ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
Saturday, Sep 26, 2026 - 06:29 PM (IST)
ਜਿਨ੍ਹਾਂ ਹਾਲਾਤ ’ਚੋਂ ਕੋਈ ਦੇਸ਼ ਲੰਘ ਰਿਹਾ ਹੁੰਦਾ ਹੈ, ਉਸ ਦੇਸ਼ ਦੀ ਸਿਆਸਤ ਉਸੇ ਢਾਂਚੇ ’ਚ ਢਲ ਜਾਂਦੀ ਹੈ। ਜਿਵੇਂ-ਜਿਵੇਂ ਵਿਦੇਸ਼ੀ ਹਮਲੇ ਹੁੰਦੇ ਰਹੇ, ਭਾਰਤ ਦੀ ਸਿਆਸਤ ਦਾ ਸੁਭਾਅ ਵੀ ਉਸੇ ਤਰ੍ਹਾਂ ਦਾ ਹੁੰਦਾ ਚਲਾ ਗਿਆ। ਕਿਸੇ ਵੀ ਦੇਸ਼ ਦੀ ‘ਸਿਆਸਤ ਸਭ ਤੋਂ ਉੱਪਰ’ ਹੁੰਦੀ ਹੈ। ਉਸ ਦੇਸ਼ ਦੀ ਸੰਸਕ੍ਰਿਤੀ, ਉਸ ਦਾ ਜੀਵਨ-ਦਰਸ਼ਨ, ਉਸ ਦੀਆਂ ਬੌਧਿਕ ਸਰਗਰਮੀਆਂ ਉਸੇ ਢੰਗ ਨਾਲ ਬਦਲਦੀਆਂ ਆਈਆਂ ਹਨ। ਉਸ ਦੇਸ਼ ਦੇ ਸਾਹਿਤਕਾਰਾਂ, ਲੇਖਕਾਂ, ਕਲਾਕਾਰਾਂ, ਕਵੀਆਂ ਦੇ ਸੁਭਾਅ ਬਦਲਣ ਲੱਗਦੇ ਹਨ। ਸਾਹਿਤਕਾਰ ਕੀ ਲਿਖ ਰਹੇ ਹਨ, ਕਿਉਂ ਅਜਿਹਾ ਲਿਖਣ ਲੱਗੇ ਹਨ, ਉਨ੍ਹਾਂ ਦਾ ਲਿਖਣਾ ਕੀ ਕਹਿ ਰਿਹਾ ਹੈ। ਸਾਹਿਤਕਾਰ ਸਮਝ ਕੀ ਰਿਹਾ ਹੈ, ਕੀ ਕਹਿ ਰਿਹਾ ਹੈ, ਉਹ ਕਿਸ ਦਿਸ਼ਾ ਵੱਲ ਇਸ਼ਾਰਾ ਕਰ ਰਿਹਾ ਹੈ? ਇਹ ਸੋਚ-ਸਮਝ ਉਸ ਦੇਸ਼ ਦੀ ਸਿਆਸਤ ਹੈ। ਲੇਖਕਾਂ ਦੀ ਕਲਮ ਦਾ ਪ੍ਰਭਾਵ ਉਸੇ ਵੱਲ ਝੁਕਣ ਲੱਗਦਾ ਹੈ।
ਮਹਾਭਾਰਤ ਦੇ ਯੁੱਧ ਤੋਂ ਬਾਅਦ ਭਾਰਤ ਸਮਰਾਟ ਯੁਧਿਸ਼ਠਰ ਤੀਰਾਂ ਦੀ ਸੇਜ ’ਤੇ ਲੇਟੇ ਪਿਤਾਮਾ ਭੀਸ਼ਮ ਕੋਲ ਰਾਜ ਚਲਾਉਣ ਦਾ ਢੰਗ ਪੁੱਛਣ ਗਏ। ਪਿਤਾਮਾ ਭੀਸ਼ਮ ਨੇ ਯੁਧਿਸ਼ਠਰ ਨੂੰ ਦੋ ਸ਼ਬਦਾਂ ’ਚ ਰਾਜ ਧਰਮ ਸਮਝਾ ਦਿੱਤਾ—‘ਰਾਜਾ ਹਿ ਕਾਲਸਯ ਕਾਰਣਮ।’ ਭਾਵ ਰਾਜਾ ਵੀ ਸਮੇਂ ਦਾ ਗੁਲਾਮ ਹੈ। ਸਮਾਂ ਭਾਵ ਹਾਲਾਤ, ਸਥਿਤੀਆਂ ਦੇ ਅਧੀਨ ਹਨ। ਇੱਥੇ ਰਾਜਾ ਦਾ ਅਰਥ ਹੈ—ਰਾਜਨੀਤੀ। ਕਾਲ ਦਾ ਅੰਸ਼ ਹੈ ਸਮਾਂ। ਸਮਾਂ ਨਿਰਪੱਖ ਰਹਿੰਦਾ ਹੈ। ਹਾਲਾਤ ਗਵਾਹ ਹੁੰਦੇ ਹਨ। ਹਾਲਾਤ ਰਾਜਨੀਤੀ (ਰਾਜਾ) ਨੂੰ ਮੋੜ ਦਿੰਦੇ ਹਨ। ਰਾਜਨੀਤੀ ਦਾ ਰੂਪ-ਸਵਰੂਪ ਸਭ ਹਾਲਾਤ ਦੇ ਅਨੁਕੂਲ ਹੋ ਜਾਂਦਾ ਹੈ।
ਇਕ ਸਮਾਂ ਸੀ ਕਿ ਸੋਵੀਅਤ ਯੂਨੀਅਨ ਕਮਿਊਨਿਸਟ ਪ੍ਰਧਾਨ ਇਕ ਸ਼ਕਤੀਸ਼ਾਲੀ ਦੇਸ਼ ਸੀ। ਹਾਲਾਤ ਬਦਲੇ ਕਿ 1990-91 ਆ ਗਿਆ। ਦੇਸ਼ ਦੇ ਰਾਸ਼ਟਰਪਤੀ ‘ਗੋਰਬਾਚੋਵ’ ਬਣ ਗਏ। ‘ਸੋਵੀਅਤ ਯੂਨੀਅਨ ਆਫ਼ ਰੂਸ’ ਤੋਂ 17 ਹਿੱਸੇ ਟੁੱਟ ਕੇ ਖ਼ੁਦਮੁਖ਼ਤਿਆਰ ਵੱਖਰੇ ਦੇਸ਼ ਬਣ ਗਏ। ਅੱਜ ਜੋ ਦੇਸ਼ ਯੂਕ੍ਰੇਨ ਰੂਸ ਨਾਲ ਪਿਛਲੇ 4 ਸਾਲਾਂ ਤੋਂ ਯੁੱਧ ਕਰ ਰਿਹਾ ਹੈ, 1990-91 ’ਚ ਤਾਂ ‘ਸੋਵੀਅਤ ਯੂਨੀਅਨ ਆਫ਼ ਰੂਸ’ ਦਾ ਹੀ ਇਕ ਹਿੱਸਾ ਸੀ। ਅੱਜ ਰੂਸ ਸਟਾਲਿਨ ਦਾ ਰੂਸ ਨਹੀਂ ਰਿਹਾ। ਹਾਲਾਤ ਬਦਲ ਗਏ, ਰੂਸ ਦੀ ਸਿਆਸਤ ਵੀ ਬਦਲ ਗਈ। ‘ਫ਼ਰਾਂਸ ਦੀ ਕ੍ਰਾਂਤੀ’ ਨੇ ਸਾਰੇ ਫ਼ਰਾਂਸ ਦੀ ਸਿਆਸਤ ਨੂੰ ਬਦਲ ਦਿੱਤਾ। ਫ਼ਰਾਂਸ ਦੇ ਸਮਰਾਟ ਅਤੇ ਉਨ੍ਹਾਂ ਦੀ ਪਤਨੀ ਨੂੰ ਫ਼ਾਂਸੀ ’ਤੇ ਲਟਕਾ ਦਿੱਤਾ। ਉਨ੍ਹਾਂ ਦੀਆਂ ਲਾਸ਼ਾਂ ਤੱਕ ਦਾ ਪਤਾ ਨਹੀਂ ਲੱਗਾ। ਰਾਜਸ਼ਾਹੀ ਦੀ ਰਾਖ ’ਤੇ ਲੋਕਤੰਤਰ ਦੀ ਨੀਂਹ ਪੈ ਗਈ। ਅਸੀਂ ਨਾਅਰਾ ਹੀ ਲਗਾਉਂਦੇ ਰਹੇ ‘ਅੰਧੇਰੇ ਮੇਂ ਏਕ ਚਿੰਗਾਰੀ, ਅਟਲ ਬਿਹਾਰੀ-ਅਟਲ ਬਿਹਾਰੀ’। ਉੱਧਰ ਅਟਲ ਬਿਹਾਰੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣ ਗਏ।
ਹਾਲਾਤ ਕਦੋਂ ਸਿਆਸਤ ਨੂੰ ਬਦਲ ਦੇਣ, ਕਿਸੇ ਨੂੰ ਪਤਾ ਨਹੀਂ। ਇਸੇ ਲਈ ਤਾਂ ਸਿਆਣੇ ਕਹਿੰਦੇ ਆਏ ਹਨ ‘ਸਮੇਂ ਤੋਂ ਡਰੋ। ਇਸ ਦਾ ਕੋਈ ਭਰੋਸਾ ਨਹੀਂ।’ ਸਮਾਂ ਖਾ ਗਿਆ, ਅਾਸਮਾਨ ਕੈਸੇ-ਕੈਸੇ? 2014 ’ਚ ਹਾਲਾਤ ਫਿਰ ਆਪਣਾ ਰੰਗ ਲਿਆਏ ਅਤੇ ‘ਰਾਸ਼ਟਰੀ ਸਵੈਮਸੇਵਕ ਸੰਘ’ ਦੇ ਇਕ ਪ੍ਰਚਾਰਕ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ। ਰਾਸ਼ਟਰੀ ਸਵੈਮਸੇਵਕ ਸੰਘ ਅਖੰਡ ਭਾਰਤ, ਅਖੰਡ ਹਿੰਦੂ ਰਾਸ਼ਟਰ ਦਾ ਸਮਰਥਨ ਕਰਦਾ ਰਿਹਾ, ਮੁਹੰਮਦ ਅਲੀ ਜਿੱਨਾਹ ਵੱਖਰਾ ਦੇਸ਼ ਪਾਕਿਸਤਾਨ ਲੈ ਕੇ ਭੱਜ ਗਏ। ਇਸ ਨੂੰ ਕੀ ਕਹੋਗੇ? ਸਮਾਂ, ਹਾਲਾਤ ਦਾ ਕਿਸੇ ’ਤੇ ਦੋਸ਼ ਨਹੀਂ। ਇਕ ਪਾਸੇ ਮਹਾਤਮਾ ਗਾਂਧੀ ਸੱਚ, ਅਹਿੰਸਾ ਅਤੇ ਸਤਿਆਗ੍ਰਹਿ ਦਾ ਉਪਦੇਸ਼ ਦੇਸ਼ ਵਾਸੀਆਂ ਨੂੰ ਦਿੰਦੇ ਰਹੇ, ਉੱਧਰ ਨਾਥੂਰਾਮ ਗੋਡਸੇ ਨੇ ਉਨ੍ਹਾਂ ਨੂੰ ਗੋਲੀ ਨਾਲ ਉਡਾ ਦਿੱਤਾ। ਹੈ ਨਾ ਤ੍ਰਾਸਦੀ?
ਪੰਡਿਤ ਜਵਾਹਰ ਲਾਲ ਨਹਿਰੂ, ਭਾਰਤ ਦੇ ਆਜ਼ਾਦੀ ਅੰਦੋਲਨ ਦੇ ਨੇਤਾ, ਦੇਸ਼ ਦੀ ਖ਼ਾਤਰ ਵਧੀਆ ਜੀਵਨ ਨਿਰਵਾਹ ਤਿਆਗ ਕੇ ਅੰਗਰੇਜ਼ਾਂ ਦੀਆਂ ਜੇਲਾਂ ’ਚ ਰਹੇ ਅਤੇ ਲਾਠੀਆਂ ਖਾਂਦੇ ਰਹੇ। ਹਾਂ, ਆਜ਼ਾਦ ਭਾਰਤ (ਵੰਡ ਤੋਂ ਬਾਅਦ) ਦੇ ਪਹਿਲੇ ਪ੍ਰਧਾਨ ਮੰਤਰੀ ਜ਼ਰੂਰ ਬਣ ਗਏ ਪਰ ਹਾਲਾਤ ਵੱਸ ਉਹੀ ਨਹਿਰੂ ਅੱਜ ਹਿੰਦੁਸਤਾਨ ਦੇ ਸਭ ਤੋਂ ਵੱਡੇ ਦੁਸ਼ਮਣ ਕਹਾ ਰਹੇ ਹਨ। ਉਨ੍ਹਾਂ ’ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ।
ਸੋਚ ਸੀ ਕਿ ਭਾਰਤ ਦਾ ਹਰ ਨਾਗਰਿਕ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣੇ, ਕਿੱਥੇ ਅੱਜ ਭਾਰਤ ਦਾ ਯੂਥ ਡਿਗਰੀ ਨੂੰ ਗਲ਼ ’ਚ ਲਟਕਾਏ ‘ਕਾਕਰੋਚ ਰਾਜਨੀਤਕ ਦਲ’ ਬਣਾਉਣ ਲਈ ਸੜਕਾਂ ’ਤੇ ਆ ਗਿਆ। ਸਿਆਸਤ ਨੇ ਅਰਾਜਕਤਾ ਦਾ ਰੂਪ ਲੈ ਲਿਆ ਹੈ। ਨਹਿਰੂ-ਗਾਂਧੀ ਦੀ ਵਿਚਾਰਧਾਰਾ ’ਤੇ ਤਾਂ ਪਾਣੀ ਹੀ ਫੇਰ ਦਿੱਤਾ, ਹਾਲਾਤ ਦੇ ਮੱਕੜਜਾਲ ’ਚ ਹਿੰਸਾ ਅਤੇ ਧਰੁਵੀਕਰਨ ਸਾੜ੍ਹਸਤੀ ਬਣ ਕੇ ਦੇਸ਼ ਨੂੰ ਨਿਗਲ ਗਿਆ।
ਭ੍ਰਿਸ਼ਟਾਚਾਰ ਅੱਗੇ ਆ ਗਿਆ ਅਤੇ ਸੱਤਾ ਦਾ ਪ੍ਰਭਾਵ ਸਿਫ਼ਰ ਹੋ ਗਿਆ। ਸਭ ਤੋਂ ਵੱਡਾ ਸੰਤਾਪ ਤਾਂ ਭਾਰਤ ਦੇ ਯੋਗੀਆਂ, ਸੰਨਿਆਸੀਆਂ, ਸਾਧੂ-ਸੰਤਾਂ, ਮਹਾਤਮਾਵਾਂ, ਮੱਠਾਧੀਸ਼ਾਂ, ਚਾਰੇ ਮੱਠਾਂ ਦੇ ਆਚਾਰੀਆਂ ਤੋਂ ਹੈ। ਮੰਦਰਾਂ-ਮੱਠਾਂ ਦੇ ਪ੍ਰੇਰਨਾਸਰੋਤ ਪੈਸੇ ਨਾਲ ਜੁੜ ਗਏ।
ਸਿਆਸਤ ਆਂਡਿਆਂ, ਬੁਲਡੋਜ਼ਰਾਂ ’ਤੇ ਆਧਾਰਿਤ ਹੋ ਗਈ। ਅਸਲੀਅਤ ਤਾਂ ਇਹ ਹੈ ਕਿ ਸਾਧਾਰਨ ਦੇਸ਼ ਵਾਸੀ ਮੂੰਹ ਅੱਡੀ, ਅੱਖਾਂ ਅੱਡੀ ਆਪਣੀ ਕਿਸਮਤ ਨੂੰ ਕੋਸ ਰਿਹਾ ਹੈ। ਬੈਂਕਾਂ ’ਚ ਗ਼ਰੀਬ ਜਨਤਾ ਦਾ ਪੈਸਾ, ਧੰਨਾ ਸੇਠ ਲੈ ਕੇ ਭੱਜ ਗਏ। ਕਿਸ ’ਤੇ ਦੋਸ਼ ਲਾਈਏ। ਹਾਲਾਤ ਦੇ ਹੱਥਾਂ ’ਚ ਸਿਆਸਤ ਡਗਮਗਾ ਰਹੀ ਹੈ। ਉਮੀਦ ਤਾਂ ਮੈਨੂੰ ਹੁਣ ਵੀ ਹੈ ਕਿ ਕੋਈ ਨਾ ਕੋਈ ਸ੍ਰੀ ਗੁਰੂ ਤੇਗ ਬਹਾਦਰ ‘ਹਿੰਦ ਦੀ ਚਾਦਰ’ ਬਣ ਕੇ ਜ਼ਰੂਰ ਆਉਣਗੇ!
—ਮਾਸਟਰ ਮੋਹਨ ਲਾਲ
