‘ਕੁਝ ਜੇਲਾਂ ’ਚ ਗੁੰਡਾਗਰਦੀ ਅਤੇ ਮਾਰਾਮਾਰੀ’ ਬਣ ਰਹੀਆਂ ਹਿੰਸਾ ਦੇ ਅਖਾੜੇ!

Wednesday, Sep 23, 2026 - 03:48 AM (IST)

‘ਕੁਝ ਜੇਲਾਂ ’ਚ ਗੁੰਡਾਗਰਦੀ ਅਤੇ ਮਾਰਾਮਾਰੀ’ ਬਣ ਰਹੀਆਂ ਹਿੰਸਾ ਦੇ ਅਖਾੜੇ!

ਵੱਖ-ਵੱਖ ਅਪਰਾਧਾਂ ’ਚ ਸ਼ਾਮਲ ਪਾਏ ਜਾਣ ਵਾਲੇ ਅਪਰਾਧੀਆਂ ਨੂੰ ਜੇਲਾਂ ’ਚ ਰੱਖਣ ਦਾ ਮਕਸਦ ਉਨ੍ਹਾਂ ਦੇ ਆਚਰਣ ’ਚ ਸੁਧਾਰ ਲਿਆਉਣਾ ਹੁੰਦਾ ਹੈ ਪਰ ਮੌਜੂਦਾ ਸਮੇਂ ’ਚ ਕੁਝ ਜੇਲਾਂ ਹੀ ‘ਹਿੰਸਾ ਦੇ ਅਖਾੜੇ’ ਬਣਦੀਆਂ ਜਾ ਰਹੀਆਂ ਹਨ। ਇਨ੍ਹਾਂ ’ਚ ਬੰਦ ਕੈਦੀ ਹੀ ਨਹੀਂ, ਹੁਣ ਜੇਲ ਅਧਿਕਾਰੀ ਅਤੇ ਸੁਰੱਖਿਆ ਕਰਮਚਾਰੀ ਤੱਕ ਸੁਰੱਖਿਅਤ ਨਜ਼ਰ ਨਹੀਂ ਆ ਰਹੇ, ਜਿਨ੍ਹਾਂ ਦੀਆਂ ਇਸੇ ਸਾਲ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 3 ਜਨਵਰੀ ਨੂੰ ‘ਮਹੋਬਾ’ (ਉੱਤਰ ਪ੍ਰਦੇਸ਼) ਉਪ-ਜੇਲ ’ਚ ਬੰਦ ਇਕ ਕੈਦੀ ਨੇ ਕੜਾਕੇ ਦੀ ਠੰਢ ’ਚ ਦੂਜੇ ਗੈਂਗਸਟਰ ਕੈਦੀ ’ਤੇ ਠੰਢਾ ਪਾਣੀ ਪਾ ਦਿੱਤਾ ਜਿਸ ’ਤੇ ਦੂਜੇ ਕੈਦੀ ਨੇ ਦੰਦਾਂ ਨਾਲ ਉਸ ਦੀ ਗੱਲ੍ਹ ਵੱਢ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ ਅਤੇ ਦੂਜੇ ਕੈਦੀ ਦੇ ਵਿਰੁੱਧ ਗੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕਰਵਾਇਆ ਗਿਆ।

* 20 ਜਨਵਰੀ ਨੂੰ ‘ਧੌਲਪੁਰ’ (ਰਾਜਸਥਾਨ) ਜੇਲ ’ਚ ਕੈਦੀਆਂ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਕੁਝ ਕੈਦੀਆਂ ਨੇ ਜੇਲ ਸਟਾਫ਼ ਨਾਲ ਬਦਤਮੀਜ਼ੀ ਕੀਤੀ ਅਤੇ ਖੁਦ ਨੂੰ ਬੈਰਕ ’ਚ ਬੰਦ ਕਰ ਲਿਆ। ਸਥਿਤੀ ਨੂੰ ਸੰਭਾਲਣ ਲਈ ਭਾਰੀ ਪੁਲਸ ਬਲ ਨੂੰ ਬੁਲਾਉਣਾ ਪਿਆ। ਇਸ ਮਾਮਲੇ ’ਚ ਕਈ ਕੈਦੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ।

* 12 ਫਰਵਰੀ ਨੂੰ ‘ਜੈਪੁਰ’ (ਰਾਜਸਥਾਨ) ਦੀ ਸਖਤ ਸੁਰੱਖਿਆ ਵਾਲੀ ਸੈਂਟਰਲ ਜੇਲ ’ਚ ਬੰਦ ਕੈਦੀਆਂ ਵਿਚਾਲੇ ਮਾਰਕੁੱਟ ’ਚ ਇਕ ਕੈਦੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

* 2 ਮਈ ਨੂੰ ‘ਨੈਨੀ’ (ਉੱਤਰ ਪ੍ਰਦੇਸ਼) ਸਥਿਤ ਜ਼ਿਲਾ ਜੇਲ ’ਚ ਟੀ. ਵੀ. ਦੇਖਣ ਨੂੰ ਲੈ ਕੇ ਕੈਦੀਆਂ ’ਚ ਜੰਮ ਕੇ ਹੋਈ ਮਾਰਕੁੱਟ ’ਚ ਕਈ ਕੈਦੀ ਜ਼ਖਮੀ ਹੋ ਗਏ। ਵਿਚ-ਬਚਾਅ ਕਰਨ ਪਹੁੰਚੇ ਜੇਲ ਵਾਰਡਨ ਨੂੰ ਵੀ ਕੈਦੀਆਂ ਨੇ ਕੁੱਟ ਦਿੱਤਾ। ਘਟਨਾ ’ਚ ਸ਼ਾਮਲ 5 ਦੋਸ਼ੀ ਕੈਦੀਆਂ ਨੂੰ ਇੱਥੋਂ ਹੋਰਨਾਂ ਜੇਲਾਂ ’ਚ ਤਬਦੀਲ ਕਰ ਦਿੱਤਾ ਗਿਆ।

* 24 ਮਈ ਨੂੰ ‘ਕਪੂਰਥਲਾ’ (ਪੰਜਾਬ) ਦੀ ਮਾਡਰਨ ਜੇਲ ’ਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਭਿਆਨਕ ਖੂਨੀ ਝੜਪ ਤੋਂ ਬਾਅਦ ਕੈਦੀਆਂ ਨੇ ਪੂਰੀ ਜੇਲ ’ਚ ਖਰੂਦ ਮਚਾ ਦਿੱਤਾ। ਕੈਦੀਆਂ ਨੇ ਬੈਰਕਾਂ ਅਤੇ ਜੇਲ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚਾਇਆ, ਛੱਤਾਂ ’ਤੇ ਚੜ੍ਹ ਕੇ ਲਾਠੀ-ਡੰਡੇ ਲਹਿਰਾਏ ਅਤੇ ਜੇਲ ਕੰਪਲੈਕਸ ’ਚ ਬੈਰਕ ਦੇ ਬਾਹਰ ਅੱਗ ਵੀ ਲਗਾ ਦਿੱਤੀ। ਸਥਿਤੀ ਇੰਨੀ ਬੇਕਾਬੂ ਹੋ ਗਈ ਕਿ ਵਿਵਸਥਾ ਬਹਾਲ ਕਰਨ ਲਈ ਪੁਲਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।

* 30 ਮਈ ਨੂੰ ‘ਉਦੈਪੁਰ’ (ਰਾਜਸਥਾਨ) ਸਥਿਤ ਕੇਂਦਰੀ ਜੇਲ ’ਚ ਇਕ ਕੈਦੀ ਨੂੰ ਦੂਜੀ ਜੇਲ ’ਚ ਟ੍ਰਾਂਸਫਰ ਤੋਂ ਇਨਕਾਰ ਕਰਨ ’ਤੇ ਕੈਦੀ ਨੇ ਜੇਲਰ ਦੀ ਕੁੱਟਮਾਰ ਕਰ ਦਿੱਤੀ। ਕੁਝ ਦਿਨ ਪਹਿਲਾਂ ਵੀ ਇਸੇ ਜੇਲ ’ਚ ਇਕ ਪੁਲਸ ਮੁਲਾਜ਼ਮ ’ਤੇ ਹਮਲਾ ਕੀਤਾ ਗਿਆ ਸੀ।

* 6 ਜੁਲਾਈ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ਸਥਿਤ ‘ਚੌਧਰੀ ਚਰਨ ਸਿੰਘ ਜ਼ਿਲਾ ਜੇਲ’ ’ਚ ਕੈਦੀਆਂ ਦੇ 2 ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਜੇਲ ਦੇ ਖੇਤ ’ਚ ਕੰਮ ਦੌਰਾਨ ਇਕ ਕੈਦੀ ਨੇ ਦੂਜੇ ਕੈਦੀ ’ਤੇ ਕਿਸੇ ਨੁਕੀਲੀ ਅਤੇ ਤੇਜ਼ਧਾਰ ਚੀਜ਼ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਨਾਲ ਕੈਦੀ ਦੀ ਧੌਣ ਦੀ ਨਸ ਕੱਟੀ ਗਈ ਅਤੇ ਬਹੁਤ ਜ਼ਿਆਦਾ ਖੂਨ ਵਗਣ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।

* ਅਤੇ ਹੁਣ 21 ਸਤੰਬਰ ਨੂੰ ‘ਦਿੱਲੀ’ ਦੀ ‘ਰੋਹਿਣੀ ਜੇਲ’ ’ਚ ਆਰਮਜ਼ ਐਕਟ ਅਤੇ ਲੁੱਟ-ਖੋਹ ਦੇ ਮਾਮਲਿਆਂ ’ਚ ਬੰਦ 31 ਸਾਲਾ ਵਿਚਾਰ ਅਧੀਨ ਕੈਦੀ ‘ਪ੍ਰਦੀਪ’ ਉਰਫ਼ ‘ਮੋਹਿੰਦਰ’ ਦੀ ਜੇਲ ਕੰਪਲੈਕਸ ਦੇ ਅੰਦਰ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

ਦੁਪਹਿਰ ਦੇ ਸਮੇਂ ਜਦੋਂ ਉਹ ਆਪਣੀ ਬੈਰਕ ਨੰਬਰ 203 ਵੱਲ ਪਰਤ ਰਿਹਾ ਸੀ, ਉਦੋਂ ‘ਭੋਲਾ’ ਅਤੇ ‘ਮੁਕੇਸ਼’ ਨਾਂ ਦੇ 2 ਹੋਰ ਕੈਦੀਆਂ ਨੇ ਖਿੜਕੀ ਦੀ ਲੋਹੇ ਦੀ ਗਰਿੱਲ ਤੋੜ ਕੇ ਬਣਾਏ ਨੁਕੀਲੇ ਹਥਿਆਰ (ਸੂਏ) ਨਾਲ ਉਸ ਦੀ ਧੌਣ ’ਤੇ ਤਾਬੜਤੋੜ ਵਾਰ ਕਰ ਦਿੱਤੇ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।

ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਕੁਝ ਜੇਲਾਂ ਕਿਸ ਤਰ੍ਹਾਂ ‘ਸੁਧਾਰ ਘਰ’ ਦੀ ਬਜਾਏ ‘ਵਿਗਾੜ ਘਰ’ ਦਾ ਰੂਪ ਧਾਰਨ ਕਰ ਰਹੀਆਂ ਹਨ, ਜਿਸ ਲਈ ਕਿਤੇ ਨਾ ਕਿਤੇ ਜੇਲਾਂ ਦੀ ਸੁਰੱਖਿਆ ਵਿਵਸਥਾ ’ਚ ਕਮੀ ਵੀ ਜ਼ਿੰਮੇਵਾਰ ਹੈ।

ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਜਿੱਥੇ ਜੇਲਾਂ ’ਚ ਬੰਦ ਖਰੂਦੀ ਕੈਦੀਆਂ ਨੂੰ ਅਜਿਹੀਆਂ ਹਰਕਤਾਂ ਕਰਨ ਤੋਂ ਰੋਕਣ ਲਈ ਉਨ੍ਹਾਂ ਨੂੰ ਸਖਤ ਸਜ਼ਾ ਦੇਣ ਦੀ ਜ਼ਰੂਰਤ ਹੈ, ਉੱਥੇ ਹੀ ਜੇਲਾਂ ਦੀ ਸੁਰੱਖਿਆ ਵਿਵਸਥਾ ’ਚ ਢਿੱਲ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜੇਲਾਂ ਨੂੰ ਹਿੰਸਾ ਦੇ ਅਖਾੜੇ ਬਣਨ ਤੋਂ ਰੋਕਿਆ ਜਾ ਸਕੇ।

-ਵਿਜੇ ਕੁਮਾਰ


author

Inder Prajapati

Content Editor

Related News