ਬੌਖਲਾ ਗਏ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕੋਲਡ ਵਾਰ ਮਾਨਸਿਕਤਾ, ਗੁੱਟਬਾਜ਼ੀ ਅਤੇ ਦਬਾਅ ਦੀ ਰਾਜਨੀਤੀ ਦਾ ਸਖਤ ਵਿਰੋਧ ਕੀਤਾ। ਜਿਨਪਿੰਗ ਦੇ ਬਿਆਨ ਦੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਮੌਜੂਦ ਸਨ। ਨਿਸ਼ਚਿਤ ਤੌਰ ’ਤੇ ਟਰੰਪ ਨੂੰ ਇਹ ਵੀ ਚੰਗਾ ਨਾ ਲੱਗਾ ਹੋਵੇ।

ਹੁਣ ਅਜਿਹਾ ਲੱਗਦਾ ਹੈ ਕਿ ਟਰੰਪ ਕਿਤੇ ਖੁਦ ਦੇ ਬੁਣੇ ਹੋਏ ਜਾਲ ’ਚ ਤਾਂ ਨਹੀਂ ਉਲਝ ਗਏ? ਅਮਰੀਕਾ ’ਚ ਹੀ ਸੱਤਾ ਨਾਲ ਜੁੜੇ ਅਤੇ ਵਿਰੋਧੀਆਂ ਦੇ ਕਈ ਰਾਜਨੇਤਾ ਉਨ੍ਹਾਂ ਦੀ ਭਾਰਤ ਵਿਰੋਧੀ ਨੀਤੀ ਭਾਰੀ ਭੁੱਲ ਦੱਸਦੇ ਹਨ। ਭਾਰਤ ’ਤੇ ਸੈਕੰਡਰੀ ਟੈਰਿਫ ਲਗਾਉਣ ਨੂੰ ਵੀ ਨਾ ਸਿਰਫ ਗਲਤ ਠਹਿਰਾਉਂਦੇ ਹਨ, ਸਗੋਂ ਕਈ ਤਾਂ ਇਸ ਨੂੰ ਭਾਰਤ ਅਮਰੀਕਾ ਦੇ ਸ਼ਾਨਦਾਰ ਸਬੰਧਾਂ ਨੂੰ ਜ਼ਹਿਰੀਲਾ ਬਣਾਉਣ ਵਾਲਾ ਦੱਸਦੇ ਹਨ। ਸਾਫ ਹੋ ਚੁੱਕਾ ਹੈ ਕਿ ਟਰੰਪ ਦੀ ਨਾਰਾਜ਼ਗੀ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਹੀ ਹੈ। ਜਦਕਿ ਵਪਾਰਕ ਲਿਹਾਜ਼ ਨਾਲ ਦੇਖੀਏ ਤਾਂ ਸਾਲ 2024-25 ’ਚ ਭਾਰਤ-ਅਮਰੀਕਾ ਵਿਚਾਲੇ ਕੁੱਲ ਦੁਵੱਲਾ ਵਪਾਰ (ਬਰਾਮਦ ਅਤੇ ਦਰਾਮਦ) 131.84 ਬਿਲੀਅਨ ਅਮਰੀਕੀ ਡਾਲਰ ਹੋਇਆ। ਭਾਰਤ ਨੇ ਅਮਰੀਕਾ ਨੂੰ 86.51 ਮਿਲੀਅਨ ਅਮਰੀਕੀ ਡਾਲਰ ਦੀ ਬਰਾਮਦ ਕੀਤੀ ਅਤੇ 45.33 ਬਿਲੀਅਨ ਡਾਲਰ ਦੀ ਦਰਾਮਦ।

ਵਾਰ-ਵਾਰ ਬਿਆਨ ਬਦਲਦੇ, ਕਦੇ ਨਰਮ ਕਦੇ ਗਰਮ ਦਿਸਦੇ ਟਰੰਪ ਦਾ ਮਕਸਦ ਸ਼ੱਕੀ ਲੱਗਦਾ ਹੈ। ਕਦੇ ਕਹਿੰਦੇ ਹਨ ਕਿ ਅਮਰੀਕਾ ਨੇ ਭਾਰਤ ਨੂੰ ਨਹੀਂ ਗੁਆਇਆ ਤਾਂ ਕਦੇ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਬਹੁਤ ਚੰਗੇ ਹਨ ਅਤੇ ਉਹ ਮੇਰੇ ਦੋਸਤ ਹਨ ਅਤੇ ਰਹਿਣਗੇ।

ਪਰ ਉਹ ਭਾਰਤ ਵਲੋਂ ਰੂਸ ਤੋਂ ਤੇਲ ਖਰੀਦਣ ਦੇ ਫੈਸਲੇ ਨੂੰ ਪਸੰਦ ਨਹੀਂ ਕਰਦੇ। ਹਰ ਵਾਰ ਆਪਣੀ ਮਨਸ਼ਾ ਜ਼ਾਹਿਰ ਕਰਨ ਦੇ ਬਾਵਜੂਦ ਟਰੰਪ ਦੇ ਰੁਖ ’ਚ ਹੁਣ ਅਚਾਨਕ ਲਚਕੀਲਾਪਨ ਕਿਉਂ ਹੈ।

ਇਸ ਦੇ ਕਈ ਕਾਰਨ ਸੰਭਵ ਹਨ। ਸ਼ਾਇਦ ਉਨ੍ਹਾਂ ਦੀ ਬਦਲਦੀ ਚਾਲ ਭਾਰਤ ਲਈ ਚੁਣੌਤੀ ਬਣੇ?

ਭਾਰਤ ਇਸੇ ਲਈ ਜਲਦਬਾਜ਼ੀ ’ਚ ਕੋਈ ਫੈਸਲਾ ਨਹੀਂ ਲੈ ਰਿਹਾ ਹੈ। ਟਰੰਪ ਦੇ ਵਾਰ-ਵਾਰ ਬਦਲਦੇ ਰੁਖ ’ਤੇ ਬਦਨੀਤੀ ਜ਼ਿਆਦਾ ਲੱਗਦੀ ਹੈ। ਇਕ ਪਾਸੇ ਟਰੰਪ ਯੂਰਪੀ ਸੰਘ ਨੂੰ ਕਹਿੰਦੇ ਹਨ ਕਿ ਰੂਸ ’ਤੇ ਦਬਾਅ ਬਣਾਉਣ ਲਈ ਭਾਰਤ ਅਤੇ ਚੀਨ ਤੋਂ ਆਉਣ ਵਾਲੇ ਸਾਮਾਨ ’ਤੇ 100 ਫੀਸਦੀ ਟੈਰਿਫ ਲਗਾਉਣ ਜਦਕਿ ਦੂਜੇ ਪਾਸੇ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਜਾਰੀ ਰੱਖਣ ਅਤੇ ਵਪਾਰਕ ਸਮਝੌਤੇ ਨੂੰ ਅੱਗੇ ਵਧਾਉਣ ਦਾ ਸੰਕੇਤ ਦਿੰਦੇ ਹਨ। ਅਮਰੀਕਾ ਪਹਿਲਾਂ ਹੀ ਕਈ ਭਾਰਤੀ ਬਰਾਮਦ ਉਤਪਾਦਾਂ ’ਤੇ ਟੈਰਿਫ ਦਰਾਂ ਦੁੱਗਣੀਆਂ ਕਰ ਚੁੱਕਾ ਹੈ। ਜਿਸ ਨਾਲ ਬਰਾਮਦਕਾਰਾਂ ਨੂੰ ਵੱਡਾ ਝਟਕਾ ਪਹਿਲਾਂ ਹੀ ਲੱਗ ਚੁੱਕਾ ਹੈ। ਯਕੀਨਨ ਟਰੰਪ ਦੀ ਮਨਸ਼ਾ ਅਤੇ ਰਣਨੀਤੀ ਦੋਵੇਂ ਸ਼ੱਕ ਦੇ ਘੇਰੇ ’ਚ ਹਨ।

ਕਈ ਮੋਰਚਿਆਂ ’ਤੇ ਮੂੰਹ ਦੀ ਖਾ ਚੁੱਕੇ ਟਰੰਪ ਹੋਰ ਕਿੰਨੀ ਪੈਂਤੜੇਬਾਜ਼ੀ ਕਰਨਗੇ ਨਹੀਂ ਪਤਾ। ਪਰ ਭਾਰਤ ਆਪਣੇ ਕਾਰੋਬਾਰੀ ਹਿੱਤਾਂ ਨੂੰ ਲੈ ਕੇ ਨਾ ਸਿਰਫ ਚੌਕਸ ਹੈ ਸਗੋਂ ਇਕ-ਇਕ ਕਦਮ ਬੜੇ ਧਿਆਨ ਨਾਲ ਚੁੱਕ ਰਿਹਾ ਹੈ। ਭਾਵੇਂ ਚੀਨ ਦੇ ਨਾਲ ਅੱਗੇ ਵਧਣ ਦੀ ਗੱਲ ਹੋਵੇ ਜਾਂ ਰੂਸ ਤੋਂ ਤੇਲ ਖਰੀਦਣ ’ਤੇ ਅਟੱਲ ਰਹਿਣਾ ਹੋਵੇ। ਹੁਣ ਦੇਖਣਾ ਹੋਵੇਗਾ ਕਿ ਜ਼ਿੱਦੀ ਟਰੰਪ ਦਾ ਬਚਿਆ ਕਾਰਜਕਾਲ ਅਨਿਸ਼ਚਿਤਤਾ ਦੇ ਵਿਚਾਲੇ ਬੀਤੇਗਾ ਜਾਂ ਫਿਰ ਕੁਝ ਨਵਾਂ ਪੁੱਠਾ-ਸਿੱਧਾ ਕਰ ਬੈਠੇਗਾ।

ਰਿਤੁਪਰਣਾ ਦਵੇ


author

Rakesh

Content Editor

Related News