‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!

Sunday, Sep 20, 2026 - 05:02 AM (IST)

‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!

ਇਕ ਪਾਸੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਦੇਸ਼ ਵਿਚ ਲੁੱਟ ਮਚਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਕੁਝ ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮ ਵੀ ਸਰਕਾਰ ਦੇ ਧਨ ਨੂੰ ਲੁੱਟਣ ਵਿਚ ਲੱਗੇ ਹੋਏ ਹਨ, ਜਿਨ੍ਹਾਂ ਦੀਆਂ ਪਿਛਲੇ ਲਗਭਗ 6 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 26 ਮਾਰਚ ਨੂੰ ‘ਬਦਾਯੂੰ’ (ਉੱਤਰ ਪ੍ਰਦੇਸ਼) ਵਿਚ ‘ਆਰਥਿਕ ਅਪਰਾਧ ਖੋਜ ਸੰਗਠਨ’ ਦੇ ਅਧਿਕਾਰੀਆਂ ਨੇ ‘ਸਟੈਂਪ ਪੇਪਰਜ਼’ ਦੀ ਵਿਕਰੀ ਤੋਂ ਪ੍ਰਾਪਤ ਲਗਭਗ 5.08 ਕਰੋੜ ਰੁਪਏ ਤੋਂ ਵੱਧ ਦੀ ਸਰਕਾਰੀ ਰਕਮ ਨੂੰ ‘ਦਾਤਾਗੰਜ ਸਬ-ਟ੍ਰੈਜ਼ਰੀ’ ਵਿਚ ਜਮ੍ਹਾਂ ਨਾ ਕਰਵਾਉਣ ਦੇ ਮਾਮਲੇ ਵਿਚ 7 ਸਾਲ ਤੋਂ ਫਰਾਰ ਚੱਲ ਰਹੇ ਅਕਾਊਂਟੈਂਟ ‘ਰਾਜੇਸ਼ ਸਾਗਰ’ ਨੂੰ ਗ੍ਰਿਫ਼ਤਾਰ ਕੀਤਾ।

* 24 ਜੂਨ ਨੂੰ ‘ਪ੍ਰਤਾਪਗੜ੍ਹ’ (ਉੱਤਰ ਪ੍ਰਦੇਸ਼) ਦੀ ਗ੍ਰਾਮ ਪੰਚਾਇਤ ‘ਹਰਈਪੱਟੀ’ ਵਿਚ ਨਾਲੀਆਂ ਅਤੇ ਗਲੀਆਂ ਦੇ ਨਿਰਮਾਣ ਦੇ ਨਾਂ ’ਤੇ ਬਿਨਾਂ ਕੰਮ ਕਰਵਾਏ ਹੀ 5.80 ਲੱਖ ਰੁਪਏ ਦਾ ਸਰਕਾਰੀ ਧਨ ਕਢਵਾਉਣ ਦੇ ਦੋਸ਼ ਹੇਠ ਗ੍ਰਾਮ ਪ੍ਰਧਾਨ ਅਤੇ ਸੈਕਟਰੀ ਵਿਰੁੱਧ ਕੇਸ ਦਰਜ ਕੀਤਾ ਗਿਆ।

* 3 ਸਤੰਬਰ ਨੂੰ ‘ਪੰਚਕੂਲਾ’ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹਰਿਆਣਾ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ 504 ਕਰੋੜ ਰੁਪਏ ਦੀ ਹੇਰਾਫੇਰੀ ਦੇ ਮਾਮਲੇ ਵਿਚ ਸੀ. ਬੀ. ਆਈ. ਨੇ ਹਰਿਆਣਾ ਕੇਡਰ ਦੇ 6 ਆਈ. ਏ. ਐੱਸ. ਅਧਿਕਾਰੀਆਂ, 2 ਬੈਂਕਾਂ ਦੇ 4 ਅਧਿਕਾਰੀਆਂ ਅਤੇ ਸੂਬੇ ਦੇ 9 ਅਧਿਕਾਰੀਆਂ ਸਮੇਤ 19 ਮੁਲਜ਼ਮਾਂ ਵਿਰੁੱਧ ਤੀਜੀ ਚਾਰਜਸ਼ੀਟ ਦਾਖ਼ਲ ਕੀਤੀ। ਮਾਮਲੇ ਦੀ ਜਾਂਚ ਦੌਰਾਨ ਸੀ. ਬੀ. ਆਈ. ਹੁਣ ਤੱਕ 20 ਕਰੋੜ ਰੁਪਏ ਦੇ ਸੋਨੇ ਸਮੇਤ ਕਈ ਸਬੂਤ ਜ਼ਬਤ ਕਰ ਚੁੱਕੀ ਹੈ।

* 7 ਸਤੰਬਰ ਨੂੰ ਇਕ ਵਪਾਰੀ ਨੂੰ ਸਰਕਾਰੀ ਕੰਟਰੈਕਟ ਦਿਵਾਉਣ ਦੇ ਨਾਂ ’ਤੇ ਉਸ ਨਾਲ 10 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਪੁਲਸ ਨੇ ‘ਧੇਮਾਜੀ’ (ਅਾਸਾਮ) ਦੇ ਜ਼ਿਲਾ ਵਿਕਾਸ ਕਮਿਸ਼ਨਰ ‘ਦੇਬੇਸ਼ਵਰ ਬੋਰਾ’ ਨੂੰ ਗ੍ਰਿਫ਼ਤਾਰ ਕੀਤਾ।

* 11 ਸਤੰਬਰ ਨੂੰ ਸੀ. ਬੀ. ਆਈ. ਨੇ ‘ਇੰਡੀਅਨ ਫਾਰੈਸਟ ਸਰਵਿਸ’ ਅਧਿਕਾਰੀ ‘ਨਵੀਨ ਸ੍ਰੀਵਾਸਤਵ’ ਅਤੇ ਉਸ ਦੀ ਪਤਨੀ ਵਿਰੁੱਧ ‘ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਊਂਡ ਐਂਡ ਟੈਕਨਾਲੋਜੀ ਪ੍ਰਮੋਸ਼ਨਲ ਸੁਸਾਇਟੀ’ ਦੇ ਖ਼ਾਤਿਆਂ ਵਿਚੋਂ 75.4 ਕਰੋੜ ਰੁਪਏ ਦੇ ਸਰਕਾਰੀ ਫੰਡ ਦਾ ਗਬਨ ਕਰਨ ਦੇ ਦੋਸ਼ ਹੇਠ ਚਾਰਜਸ਼ੀਟ ਦਾਖ਼ਲ ਕੀਤੀ।

* 14 ਸਤੰਬਰ ਨੂੰ ‘ਤਵਾਂਗ’ (ਅਰੁਣਾਚਲ ਪ੍ਰਦੇਸ਼) ਦੇ ਮੁੱਖ ਡਾਕਘਰ ਵਿਚ ਵਿੱਤੀ ਨਿਰੀਖਣ ਦੌਰਾਨ 39.25 ਲੱਖ ਰੁਪਏ ਦੇ ਸਰਕਾਰੀ ਫੰਡ ਦੇ ਗਬਨ ਦੇ ਦੋਸ਼ ਹੇਠ ਡਾਕਘਰ ਦੀ ਮੁਲਾਜ਼ਮ ‘ਸੰਗੀਤਾ ਆਲੇ’ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਮੁਲਜ਼ਮ ਮਹਿਲਾ ਮੁਲਾਜ਼ਮ ਨੇ ‘ਪੋਸਟਲ ਲਾਈਫ਼ ਇੰਸ਼ੋਰੈਂਸ’ ਅਧੀਨ ਵਸੂਲ ਕੀਤੀ ਗਈ ਸਰਕਾਰੀ ਰਕਮ ਅਧਿਕਾਰਤ ਖ਼ਾਤਿਆਂ ਵਿਚ ਜਮ੍ਹਾ ਨਹੀਂ ਕਰਵਾਈ ਸੀ। ਨਿਰੀਖਣ ਦੌਰਾਨ ਕਾਊਂਟਰ ’ਤੇ ਜਮ੍ਹਾ 4.75 ਲੱਖ ਰੁਪਏ ਦੀ ਅਜਿਹੀ ਰਕਮ ਵੀ ਗਾਇਬ ਮਿਲੀ ਜੋ ਜਮ੍ਹਾ ਨਹੀਂ ਕਰਵਾਈ ਗਈ ਸੀ।

* 16 ਸਤੰਬਰ ਨੂੰ ‘ਸੇਈਜੋਸਾ’ (ਅਰੁਣਾਚਲ ਪ੍ਰਦੇਸ਼) ਵਿਚ ‘ਸਟੇਟ ਬੈਂਕ ਆਫ਼ ਇੰਡੀਆ’ ਦੀ ਸ਼ਾਖਾ ਦੇ ਇਕ ਮੁਲਾਜ਼ਮ ਵੱਲੋਂ ਇਕ ਬਜ਼ੁਰਗ ਖ਼ਾਤਾਧਾਰਕ ਔਰਤ ਦੇ ਖ਼ਾਤੇ ਵਿਚੋਂ 5,00,000 ਰੁਪਏ ਦੀ ਗ਼ੈਰ-ਕਾਨੂੰਨੀ ਨਿਕਾਸੀ ਦਾ ਮਾਮਲਾ ਸਾਹਮਣੇ ਆਇਆ।

* 16 ਸਤੰਬਰ ਨੂੰ ਹੀ ‘ਬਦਾਯੂੰ’ (ਉੱਤਰ ਪ੍ਰਦੇਸ਼) ਵਿਚ ‘ਬਿਸੌਲੀ’ ਬਲਾਕ ਦੀ ਗ੍ਰਾਮ ਪੰਚਾਇਤ ‘ਮਿਠਾਮਈ’ ਵਿਚ ਫ਼ਰਜ਼ੀ ਮਜ਼ਦੂਰ ਦਿਖਾ ਕੇ 2 ਲੱਖ ਰੁਪਏ ਦੇ ਗਬਨ ਦੇ ਦੋਸ਼ ਹੇਠ ਗ੍ਰਾਮ ਪ੍ਰਧਾਨ ‘ਰੇਖਾ ਰਾਣੀ’ ਅਤੇ ਸਕੱਤਰ ‘ਪ੍ਰਿਯਾ ਪਾਲ’ ਵਿਰੁੱਧ ਕੇਸ ਦਰਜ ਕੀਤਾ ਗਿਆ। ਇਨ੍ਹਾਂ ਦੋਹਾਂ ਨੇ ਬਿਨਾਂ ਕੋਈ ਕੰਮ ਕਰਵਾਏ ਅਜਿਹੇ ਲੋਕਾਂ ਦੇ ਖ਼ਾਤਿਆਂ ਵਿਚ ਮਜ਼ਦੂਰੀ ਦੀ ਰਕਮ ਪਾ ਦਿੱਤੀ ਜੋ ਗ੍ਰਾਮ ਪੰਚਾਇਤ ਖੇਤਰ ਵਿਚ ਰਹਿੰਦੇ ਹੀ ਨਹੀਂ ਸਨ।

* 18 ਸਤੰਬਰ ਨੂੰ ‘ਗੁਰੂਗ੍ਰਾਮ’ (ਹਰਿਆਣਾ) ਸਥਿਤ ‘ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮ.’ (ਭੇਲ) ਦੇ ਸਥਾਨਕ ਸਿਲੀਕੌਨ ਸੋਲਰ ਸੈੱਲ ਪਲਾਂਟ ਤੋਂ ਲਗਭਗ 71 ਲੱਖ ਰੁਪਏ ਕੀਮਤ ਦੀ 31.65 ਕਿੱਲੋ ਚਾਂਦੀ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਉਣ ’ਤੇ ਸੀ. ਬੀ. ਆਈ. ਨੇ ‘ਭੇਲ’ ਦੇ 2 ਅਧਿਕਾਰੀਆਂ ਨੂੰ ਨਾਮਜ਼ਦ ਕਰਦਿਆਂ ਐੱਫ਼. ਆਈ. ਆਰ. ਦਰਜ ਕੀਤੀ, ਜਦਕਿ 3 ਹੋਰ ਅਧਿਕਾਰੀਆਂ ਦੀ ਭੂਮਿਕਾ ਜਾਂਚ ਦੇ ਘੇਰੇ ਵਿਚ ਹੈ।

* ਅਤੇ ਹੁਣ 18 ਸਤੰਬਰ ਨੂੰ ਹੀ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ਦੀ ਗ੍ਰਾਮ ਪੰਚਾਇਤ ‘ਭੱਰਾ’ ਦੇ ਪ੍ਰਧਾਨ ‘ਸੋਨੂ’ ਅਤੇ ਤਤਕਾਲੀ ਸੈਕਟਰੀ ’ਤੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਮਨਰੇਗਾ ਵਿਚ 3.07 ਲੱਖ ਰੁਪਏ ਤੋਂ ਵੱਧ ਦੀ ਰਕਮ ਦੇ ਗਬਨ ਦਾ ਦੋਸ਼ ਲੱਗਾ ਹੈ। ਪ੍ਰਸ਼ਾਸਨ ਨੇ ਇਨ੍ਹਾਂ ਦੋਹਾਂ ਨੂੰ ਰਿਕਵਰੀ ਦਾ ਨੋਟਿਸ ਜਾਰੀ ਕੀਤਾ ਹੈ। ਦੋਸ਼ ਹੈ ਕਿ ਇਨ੍ਹਾਂ ਦੋਹਾਂ ਨੇ ਗ੍ਰਾਮ ਫੰਡ ਦੀ ਰਕਮ ਪਿੰਡ ਦੇ ਵਿਕਾਸ ਵਿਚ ਲਾਉਣ ਦੀ ਬਜਾਏ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਖ਼ਾਤਿਆਂ ਵਿਚ ਟ੍ਰਾਂਸਫਰ ਕਰ ਦਿੱਤੀ।

ਸਰਕਾਰੀ ਧਨ ਲੋਕਾਂ ਦੀ ਅਮਾਨਤ ਹੁੰਦਾ ਹੈ, ਇਸ ਲਈ ਅਮਾਨਤ ਵਿਚ ਖ਼ਿਆਨਤ ਕਰਨਾ ਕਿਸੇ ਵੀ ਪੱਖੋਂ ਢੁੱਕਵਾਂ ਨਹੀਂ ਕਿਹਾ ਜਾ ਸਕਦਾ। ਜੇ ਮੁਲਾਜ਼ਮ ਹੀ ਇਸ ਤਰ੍ਹਾਂ ਦੀ ਧੋਖਾਦੇਹੀ ਵਿਚ ਸ਼ਾਮਲ ਹੋਣਗੇ ਤਾਂ ਲੋਕਾਂ ਦਾ ਭਰੋਸਾ ਵਿਵਸਥਾ ਵਿਚ ਕਿਵੇਂ ਕਾਇਮ ਰਹਿ ਸਕੇਗਾ! ਇਸ ਲਈ ਇਸ ਤਰ੍ਹਾਂ ਦੇ ਕਾਰਿਆਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

—ਵਿਜੇ ਕੁਮਾਰ
 


author

Inder Prajapati

Content Editor

Related News