ਹੁਣ ਯੂਨਾਈਟਿਡ ਨਹੀਂ? ਯੂ. ਕੇ. ਤੋਂ ਆਜ਼ਾਦੀ ਦੀ ਮੰਗ
Friday, Sep 18, 2026 - 09:02 PM (IST)
ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਪ੍ਰਥਮ ਮੰਤਰੀਆਂ ਨੇ ਸੋਮਵਾਰ ਨੂੰ ਇਕ ਸਾਂਝੇ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ, ਜੋ ਆਪਣੇ ਦੇਸ਼ਾਂ ਨੂੰ ਯੂਨਾਈਟਿਡ ਕਿੰਗਡਮ (ਯੂ. ਕੇ.) ਤੋਂ ਆਜ਼ਾਦੀ ਲਈ ਰੈਫਰੈਂਡਮ ਦੇ ਰਸਤੇ ’ਤੇ ਲੈ ਜਾਣ ਦੇ ਉਨ੍ਹਾਂ ਦੇ ਇਰਾਦੇ ਦਾ ਸੰਕੇਤ ਦਿੰਦਾ ਹੈ। ਇਹ ਤਿੰਨੋਂ ਦੇਸ਼, ਇੰਗਲੈਂਡ ਦੇ ਨਾਲ ਮਿਲ ਕੇ ਯੂ. ਕੇ. ਦਾ ਨਿਰਮਾਣ ਕਰਦੇ ਹਨ।
ਵੇਲਜ਼ ਦੀ ਰਾਜਧਾਨੀ ਕਾਰਡਿਫ਼ ’ਚ ਆਯੋਜਿਤ ਇਕ ਸਿਖਰ ਸੰਮੇਲਨ ’ਚ, ਤਿੰਨੋਂ ਨੇਤਾਵਾਂ—ਵੇਲਜ਼ ਦੇ ਰੂਨ ਏਪ ਆਈਓਰਵਰਥ, ਸਕਾਟਲੈਂਡ ਦੇ ਜੌਨ ਸਵਿਨੀ ਅਤੇ ਉੱਤਰੀ ਆਇਰਲੈਂਡ ਦੀ ਮਿਸ਼ੇਲ ਓਨੀਲ ਦੇ ਨਾਲ-ਨਾਲ ਰਿਪਬਲਿਕ ਆਫ਼ ਆਇਰਲੈਂਡ ਦੀ ਵਿਰੋਧੀ ਧਿਰ ਦੀ ਨੇਤਾ ਮੈਰੀ ਲੂ ਮੈਕਡੋਨਲਡ ਨੇ ‘ਕਾਰਡਿਫ਼ ਸਮਝੌਤੇ’ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ‘‘ਇਨ੍ਹਾਂ ਟਾਪੂਆਂ ਦਾ ਰਾਜਨੀਤਿਕ ਦ੍ਰਿਸ਼ ਬਦਲ ਰਿਹਾ ਹੈ।’’
ਸਹਿਮਤੀ ਪੱਤਰ ’ਚ ਕਿਹਾ ਗਿਆ—‘‘ਸਾਡੇ ਰਾਸ਼ਟਰਾਂ ਨੂੰ ਆਤਮ-ਫੈਸਲੇ ਦਾ ਅਧਿਕਾਰ ਹੈ—ਕਿਸੇ ਵੀ ਵੈਸਟਮਿੰਸਟਰ ਸਰਕਾਰ ਨੂੰ ਲੋਕਤੰਤਰ ਨੂੰ ਰੋਕਣ ਜਾਂ ਇਸ ਸਿਧਾਂਤ ਨੂੰ ਕਮਜ਼ੋਰ ਕਰਨ ਦਾ ਅਧਿਕਾਰ ਨਹੀਂ ਕਿ ਸਾਡੇ ਲੋਕ ਆਪਣੇ ਭਵਿੱਖ ਦਾ ਫ਼ੈਸਲਾ ਖ਼ੁਦ ਕਰਨਗੇ।’’ ਕਾਰਡਿਫ਼ ਸਮਝੌਤਾ ਹਾਲ ਦੇ 2 ਘਟਨਾਕ੍ਰਮਾਂ ਦੇ ਪਿਛੋਕੜ ’ਚ ਹੋਇਆ ਹੈ—ਯੂ. ਕੇ. ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਦੁਆਰਾ ਇਹ ਪ੍ਰਗਟਾਇਆ ਜਾਣਾ ਕਿ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਲਈ ਰੈਫਰੈਂਡਮ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਇਹ ਕਹਿਣਾ ਕਿ ਉਹ ਆਇਰਲੈਂਡ ਦਾ ਮੁੜ ਏਕੀਕਰਨ ਦੇਖਣਾ ‘ਪਸੰਦ ਕਰਨਗੇ’। ਬ੍ਰਿਟਿਸ਼ ਟਾਪੂ ਸਮੂਹ (ਬ੍ਰਿਟਿਸ਼ ਆਈਲਜ਼), ਜੋ ਉੱਤਰ-ਪੱਛਮੀ ਯੂਰਪ ’ਚ ਸਥਿਤ 6,000 ਤੋਂ ਵੱਧ ਟਾਪੂਆਂ ਦਾ ਇਕ ਸਮੂਹ ਹੈ, ’ਚ ਕਈ ਛੋਟੇ ਟਾਪੂਆਂ ਦੇ ਇਲਾਵਾ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੇ 2 ਪ੍ਰਮੁੱਖ ਟਾਪੂ ਸ਼ਾਮਲ ਹਨ। ਗ੍ਰੇਟ ਬ੍ਰਿਟੇਨ ’ਚ 2 ਦੇਸ਼ ਸ਼ਾਮਲ ਹਨ—ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼, ਜਦਕਿ ਆਇਰਲੈਂਡ ਰਿਪਬਲਿਕ ਆਫ਼ ਆਇਰਲੈਂਡ ਅਤੇ ਉੱਤਰੀ ਆਇਰਲੈਂਡ ਨਾਲ ਮਿਲ ਕੇ ਬਣਿਆ ਹੈ।
‘ਗ੍ਰੇਟ ਬ੍ਰਿਟੇਨ’ ਨਾਂ ਕੇਵਲ 18ਵੀਂ ਸਦੀ ’ਚ ਮਹੱਤਵਪੂਰਨ ਬਣਿਆ, ਜਦੋਂ ਇੰਗਲੈਂਡ ਅਤੇ ਸਕਾਟਲੈਂਡ ਦੇ ਰਾਜਾਂ ਨੂੰ 1707 ’ਚ ‘ਐਕਟ ਆਫ਼ ਯੂਨੀਅਨ’ ਦੁਆਰਾ ਏਕੀਕ੍ਰਿਤ ਕੀਤਾ ਗਿਆ, ਜਿਸ ਨਾਲ ਗ੍ਰੇਟ ਬ੍ਰਿਟੇਨ ਦਾ ਯੂਨਾਈਟਿਡ ਕਿੰਗਡਮ ਬਣਿਆ। ਵੇਲਜ਼, ਜੋ ਗ੍ਰੇਟ ਬ੍ਰਿਟੇਨ ਦੇ ਟਾਪੂ ’ਤੇ ਵੀ ਸਥਿਤ ਹੈ, ਨੂੰ 1200 ਦੇ ਦਹਾਕੇ ਦੇ ਉੱਤਰ ਅਰਧ ’ਚ ਅੰਗਰੇਜ਼ਾਂ ਦੁਆਰਾ ਜਿੱਤ ਲਿਆ ਗਿਆ ਸੀ ਪਰ ਕਾਨੂੰਨੀ ਤੌਰ ’ਤੇ ਇਸ ਨੂੰ 1536 ’ਚ ਕੇਵਲ ‘ਐਕਟ ਆਫ਼ ਯੂਨੀਅਨ’ ਦੇ ਮਾਧਿਅਮ ਨਾਲ ਇੰਗਲੈਂਡ ਦੇ ਰਾਜ ਦਾ ਇਕ ਹਿੱਸਾ ਬਣਾਇਆ ਗਿਆ ਸੀ।
ਇਸ ਦੌਰਾਨ, ਆਇਰਲੈਂਡ ਦਾ ਟਾਪੂ 12ਵੀਂ ਸਦੀ ਦੇ ਅੰਤ ਤੋਂ ਬ੍ਰਿਟਿਸ਼ ਕੰਟਰੋਲ ’ਚ ਸੀ ਪਰ ਇਕ ਅਸਫ਼ਲ ਆਇਰਿਸ਼ ਵਿਦਰੋਹ (1798) ਅਤੇ 1800 ਦੇ ‘ਐਕਟਸ ਆਫ਼ ਯੂਨੀਅਨ’ ਦੇ ਬਾਅਦ ਹੀ 1801 ’ਚ ਇਕ ਰਾਜਨੀਤਿਕ ਇਕਾਈ ਦੇ ਰੂਪ ’ਚ ਯੂ. ਕੇ. ’ਚ ਸ਼ਾਮਲ ਹੋਇਆ। ਇਸ ਦੇ ਬਾਅਦ, ਯੂ. ਕੇ. ਨੂੰ ਅਧਿਕਾਰਿਕ ਤੌਰ ’ਤੇ ‘ਯੂਨਾਈਟਿਡ ਕਿੰਗਡਮ ਆਫ਼ ਗ੍ਰੇਟ ਬ੍ਰਿਟੇਨ ਐਂਡ ਆਇਰਲੈਂਡ’ ਦੇ ਰੂਪ ’ਚ ਜਾਣਿਆ ਜਾਣ ਲੱਗਾ। ਹਾਲਾਂਕਿ, ਇਹ ਨਾਂ 1922 ਤੱਕ ਹੀ ਚੱਲਿਆ, ਜਦੋਂ ਆਇਰਲੈਂਡ ਦੇ ਜ਼ਿਆਦਾਤਰ ਹਿੱਸੇ, ਉਨ੍ਹਾਂ 6 ਕਾਊਂਟੀਆਂ ਨੂੰ ਛੱਡ ਕੇ, ਜੋ ਉੱਤਰੀ ਆਇਰਲੈਂਡ ਬਣਾਉਂਦੀਆਂ ਹਨ, ਨੇ ਐਂਗਲੋ-ਆਇਰਿਸ਼ ਯੁੱਧ (1919-21) ਦੇ ਬਾਅਦ ਅਾਜ਼ਾਦੀ ਹਾਸਲ ਕਰ ਲਈ। ਉੱਤਰੀ ਆਇਰਲੈਂਡ ਦੇ ਯੂ. ਕੇ. ਦਾ ਹਿੱਸਾ ਬਣੇ ਰਹਿਣ ਦੇ ਬਦਲ ਦੇ ਨਾਲ, ਬਾਅਦ ’ਚ ਇਹ ‘ਯੂਨਾਈਟਿਡ ਕਿੰਗਡਮ ਆਫ਼ ਗ੍ਰੇਟ ਬ੍ਰਿਟੇਨ ਐਂਡ ਨਾਰਦਰਨ ਆਇਰਲੈਂਡ’ ਬਣ ਗਿਆ।
18 ਸਤੰਬਰ, 2014 ਨੂੰ, ਇਸ ਇਕੱਲੇ ਪ੍ਰਸ਼ਨ ਦੇ ਨਾਲ ਸਕਾਟਿਸ਼ ਅਾਜ਼ਾਦੀ ਰੈਫਰੈਂਡਮ ਆਯੋਜਿਤ ਕੀਤਾ ਗਿਆ—‘ਕੀ ਸਕਾਟਲੈਂਡ ਨੂੰ ਇਕ ਆਜ਼ਾਦ ਦੇਸ਼ ਹੋਣਾ ਚਾਹੀਦਾ ਹੈ?’’ ਇਸ ਦਾ ਨਤਿਜਾ ਸੀ—55.3 ਫੀਸਦੀ ਨੇ ‘ਨਾਂਹ’ ’ਚ ਅਤੇ 44.7 ਫੀਸਦੀ ਨੇ ‘ਹਾਂ’ ’ਚ ਵੋਟਿੰਗ ਕੀਤੀ। 2022 ’ਚ, ਯੂ. ਕੇ. ਦੀ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਸਕਾਟਿਸ਼ ਸੰਸਦ ਕੋਲ ਸਕਾਟਿਸ਼ ਆਜ਼ਾਦੀ ’ਤੇ ਇਕਤਰਫ਼ਾ ਦੂਸਰਾ ਰੈਫਰੈਂਡਮ ਕਰਵਾਉਣ ਦੀ ਸ਼ਕਤੀ ਨਹੀਂ ਹੈ। ਅਜਿਹਾ ਇਸ ਲਈ, ਕਿਉਂਕਿ ਯੂ. ਕੇ. ਦੇ ਕਿਸੇ ਵੀ ਹਿੱਸੇ ’ਚ ਰੈਫਰੈਂਡਮ ਕਰਵਾਉਣ ਦਾ ਕਾਨੂੰਨੀ ਅਧਿਕਾਰ ਕੇਵਲ ਯੂ. ਕੇ. ਦੀ ਸੰਸਦ ਕੋਲ ਹੈ।
ਵੇਲਜ਼ ਅਤੇ ਉੱਤਰੀ ਆਇਰਲੈਂਡ ਦੋਵਾਂ ਨੇ ਅਜੇ ਤੱਕ ਆਜ਼ਾਦੀ ’ਤੇ ਰੈਫਰੈਂਡਮ ਨਹੀਂ ਕਰਵਾਇਆ ਹੈ ਪਰ ਉੱਤਰੀ ਆਇਰਲੈਂਡ ਨੇ 1973 ’ਚ ਆਪਣੀ ਸੰਵਿਧਾਨਕ ਸਥਿਤੀ ਤੈਅ ਕਰਨ ਲਈ ਇਕ ‘ਬਾਰਡਰ ਪੋਲ’ (ਸੀਮਾ ਰੈਫਰੈਂਡਮ) ਕਰਵਾਇਆ ਸੀ—ਕੀ ਉਸ ਨੂੰ ਯੂ. ਕੇ. ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ ਜਾਂ ਇਕ ਸਾਂਝਾ ਆਇਰਲੈਂਡ ਬਣਾਉਣ ਲਈ ਰਿਪਬਲਿਕ ਆਫ਼ ਆਇਰਲੈਂਡ ’ਚ ਸ਼ਾਮਲ ਹੋਣਾ ਚਾਹੀਦਾ ਹੈ। ਇਕ ਸਾਂਝੇ ਆਇਰਲੈਂਡ ਦਾ ਸਮਰਥਨ ਕਰਨ ਵਾਲੇ ਆਇਰਿਸ਼ ਰਾਸ਼ਟਰਵਾਦੀਆਂ ਨੇ ਇਸ ਚੋਣ ਦਾ ਬਾਈਕਾਟ ਕੀਤਾ—98.9 ਫੀਸਦੀ ਵੋਟਾਂ ਨੇ ਯੂ. ਕੇ. ’ਚ ਬਣੇ ਰਹਿਣ ਦਾ ਬਦਲ ਚੁਣਿਆ। ‘ਦਿ ਗਾਰਜੀਅਨ’ ਦੁਆਰਾ ਹਾਲ ਹੀ ’ਚ ਰਿਪੋਰਟ ਕੀਤੀ ਗਈ ਵੋਟਿੰਗ ਤੋਂ ਪਤਾ ਚੱਲਦਾ ਹੈ ਕਿ 47 ਫੀਸਦੀ ਸਕਾਟਿਸ਼ ਵੋਟਰ ਆਜ਼ਾਦੀ ਦਾ ਬਦਲ ਚੁਣਨਗੇ, ਨਾਲ ਹੀ ਉੱਤਰੀ ਆਇਰਲੈਂਡ ’ਚ 36 ਫੀਸਦੀ ਅਤੇ ਵੇਲਜ਼ ’ਚ 32 ਫੀਸਦੀ ਵੋਟਰ ਇਸ ਦਾ ਸਮਰਥਨ ਕਰਦੇ ਹਨ।
ਕੇਵਲ ਸੰਵਿਧਾਨਕ ਪਰਿਵਰਤਨ, ਜਿਸ ’ਚ ਯੂ. ਕੇ. ਦੀ ਸੰਸਦ ਦੁਆਰਾ ਸਬੰਧਤ 3 ਰਾਸ਼ਟਰੀ ਸੰਸਦਾਂ ਨੂੰ ਸ਼ਕਤੀਆਂ ਤਬਦੀਲ ਕੀਤੀਆਂ ਜਾਣ, 2014 ਦੇ ਸਕਾਟਿਸ਼ ਰੈਫਰੈਂਡਮ ਦੀ ਇਜਾਜ਼ਤ ਦੇਣ ਵਾਲੇ ਆਦੇਸ਼ ਦੇ ਬਰਾਬਰ ਆਦੇਸ਼ ਦੀ ਵਰਤੋਂ ਕਰ ਕੇ ਆਜ਼ਾਦੀ ਰੈਫਰੈਂਡਮ ਨੂੰ ਸੰਭਵ ਬਣਾ ਸਕਦੇ ਹਨ। ਇਸ ਲਈ, ਕਾਰਡਿਫ਼ ਸਮਝੌਤਾ ਬ੍ਰਿਟਿਸ਼ ਸਰਕਾਰ ਨੂੰ ਹਰ ਇਕ ਅਧਿਕਾਰ ਖੇਤਰ ’ਚ ‘ਸੰਵਿਧਾਨਕ ਤਬਦੀਲੀ ਦੀ ਤਿਆਰੀ ਕਰਨ, ਯੋਜਨਾ ਬਣਾਉਣ ਅਤੇ ਉਸ ਨੂੰ ਅਾਸਾਨ ਬਣਾਉਣ’ ਦਾ ਸੱਦਾ ਦਿੰਦਾ ਹੈ।
—ਅਭਿਨਵ ਚੱਕਰਵਰਤੀ
(‘ਆਈ. ਈ.’ ਤੋਂ ਧੰਨਵਾਦ ਸਹਿਤ)
