ਮੋਦੀ ਅਤੇ ਭਾਰਤਵਾਸੀਆਂ ਦੀ ਜੁਗਲਬੰਦੀ
Monday, Sep 21, 2026 - 07:42 PM (IST)
ਅਜਿਹੇ ਪਲ ਆਉਂਦੇ ਹਨ ਜਦੋਂ ਕਿਸੇ ਦੇਸ਼ ਨੂੰ ਖੁਦ ਨੂੰ ਦੁਨੀਆ ਦੀ ਨਜ਼ਰ ਤੋਂ ਦੇਖਣ ਦਾ ਮੌਕਾ ਮਿਲਦਾ ਹੈ। ਨਵੀਂ ਦਿੱਲੀ ’ਚ ਹੋਇਆ ਬ੍ਰਿਕਸ ਸਿਖਰ ਸੰਮੇਲਨ ਅਜਿਹਾ ਹੀ ਇਕ ਪਲ ਸੀ। ਦੋ ਦਿਨਾਂ ਲਈ ਦਿੱਲੀ ਗਲੋਬਲ ਕੂਟਨੀਤੀ ਦਾ ਕੇਂਦਰ ਬਣ ਗਈ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਪਹੁੰਚੇ, ਅੰਤਰਰਾਸ਼ਟਰੀ ਮੀਡੀਆ ਰਾਜਧਾਨੀ ’ਚ ਜਮ੍ਹਾ ਹੋਇਆ ਅਤੇ ਦੁਨੀਆ ਦੇ ਕੁਝ ਸਭ ਤੋਂ ਸ਼ਕਤੀਸ਼ਾਲੀ ਦੇਸ਼ ਇਕ ਹੀ ਮੇਜ਼ ’ਤੇ ਬੈਠੇ ਪਰ ਕੂਟਨੀਤੀ, ਭਾਸ਼ਣਾਂ ਅਤੇ ਹੱਥ ਮਿਲਾਉਣ ਤੋਂ ਪਰ੍ਹੇ, ਦਿੱਲੀ ਦੀਆਂ ਸੜਕਾਂ ’ਤੇ ਕੁਝ ਹੋਰ ਹੀ ਹੋ ਰਿਹਾ ਸੀ।
ਭਾਰਤ ਖੁਦ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਰਿਹਾ ਸੀ ਅਤੇ ਇਸ ਵਾਰ, ਭਾਰਤੀਆਂ ਕੋਲ ਮਾਣ ਮਹਿਸੂਸ ਕਰਨ ਦੀ ਹਰ ਵਜ੍ਹਾ ਸੀ। ਇਸ ਪੈਮਾਨੇ ਦਾ ਅੰਤਰਰਾਸ਼ਟਰੀ ਸੰਮੇਲਨ ਆਯੋਜਿਤ ਕਰਨਾ ਕੋਈ ਛੋਟਾ ਕੰਮ ਨਹੀਂ ਹੈ। ਇਕੱਲੇ ਸੁਰੱਖਿਆ ਇੰਤਜ਼ਾਮ ਹੀ ਵਿਸ਼ਾਲ ਸਨ। ਦਿੱਲੀ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਆਉਣ ਵਾਲੇ ਨੇਤਾਵਾਂ ਦੀ ਆਵਾਜਾਈ ਨਾਲ ਤਾਲਮੇਲ ਬਿਠਾਉਣਾ ਸੀ, ਹੋਟਲਾਂ ਅਤੇ ਸਥਾਨਾਂ ਨੂੰ ਸੁਰੱਖਿਅਤ ਕਰਨਾ ਸੀ, ਟ੍ਰੈਫਿਕ ਦੇ ਡਾਇਵਰਸ਼ਨ ਨੂੰ ਸੰਭਾਲਣਾ ਸੀ ਅਤੇ ਇਹ ਯਕੀਨੀ ਬਣਾਉਣਾ ਸੀ ਕਿ ਦੁਨੀਆ ਦੇ ਸਭ ਤੋਂ ਮੁਸ਼ਕਿਲਾਂ ਸ਼ਹਿਰਾਂ ’ਚੋਂ ਇਕ ਚੱਲਦਾ ਰਹੇ, ਜਦੋਂ ਦੁਨੀਆ ਦਾ ਧਿਆਨ ਉਸ ’ਤੇ ਕੇਂਦਰਿਤ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਆਮ ਦਿੱਲੀ ਵਾਸੀ ਮੋਟੇ ਤੌਰ ’ਤੇ ਸਮਝ ਗਏ ਕਿ ਇਹ ਸਿਰਫ ਇਕ ਹੋਰ ਵੀ. ਆਈ. ਪੀ. ਆਵਾਜਾਈ ਨਹੀਂ ਸੀ। ਇਹ ਉਨ੍ਹਾਂ ਦੇ ਸ਼ਹਿਰ ’ਚ ਆਯੋਜਿਤ ਹੋਣ ਵਾਲਾ ਇਕ ਅੰਤਰਰਾਸ਼ਟਰੀ ਪ੍ਰੋਗਰਾਮ ਸੀ। ਪ੍ਰੇਸ਼ਾਨੀਆਂ ਤਾਂ ਹੋਈਆਂ, ਜ਼ਾਹਿਰ ਹੈ। ਸੜਕਾਂ ਬੰਦ ਕਰਨੀਆਂ ਪਈਆਂ। ਸਫ਼ਰ ਲੰਬੇ ਹੋ ਗਏ। ਜਾਣੇ-ਪਛਾਣੇ ਰਾਹਾਂ ’ਚ ਅਚਾਨਕ ਅਣਜਾਣ ਮੋੜ ਆ ਗਏ ਪਰ ਭਾਰਤੀਆਂ ਨੇ ਸਹਿਯੋਗ ਕੀਤਾ। ਉਨ੍ਹਾਂ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕੀਤੀ। ਉਨ੍ਹਾਂ ਪਾਬੰਦੀਆਂ ਨੂੰ ਸਵੀਕਾਰ ਕੀਤਾ, ਆਪਣੇ ਸ਼ੈਡਿਊਲ ’ਚ ਬਦਲਾਅ ਕੀਤਾ ਅਤੇ ਸੁਰੱਖਿਆ ਤੰਤਰ ਨੂੰ ਉਹ ਕਰਨ ਦਿੱਤਾ ਜੋ ਉਸ ਨੇ ਕਰਨਾ ਸੀ। ਇਹ ਸੁਣਨ ’ਚ ਛੋਟੀ ਗੱਲ ਲੱਗ ਸਕਦੀ ਹੈ ਪਰ ਛੋਟੀ ਨਹੀਂ ਹੈ। ਕਿਸੇ ਸੰਮੇਲਨ ’ਚ ਦੁਨੀਆ ਦੀ ਸਭ ਤੋਂ ਬਿਹਤਰੀਨ ਤਕਨਾਲੋਜੀ ਅਤੇ ਸਭ ਤੋਂ ਆਧੁਨਿਕ ਸੁਰੱਖਿਆ ਪ੍ਰਣਾਲੀ ਹੋ ਸਕਦੀ ਹੈ ਪਰ ਜੇਕਰ ਆਮ ਨਾਗਰਿਕ ਸਹਿਯੋਗ ਕਰਨ ਤੋਂ ਇਨਕਾਰ ਕਰ ਦੇਣ, ਤਾਂ ਸਾਰਾ ਕੰਮ ਔਖਾ ਹੋ ਜਾਂਦਾ ਹੈ।
ਦੁਨੀਆ ਨੇ ਜੋ ਦੇਖਿਆ ਉਹ ਇਕ ਕਾਫ਼ੀ ਬਦਲਿਆ ਹੋਇਆ ਭਾਰਤ ਸੀ। ਸਹੂਲਤਾਂ ਪ੍ਰਭਾਵਸ਼ਾਲੀ ਸਨ। ਆਯੋਜਨ ਸਥਾਨ ਆਧੁਨਿਕ ਸਨ। ਭਾਰਤ ਮੰਡਪਮ ਨੇ ਮੁੱਖ ਵਿਸ਼ਵ ਨੇਤਾਵਾਂ ਦੇ ਜਮਾਵੜੇ ਲਈ ਇਕ ਢੁਕਵਾਂ ਮਾਹੌਲ ਪ੍ਰਦਾਨ ਕੀਤਾ। ਇਨ੍ਹਾਂ ਵਿਵਸਥਾਵਾਂ ਨੇ ਵੱਡੇ, ਮੁਸ਼ਕਿਲ ਅੰਤਰਰਾਸ਼ਟਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨ ਦੀ ਦੇਸ਼ ਦੀ ਵਧਦੀ ਸਮਰੱਥਾ ਨੂੰ ਸਾਬਤ ਕੀਤਾ। ਆਪਣੇ ਦੇਸ਼ ਨੂੰ ਅੰਤਰਰਾਸ਼ਟਰੀ ਨਜ਼ਰੀਏ ਤੋਂ ਦੇਖਣ ’ਚ ਕੁਝ ਵੱਖਰੀ ਹੀ ਗੱਲ ਹੁੰਦੀ ਹੈ।
ਪਰ ਕਦੇ-ਕਦੇ, ਦੇਸ਼ ਸਾਨੂੰ ਇਕ ਪਲ ਲਈ ਸ਼ਿਕਾਇਤ ਕਰਨਾ ਬੰਦ ਕਰਨ ਅਤੇ ਸਿੱਧੇ ਇਹ ਕਹਿਣ ਦੀ ਵਜ੍ਹਾ ਦਿੰਦਾ ਹੈ—ਸ਼ਾਬਾਸ਼। ਬ੍ਰਿਕਸ ਸਿਖਰ ਸੰਮੇਲਨ ਉਨ੍ਹਾਂ ਹੀ ਪਲਾਂ ’ਚੋਂ ਇਕ ਸੀ। ਅਤੇ ਇਸ ਸਭ ਦੇ ਕੇਂਦਰ ’ਚ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਕਿਸੇ ਦੀ ਸਿਆਸੀ ਪਸੰਦ ਚਾਹੇ ਜੋ ਵੀ ਹੋਵੇ, ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੀਨ ਦੇ ਸ਼ੀ ਜਿਨਪਿੰਗ ਅਤੇ ਰੂਸ ਦੇ ਵਲਾਦੀਮੀਰ ਪੁਤਿਨ ਵਰਗੇ ਨੇਤਾਵਾਂ ਦੇ ਸਾਹਮਣੇ ਮੇਜ਼ ’ਤੇ ਬੈਠੇ ਦੇਖਣਾ ਆਪਣੇ ਆਪ ’ਚ ਇਕ ਸਪੱਸ਼ਟ ਅਤੇ ਵੱਡਾ ਮਹੱਤਵ ਰੱਖਦਾ ਸੀ।
ਮੋਦੀ ਸਿਰਫ ਦਰਵਾਜ਼ੇ ’ਤੇ ਖੜ੍ਹੇ ਹੋ ਕੇ ਮਹਿਮਾਨਾਂ ਦਾ ਸਵਾਗਤ ਕਰਨ ਵਾਲੇ ਮੇਜ਼ਬਾਨ ਹੀ ਨਹੀਂ ਸਨ। ਭਾਰਤ ਗਲੋਬਲ ਸ਼ਾਸਨ ਦੇ ਭਵਿੱਖ, ਆਰਥਿਕ ਸਹਿਯੋਗ, ਤਕਨਾਲੋਜੀ, ਵਿਕਾਸ ਅਤੇ ਗਲੋਬਲ ਸਾਊਥ ਦੀਆਂ ਚਿੰਤਾਵਾਂ ਬਾਰੇ ਗੱਲਬਾਤ ’ਚ ਇਕ ਸਰਗਰਮ ਭਾਗੀਦਾਰ ਸੀ। ਇਹ ਗੱਲ ਮਾਇਨੇ ਰੱਖਦੀ ਹੈ। ਬ੍ਰਿਕਸ ਦੀ ਮੇਜ਼ ’ਤੇ ਬੈਠੇ ਦੇਸ਼ ਹਰ ਗੱਲ ’ਤੇ ਸਹਿਮਤ ਨਹੀਂ ਹੁੰਦੇ। ਉਨ੍ਹਾਂ ਦੇ ਆਪਸੀ ਰਿਸ਼ਤੇ ਮੁਸ਼ਕਿਲ ਹੋ ਸਕਦੇ ਹਨ। ਉਨ੍ਹਾਂ ਦੇ ਆਰਥਿਕ ਅਤੇ ਰਣਨੀਤਿਕ ਹਿੱਤ ਕਦੇ-ਕਦੇ ਬਿਲਕੁਲ ਵੱਖਰੀਆਂ ਦਿਸ਼ਾਵਾਂ ’ਚ ਖਿੱਚ ਸਕਦੇ ਹਨ। ਫਿਰ ਵੀ ਭਾਰਤ ਉਨ੍ਹਾਂ ਨੂੰ ਦਿੱਲੀ ’ਚ ਇਕੱਠੇ ਲਿਆਉਣ ’ਚ ਸਫ਼ਲ ਰਿਹਾ। ਇਹ ਆਪਣੇ ਆਪ ’ਚ ਕੂਟਨੀਤੀ ਦੀ ਇਕ ਵੱਡੀ ਪ੍ਰਾਪਤੀ ਹੈ। ਅਸੀਂ ਤੇਜ਼ੀ ਨਾਲ ਉਸ ਗੱਲਬਾਤ ਦਾ ਹਿੱਸਾ ਬਣ ਰਹੇ ਹਾਂ ਅਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਆਮ ਭਾਰਤੀਆਂ ਵੱਲੋਂ ਮਹਿਸੂਸ ਕੀਤਾ ਗਿਆ ਮਾਣ ਇੰਨਾ ਸਪੱਸ਼ਟ ਅਤੇ ਡੂੰਘਾ ਸੀ।
ਇਹ ਸਿਰਫ ਮੋਦੀ ਬਾਰੇ ਨਹੀਂ ਸੀ। ਇਹ ਸਿਰਫ ਸਰਕਾਰ ਬਾਰੇ ਨਹੀਂ ਸੀ। ਇਹ ਸਿਰਫ ਬ੍ਰਿਕਸ ਬਾਰੇ ਨਹੀਂ ਸੀ। ਇਹ ਇਕ ਅਜਿਹੇ ਭਾਰਤ ਨੂੰ ਦੇਖਣ ਬਾਰੇ ਸੀ ਜੋ ਦੁਨੀਆ ਦੀ ਮੇਜ਼ਬਾਨੀ ਕਰਨ ਦੀ ਆਪਣੀ ਸਮਰੱਥਾ ’ਚ ਆਸਵੰਦ ਦਿਸ ਰਿਹਾ ਸੀ। ਧਰਤੀ ਦੇ ਸਭ ਤੋਂ ਸੁਰੱਖਿਅਤ ਆਗੂਆਂ ’ਚੋਂ ਕੁਝ ਦਾ ਸਵਾਗਤ ਕਰਨ ਲਈ ਦਿੱਲੀ ਨੂੰ ਤਿਆਰ ਹੁੰਦੇ ਦੇਖਣ ’ਤੇ ਮਾਣ ਸੀ ਅਤੇ ਉਸ ਆਮ ਨਾਗਰਿਕ ’ਤੇ ਮਾਣ ਸੀ, ਜਿਸ ਨੂੰ ਕਿਹਾ ਗਿਆ, ‘ਇਸ ਦੀ ਜਗ੍ਹਾ ਇਹ ਰਸਤਾ ਲਵੋ’ ਅਤੇ ਉਸ ਨੇ ਠੀਕ ਉਂਝ ਹੀ ਕੀਤਾ।
ਅਸੀਂ ਕਦੇ-ਕਦੇ ਭੁੱਲ ਜਾਂਦੇ ਹਾਂ ਕਿ ਕਿਸੇ ਦੇਸ਼ ਦਾ ਅਕਸ ਸਿਰਫ ਉਸ ਦੇ ਨੇਤਾਵਾਂ ਤੋਂ ਨਹੀਂ ਬਣਦੇ। ਇਹ ਆਮ ਨਾਗਰਿਕਾਂ ਦੇ ਲੱਖਾਂ ਛੋਟੇ-ਛੋਟੇ ਕੰਮਾਂ ਤੋਂ ਬਣਦੇ ਹਨ। ਇਕ ਦੁਕਾਨਦਾਰ ਦਾ ਆਪਣੀ ਦੁਕਾਨ ਖੋਲ੍ਹਣਾ। ਇਕ ਡਰਾਈਵਰ ਦਾ ਡਾਇਵਰਸ਼ਨ ਦੀ ਪਾਲਣਾ ਕਰਨਾ। ਇਕ ਯਾਤਰੀ ਦਾ ਦੇਰੀ ਨੂੰ ਸਵੀਕਾਰ ਕਰਨਾ। ਇਕ ਪੁਲਸ ਕਾਂਸਟੇਬਲ ਦਾ ਸੜਕ ’ਤੇ ਘੰਟਿਆਂਬੱਧੀ ਖੜ੍ਹੇ ਰਹਿਣਾ। ਇਕ ਸੁਰੱਖਿਆ ਅਧਿਕਾਰੀ ਦਾ ਰਾਤ ਭਰ ਕੰਮ ਕਰਨਾ। ਇਕ ਅਧਿਕਾਰੀ ਦਾ ਇਹ ਯਕੀਨੀ ਬਣਾਉਣਾ ਕਿ ਕੋਈ ਛੋਟੀ ਜਿਹੀ ਗੱਲ ਵੱਡੀ ਸਮੱਸਿਆ ਨਾ ਬਣ ਜਾਵੇ। ਇਸੇ ਤਰ੍ਹਾਂ ਇਕ ਵਿਸ਼ਾਲ ਅੰਤਰਰਾਸ਼ਟਰੀ ਪ੍ਰੋਗਰਾਮ ਅਸਲ ’ਚ ਸਫ਼ਲ ਹੁੰਦਾ ਹੈ।
ਬੇਸ਼ੱਕ, ਕਿਸੇ ਵੀ ਸੰਮੇਲਨ ਦਾ ਮੁਲਾਂਕਣ ਸਿਰਫ ਉਸ ਦੀਆਂ ਤਸਵੀਰਾਂ, ਸਜਾਵਟ ਜਾਂ ਟ੍ਰੈਫਿਕ ਪ੍ਰਬੰਧਨ ਤੋਂ ਨਹੀਂ ਕੀਤਾ ਜਾਣਾ ਚਾਹੀਦਾ। ਅਸਲੀ ਪੈਮਾਨਾ ਬਾਅਦ ’ਚ ਆਵੇਗਾ, ਮਜ਼ਬੂਤ ਹੋਏ ਕੂਟਨੀਤਿਕ ਸੰਬੰਧਾਂ, ਵਧਾਏ ਗਏ ਆਰਥਿਕ ਅਤੇ ਤਕਨਾਲੋਜੀ ਸਹਿਯੋਗ ਅਤੇ ਇਸ ਗੱਲ ਤੋਂ ਕਿ ਕੀ ਕੀਤੀਆਂ ਗਈਆਂ ਵਚਨਬੱਧਤਾਵਾਂ ਠੋਸ ਨਤੀਜਿਆਂ ’ਚ ਬਦਲਦੀਆਂ ਹਨ?
ਪਰ ਅਜਿਹੇ ਲੋਕ ਹਮੇਸ਼ਾ ਰਹਿਣਗੇ, ਜਿਨ੍ਹਾਂ ਨੂੰ ਸ਼ਿਕਾਇਤ ਕਰਨ ਲਈ ਕੁਝ ਨਾ ਕੁਝ ਮਿਲ ਹੀ ਜਾਵੇਗਾ। ਇਹ ਵਿਵਹਾਰਿਕ ਰੂਪ ’ਚ ਇਕ ਰਾਸ਼ਟਰੀ ਖੇਡ ਹੈ। ਟ੍ਰੈਫਿਕ ਅਸੁਵਿਧਾਜਨਕ ਸੀ। ਪਾਬੰਦੀਆਂ ਨਿਰਾਸ਼ਾਜਨਕ ਸਨ। ਸੁਰੱਖਿਆ ਕੁਝ ਲੋਕਾਂ ਲਈ ਦਖ਼ਲ ਦੇਣ ਵਾਲੀ ਸੀ ਪਰ ਸ਼ਾਇਦ, ਕਦੇ-ਕਦਾਈਂ, ਅਸੀਂ ਅਸੁਵਿਧਾ ਤੋਂ ਪਰ੍ਹੇ ਦੇਖ ਸਕਦੇ ਹਾਂ ਅਤੇ ਵੱਡੀ ਤਸਵੀਰ ਨੂੰ ਸਮਝ ਸਕਦੇ ਹਾਂ।
ਇਕ ਭਾਰਤ, ਜਿਸ ਬਾਰੇ ਕਦੇ ਮੁੱਖ ਰੂਪ ’ਚ ਇਕ ਵਿਕਾਸਸ਼ੀਲ ਦੇਸ਼ ਦੇ ਰੂਪ ’ਚ ਗੱਲ ਕੀਤੀ ਜਾਂਦੀ ਸੀ, ਉਹ ਇਕ ਤੇਜ਼ੀ ਨਾਲ ਪ੍ਰਭਾਵਸ਼ਾਲੀ ਗਲੋਬਲ ਖਿਡਾਰੀ ਦੇ ਰੂਪ ’ਚ ਬੁਨਿਆਦੀ ਢਾਂਚੇ, ਜਥੇਬੰਦਕ ਸਮਰੱਥਾ ਅਤੇ ਕੂਟਨੀਤਿਕ ਪਹੁੰਚ ਦਾ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਕਰੋੜਾਂ ਭਾਰਤੀਆਂ ਨੇ ਅਜਿਹਾ ਹੁੰਦੇ ਦੇਖਿਆ। ਮੋਢੇ ਥੋੜ੍ਹੇ ਹੋਰ ਸਿੱਧੇ ਹੋ ਗਏ। ਆਵਾਜ਼ ’ਚ ਥੋੜ੍ਹਾ ਹੋਰ ਮਾਣ ਆ ਗਿਆ। ਸ਼ਾਇਦ ਸੀਨਾ ਵੀ ਥੋੜ੍ਹਾ ਹੋਰ ਚੌੜਾ ਹੋ ਗਿਆ ਅਤੇ ਸ਼ਾਇਦ ਬ੍ਰਿਕਸ ਸਿਖਰ ਸੰਮੇਲਨ ਦੀ ਅਸਲੀ ਕਹਾਣੀ ਇਹੀ ਹੈ। ਦੁਨੀਆ ਦਿੱਲੀ ਆਈ। ਦਿੱਲੀ ਇਸ ਮੌਕੇ ’ਤੇ ਖਰੀ ਉਤਰੀ। ਸਾਡੀ ਪੁਲਸ, ਸਾਡੇ ਨੇਤਾਵਾਂ ਅਤੇ ਦਿਨ-ਰਾਤ ਕੰਮ ਕਰ ਕੇ ਸੁਰੱਖਿਆ, ਭੋਜਨ, ਵਿਵਸਥਾ ਅਤੇ ਸਮਾਂਹੱਦ ਸਭ ਕੁਝ ਸਹੀ ਰੱਖਣ ਵਾਲੇ ਲੋਕਾਂ ਨੂੰ ਸਲਾਮ। ਸਭ ਤੋਂ ਵੱਧ ਪ੍ਰਧਾਨ ਮੰਤਰੀ ਨੂੰ ਸਲਾਮ।
—ਦੇਵੀ ਚੇਰੀਅਨ
