ਯਤਨ ਦੀ ਸ਼ਲਾਘਾ, ਨਤੀਜੇ ਦੀ ਨਹੀਂ
Sunday, Oct 26, 2025 - 04:54 PM (IST)
ਚੀਨ ਦੇ ਅਨਹੂਈ ਪ੍ਰਾਂਤ ਦਾ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ’ਚ ਹੈ। ਇਸ ਵੀਡੀਓ ’ਚ ਇਕ ਪਰਿਵਾਰ ਆਪਣੇ ਬੇਟੇ ਦੇ ਪ੍ਰੀਖਿਆ ’ਚ ਘੱਟ ਅੰਕ ਆਉਣ ’ਤੇ ਵੀ ਜਸ਼ਨ ਮਨਾਉਂਦਾ ਦਿਖਾਈ ਦਿੰਦਾ ਹੈ। ਇਹ ਦ੍ਰਿਸ਼ ਅੱਜ ਦੇ ਪ੍ਰਤੀਯੋਗੀ ਯੁੱਗ ’ਚ ਇਕ ਵੱਖ ਸੋਚ ਨੂੰ ਪੇਸ਼ ਕਰਦਾ ਹੈ, ਜਿੱਥੇ ਅੰਕਾਂ ਦੀ ਹੋੜ ’ਚ ਬੱਚਿਆਂ ਦੀ ਖੁਸ਼ੀ ਅਤੇ ਮਾਨਸਿਕ ਸਿਹਤ ਅਕਸਰ ਪਿੱਛੇ ਰਹਿ ਜਾਂਦੇ ਹਨ।
ਵੀਡੀਓ ’ਚ ਮਾਂ ਤਿੰਨ ਬੱਚਿਆਂ ਦੇ ਨਾਲ ਘਰ ’ਚ ਪ੍ਰਵੇਸ਼ ਕਰਦੀ ਹੈ ਅਤੇ ਉਨ੍ਹਾਂ ਦੇ ਹੱਥ ’ਚ ਪ੍ਰੀਖਿਆ ਦੀ ਕਾਪੀ ਹੁੰਦੀ ਹੈ। ਪੇਸ਼ੇ ਤੋਂ ਬਾਲ ਰੋਗ ਮਾਹਿਰ ਬੱਚੇ ਦੇ ਪਿਤਾ ਖੁਸ਼ੀ ਨਾਲ ਕਹਿੰਦੇ ਹਨ ਕਿ ਚਾਹੇ ਕਿੰਨੇ ਵੀ ਅੰਕ ਆਏ ਹੋਣ ਪਰ ਬੱਚਾ ਪਾਸ ਹੋ ਗਿਆ ਅਤੇ ਇਹੀ ਅਸਲੀ ਮਾਣ ਦਾ ਪਲ ਹੈ।
ਸਿੱਖਿਆ ਦਾ ਮੂਲ ਉਦੇਸ਼ ਕੀ ਹੈ, ਇਹ ਸਵਾਲ ਅੱਜ ਪਹਿਲਾਂ ਤੋਂ ਕਿਤੇ ਵੱਧ ਪ੍ਰਾਸੰਗਿਕ ਹੋ ਗਿਆ ਹੈ। ਕੀ ਸਿੱਖਿਆ ਸਿਰਫ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਸਫਲਤਾ ਪਾਉਣ ਦਾ ਮਾਧਿਅਮ ਹੈ ਜਾਂ ਇਕ ਸੰਪੂਰਨ, ਸੰਵੇਦਨਸ਼ੀਲ ਅਤੇ ਆਤਮਵਿਸ਼ਵਾਸੀ ਵਿਅਕਤੀਤਵ ਦੇ ਨਿਰਮਾਣ ਦਾ ਸਾਧਨ, ਜਦੋਂ ਅਸੀਂ ਇਸ ਸਵਾਲ ਦਾ ਈਮਾਨਦਾਰੀ ਨਾਲ ਜਵਾਬ ਲੱਭਦੇ ਹਾਂ, ਤਾਂ ਸਾਡੀ ਮੌਜੂਦਾ ਸਿੱਖਿਆ ਪ੍ਰਣਾਲੀ ਦੀਅਾਂ ਮੂਲਭੂਤ ਖਾਮੀਆਂ ਸਪੱਸ਼ਟ ਹੋ ਜਾਂਦੀਆਂ ਹਨ। ਅਸੀਂ ਸਿੱਖਿਆ ਨੂੰ ਇਕ ਯਾਂਤਰਿਕ ਪ੍ਰਕਿਰਿਆ ’ਚ ਬਦਲ ਦਿੱਤਾ ਹੈ, ਜਿੱਥੇ ਬੱਚੇ ਸਿਰਫ ਅੰਕ ਉਗਲਣ ਵਾਲੀਆਂ ਮਸ਼ੀਨਾਂ ਬਣ ਗਈਆਂ ਹਨ।
ਭਾਰਤ ਸਣੇ ਦੁਨੀਆ ਦੇ ਦੇਸ਼ਾਂ ’ਚ ਅਕਾਦਮਿਕ ਸ੍ਰੇਸ਼ਠਤਾ ਨੂੰ ਸਫਲਤਾ ਦਾ ਇਕ ਮਾਤਰ ਪੈਮਾਨਾ ਮੰਨ ਲਿਆ ਗਿਆ ਹੈ। ਮਾਤਾ-ਪਿਤਾ ਆਪਣੇ ਅਧੂਰੇ ਸੁਪਨਿਆਂ ਦਾ ਬੋਝ ਬੱਚਿਆਂ ’ਤੇ ਲੱਦ ਦਿੰਦੇ ਹਨ ਅਤੇ ਸਮਾਜ ਦੀਆਂ ਉਮੀਦਾਂ ਦਾ ਦਬਾਅ ਇੰਨਾ ਭਾਰੀ ਹੋ ਜਾਂਦਾ ਹੈ ਕਿ ਬੱਚੇ ਉਸ ਦੇ ਹੇਠਾਂ ਦੱਬ ਜਾਂਦੇ ਹਨ। ਪ੍ਰੀਖਿਆ ਨਤੀਜੇ ਦੇ ਦਿਨ ਜੋ ਤਣਾਅ ਅਤੇ ਡਰ ਦਾ ਮਾਹੌਲ ਬਣਦਾ ਹੈ, ਉਹ ਕਿਸੇ ਯੁੱਧ ਦੇ ਮੈਦਾਨ ਤੋਂ ਘੱਟ ਨਹੀਂ ਹੁੰਦਾ।
ਘੱਟ ਅੰਕ ਆਉਣ ’ਤੇ ਕਈ ਪਰਿਵਾਰਾਂ ’ਚ ਬੱਚਿਆਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ, ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨਾਲ ਤੁਲਨਾ ਕੀਤੀ ਜਾਂਦੀ ਹੈ ਅਤੇ ਕਦੇ-ਕਦੇ ਤਾਂ ਸਰੀਰਕ ਦੰਡ ਤੱਕ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ’ਚ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਇਕ ਸੰਵੇਦਨਸ਼ੀਲ ਮਨ ਨੂੰ ਤੋੜ ਰਹੇ ਹਾਂ, ਜਿਸ ਦੇ ਲੰਬੇ ਸਮੇਂ ਤੋਂ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ।
ਮਨੋਵਿਗਿਆਨਿਕ ਖੋਜਾਂ ਲਗਾਤਾਰ ਇਹ ਸਾਬਿਤ ਕਰ ਰਹੀਆਂ ਹਨ ਕਿ ਜ਼ਿਆਦਾ ਵਿੱਦਿਅਕ ਦਬਾਅ ਬੱਚਿਆਂ ’ਚ ਚਿੰਤਾ, ਉਦਾਸੀ ਅਤੇ ਆਤਮ-ਸਨਮਾਨ ਦੀ ਕਮੀ ਪੈਦਾ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਟਰ ਦੱਸਦੀ ਹੈ ਕਿ ਨੌਜਵਾਨਾਂ ’ਚ ਮਾਨਸਿਕ ਸਿਹਤ ਸਮੱਸਿਆਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਇਸ ਦਾ ਇਕ ਪ੍ਰਮੁੱਖ ਕਾਰਨ ਅਕਾਦਮਿਕ ਦਬਾਅ ਹੈ।
ਜਦੋਂ ਬੱਚੇ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਪਿਆਰ ਸ਼ਰਤਾਂ ’ਤੇ ਆਧਾਰਿਤ ਹੈ, ਕਿ ਉਨ੍ਹਾਂ ਨੂੰ ਸਿਰਫ ਚੰਗੇ ਅੰਕ ਲਿਆਉਣ ’ਤੇ ਹੀ ਸਵੀਕ੍ਰਿਤੀ ਮਿਲੇਗੀ ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਡੂੰਘੇ ਪੱਧਰ ’ਤੇ ਹਾਨੀਗ੍ਰਸਤ ਹੋ ਜਾਂਦਾ ਹੈ। ਜੇਕਰ ਹਾਨੀ ਉਮਰ ਭਰ ਨਾਲ ਰਹਿੰਦੀ ਹੈ ਤਾਂ ਉਨ੍ਹਾਂ ਦੇ ਵਿਅਕਤੀਗਤ ਅਤੇ ਪੇਸ਼ੇਵਰ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਸਾਡੀ ਸਿੱਖਿਆ ਪ੍ਰਣਾਲੀ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇਹ ਇਕਸਾਰਤਾ ਨੂੰ ਉਤਸ਼ਾਹਿਤ ਕਰਦੀ ਹੈ, ਜਦੋਂ ਕਿ ਕੁਦਰਤ ਵਿਭਿੰਨਤਾ ਵਿਚ ਵਿਸ਼ਵਾਸ ਰੱਖਦੀ ਹੈ। ਹਾਵਰਡ ਗਾਰਡਨਰ ਦੇ ਬਹੁ-ਬੁੱਧੀ ਦੇ ਸਿਧਾਂਤ ਅਨੁਸਾਰ, ਬੁੱਧੀ ਕਈ ਰੂਪਾਂ ਵਿਚ ਆਉਂਦੀ ਹੈ। ਭਾਸ਼ਾਈ, ਤਰਕਪੂਰਨ, ਗਣਿਤਕ, ਸਥਾਨਕ, ਸੰਗੀਤਕ, ਸਰੀਰਕ-ਗਤੀਸ਼ੀਲ ਅਤੇ ਅੰਤਰ-ਵਿਅਕਤੀਗਤ ਬੁੱਧੀ ਸਾਰੀਅਾਂ ਬਰਾਬਰ ਮਹੱਤਵਪੂਰਨ ਹਨ।
ਪਰ ਸਾਡੀ ਸਿੱਖਿਆ ਪ੍ਰਣਾਲੀ ਸਿਰਫ ਪਹਿਲੇ ਦੋ ਕਿਸਮਾਂ ਦੀ ਬੁੱਧੀ ਨੂੰ ਮਾਨਤਾ ਦਿੰਦੀ ਹੈ, ਜਦੋਂ ਕਿ ਹੋਰ ਪ੍ਰਤਿਭਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਨਾਲ ਇਕ ਪ੍ਰਤਿਭਾਸ਼ਾਲੀ ਕਲਾਕਾਰ, ਐਥਲੀਟ ਜਾਂ ਸੰਗੀਤਕਾਰ ਨੂੰ ਸਿਰਫ਼ ਇਸ ਲਈ ਅਸਫਲਤਾ ਦਾ ਲੇਬਲ ਲਗਾਇਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਗਣਿਤ ਵਿਚ ਘੱਟ ਅੰਕ ਪ੍ਰਾਪਤ ਕੀਤੇ ਹਨ। ਇਹ ਨਾ ਸਿਰਫ਼ ਅਣਉਚਿਤ ਹੈ ਬਲਕਿ ਸਮਾਜ ਲਈ ਨੁਕਸਾਨਦੇਹ ਵੀ ਹੈ, ਕਿਉਂਕਿ ਅਸੀਂ ਅਣਗਿਣਤ ਪ੍ਰਤਿਭਾਵਾਂ ਨੂੰ ਨਸ਼ਟ ਕਰ ਦਿੰਦੇ ਹਾਂ।
ਬੱਚਿਆਂ ’ਤੇ ਇਸ ਦਬਾਅ ਦਾ ਇਕ ਹੋਰ ਪਹਿਲੂ ਸਮਾਜਿਕ ਤੁਲਨਾ ਹੈ। ਸੋਸ਼ਲ ਮੀਡੀਆ ਦੇ ਯੁੱਗ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ। ਮਾਪੇ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਉਨ੍ਹਾਂ ਦੀ ਤੁਲਨਾ ਦੂਜਿਆਂ ਨਾਲ ਲਗਾਤਾਰ ਕਰਨ ਵਿਚ ਰੁੱਝੇ ਹੋਏ ਹਨ।
ਇਹ ਨਾ ਸਿਰਫ਼ ਬੱਚਿਆਂ ਵਿਚ ਹੀਣਤਾ ਦੀ ਭਾਵਨਾ ਪੈਦਾ ਕਰਦਾ ਹੈ, ਸਗੋਂ ਉਨ੍ਹਾਂ ਨੂੰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਉਨ੍ਹਾਂ ਦੀ ਆਪਣੀ ਪਛਾਣ ਮਹੱਤਵਪੂਰਨ ਨਹੀਂ ਹੈ; ਸਿਰਫ਼ ਦੂਜਿਆਂ ਨਾਲੋਂ ਬਿਹਤਰ ਹੋਣਾ ਮਾਅਨੇ ਰੱਖਦਾ ਹੈ। ਇਹ ਮਾਨਸਿਕਤਾ ਗੈਰ-ਸਿਹਤਮੰਦ ਹੈ ਅਤੇ ਬੱਚਿਆਂ ਨੂੰ ਜੀਵਨ ਭਰ ਪ੍ਰਭਾਵਿਤ ਕਰਦੀ ਹੈ।
ਸੀਮਤ ਸਰੋਤਾਂ ਜਾਂ ਸਿੱਖਿਆ ਵਾਲੇ ਮਾਪਿਆਂ ਲਈ ਇਹ ਸਮਝਣਾ ਖਾਸ ਤੌਰ ’ਤੇ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਅਕਾਦਮਿਕ ਸਫਲਤਾ ਨਾਲ ਆਪਣੀਆਂ ਕਮੀਆਂ ਦੀ ਭਰਪਾਈ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬੱਚਿਆਂ ਨੂੰ ਉਤਸ਼ਾਹਿਤ ਕਰਨਾ, ਪਛਾਣਨਾ ਅਤੇ ਸਮਰਥਨ ਕਰਨਾ ਕਿਸੇ ਵੀ ਮਹਿੰਗੀ ਕੋਚਿੰਗ ਨਾਲੋਂ ਜ਼ਿਆਦਾ ਕੀਮਤੀ ਹੈ। ਜਦੋਂ ਬੱਚੇ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਯਤਨਾਂ ਦੀ ਕਦਰ ਕਰਦੇ ਹਨ, ਸਿਰਫ਼ ਨਤੀਜਿਆਂ ਦੀ ਹੀ ਨਹੀਂ, ਉਹ ਸਖ਼ਤ ਮਿਹਨਤ ਕਰਦੇ ਹਨ ਅਤੇ ਬਿਹਤਰ ਪ੍ਰਦਰਸ਼ਨ ਕਰਦੇ ਹਨ।
ਜਦੋਂ ਬੱਚੇ ਖੁਸ਼ ਅਤੇ ਆਤਮ-ਵਿਸ਼ਵਾਸੀ ਹੁੰਦੇ ਹਨ, ਤਾਂ ਉਹ ਕੁਦਰਤੀ ਤੌਰ ’ਤੇ ਬਿਹਤਰ ਪ੍ਰਦਰਸ਼ਨ ਕਰਦੇ ਹਨ। ਖੁਸ਼ੀ ਸਫਲਤਾ ਦੀ ਨੀਂਹ ਹੈ, ਇਸਦੇ ਨਤੀਜੇ ਦੀ ਨਹੀਂ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਰਕਸ਼ੀਟ ’ਤੇ ਛਪੇ ਅੰਕ ਬੱਚੇ ਦੀ ਸਮਰੱਥਾ ਜਾਂ ਭਵਿੱਖ ਨੂੰ ਨਿਰਧਾਰਤ ਨਹੀਂ ਕਰਦੇ। ਸੱਚੀ ਸਫਲਤਾ ਭਾਵਨਾਤਮਕ ਸੰਤੁਲਨ, ਸਮਾਜਿਕ ਹੁਨਰ, ਨੈਤਿਕ ਕਦਰਾਂ-ਕੀਮਤਾਂ ਅਤੇ ਆਤਮ-ਵਿਸ਼ਵਾਸ ਵਿਚ ਹੈ।
ਦੇਵੇਂਦਰਰਾਜ ਸੁਥਾਰ
